Tue,Jul 16,2019 | 12:36:02pm
HEADLINES:

editorial

ਬਸਪਾ ਤੇ ਸਪਾ ਦੇ ਗੱਠਜੋੜ ਵਿੱਚ ਕਾਂਗਰਸ ਦਾ ਕੀ ਕੰਮ?

ਬਸਪਾ ਤੇ ਸਪਾ ਦੇ ਗੱਠਜੋੜ ਵਿੱਚ ਕਾਂਗਰਸ ਦਾ ਕੀ ਕੰਮ?

ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਵਿੱਚ ਗੈਰ-ਭਾਜਪਾ ਗੱਠਜੋੜ 'ਚ ਕਾਂਗਰਸ ਨੂੰ ਸ਼ਾਮਲ ਨਾ ਕਰਨ ਦਾ ਸੰਕੇਤ ਦੇ ਕੇ ਕਾਂਗਰਸ ਤੇ ਮਹਾਂਗੱਠਜੋੜ ਦੇ ਪੈਰੋਕਾਰਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਹਾਲ ਹੀ ਵਿੱਚ 5 ਸੂਬਿਆਂ ਦੀਆਂ ਚੋਣਾਂ ਵਿੱਚ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ ਦੇ ਚੋਣ ਨਤੀਜਿਆਂ ਤੋਂ ਉਤਸ਼ਾਹਿਤ ਕਾਂਗਰਸ ਹੁਣ ਮੰਨ ਕੇ ਚੱਲ ਰਹੀ ਹੈ ਕਿ ਰਾਹੁਲ ਗਾਂਧੀ ਇੱਕ ਮਜ਼ਬੂਤ ਵਿਰੋਧੀ ਨੇਤਾ ਦੇ ਰੂਪ ਵਿੱਚ ਸਥਾਪਿਤ ਹੋ ਗਏ ਹਨ। ਅਜਿਹੇ ਵਿੱਚ ਅਖਿਲੇਸ਼ ਦੇ ਬਦਲਦੇ ਰੁਖ਼ ਨੇ ਕਾਂਗਰਸ ਦੀ ਬੇਚੈਨੀ ਨੂੰ ਵਧਾ ਦਿੱਤਾ ਹੈ। ਬਸਪਾ ਦੇ ਚੁੱਪ ਵੱਟਣ ਨਾਲ ਵੀ ਕਾਂਗਰਸ ਲਈ ਪਰੇਸ਼ਾਨੀ ਵਧ ਗਈ ਹੈ।
 
ਸਮਾਜਵਾਦੀ ਪਾਰਟੀ ਵਿੱਚ ਕਾਂਗਰਸ ਨੂੰ ਲੈ ਕੇ ਪਹਿਲਾਂ ਤੋਂ ਨਾਰਾਜ਼ਗੀ ਰਹੀ ਹੈ, ਜਿਸਦਾ ਕਾਰਨ ਇਹ ਹੈ ਕਿ ਵਿਧਾਨਸਭਾ ਚੋਣਾਂ ਵਿੱਚ ਪਰਿਵਾਰਕ ਝਗੜੇ ਵਿੱਚ ਫਸੇ ਅਖਿਲੇਸ਼ ਯਾਦਵ ਕੋਲੋਂ ਕਾਂਗਰਸ ਨੇ 103 ਸੀਟਾਂ ਝਟਕ ਲਈਆਂ ਸਨ, ਜਦਕਿ ਪਿਛਲੀਆਂ ਚੋਣਾਂ ਵਿੱਚ ਪਹਿਲੇ ਤੇ ਦੂਜੇ ਨੰਬਰ 'ਤੇ ਰਹੀਆਂ ਸੀਟਾਂ ਦੇ ਹਿਸਾਬ ਨਾਲ ਉਸਦਾ ਦਾਅਵਾ 40 ਸੀਟਾਂ ਦਾ ਹੀ ਬਣਦਾ ਸੀ।
 
ਸਮਾਜਵਾਦੀ ਪਾਰਟੀ ਨੂੰ ਇਹ ਵੀ ਗੱਲ ਚੰਗੀ ਨਹੀਂ ਲੱਗੀ ਕਿ ਕਾਂਗਰਸ ਨਾਲ ਤਾਲਮੇਲ ਕਰਨ 'ਤੇ ਵੀ ਕਾਂਗਰਸ ਸਮਰਥਕਾਂ ਦੀਆਂ ਵੋਟਾਂ ਉਸਨੂੰ ਨਹੀਂ ਮਿਲੀਆਂ, ਕਿਉਂਕਿ ਮੋਟੇ ਤੌਰ 'ਤੇ ਕਾਂਗਰਸ ਹੁਣ ਵੀ ਇਲੀਟ ਵਰਗ ਦੀ ਹੀ ਪਾਰਟੀ ਹੈ, ਜੋ ਕਾਂਗਰਸ ਦਾ ਉਮੀਦਵਾਰ ਨਾ ਹੋਣ 'ਤੇ ਉਹ ਬਸਪਾ ਜਾਂ ਸਪਾ ਦੀ ਜਗ੍ਹਾ ਭਾਜਪਾ ਨੂੰ ਵੋਟਾਂ ਦੇਣਾ ਜ਼ਿਆਦਾ ਚੰਗਾ ਮੰਨਦਾ ਹੈ।
 
ਅਖਿਲੇਸ਼ ਯਾਦਵ ਨੂੰ ਬੇਸ਼ੱਕ ਇਹ ਗੱਲ ਦੇਰ ਨਾਲ ਸਮਝ ਆਈ ਹੋਵੇ, ਪਰ ਪਾਰਟੀ ਵਰਕਰ ਤੇ ਸਮਰਥਕ ਆਪਣੇ-ਆਪਣੇ ਢੰਗ ਨਾਲ ਇਹ ਗੱਲ ਲਗਾਤਾਰ ਕਹਿੰਦੇ ਆ ਰਹੇ ਸਨ, ਜਿਸਦਾ ਅਸਰ ਅਖੀਰ ਵਿੱਚ ਅਖਿਲੇਸ਼ 'ਤੇ ਵੀ ਪਿਆ।
 
ਸੱਚ ਤਾਂ ਇਹ ਹੈ ਕਿ ਅਖਿਲੇਸ਼ ਯਾਦਵ ਤੋਂ ਇਸ ਗੱਲ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜਦ ਕਾਂਗਰਸ ਨਾਲ ਗੱਠਜੋੜ ਨਹੀਂ ਕਰ ਰਹੇ ਹਨ ਤਾਂ ਅਮੇਠੀ ਤੇ ਰਾਏਬਰੇਲੀ ਲੋਕਸਭਾ ਸੀਟਾਂ 'ਤੇ ਵੀ ਆਪਣੇ ਉਮੀਦਵਾਰ ਖੜੇ ਕਰਨ ਦਾ ਐਲਾਨ ਕਰ ਦੇਣਾ ਚਾਹੀਦਾ ਹੈ, ਜਿੱਥੋਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਚੋਣਾਂ ਲੜਦੇ ਹਨ।
 
ਦੂਜੇ ਪਾਸੇ ਕਾਂਗਰਸ ਹੈ, ਜੋ ਕਿ ਯੂਪੀ ਵਿੱਚ ਬਸਪਾ-ਸਪਾ ਨਾਲ ਗੱਠਜੋੜ ਦਾ ਮਤਲਬ ਘੱਟ ਤੋਂ ਘੱਟ 15 ਤੋਂ 20 ਸੀਟਾਂ ਲੈਣਾ ਮੰਨਦੀ ਹੈ। ਹਾਲਾਂਕਿ ਸਿਰਫ 7 ਵਿਧਾਨਸਭਾ ਸੀਟਾਂ ਵਾਲੀ ਕਾਂਗਰਸ ਲਈ 10 ਲੋਕਸਭਾ ਸੀਟਾਂ ਛੱਡਣਾ ਵੀ ਕੁਝ ਜ਼ਿਆਦਾ ਹੀ ਹੈ। 2014 ਦੀਆਂ ਲੋਕਸਭਾ ਚੋਣਾਂ ਵਿੱਚ ਵੀ ਸਪਾ ਦੇ ਸਹਿਯੋਗ ਨਾਲ ਲੜੀ ਅਮੇਠੀ ਤੇ ਰਾਏਬਰੇਲੀ ਦੀਆਂ ਲੋਕਸਭਾ ਸੀਟਾਂ ਨੂੰ ਮਿਲਾ ਕੇ ਕਾਂਗਰਸ ਕੁੱਲ 7 ਸੀਟਾਂ 'ਤੇ ਦੂਜੇ ਨੰਬਰ 'ਤੇ ਸੀ।
 
ਇਨ੍ਹਾਂ 7 ਸੀਟਾਂ 'ਤੇ ਵੀ ਜੇਕਰ ਸਪਾ ਤੇ ਬਸਪਾ ਦੀਆਂ ਵੋਟਾਂ ਨੂੰ ਮਿਲਾ ਦਈਏ ਤਾਂ ਸ਼ਾਇਦ ਹੀ ਕਾਂਗਰਸ ਅਮੇਠੀ ਤੇ ਰਾਏਬਰੇਲੀ ਤੋਂ ਇਲਾਵਾ ਕਿਤੇ ਮੁੱਖ ਲੜਾਈ ਵਿੱਚ ਦਿਖੇਗੀ। ਗੱਠਜੋੜ ਵਿੱਚ ਕਾਂਗਰਸ ਲਈ ਜਗ੍ਹਾ ਬਣਨਾ ਇਸ ਲਈ ਵੀ ਮੁਸ਼ਕਿਲ ਹੈ, ਕਿਉਂਕਿ ਸੂਬੇ ਦੀਆਂ 80 ਲੋਕਸਭਾ ਸੀਟਾਂ ਵਿੱਚ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ, ਦੋਵੇਂ ਬਹੁਤ ਵੱਡੇ ਖਿਡਾਰੀ ਹਨ। 
 
ਸਮਾਜਵਾਦੀ ਪਾਰਟੀ ਨੂੰ ਕਿਤੇ ਨਾ ਕਿਤੇ ਇਹ ਵੀ ਲੱਗ ਰਿਹਾ ਹੈ ਕਿ ਕਾਂਗਰਸ ਆਪਣੇ ਮਾੜੇ ਸਮੇਂ ਵਿੱਚੋਂ ਲੰਘਦੇ ਹੋਏ ਵੀ ਛੋਟੀਆਂ ਪਾਰਟੀਆਂ ਨੂੰ ਖਤਮ ਕਰਨ ਜਾਂ ਸੀਮਤ ਕਰਨ ਦੀ ਨੀਤੀ ਤੋਂ ਪਿੱਛੇ ਨਹੀਂ ਹਟ ਪਾ ਰਹੀ ਹੈ। ਹਾਲਾਂਕਿ ਅਜਿਹੀ ਹੀ ਕੋਸ਼ਿਸ਼ ਕਰਨਾਟਕ ਚੋਣਾਂ ਵਿੱਚ ਵੀ ਹੋਈ ਸੀ, ਪਰ ਜਨਤਾ ਦਲ ਐੱਸ ਦੇ ਆਗੂ ਕੁਮਾਰ ਸਵਾਮੀ ਡਟੇ ਰਹੇ ਅਤੇ ਕਾਂਗਰਸ ਦੀਆਂ ਸੀਟਾਂ ਘਟਾ ਕੇ ਕਾਂਗਰਸ ਦੇ ਹੀ ਸਮਰਥਨ ਨਾਲ ਸੂਬੇ ਵਿੱਚ ਸਰਕਾਰ ਬਣਾਉਣ ਵਿੱਚ ਸਫਲ ਰਹੇ।
 
ਗੈਰ ਕਾਂਗਰਸੀ ਅਤੇ ਗੈਰ ਭਾਜਪਾ ਸਰਕਾਰ ਦੇ ਸਮਰਥਕ ਕਰਨਾਟਕ ਮਾਡਲ ਨਾਲ ਕਾਫੀ ਉਤਸ਼ਾਹਿਤ ਹਨ। ਅਜਿਹੀ ਹੀ ਕੁਝ ਊਰਜਾ ਉਨ੍ਹਾਂ ਨੂੰ ਤੇਲੰਗਾਨਾ ਤੋਂ ਮਿਲੀ ਹੈ। ਪੱਛਮੀ ਬੰਗਾਲ ਤੇ ਓਡੀਸ਼ਾ ਵੀ ਅਜਿਹੇ ਸੂਬੇ ਹਨ, ਜਿੱਥੇ ਤ੍ਰਿਣਮੂਲ ਕਾਂਗਰਸ ਤੇ ਬੀਜੂ ਜਨਤਾ ਦਲ ਕਾਂਗਰਸ ਤੇ ਭਾਜਪਾ ਦੋਨਾਂ ਦੀਆਂ ਮੁਸ਼ਕਿਲਾਂ ਵਧਾਉਂਦੇ ਹੋਏ ਵਿਧਾਨਸਭਾ ਚੋਣਾਂ ਵਿੱਚ ਹੀ ਨਹੀਂ, ਲੋਕਸਭਾ ਚੋਣਾਂ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਦੇ ਆ ਰਹੇ ਹਨ। 
 
ਇਸ ਤਰ੍ਹਾਂ ਨਾਲ ਕੁਮਾਰੀ ਮਾਇਆਵਤੀ ਅਤੇ ਅਖਿਲੇਸ਼ ਯਾਦਵ ਨੂੰ 2019 ਦੀ ਸੰਭਾਵਿਤ ਲੋਕਸਭਾ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਅਜਿਹੇ ਸਹਿਯੋਗੀ ਮਿਲਦੇ ਦਿਖ ਰਹੇ ਹਨ, ਜੋ ਭਾਜਪਾ ਨੂੰ ਤਾਂ ਹਟਾਉਣਾ ਚਾਹੁੰਦੇ ਹਨ, ਪਰ ਕਾਂਗਰਸ ਨੂੰ ਵੀ ਪ੍ਰਧਾਨ ਮੰਤਰੀ ਅਹੁਦਾ ਦੇਣ ਤੋਂ ਬਚਣਾ ਚਾਹੁਣਗੇ। ਅਸਲ ਵਿੱਚ ਮਾਇਆਵਤੀ ਲਈ ਵੀ ਇਹ ਇੱਕ ਬੇਹਤਰੀਨ ਮੌਕਾ ਹੋ ਸਕਦਾ ਹੈ, ਜਦੋਂ ਉਹ ਹੋਰ ਪਾਰਟੀਆਂ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਅਹੁਦਾ ਪਾ ਸਕਦੇ ਹਨ, ਪਰ ਅਜਿਹਾ ਕੁਝ ਹੋਣ ਲਈ ਇਹ ਜ਼ਰੂਰੀ ਹੈ ਕਿ ਕਾਂਗਰਸ, ਭਾਜਪਾ ਦੀਆਂ ਸੀਟਾਂ ਤਾਂ ਘਟਾਏ, ਪਰ ਖੁਦ ਕਾਂਗਰਸ ਵੀ ਇੱਕ ਸੀਮਾ ਤੋਂ ਜ਼ਿਆਦਾ ਅੱਗੇ ਨਾ ਵਧੇ।
 
ਇੱਧਰ, ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ ਵਿੱਚ ਕਾਂਗਰਸ ਨੇ ਵੀ ਬਸਪਾ ਤੇ ਸਪਾ ਨਾਲ ਤਾਲਮੇਲ ਨਾ ਕਰਕੇ ਅਤੇ ਫਿਰ ਮੰਤਰੀ ਮੰਡਲ ਵਿੱਚ ਦੋਨਾਂ ਦੇ ਵਿਧਾਇਕਾਂ ਨੂੰ ਸ਼ਾਮਲ ਨਾ ਕਰਕੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਬਸਪਾ ਤੇ ਸਪਾ ਦੋਨਾਂ ਨੂੰ ਹੀ ਕਾਂਗਰਸ ਨੂੰ ਇੱਕ ਪਾਸੇ ਕਰਨ ਦਾ ਬਹਾਨਾ ਮਿਲ ਗਿਆ।
 
ਅਖਿਲੇਸ਼ ਯਾਦਵ ਨੂੰ ਵੀ ਇਹ ਸਮਝ ਵਿੱਚ ਆ ਗਿਆ ਹੈ ਕਿ ਕਾਂਗਰਸ ਨੂੰ ਗੱਠਜੋੜ ਵਿੱਚ ਸ਼ਾਮਲ ਕਰਨ ਨਾਲ ਵੀ ਉਨ੍ਹਾਂ ਨੂੰ ਕਾਂਗਰਸ ਤੋਂ ਕੁਝ ਮਿਲਣ ਵਾਲਾ ਨਹੀਂ ਹੈ ਅਤੇ ਜੇਕਰ ਸ਼ਾਮਲ ਨਹੀਂ ਵੀ ਕਰਦੇ ਹਨ ਤਾਂ ਵੀ ਕਾਂਗਰਸ ਨਾਲ ਉਨ੍ਹਾਂ ਦੇ ਸਬੰਧ ਉਸੇ ਤਰ੍ਹਾਂ ਹੀ ਰਹਿਣਗੇ। ਇਸਦਾ ਕਾਰਨ ਇਹ ਹੈ ਕਿ ਕਿਸੇ ਦਾ ਬਹੁਮਤ ਨਾ ਹੋਣ ਦੀ ਸਥਿਤੀ ਵਿੱਚ ਜਦੋਂ ਲੋਕਸਭਾ ਵਿੱਚ ਅੰਕੜੇ ਇਕੱਠੇ ਕਰਨ ਦੀ ਗੱਲ ਆਵੇਗੀ ਤਾਂ ਇੱਜ਼ਤ ਉਨ੍ਹਾਂ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਹੋਵੇਗੀ, ਜਿਨ੍ਹਾਂ ਕੋਲ ਸੀਟਾਂ ਜ਼ਿਆਦਾ ਹੋਣਗੀਆਂ।
-ਮਹਿੰਦਰ ਨਾਰਾਇਣ ਸਿੰਘ

Comments

Leave a Reply