Sun,Jul 05,2020 | 06:13:52am
HEADLINES:

editorial

ਲਾਕਡਾਊਨ ਦੌਰਾਨ ਵੀ ਜਾਤੀਵਾਦੀ ਮਾਨਸਿਕਤਾ, ਦਲਿਤਾਂ 'ਤੇ ਜ਼ੁਲਮ ਵਧੇ

ਲਾਕਡਾਊਨ ਦੌਰਾਨ ਵੀ ਜਾਤੀਵਾਦੀ ਮਾਨਸਿਕਤਾ, ਦਲਿਤਾਂ 'ਤੇ ਜ਼ੁਲਮ ਵਧੇ

ਰਾਸ਼ਟਰੀ ਆਫਤ ਦੇ ਸਮੇਂ 'ਚ ਦੇਸ਼ ਦੇ ਰੂਪ 'ਚ ਸਾਡੀ ਪ੍ਰੀਖਿਆ ਹੁੰਦੀ ਹੈ, ਜਦੋਂ ਵੀ ਸਾਡੇ 'ਤੇ ਬਾਹਰ ਤੋਂ ਹਮਲਾ ਹੁੰਦਾ ਹੈ ਜਾਂ ਕੁਦਰਤੀ ਆਫਤ ਆਉਂਦੀ ਹੈ ਤਾਂ ਅਸੀਂ ਆਪਸੀ ਮੱਤਭੇਦ ਭੁਲਾ ਕੇ ਇੱਕਮੁੱਠ ਹੋ ਕੇ ਇੱਕ ਰਾਸ਼ਟਰ ਬਣ ਕੇ ਉਸਦਾ ਸਾਹਮਣਾ ਕਰਨਾ ਹੁੰਦਾ ਹੈ। ਇਹੀ ਇੱਕ ਰਾਸ਼ਟਰ ਦੀ ਕਲਪਨਾ ਹੁੰਦੀ ਹੈ। ਅੱਜ ਦੇਸ਼ ਹੀ ਨਹੀਂ, ਪੂਰੀ ਦੁਨੀਆ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ। ਸਾਰੇ ਦੇਸ਼ ਆਪਸੀ ਮਤਭੇਦ ਭੁੱਲ ਕੇ ਇੱਕਮੁੱਠ ਹੋ ਕੇ ਇਸਦਾ ਮੁਕਾਬਲਾ ਕਰ ਰਹੇ ਹਨ।
 
ਭਾਰਤ 'ਚ ਵੀ ਇਸ ਮਹਾਮਾਰੀ ਦਾ ਮਾੜਾ ਅਸਰ ਪਿਆ ਹੈ। ਸਵਾ ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਪਾਜ਼ੀਟਿਵ ਹੋ ਚੁੱਕੇ ਹਨ। ਅਜਿਹੇ ਸਮੇਂ 'ਚ ਭਾਰਤ ਨੂੰ ਸਮਾਜਿਕ ਤੇ ਰਾਜਨੀਤਕ ਏਕਤਾ ਦੀ ਮਿਸਾਲ ਦੇ ਕੇ ਦੇਸ਼ ਦੀ ਇੱਕ ਮਜ਼ਬੂਤ ਇਮੇਜ਼ ਪੇਸ਼ ਕਰਨੀ ਚਾਹੀਦੀ ਸੀ। ਕਈ ਵਾਰ ਆਫਤਾਂ ਦੇਸ਼ ਦੇ ਅੰਦਰੂਨੀ ਮਤਭੇਦਾਂ ਨੂੰ ਖਤਮ ਕਰਨ 'ਚ ਮਦਦਗਾਰ ਹੁੰਦੀਆਂ ਹਨ, ਪਰ ਅਸੀਂ ਅੱਜ ਵੀ ਜਾਤੀਵਾਦ 'ਚ ਦਲਿਤ ਤੇ ਉੱਚ ਜਾਤੀ ਦੀ ਲੜਾਈ ਲੜ ਰਹੇ ਹਾਂ।
 
ਭਾਰਤ ਸਮਾਜਿਕ ਤੇ ਆਰਥਿਕ ਤੌਰ 'ਤੇ ਕਾਫੀ ਵੰਡਿਆ ਹੋਇਆ ਦੇਸ਼ ਹੈ ਅਤੇ ਇਸ 'ਚ ਸਭ ਤੋਂ ਹੇਠਲੇ ਪੌਡੇ 'ਤੇ ਦਲਿਤ ਸਮਾਜ ਖੜਾ ਹੈ। ਕੋਈ ਵੀ ਆਫਤ ਜਾਂ ਮਹਾਮਾਰੀ ਹੋਵੇ, ਉਸਦੀ ਸਭ ਤੋਂ ਜ਼ਿਆਦਾ ਕੀਮਤ ਦੇਸ਼ ਦੇ ਕਮਜ਼ੋਰ ਵਰਗ ਨੂੰ ਹੀ ਚੁਕਾਉਣੀ ਪੈਂਦੀ ਹੈ, ਜਿਵੇਂ ਅੱਜ ਦੇਸ਼ ਭਰ 'ਚ ਫੈਲੇ ਮਜ਼ਦੂਰ ਚੁਕਾ ਰਹੇ ਹਨ।
 
ਜਦੋਂ ਮਹਾਮਾਰੀ ਖਿਲਾਫ ਸਾਨੂੰ ਸਾਰਿਆਂ ਨੂੰ ਮਤਭੇਦ ਭੁਲਾ ਕੇ ਇੱਕ ਇਨਸਾਨ ਦੇ ਰੂਪ 'ਚ ਇੱਕਮੁੱਠਤਾ ਦਿਖਾਉਣੀ ਚਾਹੀਦੀ ਸੀ, ਅਜਿਹੇ ਸਮੇਂ 'ਚ ਵੀ ਭੇਦਭਾਵ ਦੀ ਅਜਿਹੀ ਕਹਾਣੀ ਤੁਹਾਨੂੰ ਸੁਣਨ ਨੂੰ ਮਿਲੇਗੀ, ਜੋ ਕਿ ਤੁਹਾਡੀ ਮਨੁੱਖ ਵੱਜੋਂ ਪਹਿਚਾਣ ਨੂੰ ਸ਼ਰਮਸਾਰ ਕਰ ਦੇਵੇਗੀ। ਤੁਸੀਂ ਸੋਚਣ ਨੂੰ ਮਜਬੂਰ ਹੋ ਜਾਓਗੇ ਕਿ ਕੋਰੋਨਾ ਵਰਗੀ ਮਹਾਮਾਰੀ 'ਚ ਵੀ ਲੋਕ ਜਾਤੀ ਭੇਦਭਾਵ ਦੀ ਮਾਨਸਿਕਤਾ ਤੋਂ ਬਾਹਰ ਨਹੀਂ ਆ ਸਕੇ ਹਨ।
 
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਦੇਸ਼ ਦੇ ਸੰਵਿਧਾਨ ਨੂੰ ਇਸ ਤਰ੍ਹਾਂ ਲਿਖਿਆ ਸੀ, ਜਿਸ ਨਾਲ ਹਰ ਨਾਗਰਿਕ ਨੂੰ ਬਰਾਬਰੀ ਦਾ ਹੱਕ ਮਿਲੇ, ਪਰ ਅੱਜ ਵੀ ਇੰਨੇ ਸਾਲਾਂ ਬਾਅਦ ਦਲਿਤਾਂ ਨੂੰ ਬਰਾਬਰੀ ਦਾ ਹੱਕ ਨਹੀਂ ਮਿਲਿਆ ਹੈ। ਦੇਸ਼ ਦੀ ਆਜ਼ਾਦੀ ਦੇ ਇੰਨੇ ਸਾਲ ਬਾਅਦ ਵੀ ਦਲਿਤਾਂ ਨੂੰ ਛੂਆਛਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 
ਕੋਰੋਨਾ ਵਾਇਰਸ ਇੱਕ ਬਿਮਾਰੀ ਹੈ। ਛੇਤੀ ਹੀ ਇਸਦਾ ਇਲਾਜ ਵੀ ਮਿਲ ਜਾਵੇਗਾ, ਪਰ ਸਦੀਆਂ ਤੋਂ ਜਾਤੀਗਤ ਭੇਦਭਾਵ ਦਾ ਜੋ ਵਾਇਰਸ ਫੈਲਿਆ ਹੈ, ਉਸਦਾ ਇਲਾਜ ਲੱਭਣ 'ਚ ਅਸੀਂ ਅੱਜ ਤੱਕ ਅਸਫਲ ਰਹੇ ਹਾਂ। ਕੋਰੋਨਾ ਮਹਾਮਾਰੀ ਵਰਗੇ ਸੰਕਟ ਦੇ ਦੌਰ 'ਚ ਜਦੋਂ ਪੂਰੇ ਦੇਸ਼ 'ਚ ਲਾਕਡਾਊਨ ਲਗਾਉਣਾ ਪਿਆ, ਅਜਿਹੇ ਸਮੇਂ 'ਚ ਜਾਤੀਗਤ ਅੱਤਿਆਚਾਰ ਘੱਟ ਹੋਣ ਦੀ ਉਮੀਦ ਸੀ, ਪਰ ਜਾਤੀਗਤ ਅੱਤਿਆਚਾਰ ਹੋਰ ਵੀ ਵੱਧ ਗਏ ਹਨ।
 
ਅੱਜ ਜਦੋਂ ਕੋਰੋਨਾ ਮਹਾਮਾਰੀ ਲਗਾਤਾਰ ਲੋਕਾਂ ਦੀ ਜ਼ਿੰਦਗੀ ਖੋਹ ਰਹੀ ਹੈ, ਅਜਿਹੇ ਸਮੇਂ 'ਚ ਵੀ ਮਨੂੰਵਾਦੀ ਮਾਨਸਿਕਤਾ ਦੇ ਲੋਕ ਆਪਣੀ ਜਾਤੀਵਾਦੀ ਮਾਨਸਿਕਤਾ ਨਹੀਂ ਛੱਡ ਪਾ ਰਹੇ ਹਨ। ਉੱਤਰ ਪ੍ਰਦੇਸ਼ ਦੇ ਕੁਸ਼ੀ ਨਗਰ ਜ਼ਿਲ੍ਹੇ 'ਚ ਬੀਤੇ ਦਿਨੀਂ ਕੋਰੋਨਾ ਵਾਇਰਸ ਤੋਂ ਪੀੜਤ ਤੇ ਸ਼ੱਕੀ ਮਰੀਜ਼ਾਂ ਲਈ ਬਣਾਏ ਗਏ ਕੁਆਰੰਟਾਈਨ ਕੇਂਦਰ 'ਚ ਰਸੋਈਆ ਨਾ ਹੋਣ ਕਰਕੇ ਦਲਿਤ ਸਮਾਜ 'ਚੋਂ ਚੁਣੀ ਗਈ ਪ੍ਰਧਾਨ ਨੇ ਇਨਸਾਨੀਅਤ ਦਿਖਾਉਂਦੇ ਹੋਏ ਖੁਦ ਹੀ ਭੋਜਨ ਬਣਾਇਆ, ਤਾਂਕਿ ਮਰੀਜਾਂ ਨੂੰ ਖਾਣ ਦੀ ਕੋਈ ਸਮੱਸਿਆ ਨਾ ਆਵੇ, ਪਰ ਜਦੋਂ ਭੋਜਨ ਦਿੱਤਾ ਗਿਆ ਤਾਂ ਉਨ੍ਹਾਂ 'ਚੋਂ 2 ਲੋਕਾਂ ਨੇ ਇਹ ਕਹਿ ਕੇ ਇਸਨੂੰ ਖਾਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਦਲਿਤ ਮਹਿਲਾ ਦੇ ਹੱਥੀਂ ਬਣਿਆ ਭੋਜਨ ਨਹੀਂ ਖਾਣਗੇ।
 
ਇਹ ਤਾਂ ਸਿਰਫ ਭੋਜਨ ਨਾ ਖਾਣ ਦੀ ਗੱਲ ਹੋਈ, ਮੱਧ ਪ੍ਰਦੇਸ਼ 'ਚ ਤਾਂ ਇੱਕ ਪਤੀ-ਪਤਨੀ ਨੂੰ ਟਾਇਲਟ 'ਚ ਕੁਆਰੰਟਾਈਨ ਕੀਤਾ ਗਿਆ ਅਤੇ ਭੋਜਨ ਵੀ ਉੱਥੇ ਹੀ ਦਿੱਤਾ ਗਿਆ। ਮੀਡੀਆ 'ਚ ਖਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਕੂਲ ਭਵਨ ਲੈ ਕੇ ਜਾਂਦਾ ਗਿਆ।
 
ਅੱਜ ਪੂਰੇ ਦੇਸ਼ 'ਚ ਲਾਕਡਾਊਨ ਦੀ ਮਾਰ ਜਿਨ੍ਹਾਂ ਲੋਕਾਂ 'ਤੇ ਸਭ ਤੋਂ ਜ਼ਿਆਦਾ ਪਈ ਹੈ, ਉਹ ਦੇਸ਼ ਦੇ ਪ੍ਰਵਾਸੀ ਮਜ਼ਦੂਰ ਹਨ। ਇਨ੍ਹਾਂ ਕੋਲ ਜ਼ਮੀਨ ਨਹੀਂ ਹੈ। ਇਸ ਲਈ ਮਜਬੂਰੀ 'ਚ ਆਪਣਾ ਪਿੰਡ ਛੱਡ ਕੇ ਦੂਜੇ ਸੂਬਿਆਂ 'ਚ ਜਾ ਕੇ ਰੋਜ਼ੀ-ਰੋਟੀ ਦਾ ਪ੍ਰਬੰਧ ਕਰਦੇ ਹਨ। ਦੇਸ਼ 'ਚ ਜ਼ਿਆਦਾਤਰ ਦਲਿਤਾਂ ਕੋਲ ਜ਼ਮੀਨਾਂ ਨਹੀਂ ਹਨ। ਇਸ ਲਈ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ 'ਚ ਜ਼ਿਆਦਾ ਗਿਣਤੀ ਦਲਿਤਾਂ ਦੀ ਹੈ।
 
ਇਸ ਮੁਸ਼ਕਿਲ ਦੌਰ 'ਚ ਜਦੋਂ ਸਾਰੇ ਕੰਮ ਬੰਦ ਹਨ, ਲੋਕ ਭੁੱਖੇ ਢਿੱਡ ਪੈਦਲ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਹਨ। ਜਿੱਥੇ ਵਿਦੇਸ਼ਾਂ ਤੋਂ ਅਮੀਰ ਪ੍ਰਵਾਸੀਆਂ ਨੂੰ ਸਰਕਾਰ ਫਲਾਈਟ ਰਾਹੀਂ ਭਾਰਤ ਲਿਆ ਰਹੀ ਹੈ, ਉੱਥੇ ਗਰੀਬ ਮਜ਼ਦੂਰ ਪ੍ਰਵਾਸੀ ਆਪਣੇ ਦੇਸ਼ 'ਚ ਹੀ ਵਿਦੇਸ਼ੀਆਂ ਵਰਗਾ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਲਈ ਸਰਕਾਰ ਬੱਸਾਂ ਵੀ ਉਪਲਬਧ ਨਹੀਂ ਕਰਵਾ ਰਹੀ ਹੈ।
 
ਇਹ ਸੈਂਕੜੇ ਕਿਲੋਮੀਟਰ ਪੈਦਲ ਚੱਲ ਕੇ ਕਿਸੇ ਤਰ੍ਹਾਂ ਪਿੰਡ ਪਹੁੰਚ ਰਹੇ ਹਨ। ਇਨ੍ਹਾਂ 'ਚ ਕੋਰੋਨਾ ਸ਼ੱਕੀ ਮਿਲਣ 'ਤੇ ਦਲਿਤ ਸਮਾਜ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ 'ਚ, ਇੱਥੇ ਤੱਕ ਕਿ ਟਾਇਲਟਾਂ ਤੱਕ 'ਚ ਰੱਖਿਆ ਜਾ ਰਿਹਾ ਹੈ। ਉੱਥੇ ਉੱਚ ਜਾਤੀ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਚ ਕੁਆਰੰਟਾਈਨ ਕੀਤਾ ਜਾ ਰਿਹਾ ਹੈ। ਇਸ ਤੋਂ ਵੱਡਾ ਜਾਤੀ ਭੇਦਭਾਵ ਕੀ ਹੋ ਸਕਦਾ ਹੈ।
 
ਲਾਕਡਾਊਨ 'ਚ ਦਲਿਤਾਂ 'ਤੇ ਹਮਲਿਆਂ ਦਾ ਜਿਵੇਂ ਹੜ੍ਹ ਜਿਹਾ ਆ ਗਿਆ ਹੈ। ਲਾਕਡਾਊਨ ਦਾ ਲਾਭ ਚੁੱਕ ਕੇ ਸਾਮੰਤਵਾਦੀ ਲੋਕ ਲਗਾਤਾਰ ਦਲਿਤਾਂ 'ਤੇ ਹਮਲੇ ਕਰ ਰਹੇ ਹਨ ਅਤੇ ਅਜਿਹੇ ਸਮੇਂ 'ਚ ਸਰਕਾਰ ਵੱਲੋਂ ਅਪਰਾਧੀਆਂ ਨੂੰ ਅਸਿੱਧੇ ਤੌਰ 'ਤੇ ਸ਼ਹਿ ਦੇਣੀ ਹੋਰ ਵੀ ਜ਼ਿਆਦਾ ਦੁੱਖਦਾਇਕ ਹੈ। ਬਿਹਾਰ 'ਚ ਉੱਚ ਜਾਤੀ ਦੀ ਲੜਕੀ ਨਾਲ ਵਿਆਹ ਕਰਨ ਵਾਲੇ ਵਿਕਰਮ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਂਦੀ ਹੈ।
 
ਉਸਦੀ ਮੌਤ ਦੀ ਜਾਂਚ ਦੀ ਮੰਗ ਕਰਨ ਵਾਲੇ ਸੰਤੋਸ਼ ਨੂੰ ਪੁਲਸ ਕੁੱਟ-ਕੁੱਟ ਕੇ ਮਾਰ ਦਿੰਦੀ ਹੈ। ਅਪਰਾਧੀਆਂ ਦੇ ਨਾਲ ਪੁਲਸ ਦੀ ਮਿਲੀਭੁਗਤ ਅੱਤਿਆਚਾਰਾਂ ਨੂੰ ਹੋਰ ਹੱਲਾਸ਼ੇਰੀ ਦੇ ਰਹੀ ਹੈ। ਜਾਤੀਵਾਦ ਨੂੰ ਖਤਮ ਕਰਨ ਲਈ ਇੱਕ ਪਾਸੇ ਸਰਕਾਰ ਅੰਤਰਜਾਤੀ ਵਿਆਹ ਕਰਨ ਵਾਲਿਆਂ ਨੂੰ ਪੈਸੇ ਦੇਣ ਦੀ ਘੋਸ਼ਣਾ ਕਰਦੀ ਹੈ ਤੇ ਦੂਜੇ ਪਾਸੇ ਅੰਤਰਜਾਤੀ ਵਿਆਹ ਕਰਨ ਵਾਲਿਆਂ ਨੂੰ ਮਾਰਿਆ ਜਾ ਰਿਹਾ ਹੈ।
 
ਹਰਿਆਣਾ 'ਚ ਦਲਿਤ ਪਰਿਵਾਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਲਾਈਟਾਂ ਬੰਦ ਕਰਕੇ ਦੀਵੇ ਜਗਾਉਣ' ਦੀ ਅਪੀਲ ਦੀ ਪਾਲਣਾ ਨਹੀਂ ਕਰਨ 'ਤੇ ਪ੍ਰਭਾਵਸ਼ਾਲੀ ਉੱਚ ਜਾਤੀ ਦੇ ਲੋਕਾਂ ਨੇ ਹਮਲਾ ਕਰ ਦਿੱਤਾ। ਹਰਿਆਣਾ ਦੇ ਹੀ ਯਮੁਨਾ ਨਗਰ 'ਚ ਜੇਲ੍ਹ 'ਚ ਬੰਦ ਵਾਲਮੀਕੀ ਸਮਾਜ ਦੇ ਰਮਨ ਨਾਂ ਦੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਨੇ ਲਾਕਡਾਊਨ 'ਚ ਵੀ ਦਲਿਤਾਂ ਨੂੰ ਸੜਕਾਂ 'ਤੇ ਆ ਕੇ ਨਿਆਂ ਲਈ ਅੰਦੋਲਨ ਕਰਨ ਲਈ ਮਜਬੂਰ ਕਰ ਦਿੱਤਾ। ਉਦੋਂ ਜਾ ਕੇ ਹਰਿਆਣਾ ਸਰਕਾਰ ਨੂੰ ਜਾਂਚ ਦੇ ਆਦੇਸ਼ ਦੇਣੇ ਪਏ।
 
ਰਾਜਸਥਾਨ ਦੇ ਟੋਂਕ 'ਚ ਦਲਿਤ ਲੜਕੀ ਦੇ ਨਾਲ ਬਲਾਤਕਾਰ ਦੀ ਘਟਨਾ ਅਤੇ ਜੋਧਪੁਰ 'ਚ ਦਲਿਤ ਸਮਾਜ ਦੇ ਡੂੰਗਰਰਾਮ ਮੇਘਵਾਲ ਨੂੰ ਰਾਜਪੂਤਾਂ ਨੇ ਮਾਰ ਦਿੱਤਾ, ਦੇਸ਼ ਦੇ ਹਰ ਪਾਸੇ ਤੋਂ ਹਮਲਿਆਂ ਦੀਆਂ ਖਬਰਾਂ ਆ ਰਹੀਆਂ ਹਨ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ 'ਚ 7 ਮਈ ਨੂੰ ਬੁੱਧ ਪੂਰਣੀਮਾ ਮਨਾਉਣ ਕਰਕੇ ਦਲਿਤ ਸਮਾਜ ਦੇ ਗਜਰਾਜ ਜਾਟਵ ਦੀ ਹੱਤਿਆ ਕਰ ਦਿੱਤੀ ਗਈ। ਮੱਧ ਪ੍ਰਦੇਸ਼ ਦੇ ਉਜੈਨ 'ਚ ਐੱਸਡੀਐੱਮ ਆਦੇਸ਼ ਦਿੰਦੇ ਹਨ ਕਿ ਦਲਿਤਾਂ ਨੂੰ ਵਿਆਹ ਤੋਂ 3 ਦਿਨ ਪਹਿਲਾਂ ਪੁਲਸ ਨੂੰ ਸੂਚਨਾ ਦੇਣੀ ਹੋਵੇਗੀ। ਦਲਿਤ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਇਹ ਆਦੇਸ਼ ਰੱਦ ਕਰਨਾ ਪਿਆ।
 
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵੀ ਦਲਿਤਾਂ 'ਤੇ ਅੱਤਿਆਚਾਰ ਘੱਟ ਨਹੀਂ ਹੋਏ, ਸਗੋਂ ਹੋਰ ਵਧੇ ਹਨ। ਇਹ ਗੱਲ ਉੱਤਰ ਭਾਰਤ ਤੋਂ ਲੈ ਕੇ ਦੱਖਣ ਭਾਰਤ ਤੱਕ ਇੱਕੋ ਜਿਹੀ ਹੀ ਹੈ। ਤਮਿਲਨਾਡੂ 'ਚ ਇੱਕ ਮਹੀਨੇ 'ਚ ਦਲਿਤਾਂ 'ਤੇ ਅੱਤਿਆਚਾਰ ਦੇ 25 ਮਾਮਲੇ ਸਨ। ਅਜਿਹੇ ਮਾਮਲਿਆਂ 'ਚ 40 ਫੀਸਦੀ ਦਾ ਵਾਧਾ ਹੋਇਆ। ਇੱਕ ਐੱਨਜੀਓ ਦੇ ਸਰਵੇ ਮੁਤਾਬਕ 25 ਮਾਰਚ ਤੋਂ ਪਹਿਲਾਂ ਰਾਸ਼ਟਰ ਪੱਧਰੀ ਬੰਦ ਸ਼ੁਰੂ ਹੋਇਆ ਸੀ।
 
ਹਰ ਸੂਬੇ 'ਚ ਜਾਤੀ ਅਧਾਰਿਤ ਹਿੰਸਾ ਦੀਆਂ ਘੱਟ ਤੋਂ ਘੱਟ 30 ਵੱਡੀਆਂ ਘਟਨਾਵਾਂ ਹੋਈਆਂ ਹਨ। ਕੁਝ ਜਗ੍ਹਾ ਤਾਂ ਪੁਲਸ ਖੁਦ ਇਸ ਅੱਤਿਆਚਾਰ 'ਚ ਸ਼ਾਮਲ ਰਹੀ ਹੈ। ਲਾਕਡਾਊਨ ਦੇ ਓਹਲੇ ਦਲਿਤਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਜੇਕਰ ਉਨ੍ਹਾਂ ਨੇ ਪੁਲਸ ਦੇ ਨੋਟੀਫਿਕੇਸ਼ਨ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਖਿਲਾਫ ਨਿਯਮ ਮੁਤਾਬਕ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕੁੱਟਮਾਰ ਕਰਨਾ ਅਣਮਨੁੱਖੀ ਹੈ ਤੇ ਇਸ ਤਰ੍ਹਾਂ ਦਾ ਜ਼ੁਲਮ ਤਾਂ ਬਿਲਕੁੱਲ ਵੀ ਨਹੀਂ ਹੋਣਾ ਚਾਹੀਦਾ।
 
ਕੋਰੋਨਾ ਮਹਾਮਾਰੀ ਖਿਲਾਫ ਇਹ ਦੇਸ਼ ਦੀ ਸਾਂਝੀ ਲੜਾਈ ਹੈ, ਜਿਸ 'ਚ ਸਾਰੇ ਲੋਕ ਆਪਣਾ ਯੋਗਦਾਨ ਦੇ ਰਹੇ ਹਨ। ਕੁਝ ਘਰ 'ਚ ਰਹਿ ਕੇ ਯੋਗਦਾਨ ਦੇ ਰਹੇ ਹਨ ਤੇ ਕੁਝ ਸਿੱਧੇ ਤੌਰ 'ਤੇ ਸਾਹਮਣੇ ਆ ਕੇ। ਇਨ੍ਹਾਂ 'ਚ ਇੱਕ ਮਹੱਤਵਪੂਰਨ ਚੈਨ ਸਫਾਈ ਕਰਮਚਾਰੀ ਹਨ, ਜੋ ਕਿ ਜ਼ਿਆਦਾਤਰ ਦਲਿਤ ਸਮਾਜ ਨਾਲ ਸਬੰਧ ਰੱਖਦੇ ਹਨ, ਕਿਉਂਕਿ ਭਾਰਤ ਹੀ ਇੱਕੋ ਇੱਕ ਅਜਿਹਾ ਦੇਸ਼ ਹੈ, ਜਿੱਥੇ ਵਪਾਰ ਨੂੰ ਜਾਤੀ ਦੇ ਅਧਾਰ 'ਤੇ ਵੰਡਿਆ ਗਿਆ ਹੈ।
 
ਡਾਕਟਰ ਤੇ ਪੁਲਸ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਅਸੀਂ ਸਫਾਈ ਕਰਮਚਾਰੀਆਂ ਦੇ ਯੋਗਦਾਨ ਨੂੰ ਭੁੱਲ ਜਾਂਦੇ ਹਾਂ। ਉਨ੍ਹਾਂ ਲਈ ਕੋਈ ਥਾਲੀ ਨਹੀਂ ਬਜਾਈ ਜਾਂਦੀ, ਨਾ ਕੋਈ ਫੁੱਲਾਂ ਦੀ ਵਰਖਾ ਹੁੰਦੀ ਹੈ। ਪਿੰਡਾਂ 'ਚ ਕੁਆਰੰਟਾਈਨ ਕੀਤੇ ਲੋਕਾਂ ਦਾ ਕੂੜਾ ਚੁੱਕਣ ਵਾਲੇ ਸਫਾਈ ਕਰਮਚਾਰੀ ਬਿਨਾਂ ਸੁਰੱਖਿਆ ਉਪਕਰਨਾਂ ਦੇ ਫਰੰਟ 'ਤੇ ਲੜਨ ਨੂੰ ਮਜਬੂਰ ਹਨ। ਇਨ੍ਹਾਂ ਨੂੰ ਘੱਟੋ ਘੱਟ ਤਨਖਾਹ ਵੀ ਨਹੀਂ ਮਿਲਦੀ ਹੈ।
 
ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਇੱਕ ਸਫਾਈ ਕਰਮਚਾਰੀ, ਜੋ ਕਿ ਪਿੰਡ 'ਚ ਸੈਨੀਟਾਈਜ਼ਰ ਦਾ ਛਿੜਕਾਅ ਕਰਨ ਗਿਆ ਸੀ, ਉਸਨੂੰ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਸੈਨੀਟਾਈਜ਼ਰ ਪੀਣ ਲਈ ਮਜਬੂਰ ਕੀਤਾ ਗਿਆ। ਨਤੀਜੇ ਵੱਜੋਂ ਉਸਦੀ ਹਸਪਤਾਲ 'ਚ ਮੌਤ ਹੋ ਗਈ। 5 ਲੋਕਾਂ ਨੂੰ ਇਸ ਅਪਰਾਧ ਲਈ ਦੋਸ਼ੀ ਬਣਾਇਆ ਗਿਆ। ਅਜਿਹੀਆਂ ਘਟਨਾਵਾਂ ਦਿਲ ਕੰਬਾ ਦੇਣ ਵਾਲੀਆਂ ਹਨ, ਜੋ ਕਿ ਕੋਰੋਨਾ ਖਿਲਾਫ ਇਸ ਲੜਾਈ ਨੂੰ ਕਮਜ਼ੋਰ ਕਰਦੀਆਂ ਹਨ। ਡਾਕਟਰਾਂ 'ਤੇ ਹਮਲੇ ਦੀਆਂ ਘਟਨਾਵਾਂ, ਜਿੱਥੇ ਸਾਰੇ ਮੀਡੀਏ ਦਾ ਧਿਆਨ ਖਿੱਚਦੀਆਂ ਹਨ, ਉੱਥੇ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਬਿਨਾਂ ਸ਼ਿਕਾਇਤ ਕੰਮ ਕਰਨ ਵਾਲੇ ਦਲਿਤ ਸਮਾਜ ਦੇ ਨਾਲ ਵਿਤਕਰੇ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ।
 
ਬਿਨਾਂ ਸਫਾਈ ਕਰਮਚਾਰੀਆਂ ਦੇ ਸਹਿਯੋਗ ਦੇ ਤੁਸੀਂ ਕੋਰੋਨਾ ਮਹਾਮਾਰੀ ਖਿਲਾਫ ਲੜਾਈ ਦੀ ਉਮੀਦ ਵੀ ਨਹੀਂ ਕਰ ਸਕਦੇ। ਜੇਕਰ ਸਫਾਈ ਕਰਮਚਾਰੀ ਸਹਿਯੋਗ ਕਰਨਾ ਬੰਦ ਕਰ ਦੇਣ ਤਾਂ ਪੂਰੇ ਦੇਸ਼ ਦੇ ਹੱਥ-ਪੈਰ ਫੁੱਲ ਜਾਣਗੇ। ਅਜਿਹੇ ਕੋਰੋਨਾ ਵਾਰੀਅਰਸ ਦਾ ਬਿਨਾਂ ਜਾਤੀ ਭੇਦਭਾਵ ਕੀਤੇ ਪੂਰੇ ਦੇਸ਼ ਨੂੰ ਸਨਮਾਨ ਕਰਨਾ ਚਾਹੀਦਾ ਹੈ। ਭਾਰਤ 'ਚ ਦਲਿਤ ਅੱਤਿਆਚਾਰ ਦੀਆਂ ਘਟਨਾਵਾਂ ਦਾ ਹੋਣਾ ਇਹ ਸਾਬਿਤ ਕਰਦਾ ਹੈ ਕਿ ਅਸੀਂ ਹੁਣ ਵੀ ਮੱਧ ਯੁੱਗ 'ਚ ਹੀ ਜੀਅ ਰਹੇ ਹਾਂ। -ਕੇਏ

 

Comments

Leave a Reply