Tue,Jun 18,2019 | 07:06:02pm
HEADLINES:

editorial

ਖੱਬੇ ਪੱਖੀਆਂ ਦੇ ਰਾਜ 'ਚ ਵੀ ਨਾ ਦਲਿਤਾਂ ਦਾ ਸ਼ੋਸ਼ਣ ਰੁਕਿਆ, ਨਾ ਆਰਥਿਕ ਸਥਿਤੀ ਸੁਧਰੀ

ਖੱਬੇ ਪੱਖੀਆਂ ਦੇ ਰਾਜ 'ਚ ਵੀ ਨਾ ਦਲਿਤਾਂ ਦਾ ਸ਼ੋਸ਼ਣ ਰੁਕਿਆ, ਨਾ ਆਰਥਿਕ ਸਥਿਤੀ ਸੁਧਰੀ

ਪੱਛਮ ਬੰਗਾਲ ਤੇ ਕੇਰਲ ਵਿੱਚ ਕਈ ਸਾਲਾਂ ਤੱਕ ਖੱਬੇ ਪੱਖੀਆਂ ਦੇ ਸੱਤਾ ਵਿੱਚ ਰਹਿਣ ਦੇ ਬਾਵਜੂਦ ਉੱਥੋਂ ਦੀ ਬਹੁਗਿਣਤੀ ਦਲਿਤ ਸ਼ੋਸ਼ਿਤ ਸਮਾਜ ਦੀ ਆਰਥਿਕ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ, ਸਗੋਂ ਇਸ ਸ਼ੋਸ਼ਿਤ ਸਮਾਜ ਦੇ ਨਾਲ ਅਨਿਆਂ, ਅੱਤਿਆਚਾਰ ਤੇ ਆਰਥਿਕ ਸ਼ੋਸ਼ਣ ਦੇਸ਼ ਦੇ ਦੂਜੇ ਰਾਜਾਂ ਤੋਂ ਕਿਤੇ ਜ਼ਿਆਦਾ ਹੋਇਆ। ਇਹੀ ਕਾਰਨ ਹੈ ਕਿ ਭਾਰਤ ਵਿੱਚ ਕਾਰਲ ਮਾਰਕਸ ਜ਼ਰੀਏ ਅਖੌਤੀ ਉੱਚ ਵਰਗ ਹੱਥੋਂ ਸਮਾਜਵਾਦ ਦੀ ਸਥਾਪਨਾ ਕਰਨਾ ਇੱਕ ਕੋਰੀ ਕਲਪਨਾ ਹੀ ਸਿੱਧ ਹੋਇਆ।

ਭਾਰਤ ਵਿੱਚ ਨਕਸਲਵਾਦੀ ਹਿੰਸਾ ਦੇ ਰੂਪ ਵਿੱਚ ਸਮਾਜਵਾਦ ਦੇਸ਼ ਦੇ ਕੁਝ ਸੂਬੇ ਨਕਸਲਵਾਦੀ ਹਿੰਸਾ ਨਾਲ ਗ੍ਰਸਤ ਹਨ। ਦੇਸ਼ ਦੇ ਮਨੂੰਵਾਦੀ ਮੀਡੀਆ ਨੇ ਨਕਸਲਬਾਦ ਦੇ ਕਾਰਨਾਂ ਨੂੰ ਪੂਰੀ ਤਰ੍ਹਾਂ ਜਾਣੇ ਬਿਨਾਂ ਹੀ ਸਾਰੇ ਨਕਸਲਵਾਦੀਆਂ ਤੇ ਇਸ ਪੂਰੇ ਅੰਦੋਲਨ ਨੂੰ ਹੀ ਅੱਤਵਾਦ ਦਾ ਠੱਪਾ ਲਗਾ ਦਿੱਤਾ ਹੈ। ਸਮਾਜਿਕ ਅਨਿਆਂ, ਬੇਇੱਜ਼ਤੀ ਤੇ ਸ਼ੋਸ਼ਣ ਕਾਰਨ ਆਦੀਵਾਸੀ ਲੋਕ ਨਕਸਲਵਾਦੀ ਬਣ ਰਹੇ ਹਨ। ਉਨ੍ਹਾਂ ਲੋਕਾਂ ਨੂੰ ਮਾਓਵਾਦ ਹੀ ਆਪਣੀਆਂ ਸਮੱਸਿਆਵਾਂ ਦਾ ਇੱਕ ਮਾਤਰ ਹੱਲ ਦਿਖਾਈ ਦੇ ਰਿਹਾ ਹੈ।

ਇਨ੍ਹਾਂ ਨਕਸਲਵਾਦੀਆਂ ਦੀ ਲੜਾਈ ਮੁੱਖ ਤੌਰ 'ਤੇ ਪਿੰਡਾਂ ਦੇ ਸਾਮੰਤਵਾਦੀ ਤੇ ਪੂੰਜੀਪਤੀਆਂ ਦੇ ਨਾਲ ਹੈ। ਇਸ ਲਹਿਰ ਦੀ ਅਗਵਾਈ ਅਖੌਤੀ ਉੱਚ ਜਾਤੀ ਦੇ ਲੋਕਾਂ ਦੇ ਹੱਥ ਵਿੱਚ ਹੈ ਤੇ ਇਸ ਲਈ ਆਉਣ ਵਾਲੇ ਸਮੇਂ ਵਿੱਚ ਇਹ ਲਹਿਰ ਕਮਜੋਰ ਪੈ ਸਕਦੀ ਹੈ, ਕਿਉਂਕਿ ਅਖੌਤੀ ਉੱਚ ਜਾਤੀ ਦੇ ਲੋਕਾਂ ਨੇ ਇਸ ਤਰ੍ਹਾਂ ਦੇ ਅੱਤਿਆਚਾਰ ਨਹੀਂ ਝੱਲੇ ਜਿਵੇਂ ਰੂਸ, ਫਰਾਂਸ ਤੇ ਚੀਨ ਵਿੱਚ ਮਜਦੂਰ ਵਰਗ ਨੇ ਸਹਿਣ ਕੀਤੇ ਹਨ। 

ਇਸ ਵਿੱਚ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਅਜੇ ਇਸ ਲਹਿਰ ਦੀ ਅਗਵਾਈ ਕਰਨ ਵਾਲੇ ਉੱਚ ਵਰਗ ਦੇ ਲੋਕ ਭਾਰਤ ਦੇ ਉਸ ਜਾਤੀਵਾਦੀ ਸਿਸਮਟ ਨੂੰ ਕਿਉਂ ਬਦਲਣਾ ਚਾਹੁਣਗੇ, ਜਿਸ ਤੋਂ ਉਹ ਸਦੀਆਂ ਤੋਂ ਲਾਭ ਉਠਾਉਂਦੇ ਆ ਰਹੇ ਹਨ। 

ਭਾਰਤ ਵਿੱਚ ਉੱਚ ਜਾਤੀਆਂ ਦੀ ਮਾਨਸਿਕਤਾ ਬਦਲਣਾ ਮੁਸ਼ਕਿਲ ਹੈ, ਕਿਉਂਕਿ ਇਨ੍ਹਾਂ ਵਰਗਾਂ ਵਿੱਚ ਅਜੇ ਤੱਕ ਦਲਿਤਾਂ ਤੇ ਹੋਰ ਸ਼ੋਸ਼ਿਤ ਵਰਗਾਂ ਪ੍ਰਤੀ ਭੇਦਭਾਵ ਪਹਿਲਾਂ ਦੀ ਤਰ੍ਹਾਂ ਬਣਿਆ ਹੋਇਆ ਹੈ। ਇਸ ਤਰ੍ਹਾਂ ਸਮਾਜਵਾਦ ਦੇ ਅੰਦੋਲਨ ਨੂੰ ਭਾਰਤ ਵਿੱਚ ਅਖੌਤੀ ਉੱਚ ਵਰਗ ਦੇ ਲੋਕਾਂ ਨੇ ਨਸ਼ਟ ਕਰ ਦਿੱਤਾ ਹੈ। 

ਭਾਰਤ ਦੇ ਸਮਾਜਵਾਦੀ ਲੋਕਾਂ ਦੇ ਖੂਨ ਵਿੱਚ ਰਚੀ ਹੋਈ ਹੈ ਜਾਤੀਗਤ ਛੁਆਛੂਤ 
ਇਸ  ਗੱਲ ਦਾ ਪਤਾ ਇਸਤੋਂ ਲੱਗਦਾ ਹੈ ਕਿ ਮੁੰਬਈ (ਪਹਿਲਾਂ ਬੰਬਈ) ਦੀਆਂ ਕੱਪੜਾ ਮਿੱਲਾਂ ਵਿੱਚ ਜ਼ਿਆਦਾ ਤਨਖਾਹ ਵਾਲੇ ਬੁਣਾਈ ਵਿਭਾਗ ਵਿੱਚ ਦਲਿਤਾਂ ਦੇ ਕੰਮ ਕਰਨ 'ਤੇ ਪਾਬੰਦੀ ਸੀ। ਇਨ੍ਹਾਂ ਮਿੱਲਾਂ ਵਿੱਚ ਕਮਿਊਨਿਸਟ ਪਾਰਟੀ ਦੀ ਕਾਮਗਾਰ ਯੂਨੀਅਨਾਂ ਸਨ, ਪਰ ਜਾਤੀਗਤ ਭੇਦਭਾਵ ਖਿਲਾਫ ਇਨ੍ਹਾਂ ਵਿੱਚੋਂ ਕੋਈ ਵੀ ਆਵਾਜ਼ ਨਹੀਂ ਉਠਾਉਂਦਾ ਸੀ, ਕਿਉਂਕਿ ਇਨ੍ਹਾਂ ਯੂਨੀਅਨਾਂ ਦੀ ਲੀਡਰਸ਼ਿਪ ਅਖੌਤੀ ਉੱਚ ਜਾਤੀ ਵਰਗ ਨਾਲ ਸਬੰਧਤ ਸੀ, ਜੋ ਕਿ ਖੁਦ ਹੀ ਜਾਤੀਗਤ ਭੇਦਭਾਵ ਵਿੱਚ ਸ਼ਾਮਲ ਹੁੰਦੀ ਸੀ।

1928 ਵਿੱਚ ਬਾਬਾ ਸਾਹਿਬ ਨੇ ਇਨ੍ਹਾਂ ਯੂਨੀਅਨਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਅਛੂਤਾਂ ਦੇ ਨਾਲ ਭੇਦਭਾਵ ਘੱਟ ਨਹੀਂ ਕਰਦੇ ਤਾਂ ਉਹ ਉਸ ਸਮੇਂ ਜਾਰੀ ਹੜਤਾਲ ਨੂੰ ਤੁੜਵਾ ਦੇਣਗੇ। 

ਇਸ ਤੋਂ ਬਾਅਦ ਕਮਿਊਨਿਸਟ ਉਸ ਭੇਦਭਾਵ ਨੂੰ ਖਤਮ ਕਰਨ ਲਈ ਤਿਆਰ ਹੋਏ। 1930 ਵਿੱਚ ਬਾਬਾ ਸਾਹਿਬ ਅੰਬੇਡਕਰ ਖੱਬੇ ਪੱਖੀ ਤੇ ਇੱਕ ਕ੍ਰਾਂਤੀਕਾਰ ਦੀ ਸਰਵੋਤਮ ਰੂਪ ਵਿੱਚ ਸਨ। ਉਨ੍ਹਾਂ 1935 ਦੇ ਵਿੱਚ ਮੁੰਬਈ ਕਾਮਗਾਰ ਸੰਘ ਦੀ ਸਥਾਪਨਾ ਕੀਤੀ, ਜੋ ਕਿ ਬਾਅਦ ਦੇ ਵਿੱਚ ਇੰਡੀਪੈਂਡੇਂਟ ਲੇਬਰ ਪਾਰਟੀ ਦੀ ਟ੍ਰੇਡ ਯੂਨੀਅਨ ਬਣੀ।

1937 ਦੇ ਵਿੱਚ ਵਿਧਾਨਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਬਾ ਸਾਹਿਬ ਨੇ ਪਹਿਲਾਂ ਰਾਜਨੀਤਕ ਦਲ ਇੰਡੀਪੈਂਡੇਟ ਲੇਬਰ ਪਾਰਟੀ ਦੇ ਨਾਂ 'ਤੇ ਬਣਾਇਆ, ਜਿਸਨੂੰ ਉਨ੍ਹਾਂ ਨੇ ਮਜਦੂਰਾਂ ਦੀ ਪਾਰਟੀ ਦੱਸਿਆ, ਜੋ ਕਿ ਜਾਤੀਵਾਦੀ ਵਿਵਸਥਾ ਤੇ ਪੂੰਜੀਵਾਦੀ ਵਿਵਸਥਾ ਦੇ ਖਿਲਾਫ ਲੜ ਸਕੇ। ਆਪਸੀ ਭੇਦਭਾਵ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਕਮਿਊਨਿਸਟ ਲੋਕਾਂ ਦੇ ਨਾਲ ਹੱਥ ਮਿਲਾਇਆ ਅਤੇ 1938 ਦੇ ਵਿੱਚ ਇੰਡਸਟ੍ਰੀਅਲ ਡਿਸਪਿਊਟ ਐਕਟ ਦੇ ਖਿਲਾਫ ਵਿਸ਼ਾਲ ਹੜਤਾਲ ਦੀ ਅਗਵਾਈ ਕੀਤੀ। 

1942 ਵਿੱਚ ਕ੍ਰਿਪਟ ਰਿਪੋਰਟ ਵਲੋਂ ਲੇਬਰ ਪਾਰਟੀ ਨੂੰ ਇਸ ਆਧਾਰ ਤੇ ਖਾਰਜ ਕਰ ਦਿੱਤਾ ਕਿ ਇਹ ਪਾਰਟੀ ਕਿਸੇ ਕਮਿਊਨਿਟੀ ਦੀ ਨੁਮਾਇੰਦਗੀ ਨਹੀਂ ਕਰਦੀ। 

ਇਸ ਤੋਂ ਬਾਅਦ ਬਾਬਾ ਸਾਹਿਬ ਅੰਬੇਡਕਰ ਨੇ ਸ਼ੈਡਯੂਲਡ ਕਾਸਟ ਫੈੱਡਰੇਸ਼ਨ ਦੀ ਸਥਾਪਨਾ ਕੀਤੀ। ਬ੍ਰਿਟਿਸ਼ ਸਰਕਾਰ ਦੀ ਐਗਜ਼ੀਕਿਊਟਿਵ ਵਿੱਚ ਲੇਬਰ ਮੰਤਰੀ ਬਣਕੇ ਮਜ਼ਦੂਰਾਂ ਦੀਆਂ 14 ਮੰਗਾਂ ਜਿਨ੍ਹਾਂ ਵਿੱਚ ਸਿੱਕ ਲੀਵ, ਅਰਜਿਤ ਲੀਵ, ਮੈਟਰਨਿਟੀ ਲੀਵ ਆਦਿ ਮੰਗਾਂ ਮੰਨ ਲਈਆਂ ਗਈਆਂ ਤੇ ਮਜ਼ਦੂਰ ਵਰਗ ਦੇ ਨਾਲ ਨਿਆਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਆਪਣੀ ਪੁਸਤਕ ਸਟੇਟਸ ਐਂਡ ਮਾਈਨੋਰਿਟੀਜ਼ ਦੇ ਡਰਾਫਟ ਨੂੰ ਸੰਵਿਧਾਨ ਵਿੱਚ ਦਰਜ ਕਰਨ ਦੇ ਲਈ ਸਮਾਜਵਾਦ ਦੇ  ਪ੍ਰਾਰੂਪ ਦੇ ਵਿੱਚ ਪ੍ਰਸਤੁਤ ਕੀਤਾ।

ਅੱਜ ਅੰਬੇਡਕਰਵਾਦ ਤੇ ਸਮਾਜਵਾਦ ਨੂੰ ਭਾਰਤੀ ਸਮਾਜ ਦੇ ਪੁਨਰ ਨਿਰਮਾਣ ਦੇ ਪਰਿਪੇਖ ਵਿੱਚ ਦੇਖਿਆ ਜਾਵੇ ਤਾਂ ਅੰਬੇਡਕਰਵਾਦ ਨੇ ਜਾਤੀਵਾਦੀ ਵਿਵਸਥਾ ਤੇ ਪੂੰਜੀਵਾਦੀ ਲੜਾਈ ਖਿਲਾਫ ਦੋਹਰੀ ਲੜਾਈ ਦੀ ਸ਼ੁਰੂਆਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਭਾਰਤੀ ਸੰਵਿਧਾਨ ਪੂਰਨ ਰੂਪ ਵਿੱਚ ਅੰਬੇਡਕਰ ਵਿਚਾਰਧਾਰਾ ਦਾ ਹੀ ਪ੍ਰਾਰੂਪ ਹੈ, ਜਿਸ ਵਿੱਚ ਇਸ ਤਰ੍ਹਾਂ ਦੇ ਸਮਾਜਵਾਦ ਦੀ ਸਥਾਪਨਾ ਦੀ ਗੱਲ ਕੀਤੀ ਗਈ ਹੈ, ਜੋ ਕਿ ਸਮਤਾ ਮੂਲਕ ਸਮਾਜ ਦੀ ਰਚਨਾ ਦੇ ਨਾਲ-ਨਾਲ ਆਰਥਿਕ ਸਮਾਨਤਾ ਨੂੰ ਵੀ ਸਥਾਪਿਤ ਕਰਦਾ ਹੈ। 

ਭਾਰਤ ਦੇਸ਼ ਵਿੱਚ 6000 ਤੋਂ ਵੱਧ ਜਾਤੀਆਂ ਹਨ ਅਤੇ ਹਰ ਜਾਤੀ ਖੁਦ ਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਮੰਨਦੀ ਹੈ। ਜੇਕਰ ਹਰ ਜਾਤੀ ਖੁਦ ਨੂੰ ਇੱਕ ਵਰਗ ਮੰਨਦੀ ਹੋਵੇ, ਤਾਂ ਅਜਿਹੇ ਹਾਲਾਤਾਂ ਵਿੱਚ ਸਿਰਫ ਤੇ ਸਿਰਫ ਅੰਬੇਡਕਰਵਾਦ ਹੀ ਦੇਸ਼ ਵਿੱਚ ਸਮਾਜਵਾਦ ਨੂੰ ਸਥਾਪਿਤ ਕਰਨ ਦਾ ਪਹਿਲਾ ਤੇ ਆਖਿਰੀ ਸਾਧਨ ਬਚਦਾ ਹੈ। 

ਭਾਰਤ ਵਿੱਚ ਸਾਰੀਆਂ 6000 ਜਾਤਾਂ ਵਿੱਚ ਜੀਵਨ ਜੀਅ ਰਹੇ ਆਖਿਰੀ ਵਿਅਕਤੀ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਲਈ ਜ਼ਰੂਰੀ ਹੈ ਕਿ ਬਹੁਜਨ ਸਮਾਜ ਵਿੱਚ ਲੀਡਰਸ਼ਿਪ ਦਾ ਵਿਕਾਸ ਕੀਤਾ ਜਾਵੇ ਤਾਂ ਕਿ ਬਾਬਾ ਸਾਹਿਬ ਦੇ ਸਮਾਜਵਾਦ ਨੂੰ ਸਥਾਪਿਤ ਕੀਤਾ ਜਾ ਸਕੇ।

ਸਮਾਜਵਾਦ ਦੀ ਵਿਚਾਰਧਾਰਾ ਨਾਲ ਜੁੜੇ ਬਹੁਜਨ ਸਮਾਜ ਦੇ ਅਨੇਕਾਂ ਬੁੱਧੀਜੀਵੀ ਤੇ ਅਖੌਤੀ ਉੱਚ ਜਾਤੀਆਂ ਵਿਚੋਂ ਸਮਾਜਵਾਦ ਨਾਲ ਜੁੜੇ ਲੋਕ ਬਾਬਾ ਸਾਹਿਬ ਨੂੰ ਪੜ੍ਹਨ, ਉਨ੍ਹਾਂ ਦੇ ਸਮਾਜਵਾਦ ਨੂੰ ਸਮਝਣ ਅਤੇ ਇਸ 'ਤੇ ਕੰਮ ਕਰਨ ਨਾਲ ਭਾਰਤ ਦੀ ਧਰਤੀ 'ਤੇ ਇੱਕ ਸੱਚਾ ਚਿਰ ਸਥਾਈ ਸਮਾਜਵਾਦ ਬਹੁਤ ਜਲਦੀ ਸਥਾਪਿਤ ਹੋ ਸਕਦਾ ਹੈ।

ਸਮਾਜਵਾਦੀ ਲੋਕਾਂ ਵਲੋਂ ਬਾਬਾ ਸਾਹਿਬ ਨੂੰ ਧੋਖਾ ਤੇ ਬਾਬਾ ਸਾਹਿਬ ਦਾ ਸਮਾਜਵਾਦੀ ਲੋਕਾਂ ਨੂੰ ਸਹਿਯੋਗ
ਕਾਰਲ ਮਾਰਕਸ ਨਾਲ ਅਸਹਿਮਤ ਹੁੰਦੇ ਹੋਏ ਵੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਨਾ ਕੇਵਲ ਮਾਰਕਸਵਾਦ ਨੂੰ ਗੰਭੀਰਤਾ ਦੇ ਨਾਲ ਲਿਆ, ਬਲਕਿ ਜੀਵਨ ਭਰ ਆਪਣੇ ਫੈਸਲਿਆਂ ਨੂੰ ਇਸਦੀ  ਕਸੌਟੀ 'ਤੇ ਪਰਖਦੇ ਰਹੇ, ਜਦਕਿ ਭਾਰਤ ਦੇ ਅਖੌਤੀ ਉੱਚ ਵਰਗ ਨਾਲ ਸਬੰਧਤ ਸਮਾਜਵਾਦੀਆਂ ਨੇ ਜਾਤ ਵਿਰੋਧੀ ਅੰਦੋਲਨਾਂ ਨੂੰ ਬੇਕਾਰ ਕਹਿ ਕੇ ਉਨ੍ਹਾਂ ਦਾ ਵਿਰੋਧ ਕੀਤਾ। ਭਾਰਤ ਦੇ ਇਨ੍ਹਾਂ ਸਮਾਜਵਾਦੀ ਲੋਕਾਂ ਨੂੰ ਲੱਗਦਾ ਸੀ ਕਿ ਬਾਬਾ ਸਾਹਿਬ ਅੰਬੇਡਕਰ ਦਾ ਅੰਦਲੋਨ ਉਨ੍ਹਾਂ ਦੇ ਮਜਦੂਰ ਵਰਗ ਨੂੰ ਵੰਡ ਰਿਹਾ ਹੈ।

ਇਸ ਕਾਰਨ ਕਮਿਊਨਿਸਟ ਨੇਤਾ ਬਾਬਾ ਸਾਹਿਬ ਅੰਬੇਡਕਰ ਦਾ ਵਿਰੋਧ ਕਰਨ ਲੱਗੇ ਰਹੇ। ਇਸ ਕਰਕੇ ਹੀ ਕਮਿਊਨਿਸਟ ਲੀਡਰ ਡਾਂਗੇ ਨੇ ਬੰਬਈ ਚੋਣਾਂ ਵਿੱਚ ਖੜੇ ਬਾਬਾ ਸਾਹਿਬ ਬਾਰੇ ਵੋਟਰਾਂ ਨੂੰ ਕਿਹਾ ਸੀ ਕਿ ਉਹ ਅੰਬੇਡਕਰ ਨੂੰ ਵੋਟ ਦੇਣ ਦੀ ਬਜਾਏ ਇਸਨੂੰ ਫਾੜ ਕੇ ਸੁੱਟ ਦੇਣ। ਇਸ ਕਾਰਨ ਬਾਬਾ ਸਾਹਿਬ ਅੰਬੇਡਕਰ ਚੋਣ ਹਾਰ ਗਏ।  
-ਸੁਭਾਸ਼ ਚੰਦ ਮੁਸਾਫਿਰ

Comments

Leave a Reply