Sun,Oct 21,2018 | 03:44:16am
HEADLINES:

editorial

ਸ਼ੋਸ਼ਣ ਦਾ ਸ਼ਿਕਾਰ ਵਾਂਝਾ ਸਮਾਜ

ਸ਼ੋਸ਼ਣ ਦਾ ਸ਼ਿਕਾਰ ਵਾਂਝਾ ਸਮਾਜ

ਪੰਜਾਬ ਦੇ ਲੋਕਾਂ ਨੇ 10 ਸਾਲਾਂ ਬਾਅਦ ਅਕਾਲੀ-ਭਾਜਪਾ ਤੋਂ ਸੱਤਾ ਖੋਹ ਕੇ ਕਾਂਗਰਸ ਨੂੰ ਦੇ ਦਿੱਤੀ। ਇਸ ਬਦਲਾਅ ਵਿਚ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ ਲੋਕਾਂ ਦਾ ਵੱਡਾ ਯੋਗਦਾਨ ਰਿਹਾ। 2011 ਦੀ ਜਨਗਣਨਾ ਮੁਤਾਬਕ, ਸੂਬੇ 'ਚ ਐੱਸਸੀ ਵਰਗ ਦੇ ਲੋਕਾਂ ਦੀ ਆਬਾਦੀ ਕੁੱਲ ਆਬਾਦੀ ਦਾ ਤੀਜਾ ਹਿੱਸਾ (ਕਰੀਬ 32 ਫੀਸਦੀ) ਹੈ। ਮਤਲਬ, ਸੂਬੇ ਦਾ ਹਰ ਤੀਜਾ ਵਿਅਕਤੀ ਜਾਂ ਔਰਤ ਐੱਸਸੀ ਵਰਗ ਨਾਲ ਸਬੰਧਤ ਹੈ।

ਚਿੰਤਾ ਦੀ ਗੱਲ ਇਹ ਹੈ ਕਿ ਆਪਣੀ ਇੰਨੀ ਵੱਡੀ ਆਬਾਦੀ ਦੇ ਬਾਵਜੂਦ ਇਹ ਲੋਕ ਅੱਜ ਵੀ ਅੱਤਿਆਚਾਰਾਂ ਦੇ ਸ਼ਿਕਾਰ ਹੁੰਦੇ ਹਨ। ਅਕਾਲੀ-ਭਾਜਪਾ ਸਰਕਾਰ ਦੌਰਾਨ ਅਬੋਹਰ 'ਚ ਭੀਮ ਟਾਂਕ, ਮਾਨਸੇ 'ਚ ਸੁਖਚੈਨ ਹੱਤਿਆਕਾਂਡ, ਲੁਧਿਆਣਾ ਦੇ ਜਮਾਲਪੁਰ 'ਚ ਦੋ ਐੱਸਸੀ ਭਰਾਵਾਂ ਦੇ ਫਰਜ਼ੀ ਐਨਕਾਊਂਟਰ ਸਮੇਤ ਇਸ ਵਰਗ ਖ਼ਿਲਾਫ਼ ਹਿੰਸਾ ਦੀਆਂ ਅਣਗਿਣਤ ਘਟਨਾਵਾਂ ਹੋਈਆਂ।

ਇਸੇ ਤਰ੍ਹਾਂ ਮੁਕਤਸਰ ਕਾਂਡ ਸਮੇਤ ਇਸ ਵਰਗ ਦੀਆਂ ਕਈ ਮਹਿਲਾਵਾਂ-ਲੜਕੀਆਂ ਨਾਲ ਬਲਾਤਕਾਰ ਦੇ ਕਈ ਮਾਮਲੇ ਸਾਹਮਣੇ ਆਏ। ਸੂਬੇ 'ਚ ਸਰਕਾਰ ਬਦਲ ਗਈ ਹੈ, ਪਰ ਐੱਸਸੀ ਵਰਗ ਲਈ ਹਾਲਾਤ ਪਹਿਲਾਂ ਵਾਂਗ ਹੀ ਹਨ। ਸੰਗਰੂਰ ਦੇ ਪਿੰਡ ਧੰਦੀਵਾਲ 'ਚ ਐੱਸਸੀ ਵਰਗ ਦੇ ਲੋਕਾਂ ਦੇ ਬਾਈਕਾਟ, ਅੰਮ੍ਰਿਤਸਰ ਦੇ ਟਪਿਆਲਾ ਪਿੰਡ 'ਚ ਇਸ ਵਰਗ ਦੇ ਲੋਕਾਂ ਦੇ 20 ਘਰ ਢਹਿ-ਢੇਰੀ ਕਰ ਦੇਣ, ਬਟਾਲਾ 'ਚ ਟਿੱਕਾ ਨਾਂ ਦੇ ਨੌਜਵਾਨ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟੇ ਜਾਣ ਤੇ ਸੁਲਤਾਨਪੁਰ ਲੋਧੀ 'ਚ ਦਿਹਾੜੀਦਾਰ ਮਜ਼ਦੂਰ ਦੀ ਹੱਤਿਆ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਐੱਸਸੀ ਵਰਗਾਂ 'ਤੇ ਜ਼ੁਲਮ ਦੀ ਕਹਾਣੀ ਅਜੇ ਵੀ ਜਾਰੀ ਹੈ।

ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਕਿਹਾ ਕਰਦੇ ਸਨ ਕਿ ਹੁਕਮਰਾਨ ਸਮਾਜ 'ਤੇ ਨਾ ਤਾਂ ਕਦੇ ਜ਼ੁਲਮ ਹੁੰਦਾ ਹੈ ਅਤੇ ਨਾ ਹੀ ਉਸ ਸਮਾਜ ਦੀਆਂ ਭੈਣਾਂ-ਬੇਟੀਆਂ ਦੀ ਇੱਜ਼ਤ ਲੁੱਟੀ ਜਾਂਦੀ ਹੈ। ਇੰਨੀ ਵੱਡੀ ਆਬਾਦੀ ਦੇ ਬਾਵਜੂਦ ਐੱਸਸੀ ਵਰਗ ਦਾ ਹੁਕਮਰਾਨ ਨਾ ਬਣ ਪਾਉਣਾ ਹੀ ਇਸ ਸਮਾਜ 'ਤੇ ਜ਼ੁਲਮ ਦਾ ਮੁੱਖ ਕਾਰਨ ਹੈ।  ਜ਼ੁਲਮ ਨੂੰ ਰੋਕਣ ਲਈ ਇਸ ਸਮਾਜ ਨੂੰ ਸੰਗਠਿਤ ਹੋ ਕੇ ਰਾਜਨੀਤਕ ਤਾਕਤ ਹਾਸਲ ਕਰਨ ਵੱਲ ਵਧਣਾ ਹੋਵੇਗਾ।

Comments

Leave a Reply