Thu,Jun 27,2019 | 04:35:45pm
HEADLINES:

editorial

ਭਾਜਪਾ ਦੀ ਸੱਤਾ ਵਾਲੇ ਸੂਬੇ ਉੱਤਰ ਪ੍ਰਦੇਸ਼ ਵਿੱਚ ਦਲਿਤਾਂ ਦਾ ਬੁਰਾ ਹਾਲ

ਭਾਜਪਾ ਦੀ ਸੱਤਾ ਵਾਲੇ ਸੂਬੇ ਉੱਤਰ ਪ੍ਰਦੇਸ਼ ਵਿੱਚ ਦਲਿਤਾਂ ਦਾ ਬੁਰਾ ਹਾਲ

ਭਾਜਪਾ ਸਰਕਾਰ ਦੇ ਰਾਜ 'ਚ ਦੇਸ਼ ਕਿੰਨੀ ਤਰੱਕੀ ਕਰ ਰਿਹਾ ਹੈ, ਇਹ ਤਾਂ ਸਾਰੇ ਜਾਣਦੇ ਹੀ ਹਨ। ਆਪਣੇ ਆਪ ਨੂੰ ਜਨਤਾ ਦਾ ਹਿਤੈਸ਼ੀ ਦੱਸਣ ਵਾਲੀ ਮੋਦੀ ਸਰਕਾਰ ਦੇ ਰਾਜ 'ਚ ਕਿੰਨੇ ਜ਼ੁਲਮ ਹੋਏ, ਇਸਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
 
ਇਨ੍ਹਾਂ ਮੁੱਦਿਆਂ 'ਚੋਂ ਸਭ ਤੋਂ ਵੱਡਾ ਮੁੱਦਾ ਹੈ ਸਮਾਜ ਤੇ ਜਾਤੀ, ਜਿਸਨੂੰ ਲੈ ਕੇ ਲੋਕ ਅਕਸਰ ਕੁੱਟਮਾਰ ਕਰਦੇ ਹਨ, ਇਥੋਂ ਤੱਕ ਕੇ ਜਾਨ ਵੀ ਲੈ ਲੈਂਦੇ ਹਨ। ਅਕਸਰ ਦਲਿਤਾਂ ਨਾਲ ਉੱਚ ਜਾਤੀਆਂ ਵਾਲੇ ਲੋਕ ਛੋਟੀ ਜਿਹੀ ਗੱਲ ਨੂੰ ਲੈ ਕੇ ਕੁੱਟਮਾਰ ਕਰਦੇ ਹਨ। ਚਾਹੇ ਉਹ ਵਿਆਹ ਨੂੰ ਲੈ ਕੇ ਹੋਵੇ ਜਾਂ ਪਾਣੀ ਨੂੰ ਲੈ ਕੇ। ਇਹੀ ਸੁਣਨ 'ਚ ਆਉਂਦਾ ਹੈ ਕਿ ਦਲਿਤ ਦੀ ਕੁੱਟਮਾਰ ਕੀਤੀ ਗਈ ਹੈ। 
 
ਸਿਰਫ ਨਫਰਤ ਦੇ ਚਲਦੇ ਉੱਚ ਜਾਤੀ ਦੇ ਲੋਕ ਦਲਿਤਾਂ ਨਾਲ ਕੁੱਟਮਾਰ ਕਰਦੇ ਹਨ। ਸਭ ਤੋਂ ਜ਼ਿਆਦਾ ਘਟਨਾਵਾਂ ਯੂਪੀ ਤੋਂ ਸਾਹਮਣੇ ਆਉਂਦੀਆਂ ਹਨ। ਯੋਗੀ ਰਾਜ 'ਚ ਦਲਿਤਾਂ 'ਤੇ ਹੋ ਰਹੇ ਅੱਤਿਆਚਾਰਾਂ ਦੇ ਮਾਮਲੇ ਘਟੇ ਨਹੀਂ, ਸਗੋਂ ਵਧ ਗਏ ਹਨ। ਇਹ ਗੱਲ ਅਸੀਂ ਨਹੀਂ, ਇਕ ਸਰਵੇ ਰਿਪੋਰਟ ਦੱਸ ਰਹੀ ਹੈ ਕਿ ਯੂਪੀ 'ਚ ਦਲਿਤਾਂ 'ਤੇ ਅੱਤਿਆਚਾਰ ਵਧ ਗਿਆ ਹੈ।
 
ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਡੀਆ ਨੇ 6 ਫਰਵਰੀ ਨੂੰ ਜਾਰੀ ਕੀਤੀ ਗਈ ਨਵੀਂ ਰਿਪੋਰਟ 'ਚ ਦੱਸਿਆ ਹੈ ਕਿ 2018 'ਚ ਦੇਸ਼ 'ਚ ਹਾਸ਼ੀਏ ਦੇ ਲੋਕਾਂ, ਖਾਸ ਤੌਰ 'ਤੇ ਦਲਿਤਾਂ ਦੇ ਖਿਲਾਫ ਨਫਰਤ ਨਾਲ ਕੀਤੇ ਗਏ ਅਪਰਾਧ ਦੇ ਕਥਿਤ ਤੌਰ 'ਤੇ 200 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਉਤਰ ਪ੍ਰਦੇਸ਼ ਲਗਾਤਾਰ ਤੀਜੇ ਸਾਲ ਟਾਪ 'ਤੇ ਹੈ। 
 
ਐਮਨੈਸਟੀ ਇੰਡੀਆ ਨੇ ਆਪਣੀ ਵੈੱਬਸਾਈਟ 'ਤੇ ਰਿਕਾਰਡ ਜਾਰੀ ਕਰਦੇ ਹੋਏ ਕਿਹਾ ਕਿ ਹਾਸ਼ੀਏ ਦੇ ਵਰਗਾਂ ਦੇ ਖਿਲਾਫ ਨਫਰਤ ਕਾਰਨ ਕੀਤੇ ਗਏ ਅਪਰਾਧਾਂ ਦੇ ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚੋਂ ਦਲਿਤ ਤੇ ਆਦੀਵਾਸੀ, ਜਾਤੀ ਜਾਂ ਧਾਰਮਿਕ ਘੱਟ ਗਿਣਤੀ ਸਮੂਹ, ਟਰਾਂਸਜੈਂਡਰ ਵਿਅਕਤੀ ਤੇ ਪ੍ਰਵਾਸੀ ਸ਼ਾਮਲ ਹਨ।
 
ਸਾਲ 2018 'ਚ ਕਥਿਤ ਤੌਰ 'ਤੇ ਨਫਰਤ ਕਾਰਨ ਅਪਰਾਧ ਦੀਆਂ ਘਟਨਾਵਾਂ ਦਾ ਸਰਵੇ ਕਰਦੇ ਹੋਏ ਦਸਤਾਵੇਜ਼ ਬਣਾਇਆ ਗਿਆ ਹੈ। ਇਨ੍ਹਾਂ 'ਚੋਂ 142 ਮਾਮਲੇ ਦਲਿਤਾਂ, 50 ਮਾਮਲੇ ਮੁਸਲਮਾਨਾਂ ਤੇ 8-8 ਮਾਮਲੇ ਇਸਾਈ, ਆਦਿਵਾਸੀ ਤੇ ਟਰਾਂਸਜੈਂਡਰਾਂ ਖਿਲਾਫ ਹਨ। ਇਹ ਸੰਗ੍ਰਹਿ ਅੰਗਰੇਜ਼ੀ ਤੇ ਹਿੰਦੀ ਮੀਡੀਆ 'ਚ ਰਿਪੋਰਟ ਕੀਤੇ ਗਏ ਮਾਮਲਿਆਂ 'ਤੇ ਅਧਾਰਤ ਹੈ।
 
ਐਮਨੈਸਟੀ ਇੰਡੀਆ ਦਾ ਕਹਿਣਾ ਹੈ ਕਿ 97 ਘਟਨਾਵਾਂ ਹਮਲਿਆਂ ਦੀਆਂ ਹਨ ਤੇ 87 ਮਾਮਲੇ ਕਤਲ ਦੇ ਹਨ। 40 ਮਾਮਲੇ ਅਜਿਹੇ ਹਨ, ਜਿਨ੍ਹਾਂ 'ਚ ਹਾਸ਼ੀਏ 'ਤੇ ਪਏ ਵਰਗ ਦੀ ਮਹਿਲਾ ਜਾਂ ਟਰਾਂਸਜੈਂਡਰ ਵਿਅਕਤੀ ਨੂੰ ਯੌਨ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ।
 
ਅਜਿਹੇ ਅਪਰਾਧਾਂ 'ਚ ਉਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਤਾਮਿਲਨਾਡੂ ਤੇ ਬਿਹਾਰ ਚੋਟੀ ਦੇ 5 ਸੂਬਿਆਂ 'ਚ ਸ਼ਾਮਲ ਹਨ। ਉਤਰ ਪ੍ਰਦੇਸ਼ 'ਚ 57, ਗੁਜਰਾਤ 'ਚ 22, ਰਾਜਸਥਾਨ 'ਚ 18, ਤਾਮਿਲਨਾਡੂ 'ਚ 16 ਤੇ ਬਿਹਾਰ 'ਚ 14 ਮਾਮਲੇ ਕਥਿਤ ਤੌਰ 'ਤੇ ਨਫਰਤ ਕਾਰਨ ਕੀਤੇ ਗਏ ਅਪਰਾਧ ਦੇ ਸਾਹਮਣੇ ਆਏ ਹਨ।
 
ਉੱਥੇ ਹੀ ਦੂਜੇ ਪਾਸੇ ਉਤਰ ਪ੍ਰਦੇਸ਼ 'ਚ ਸਭ ਤੋਂ ਜ਼ਿਆਦਾ 57 ਮਾਮਲੇ ਸਾਹਮਣੇ ਆਏ ਹਨ ਤੇ ਇਹ ਲਗਾਤਾਰ ਤੀਜਾ ਸਾਲ ਹੈ, ਜਦੋਂ ਇਹ ਸੂਬਾ ਸਭ ਤੋਂ ਉਪਰ ਹੈ। ਪੁਲਿਸ ਨੂੰ ਇਨ੍ਹਾਂ ਅਪਰਾਧਾਂ ਦੇ ਪਿੱਛੇ ਛੁਪੇ ਪੱਖਪਾਤੀ ਮਕਸਦ ਜਾਂ ਇਰਾਦੇ ਨੂੰ ਉਜਾਗਰ ਕਰਨ ਵਾਲੇ ਪਾਸੇ ਕਦਮ ਵਧਾਉਣੇ ਚਾਹੀਦੇ ਹਨ।

ਮੁੱਖ ਧਾਰਾ ਦਾ ਮੀਡੀਆ ਵੀ ਨਹੀਂ ਚੁੱਕਦਾ ਅਜਿਹੇ ਮਾਮਲੇ
ਐਮਨੈਸਟੀ ਇੰਡੀਆ ਅਨੁਸਾਰ ਵੈੱਬਸਾਈਟ 'ਤੇ ਸਤੰਬਰ 2015 ਤੋਂ ਸਾਰੇ ਨਫਰਤ ਨਾਲ ਜੁੜੇ ਅਪਰਾਧਾਂ ਨੂੰ ਦਰਜ ਕੀਤਾ ਗਿਆ ਹੈ। ਜਦੋਂ ਉੱਤਰ ਪ੍ਰਦੇਸ਼ ਦੇ ਦਾਦਰੀ 'ਚ ਕਥਿਤ ਰੂਪ ਨਾਲ ਗਊ ਹੱਤਿਆ ਲਈ ਮੁਹੰਮਦ ਇਖਲਾਕ ਨੂੰ ਜਾਨ ਤੋਂ ਮਾਰ ਦਿੱਤਾ ਗਿਆ ਸੀ। ਸਤੰਬਰ 2015 ਤੋਂ ਹੁਣ ਤੱਕ ਕਥਿਤ ਤੌਰ 'ਤੇ ਨਫਰਤ ਨਾਲ ਜੁੜੇ ਅਪਰਾਧਾਂ ਦੇ ਕੁਲ 721 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਇਕ ਵੱਡੀ ਗਿਣਤੀ ਦਲਿਤਾਂ ਤੇ ਮੁਸਲਮਾਨਾਂ ਦੇ ਖਿਲਾਫ ਹੋਏ ਅਪਰਾਧਾਂ ਦੀ ਹੈ।
 
ਆਕਾਰ ਪਟੇਲ ਦਾ ਕਹਿਣਾ ਹੈ ਕਿ ਸਾਡੀ ਵੈੱਬਸਾਈਟ 'ਤੇ ਦਿੱਤੇ ਗਏ ਅੰਕੜੇ ਪੂਰੀ ਤਸਵੀਰ ਦਾ ਇਕ ਛੋਟਾ ਜਿਹਾ ਹਿੱਸਾ ਹੈ। ਕਈ ਮਾਮਲਿਆਂ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੀ ਨਹੀਂ ਜਾਂਦੀ ਤੇ ਜਦੋਂ ਸ਼ਿਕਾਇਤ ਕੀਤੀ ਵੀ ਜਾਂਦੀ ਹੈ ਤਾਂ ਕਈ ਵਾਰ ਮੁੱਖ ਧਾਰਾ ਦੇ ਮੀਡੀਆ 'ਚ ਇਸਦੀ ਜਾਣਕਾਰੀ ਨਹੀਂ ਆਉਂਦੀ। ਹਾਲਾਂਕਿ ਕੁਝ ਮਾਮਲਿਆਂ 'ਚ ਅਪਰਾਧਕ ਜਾਂਚ ਸ਼ੁਰੂ ਕੀਤੀ ਗਈ ਹੈ, ਪਰ ਕਈ ਮਾਮਲਿਆਂ 'ਚ ਅਪਰਾਧੀ ਬਚ ਨਿਕਲੇ ਹਨ।
 
ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਆਂ ਦਿਵਾਉਣ ਲਈ ਅਧਿਕਾਰੀਆਂ ਨੂੰ ਹੋਰ ਯਤਨ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਯੂਪੀ 'ਚ ਯੋਗੀ ਸਰਕਾਰ ਆਪਣੇ ਦਾਅਵਿਆਂ ਤੇ ਵਾਅਦਿਆਂ 'ਤੇ ਖਰੀ ਨਹੀਂ ਉਤਰੀ। ਜਿਥੇ ਅਪਰਾਧ ਦੇ ਮਾਮਲੇ ਘੱਟ ਹੋਣੇ ਚਾਹੀਦੇ ਸਨ, ਉਨ੍ਹਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਵਾਰ ਵੀ ਅਪਰਾਧ ਦੇ ਮਾਮਲੇ 'ਚ ਯੂਪੀ ਸਭ ਤੋਂ ਉਪਰ ਹਨ।  (ਐੱਨਡੀ)

 

Comments

Leave a Reply