21st
June
ਅਮਰੀਕਾ ਦੇ ਕਾਲੇ ਤੇ ਭਾਰਤ ਦੇ ਦਲਿਤ-ਪੱਛੜੇ
ਅਮਰੀਕਾ ਦੇ ਜਾਰਜ ਫਲਾਇਡ ਦੀ ਮੌਤ ਨੂੰ ਲੈ ਕੇ ਦੁਨੀਆ ਭਰ 'ਚ ਰੋਸ ਹੈ। 46 ਸਾਲ ਦੇ ਕਾਲੇ ਵਿਅਕਤੀ ਜਾਰਜ ਦੀ ਗੋਰੇ ਪੁਲਸ ਅਫਸਰ ਵੱਲੋਂ ਕੀਤੀ 'ਹੱਤਿਆ' ਨੂੰ ਗੋਰੇ-ਕਾਲੇ ਦੇ ਭੇਦਭਾਵ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਰੀਬ 33 ਕਰੋੜ ਦੀ ਆਬਾਦੀ ਵਾਲੇ ਅਮਰੀਕਾ 'ਚ ਕਾਲੇ ਲੋਕਾਂ ਦੀ ਜਨਸੰਖਿਆ ਕਰੀਬ 13 ਫੀਸਦੀ ਹੈ।
ਅਮਰੀਕਾ 'ਚ ਅੱਜ ਵੀ ਗੋਰੇ ਲੋਕਾਂ ਵੱਲੋਂ ਕਾਲੇ ਲੋਕਾਂ ਨਾਲ ਭੇਦਭਾਵ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਇਹ ਕੁਝ ਉਸੇ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਭਾਰਤ 'ਚ ਦਲਿਤਾਂ, ਆਦੀਵਾਸੀਆਂ, ਪੱਛੜਿਆਂ ਨੂੰ ਉਨ੍ਹਾਂ ਦੀ ਜਾਤੀ ਦੇ ਅਧਾਰ 'ਤੇ ਭੇਦਭਾਵ ਤੇ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਹਾਲਾਂਕਿ ਇਸ ਤਸਵੀਰ ਦਾ ਇੱਕ ਪੱਖ ਇਹ ਹੈ ਕਿ ਅਮਰੀਕਾ ਦੇ ਇਤਿਹਾਸ 'ਚ ਅਜਿਹੇ ਕਈ ਮੌਕੇ ਦੇਖੇ ਗਏ ਹਨ, ਜਦੋਂ ਕਾਲੇ ਲੋਕਾਂ ਦੇ ਹੱਕਾਂ ਲਈ ਗੋਰੇ ਲੋਕਾਂ ਨੇ ਵੀ ਸੰਘਰਸ਼ ਕੀਤਾ।
19ਵੀਂ ਸਦੀ 'ਚ ਅਮਰੀਕਾ ਦੇ ਦੱਖਣੀ ਸੂਬਿਆਂ 'ਚ ਗੁਲਾਮੀ ਪ੍ਰਥਾ ਖਤਮ ਕਰਨ ਲਈ ਜਦੋਂ ਉੱਥੇ ਸਿਵਲ ਵਾਰ ਹੋਈ ਤਾਂ ਦੋਵੇਂ ਪੱਖਾਂ ਤੋਂ ਗੋਰੇ ਸੈਨਿਕ ਹੀ ਲੜੇ ਅਤੇ 10 ਲੱਖ ਤੋਂ ਜ਼ਿਆਦਾ ਗੋਰੇ ਮਾਰੇ ਗਏ, ਮਤਲਬ ਕਾਲਿਆਂ ਨੂੰ ਗੁਲਾਮੀ ਤੋਂ ਮੁਕਤੀ ਦਿਵਾਉਣ ਲਈ ਕਈ ਗੋਰੇ ਲੋਕਾਂ ਨੇ ਜਾਨ ਦਿੱਤੀ। ਅਮਰੀਕਾ 'ਚ ਕਾਲੇ ਲੋਕਾਂ ਦੇ ਨਾਗਰਿਕ ਅਧਿਕਾਰਾਂ ਲਈ ਕਈ ਮੂਵਮੈਂਟ ਚੱਲੀਆਂ, ਜਿਨ੍ਹਾਂ 'ਚ ਗੋਰੇ ਲੋਕਾਂ ਨੇ ਵੀ ਆਪਣਾ ਯੋਗਦਾਨ ਪਾਇਆ।
ਜਾਰਜ ਦੀ ਮੌਤ ਤੋਂ ਬਾਅਦ ਅਮਰੀਕਾ 'ਚ ਜੋ ਪ੍ਰਦਰਸ਼ਨ ਹੋ ਰਹੇ ਹਨ, ਉਨ੍ਹਾਂ 'ਚ ਵੀ ਗੋਰੇ ਲੋਕ ਵੱਡੀ ਗਿਣਤੀ 'ਚ ਸ਼ਾਮਲ ਹੋ ਰਹੇ ਹਨ। ਦੂਜੇ ਪਾਸੇ ਭਾਰਤ 'ਚ ਦਲਿਤਾਂ, ਆਦੀਵਾਸੀਆਂ, ਪੱਛੜਿਆਂ ਦਾ ਸਦੀਆਂ ਤੋਂ ਸ਼ੋਸ਼ਣ ਹੁੰਦਾ ਆ ਰਿਹਾ ਹੈ, ਪਰ ਉਨ੍ਹਾਂ ਨੂੰ ਹੱਕ ਦਿਵਾਉਣ ਤੇ ਇਸ ਸ਼ੋਸ਼ਣ ਨੂੰ ਰੋਕਣ ਲਈ ਕਦੇ ਉੱਚ ਜਾਤੀ ਵਰਗ ਦੀ ਵੱਡੀ ਹਿੱਸੇਦਾਰੀ ਨਜ਼ਰ ਨਹੀਂ ਆਈ।
ਉਲਟਾ ਇਨ੍ਹਾਂ ਵਰਗਾਂ ਨੂੰ ਮਿਲੇ ਰਾਖਵੇਂਕਰਨ ਵਰਗੇ ਹੱਕਾਂ ਨੂੰ ਖੋਹਣ ਲਈ ਉੱਚ ਜਾਤੀ ਵਰਗ ਦੀ ਸਰਗਰਮੀ ਦਿਖਾਉਂਦਾ ਰਹਿੰਦਾ ਹੈ। ਜਾਰਜ ਦੀ ਮੌਤ ਨਾ ਸਿਰਫ ਅਮਰੀਕਾ ਲਈ ਸਬਕ ਹੈ, ਸਗੋਂ ਭਾਰਤ ਦੇ ਜਾਤੀਵਾਦੀ ਸੋਚ ਵਾਲਿਆਂ ਨੂੰ ਵੀ ਸੋਚ ਬਦਲਣ ਦਾ ਸੁਨੇਹਾ ਦਿੰਦੀ ਹੈ।