Sat,May 25,2019 | 01:22:50pm
HEADLINES:

editorial

ਰਾਖਵੇਂਕਰਨ 'ਤੇ ਬਾਬਾ ਸਾਹਿਬ ਅੰਬੇਡਕਰ ਤੇ ਪਟੇਲ ਦੀ ਸੋਚ ਸੀ ਵੱਖ-ਵੱਖ

ਰਾਖਵੇਂਕਰਨ 'ਤੇ ਬਾਬਾ ਸਾਹਿਬ ਅੰਬੇਡਕਰ ਤੇ ਪਟੇਲ ਦੀ ਸੋਚ ਸੀ ਵੱਖ-ਵੱਖ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਇੱਕੋ ਸਮੇਂ ਦੀਆਂ ਦੋ ਵੱਡੀਆਂ ਸ਼ਖਸੀਅਤਾਂ ਹੋਈਆਂ। ਹਾਲਾਂਕਿ ਦੋਨਾਂ ਦੀ ਸੋਚ ਬਿਲਕੁਲ ਅਲੱਗ ਰਹੀ। ਜਾਤੀ ਤੇ ਰਾਖਵੇਂਕਰਨ ਨੂੰ ਲੈ ਕੇ ਬਾਬਾ ਸਾਹਿਬ ਅੰਬੇਡਕਰ ਅਤੇ ਸਰਦਾਰ ਪਟੇਲ ਵਿਚਕਾਰ ਸੰਵਿਧਾਨ ਸਭਾਵਾਂ ਵਿੱਚ ਕਈ ਵਾਰ ਬਹਿਸ ਹੁੰਦੀ ਸੀ।

ਸਿੱਖਿਆ ਤੇ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਮਦਦ ਨਾਲ ਬਾਬਾ ਸਾਹਿਬ ਅੰਬੇਡਕਰ ਦੱਬੇ-ਕੁਚਲੇ ਸਮਾਜ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਸਨ, ਪਰ ਪਟੇਲ ਨੂੰ ਰਾਖਵਾਂਕਰਨ 'ਰਾਸ਼ਟਰ ਵਿਰੋਧੀ' ਲਗਦਾ ਸੀ। ਉਨ੍ਹਾਂ ਕਿਹਾ ਸੀ, ''ਜੋ ਹੁਣ ਅਛੂਤ ਨਹੀਂ ਹਨ, ਉਨ੍ਹਾਂ ਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਉਹ ਕਦੇ ਅਛੂਤ ਸਨ। ਅਸੀਂ ਸਾਰਿਆਂ ਨੂੰ ਨਾਲ ਖੜੇ ਹੋਣਾ ਹੋਵੇਗਾ।''

ਇੱਥੇ ਇਹ ਸਵਾਲ ਉੱਠਦਾ ਹੈ ਕਿ ਕੀ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਪਟੇਲ ਦੀ ਗੱਲ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਇਹ ਕਹਿਣਾ ਕਿ ਅਛੂਤਾਂ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਉਹ ਕਦੇ ਅਛੂਤ ਸਨ, ਕਿੰਨਾ ਸਹੀ ਹੈ? ਉਨ੍ਹਾਂ ਨੇ ਅਛੂਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਾਤੀਵਾਦੀ ਸੋਚ ਬਦਲਣ ਲਈ ਉੱਚ ਜਾਤੀਆਂ ਨੂੰ ਕੋਈ ਸਿੱਖਿਆ ਜਾਂ ਨਿਰਦੇਸ਼ ਨਹੀਂ ਦਿੱਤੇ।

ਹਾਂ, ਇਹ ਜ਼ਰੂਰ ਹੈ ਕਿ ਗ੍ਰਹਿ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਭਾਰਤ ਦੇ ਰਜਵਾੜਿਆਂ ਦਾ ਸਰਕਾਰੀਕਰਨ ਕਰਕੇ ਭੁਗੌਲਿਕ ਪੱਧਰ 'ਤੇ ਦੇਸ਼ ਨੂੰ ਇੱਕ ਕਰਨ ਦਾ ਕੰਮ ਕੀਤਾ, ਪਰ ਸਮਾਜ ਵਿੱਚ ਮੌਜ਼ੂਦ ਭੇਦਭਾਵ ਤੇ ਬੁਰਾਈਆਂ ਦੇ ਖਾਤਮੇ ਲਈ ਕੋਈ ਕੰਮ ਨਹੀਂ ਕੀਤਾ। ਸਮਾਜ ਵਿੱਚ ਮੌਜ਼ੂਦ ਜਾਤੀ ਪ੍ਰਥਾ ਤੇ ਹੋਰ ਬੁਰਾਈਆਂ ਖਿਲਾਫ ਜੋ ਵੀ ਕੰਮ ਹੋਇਆ, ਉਹ ਬਾਬਾ ਸਾਹਿਬ ਅੰਬੇਡਕਰ ਨੇ ਕੀਤਾ। ਇਹ ਫਰਕ ਸੀ ਬਾਬਾ ਸਾਹਿਬ ਡਾ. ਅੰਬੇਟਕਰ ਤੇ ਸਰਦਾਰ ਪਟੇਲ ਦੀ ਸੋਚ ਵਿੱਚ।

ਭਾਰਤੀ ਸੰਵਿਧਾਨ ਦੇ ਨਿਰਮਾਣ ਸਮੇਂ ਬਾਬਾ ਸਾਹਿਬ ਅੰਬੇਡਕਰ ਦਾ ਇੱਕ ਤੈਅ ਟੀਚਾ ਸੀ। ਉਹ ਲੰਮੇ ਸਮੇਂ ਤੋਂ ਸ਼ੋਸ਼ਣ ਦਾ ਸ਼ਿਕਾਰ ਦਲਿਤਾਂ ਦੇ ਹਿੱਤ ਸੁਰੱਖਿਅਤ ਕਰਨਾ ਚਾਹੁੰਦੇ ਸਨ। ਉਨ੍ਹਾਂ ਨੂੰ ਭਰੋਸਾ ਸੀ ਕਿ ਅਜਿਹਾ ਸਿਰਫ ਦਲਿਤਾਂ ਦੇ ਰਾਜਨੀਤਕ ਤੇ ਆਰਥਿਕ ਅਧਿਕਾਰ ਸੁਰੱਖਿਅਤ ਕਰਕੇ ਹੀ ਕੀਤਾ ਜਾ ਸਕਦਾ ਹੈ, ਜੋ ਸਰਕਾਰੀ ਸਿੱਖਿਆ ਤੇ ਨੌਕਰੀਆਂ ਵਿੱਚ ਰਾਖਵੇਂਕਰਨ ਰਾਹੀਂ ਹੀ ਹੋ ਸਕਦਾ ਹੈ।

ਇਸ ਲਈ ਉਨ੍ਹਾਂ ਨੇ ਪ੍ਰਸਤਾਵ ਰੱਖਿਆ ਕਿ ਸਰਕਾਰ ਸਿੱਖਿਆ ਤੇ ਨੌਕਰੀਆਂ ਵਿੱਚ ਕੁਝ ਫੀਸਦੀ ਸੀਟਾਂ ਦਲਿਤ ਤੇ ਪੱਛੜੇ ਵਰਗ ਲਈ ਸੁਰੱਖਿਅਤ ਰੱਖੇ। ਸਰਦਾਰ ਪਟੇਲ, ਕੇਐੱਮ ਮੁੰਸ਼ੀ, ਠਾਕੁਰ ਦਾਸ ਭਾਰਗਵ ਤੇ ਕੁਝ ਹੋਰ ਉੱਚ ਜਾਤੀ ਦੇ ਕਾਂਗਰਸ ਨੇਤਾਵਾਂ ਨੇ ਇਸਦਾ ਖੁੱਲ ਕੇ ਵਿਰੋਧ ਕੀਤਾ। ਪਟੇਲ ਦਾ ਕਹਿਣਾ ਸੀ ਕਿ ਦਲਿਤ ਹਿੰਦੂ ਧਰਮ ਦਾ ਇੱਕ ਹਿੱਸਾ ਹਨ ਅਤੇ ਉਨ੍ਹਾਂ ਲਈ ਅਲੱਗ ਵਿਵਸਥਾ ਉਨ੍ਹਾਂ ਨੂੰ ਹਿੰਦੂਆਂ ਤੋਂ ਹਮੇਸ਼ਾ ਲਈ ਅਲੱਗ ਕਰ ਦੇਵੇਗੀ।

ਹਾਲਾਂਕਿ ਇਹ ਸਭ ਜਾਣਦੇ ਹਨ ਕਿ ਹਿੰਦੂ ਧਰਮ ਵਿੱਚ ਹੋਣ ਦੇ ਬਾਵਜੂਦ ਦਲਿਤਾਂ ਨੂੰ ਕਦੇ ਬਰਾਬਰ ਦਾ ਦਰਜਾ ਨਹੀਂ ਦਿੱਤਾ ਗਿਆ। ਉਨ੍ਹਾਂ ਨਾਲ ਹਮੇਸ਼ਾ ਤੋਂ ਅਣਮਨੁੱਖੀ ਵਿਵਹਾਰ ਜਾਰੀ ਰਿਹਾ। ਇੱਥੇ ਤੱਕ ਕਿ ਅੱਜ ਵੀ ਉਨ੍ਹਾਂ ਪ੍ਰਤੀ ਅਜਿਹਾ ਹੀ ਵਿਵਹਾਰ ਕੀਤਾ ਜਾਂਦਾ ਹੈ। 

ਪਟੇਲ ਵੱਲੋਂ ਸੰਵਿਧਾਨ ਵਿੱਚ ਰਾਖਵੇਂਕਰਨ ਦੀ ਵਿਵਸਥਾ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਕਮੇਟੀ ਤੋਂ ਅਸਤੀਫਾ ਪਟੇਲ ਨੂੰ ਸੌਂਪ ਦਿੱਤਾ ਸੀ। ਹਾਲਾਂਕਿ ਪਟੇਲ ਨੇ ਭਵਿੱਖ ਨੂੰ ਦੇਖਦੇ ਹੋਏ ਬਾਬਾ ਸਾਹਿਬ ਦਾ ਅਸਤੀਫਾ ਇਹ ਕਹਿੰਦੇ ਹੋਏ ਫਾੜ ਦਿੱਤਾ ਸੀ ਕਿ ''ਅੰਬੇਡਕਰ, ਮੈਂ ਜ਼ਿੱਦੀ ਜ਼ਰੂਰ ਹਾਂ, ਪਰ ਮੂਰਖ ਨਹੀਂ।''

ਇਸ ਤਰ੍ਹਾਂ ਬਾਬਾ ਸਾਹਿਬ ਅੰਬੇਡਕਰ ਕਰਕੇ ਸੰਵਿਧਾਨ ਵਿੱਚ ਐੱਸਸੀ-ਐੱਸਟੀ ਨੂੰ ਨੌਕਰੀਆਂ ਵਿੱਚ ਰਾਖਵਾਂਕਰਨ ਮਿਲ ਸਕਿਆ ਸੀ। ਜੇਕਰ ਬਾਬਾ ਸਾਹਿਬ ਅੰਬੇਡਕਰ ਵੱਲੋਂ ਰਾਖਵੇਂਕਰਨ (ਨੁਮਾਇੰਦਗੀ) ਦਾ ਹੱਕ ਲੈ ਕੇ ਨਾ ਦਿੱਤਾ ਜਾਂਦਾ ਤਾਂ ਅੱਜ ਸ਼ਾਇਦ ਹੀ ਦੱਬੇ-ਕੁਚਲੇ ਸਮਾਜ ਦੇ ਲੋਕ ਅੱਗੇ ਵਧ ਪਾਉਂਦੇ। ਹਾਲਾਂਕਿ ਰਾਖਵਾਂਕਰਨ ਵਿਵਸਥਾ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਲਗਾਤਾਰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਅੱਜ ਵੀ ਜਾਰੀ ਹਨ।

ਸਰਕਾਰੀ ਅਦਾਰਿਆਂ ਦੇ ਪ੍ਰਾਈਵੇਟਾਈਜ਼ੇਸ਼ਨ, ਐੱਸਸੀ, ਐੱਸਟੀ ਤੇ ਓਬੀਸੀ ਦੇ ਹਿੱਸੇ ਦੀਆਂ ਰਾਖਵੀਆਂ ਸੀਟਾਂ ਨੂੰ ਨਾ ਭਰ ਕੇ ਰਾਖਵਾਂਕਰਨ ਵਿਵਸਥਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਦੱਬੇ-ਕੁਚਲੇ ਸਮਾਜ ਨੂੰ ਉਨ੍ਹਾਂ ਦੇ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਰਾਖਵਾਂਕਰਨ ਵਿਵਸਥਾ ਦਾ ਵਿਰੋਧ ਕਰਨ ਵਾਲੇ ਪਟੇਲ ਨੂੰ ਅੱਜ ਭਾਜਪਾ ਵੱਲੋਂ ਮਹਾਨਾਇਕ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ 182 ਮੀਟਰ ਦੀ ਮੂਰਤੀ 3000 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਕੇ ਗੁਜਰਾਤ ਵਿੱਚ ਸਥਾਪਿਤ ਕੀਤੀ ਗਈ ਹੈ।
-ਧੰਨਵਾਦ ਸਹਿਤ ਤੇਜਪਾਲ ਸਿੰਘ ਤੇਜ

Comments

Leave a Reply