Sat,Sep 19,2020 | 08:38:02am
HEADLINES:

editorial

ਬਾਬਾ ਸਾਹਿਬ ਡਾ. ਅੰਬੇਡਕਰ ਦੇ ਸੁਪਨਿਆਂ ਦਾ ਭਾਰਤ

ਬਾਬਾ ਸਾਹਿਬ ਡਾ. ਅੰਬੇਡਕਰ ਦੇ ਸੁਪਨਿਆਂ ਦਾ ਭਾਰਤ

ਇਹ ਨਿਰਾਸ਼ਾਜਨਕ ਹੈ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮਦਿਵਸ ਜਾਂ ਪਰਿਨਿਰਵਾਣ ਦਿਵਸ 'ਤੇ ਉਨ੍ਹਾਂ ਨੂੰ ਸਰਕਾਰਾਂ ਵੱਲੋਂ ਸਿਰਫ ਪ੍ਰਤੀਕ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ, ਜਦਕਿ ਉਨ੍ਹਾਂ ਦੇ ਵਿਚਾਰਾਂ 'ਤੇ ਅਮਲ ਕਰਨ ਜਾਂ ਉਨ੍ਹਾਂ ਦੇ ਦਿਖਾਏ ਰਾਹ 'ਤੇ ਚੱਲਣ ਬਾਰੇ ਕੋਈ ਗੰਭੀਰਤਾ ਨਹੀਂ ਦਿਖਾਈ ਜਾਂਦੀ।
 
ਕਰੀਬ 70 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਵੀ ਬਾਬਾ ਸਾਹਿਬ ਅੰਬੇਡਕਰ ਵੱਲੋਂ ਲਿਖਿਆ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਸੰਵਿਧਾਨ ਵਿੱਚ ਰਾਖਵੇਂਕਰਨ ਦੀ ਵਿਵਸਥਾ ਹੋਣ ਦੇ ਬਾਵਜੂਦ ਦੱਬੇ-ਕੁਚਲੇ ਵਰਗਾਂ ਨੂੰ ਯੋਗ ਨੁਮਾਇੰਦਗੀ ਨਹੀਂ ਮਿਲ ਸਕੀ ਹੈ।
 
ਇੱਕ ਰਿਪੋਰਟ ਮੁਤਾਬਕ, ਕੇਂਦਰ ਸਰਕਾਰ ਦੇ 89 ਸੈਕਟਰੀਆਂ ਵਿੱਚੋਂ ਐੱਸਸੀ ਵਰਗ ਦਾ ਸਿਰਫ 1 ਅਤੇ ਐੱਸਟੀ ਵਰਗ ਨਾਲ ਸਬੰਧਤ ਸਿਰਫ 3 ਸੈਕਟਰੀ ਹਨ। ਓਬੀਸੀ ਸਮਾਜ ਦਾ ਇੱਕ ਵੀ ਸੈਕਟਰੀ ਨਹੀਂ ਹੈ। ਦੇਸ਼ ਦੀਆਂ ਕੁੱਲ 40 ਕੇਂਦਰੀ ਯੂਨੀਵਰਸਿਟੀਆਂ ਵਿੱਚ 1125 ਪ੍ਰੋਫੈਸਰ ਹਨ, ਜਿਨ੍ਹਾਂ ਵਿੱਚੋਂ ਐੱਸਸੀ ਪ੍ਰੋਫੈਸਰ ਸਿਰਫ 39 (ਸਿਰਫ 3.47 ਫੀਸਦੀ) ਹਨ, ਜਦਕਿ ਇਹ 15 ਫੀਸਦੀ ਹੋਣੇ ਚਾਹੀਦੇ ਹਨ।
 
ਬਾਬਾ ਸਾਹਿਬ ਅੰਬੇਡਕਰ ਆਰਥਿਕ ਤੇ ਸਮਾਜਿਕ ਬਰਾਬਰੀ ਚਾਹੁੰਦੇ ਸਨ, ਪਰ ਸਰਕਾਰਾਂ ਵੱਲੋਂ ਇਸ ਦਿਸ਼ਾ 'ਚ ਗੰਭੀਰ ਕਦਮ ਨਹੀਂ ਚੁੱਕੇ ਗਏ। ਬਾਬਾ ਸਾਹਿਬ ਦਾ ਕਹਿਣਾ ਸੀ ਕਿ ਹਜ਼ਾਰਾਂ ਜਾਤਾਂ ਵਿੱਚ ਵੰਡੇ ਲੋਕ ਕਦੇ ਰਾਸ਼ਟਰ ਨਹੀਂ ਬਣ ਸਕਦੇ, ਪਰ ਇਹ ਦੁੱਖਦਾਇਕ ਹੈ ਕਿ ਜਾਤੀ ਵਿਵਸਥਾ ਅੱਜ ਵੀ ਭਾਰਤੀ ਸਮਾਜ ਦਾ ਹਿੱਸਾ ਹੈ। ਜਾਤ-ਪਾਤ ਦੇ ਨਾਂ 'ਤੇ ਦੱਬੇ-ਕੁਚਲੇ ਵਰਗਾਂ 'ਤੇ ਅੱਜ ਵੀ ਜ਼ੁਲਮ ਹੁੰਦੇ ਹਨ।
 
ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਮੁਤਾਬਕ, ਸਾਲ 2017 'ਚ 43 ਹਜ਼ਾਰ ਦਲਿਤਾਂ ਖਿਲਾਫ ਅੱਤਿਆਚਾਰ ਦੇ ਮਾਮਲੇ ਸਾਹਮਣੇ ਆਏ। ਆਰਥਿਕ ਗੈਰਬਰਾਬਰੀ ਵੀ ਹੋਰ ਵਧਦੀ ਜਾ ਰਹੀ ਹੈ। ਸੰਵਿਧਾਨ ਦੀਆਂ ਆਜ਼ਾਦੀ, ਬਰਾਬਰੀ, ਨਿਆਂ, ਭਾਈਚਾਰੇ ਵਰਗੀਆਂ ਕਦਰਾਂ ਕੀਮਤਾਂ ਨਾਲ ਬੇਰਹਿਮੀ ਨਾਲ ਖੇਡਾਂ ਖੇਡੀਆਂ ਜਾ ਰਹੀਆਂ ਹਨ। ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਾ ਤਾਂ ਹੀ ਸਾਰਥਕ ਕਿਹਾ ਜਾ ਸਕਦਾ ਹੈ, ਜੇਕਰ ਸਰਕਾਰਾਂ ਉਨ੍ਹਾਂ ਦੇ ਵਿਚਾਰਾਂ 'ਤੇ ਅਮਲ ਵੀ ਕਰਨ।

 

Comments

Leave a Reply