Wed,Mar 27,2019 | 12:43:34am
HEADLINES:

editorial

ਖੁੱਲੇਪਣ ਦੀ ਨੀਤੀ ਨੇ ਵਧਾਇਆ ਅਮੀਰ-ਗਰੀਬ ਵਿੱਚ ਪਾੜਾ

ਖੁੱਲੇਪਣ ਦੀ ਨੀਤੀ ਨੇ ਵਧਾਇਆ ਅਮੀਰ-ਗਰੀਬ ਵਿੱਚ ਪਾੜਾ

ਇੱਕ ਪਾਸੇ ਜਿੱਥੇ ਦੇਸ਼ ਦੀ ਵਿਕਾਸ ਦਰ ਵਿੱਚ ਵਾਧੇ ਅਤੇ ਆਰਥਿਕ ਵਿਕਾਸ ਦੀ ਤੇਜ਼ ਰਫਤਾਰੀ ਦੀਆਂ ਖਬਰਾਂ ਛਪ ਰਹੀਆਂ ਹਨ, ਉਥੇ ਦੂਜੇ ਪਾਸੇ ਦੇਸ਼ ਵਿੱਚ ਅਮੀਰੀ-ਗਰੀਬੀ ਵਿੱਚ ਵਧ ਰਹੇ ਪਾੜੇ ਦੀਆਂ ਫ਼ਿਕਰਮੰਦੀ ਵਾਲੀਆਂ ਖਬਰਾਂ ਵੀ ਸੁਰਖੀਆਂ ਵਿੱਚ ਹਨ। ਹੁਣੇ ਜਿਹੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਸੰਗਠਨ ਹਰੂਨ ਨੇ ਰਿਪੋਰਟ-2018 ਛਾਪੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਅਮੀਰ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2017 ਵਿੱਚ ਇੱਕ ਅਰਬ ਡਾਲਰ ਤੋਂ ਜ਼ਿਆਦਾ ਦੀ ਦੌਲਤ ਰੱਖਣ ਵਾਲੇ ਭਾਰਤੀ ਅਰਬਪਤੀਆਂ ਦੀ ਕੁੱਲ ਸੰਖਿਆ 170  ਹੋ ਗਈ ਹੈ।
 
ਰਿਪੋਰਟ ਅਨੁਸਾਰ ਚੀਨ ਵਿੱਚ 819 ਅਰਬਪਤੀ ਹਨ, ਅਮਰੀਕਾ ਵਿੱਚ 571 ਅਤੇ ਭਾਰਤ ਅਰਬਪਤੀ ਦੌਲਤਮੰਦਾਂ ਦੀ ਗਿਣਤੀ ਪੱਖੋਂ ਦੁਨੀਆ ਵਿੱਚ ਤੀਜੇ ਥਾਂ ਉੱਤੇ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022 ਤੱਕ ਭਾਰਤ ਦੀ ਜੀਡੀਪੀ (ਕੁੱਲ ਘਰੇਲੂ ਉਤਪਾਦਨ) ਛੇ ਲੱਖ ਕਰੋੜ ਡਾਲਰ ਤੱਕ ਪਹੁੰਚ ਜਾਵੇਗੀ। ਤਦ ਉਮੀਦ ਹੈ ਕਿ ਭਾਰਤ ਵਿੱਚ ਅਰਬਪਤੀਆਂ ਦੀ ਗਿਣਤੀ ਹੁਣ ਦੇ ਸਮੇਂ ਦੀ ਤੁਲਨਾ ਵਿੱਚ ਦੋ ਗੁਣਾਂ ਹੋ ਜਾਏਗੀ। ਭਾਰਤੀ ਅਰਬਪਤੀਆਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਦਵਾਈਆਂ ਬਣਾਉਣ ਵਾਲੇ ਉਦਯੋਗਪਤੀਆਂ ਦੀ ਹੈ।
 
ਉਸ ਤੋਂ ਬਾਅਦ ਟੈਕਨਾਲੋਜੀ, ਮੀਡੀਆ, ਦੂਰ-ਸੰਚਾਰ ਅਤੇ ਆਟੋ ਅਤੇ ਆਟੋ ਮਸ਼ੀਨਰੀ ਖੇਤਰ ਦੇ ਉਦਯੋਗਪਤੀਆਂ ਦੀ ਹੈ। ਵਿਸ਼ਵ ਪ੍ਰਸਿੱਧੀ ਪ੍ਰਾਪਤ ਸੰਗਠਨ ਔਕਸਫੈਮ ਦੀ  ਨਾ-ਬਰਾਬਰੀ ਰਿਪੋਰਟ-2018 ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 1991 ਤੋਂ ਪਿੱਛੋਂ ਖੁੱਲੇਪਣ ਦੇ ਦੌਰ ਤੋਂ ਬਾਅਦ ਆਰਥਿਕ ਨਾ-ਬਰਾਬਰੀ ਜ਼ਿਆਦਾ ਹੁੰਦੀ ਜਾ ਰਹੀ ਹੈ। ਕਿਹਾ ਗਿਆ ਹੈ ਕਿ ਸਾਲ 2017 ਵਿੱਚ ਭਾਰਤ ਦੇ ਅਰਬਪਤੀਆਂ ਦੀ ਕੁੱਲ ਜਾਇਦਾਦ ਦੇਸ਼ ਦੀ ਜੀਡੀਪੀ ਦੇ 15 ਫ਼ੀਸਦੀ ਦੇ ਬਰਾਬਰ ਹੋ ਗਈ ਹੈ, ਜਦੋਂ ਕਿ ਪੰਜ ਸਾਲ ਪਹਿਲਾਂ ਇਹ 10 ਫ਼ੀਸਦੀ ਸੀ।
 
ਇਸ ਤਰਾਂ ਦੁਨੀਆ ਭਰ ਦੇ ਵੱਖੋ-ਵੱਖਰੇ ਦੇਸ਼ਾਂ ਵਿੱਚ ਵਧਦੀ ਨਾ-ਬਰਾਬਰੀ ਦੀ ਚਿੰਤਾ ਨਾਲ ਸੰਬੰਧਤ ਖੋਜ ਕਰਨ ਵਾਲੇ ਸੰਗਠਨ ਕੋਟਕ ਵੈਲਥ ਮੈਨੇਜਮੈਂਟ ਨੇ ਪਿਛਲੇ ਦਿਨੀਂ ਪ੍ਰਕਾਸ਼ਤ ਆਪਣੇ ਇੱਕ ਖੋਜ ਪੱਤਰ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਵਧਦੀ ਨਾ-ਬਰਾਬਰੀ ਦੀਆਂ ਚਿੰਤਾਵਾਂ ਦੌਰਾਨ ਸਾਲ 2017 ਵਿੱਚ ਦੇਸ਼ ਦੇ ਅਮੀਰਾਂ ਦੀ ਗਿਣਤੀ ਵਿੱਚ ਉਸ ਦੀ ਸਮੂਹਿਕ ਹੈਸੀਅਤ ਦੇ ਮੁਕਾਬਲੇ ਬੇਹੱਦ ਵਾਧਾ ਹੋਇਆ ਹੈ। ਦੁਨੀਆ ਦੇ ਪ੍ਰਸਿੱਧ ਅਰਥ-ਵਿਗਿਆਨੀ ਥਾਮਸ ਪਿਕੇਟੀ ਅਤੇ ਲੁਕਾਸ ਚਾਂਸੇਲ ਵੱਲੋਂ ਪੇਸ਼ ਕੀਤੀ ਰਿਪੋਰਟ ਵਿੱਚ ਵੀ ਭਾਰਤ ਵਿੱਚ ਨਾ-ਬਰਾਬਰੀ ਵਧਣ 'ਤੇ ਚਿੰਤਾ ਪ੍ਰਗਟਾਈ ਗਈ ਹੈ।
 
ਧਿਆਨ ਦੇਣ ਯੋਗ ਹੈ ਕਿ ਦੁਨੀਆ ਦੇ ਦੇਸ਼ਾਂ ਵਿੱਚ ਆਰਥਿਕ-ਸਮਾਜਿਕ ਵਿਕਾਸ ਦਾ ਤੁਲਨਾਤਮਕ ਅਧਿਐਨ ਕਰਨ ਵਾਲੇ ਸੰਗਠਨ ਵਰਲਡ ਇਕਨਾਮਿਕ ਫ਼ੋਰਮ (ਡਬਲਯੂਈਐੱਫ਼) ਵੱਲੋਂ ਤਿਆਰ ਸੰਮਲਿਤ ਵਿਕਾਸ ਸੂਚਕ ਅੰਕ 2017 ਵਿੱਚ ਭਾਰਤ ਉੱਭਰਦੀਆਂ ਅਰਥ-ਵਿਵਸਥਾਵਾਂ ਵਾਲੇ 103 ਦੇਸ਼ਾਂ ਦੀ ਸੂਚੀ ਵਿੱਚ 62ਵੇਂ ਥਾਂ ਉੱਤੇ ਹੈ।
 
ਸੰਮਲਿਤ ਵਿਕਾਸ ਵਿੱਚ ਭਾਰਤ ਆਪਣੇ ਗੁਆਂਢੀ ਦੇਸ਼ਾਂ ਤੋਂ ਪਿੱਛੇ ਹੈ। ਡਬਲਯੂਈਐੱਫ਼ ਵੱਲੋਂ ਜਾਰੀ ਸੰਮਲਿਤ ਵਿਕਾਸ ਸੂਚਕ ਅੰਕ ਵਿੱਚ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਨੂੰ ਆਪਣੀ ਜਨਤਾ ਨੂੰ ਰੋਜ਼ਗਾਰ, ਰਹਿਣ-ਸਹਿਣ ਦੇ ਪੱਧਰ, ਵਾਤਾਵਰਣ ਸੁਧਾਰ, ਨਵੀਂ ਪੀੜੀ ਦੇ ਭਵਿੱਖ, ਸਿਹਤ, ਸਿੱਖਿਆ, ਕਿੱਤਾ ਸਿਖਲਾਈ ਅਤੇ ਹੋਰ ਨਾਗਰਿਕ ਸਹੂਲਤਾਂ ਵਿੱਚ ਸੁਧਾਰ ਦੇ ਨਾਲ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਦੀ ਦਿਸ਼ਾ ਵਿੱਚ ਲੰਮਾ ਸਫ਼ਰ ਤੈਅ ਕਰਨਾ ਪਵੇਗਾ।
 
ਦੇਸ਼ ਵਿੱਚ ਭ੍ਰਿਸ਼ਟਾਚਾਰ ਰੋਕਣ ਲਈ ਕਈ ਕਦਮਾਂ ਦੇ ਬਾਅਦ ਵੀ ਭ੍ਰਿਸ਼ਟਾਚਾਰ ਦੀ ਸਥਿਤੀ ਕਾਬੂ 'ਚ ਨਹੀਂ ਆਈ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ 2017 ਲਈ ਦੁਨੀਆ ਭਰ ਦੇ ਦੇਸ਼ਾਂ ਦਾ ਜੋ ਭ੍ਰਿਸ਼ਟਾਚਾਰ ਇੰਡੈਕਸ ਜਾਰੀ ਕੀਤਾ ਹੈ, ਉਸ ਵਿੱਚ ਭਾਰਤ 183 ਦੇਸ਼ਾਂ ਦੀ ਸੂਚੀ ਵਿੱਚ ਦੋ ਦਰਜੇ ਹੋਰ ਥੱਲੇ ਆ ਕੇ 81ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਭਾਰਤ ਵਿੱਚ ਭ੍ਰਿਸ਼ਟਾਚਾਰ ਵਧਿਆ ਹੈ। ਇਸ ਸਮੇਂ ਸਪੱਸ਼ਟ ਰੂਪ ਵਿੱਚ ਇਹ ਵੇਖਿਆ ਜਾ ਰਿਹਾ ਹੈ ਕਿ ਦੇਸ਼ ਦੀ ਅਰਥ-ਵਿਵਸਥਾ ਦੇ ਵਿਕਾਸ ਦੀ ਪੌੜੀ 'ਤੇ ਅੱਗੇ ਵਧਣ ਦੇ ਨਾਲ-ਨਾਲ ਵਿਕਾਸ ਦੇ ਲਾਭ ਆਮ ਆਦਮੀ ਤੱਕ ਪਹੁੰਚਣ ਦੀਆਂ ਰਾਹਾਂ ਸੌਖੀਆਂ ਕਰਨ ਲਈ ਹੋਰ ਤੇਜ਼ੀ ਨਾਲ ਯਤਨ ਕਰਨੇ ਪੈਣਗੇ।
ਮੂਲ : ਜਯੰਤੀ ਲਾਲ
ਪੰਜਾਬੀ ਰੂਪ : ਗੁਰਮੀਤ ਪਲਾਹੀ 
(ਸੰਪਰਕ : 9815802070)

 

Comments

Leave a Reply