Mon,Oct 22,2018 | 12:06:45pm
HEADLINES:

editorial

ਆਦੀਵਾਸੀਆਂ 'ਚ ਮਲੇਰੀਏ ਕਾਰਨ ਹੁੰਦੀਆਂ 50% ਮੌਤਾਂ

ਆਦੀਵਾਸੀਆਂ 'ਚ ਮਲੇਰੀਏ ਕਾਰਨ ਹੁੰਦੀਆਂ 50% ਮੌਤਾਂ

ਭਾਰਤ ਵਿੱਚ ਮਲੇਰੀਆ ਦੇ ਕੁੱਲ ਮਾਮਲਿਆਂ ਵਿੱਚੋਂ 30 ਫੀਸਦੀ ਆਦੀਵਾਸੀ ਪ੍ਰਭਾਵਿਤ ਹੁੰਦੇ ਹਨ। ਇਸ ਤੋਂ ਇਲਾਵਾ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਮੁੱਖ ਸਿਹਤ ਸਮੱਸਿਆਵਾਂ ਹਨ, ਜਿਨ੍ਹਾਂ ਦਾ ਸਾਹਮਣਾ ਆਦੀਵਾਸੀ ਕਰ ਰਹੇ ਹਨ। 2013 ਵਿੱਚ ਸਿਹਤ ਤੇ ਆਦੀਵਾਸੀ ਮਾਮਲਿਆਂ ਦੇ ਮੰਤਰਾਲਿਆਂ ਵੱਲੋਂ ਗਠਿਤ ਇੱਕ ਮਾਹਿਰ ਕਮੇਟੀ ਵੱਲੋਂ ਆਦੀਵਾਸੀ ਸਿਹਤ ਨੂੰ ਲੈ ਕੇ ਰਿਸਰਚ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਕਿ ਵੱਡੀ ਗਿਣਤੀ ਵਿੱਚ ਆਦੀਵਾਸੀ ਕੁਪੋਸ਼ਣ ਨਾਲ ਪੀੜਤ ਹਨ।
 
ਇਸ ਵਿੱਚ ਕਿਹਾ ਗਿਆ ਹੈ ਕਿ ਅਨੁਸੂਚਿਤ ਜਨਜਾਤੀਆਂ ਦੀ ਸਿਹਤ ਸਥਿਤੀ ਵਿੱਚ ਪਿਛਲੇ 25 ਸਾਲਾਂ ਵਿੱਚ ਕਾਫੀ ਸੁਧਾਰ ਆਇਆ ਹੈ, ਪਰ ਇਸਦੇ ਬਾਵਜੂਦ ਹੋਰ ਸਮਾਜਿਕ ਵਰਗਾਂ ਨਾਲ ਮੁਕਾਬਲਾ ਕਰਨ 'ਤੇ ਇਹ ਬਹੁਤ ਖਰਾਬ ਹੈ। ਕਮੇਟੀ ਨੇ ਆਪਣੀ ਰਿਪੋਰਟ ਹਾਲ ਹੀ ਵਿੱਚ ਕੇਂਦਰ ਸਰਕਾਰ ਨੂੰ ਸੌਂਪੀ।
 
ਕਮੇਟੀ ਨੂੰ ਆਦੀਵਾਸੀ ਇਲਾਕਿਆਂ ਮੌਜੂਦਾ ਸਿਹਤ ਸਥਿਤੀ ਦੀ ਸਮੀਖਿਆ ਕਰਨ, ਸੂਬਿਆਂ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ ਅਤੇ ਵਾਧੂ ਸੰਸਾਧਨਾਂ ਦੀ ਜ਼ਰੂਰਤਾਂ ਬਾਰੇ ਸਿਫਾਰਿਸ਼ਾਂ ਕਰਨ ਦਾ ਕੰਮ ਦਿੱਤਾ ਗਿਆ ਸੀ। 12 ਮੈਂਬਰੀ ਕਮੇਟੀ ਦੇ ਪ੍ਰਧਾਨ ਅਤੇ ਮੈਗਸੇਸੇ ਐਵਾਰਡ ਜੇਤੂ ਪੇਂਡੂ ਸਿਹਤ ਮਾਹਿਰ ਡਾ. ਅਭਯ ਬਾਂਗ ਨੇ ਦੱਸਿਆ, ਭੁਗੋਲਕ ਤੌਰ 'ਤੇ ਅਲੱਗ ਹੋਣ, ਨੀਤੀਆਂ ਲਾਗੂ ਹੋਣ ਦੀ ਖਰਾਬ ਸਥਿਤੀ ਅਤੇ ਜ਼ਰੂਰੀ ਸੰਸਾਧਨ ਨਾ ਹੋਣ ਕਾਰਨ ਆਦੀਵਾਸੀਆਂ ਦੀ ਸਿਹਤ ਸਥਿਤੀ ਚੰਗੀ ਨਹੀਂ ਹੈ।
 
ਕਮੇਟੀ ਨੇ ਪਾਇਆ ਕਿ ਆਦੀਵਾਸੀ ਲੋਕ, ਜੋ ਕਿ ਦੇਸ਼ ਦੀ ਆਬਾਦੀ ਦਾ 8.6 ਫੀਸਦੀ ਹਨ, ਤਿੰਨ ਪੱਧਰਾਂ 'ਤੇ ਬਿਮਾਰੀਆਂ ਨਾਲ ਪੀੜਤ ਹਨ। ਰਿਪੋਰਟ ਮੁਤਾਬਕ, ਆਦੀਵਾਸੀ ਖੇਤਰਾਂ ਵਿੱਚ ਕੁਪੋਸ਼ਣ, ਮਲੇਰੀਆ, ਟੀਬੀ ਦੀ ਸਮੱਸਿਆ ਕਾਫੀ ਫੈਲ ਚੁੱਕੀ ਹੈ। ਕੈਂਸਰ, ਹਾਈਪਰਟੈਂਸ਼ਨ ਤੇ ਡਾਈਬਿਟੀਜ਼ ਵਰਗੀਆਂ ਬਿਮਾਰੀਆਂ ਵੀ ਲਗਾਤਾਰ ਵਧ ਰਹੀਆਂ ਹਨ। ਇਸ ਤੋਂ ਇਲਾਵਾ ਤੀਜੇ ਪੱਧਰ 'ਤੇ ਆਦੀਵਾਸੀਆਂ ਨੂੰ ਖਰਾਬ ਮਾਨਸਿਕ ਸਿਹਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
 
ਆਦੀਵਾਸੀਆਂ 'ਚ ਬੱਚਾ ਮੌਤ ਦਰ ਪ੍ਰਤੀ 1000 ਬੱਚਿਆਂ 'ਤੇ 44 ਤੋਂ 74 ਵਿਚਕਾਰ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵੱਘ-ਵੱਖ ਉਮਰ ਵਰਗ ਦੇ 29 ਤੋਂ 32 ਫੀਸਦੀ ਬੱਚਿਆਂ ਅਤੇ 63 ਤੋਂ 74 ਫੀਸਦੀ ਬਾਲਿਗ ਪੁਰਸ਼ਾਂ ਤੇ ਮਹਿਲਾਵਾਂ ਨੂੰ ਹੀ ਜ਼ਰੂਰੀ ਮਾਤਰਾ ਵਿੱਚ ਪ੍ਰੋਟੀਨ ਤੇ ਦੂਜੇ ਪੋਸ਼ਕ ਤੱਤ ਮਿਲ ਸਕੇ ਹਨ।
 
15 ਤੋਂ 19 ਸਾਲ ਦੀਆਂ 50 ਫੀਸਦੀ ਆਦੀਵਾਸੀ ਲੜਕੀਆਂ ਘੱਟ ਵਜਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੀਆਂ ਹਨ। 4 'ਚੋਂ ਇੱਕ ਨੌਜਵਾਨ ਹਾਈਪਰਟੈਂਸ਼ਨ ਦਾ ਸ਼ਿਕਾਰ ਹੈ। ਮਲੇਰੀਆ ਦੇ ਕੁੱਲ ਮਾਮਲਿਆਂ ਵਿੱਚ ਆਦੀਵਾਸੀ ਸਮਾਜ ਦਾ ਫੀਸਦੀ 30 ਹੈ। ਇਸ ਬਿਮਾਰੀ ਨਾਲ ਮੌਤ ਦਰ 50 ਫੀਸਦੀ ਹੈ।

Comments

Leave a Reply