Tue,Oct 16,2018 | 07:53:01am
HEADLINES:

editorial

ਭਾਜਪਾ ਲਈ ਗਲ਼ੇ ਦੀ ਹੱਡੀ ਬਣਿਆ 'ਚੰਗੇ ਦਿਨਾਂ' ਦਾ ਨਾਅਰਾ

ਭਾਜਪਾ ਲਈ ਗਲ਼ੇ ਦੀ ਹੱਡੀ ਬਣਿਆ 'ਚੰਗੇ ਦਿਨਾਂ' ਦਾ ਨਾਅਰਾ

ਸਾਲ 2012 ਦੌਰਾਨ ਭਾਜਪਾ ਕੈਂਪੇਨ ਦਾ ਉਹ ਦੌਰ ਜਦੋਂ ਇਹ ਸ਼ਬਦ ਲੱਖਾਂ ਕਰੋੜਾਂ ਲੋਕਾਂ ਦੀ ਉਮੀਦ ਬਣ ਕੇ ਭਾਰਤ ਨਿਰਮਾਣ ਦੇ ਸੁਪਨਿਆਂ ਵਾਂਗ ਅੱਖਾਂ 'ਚ ਸਮਾਇਆ। ਸਿਆਸਤ ਨਾਲ ਤਾਲੁਕ ਰੱਖਣ ਵਾਲਾ ਹਰ ਸ਼ਖਸ ਇਸ ਨਾਅਰੇ ਤੋਂ ਭਲੀ ਭਾਂਤ ਜਾਣੂ ਹੈ ਤੇ ਇਹ ਉਹੀ ਦੌਰ ਹੈ ਜਦੋਂ ਕਿਸੇ ਕਵਿਤਾ ਵਾਂਗ ਇਹ ਬੱਚੇ ਬੱਚੇ ਦੀ ਜ਼ੁਬਾਨ 'ਤੇ ਰਟਿਆ ਹੋਇਆ ਸੀ। ਇਨ੍ਹਾਂ ਸ਼ਬਦਾਂ ਨੂੰ ਜੇਕਰ 2014 ਦੀਆਂ ਲੋਕ ਸਭਾ ਚੋਣਾਂ ਦਾ ਨਤੀਜਾ ਤੈਅ ਕਰਨ ਵਾਲਾ ਸ਼ਬਦ ਕਹਿ ਲਵੋ ਤਾਂ ਗ਼ਲਤ ਨਹੀਂ ਹੋਵੇਗਾ। 
 
ਚੰਗੇ ਦਿਨ, ਜਿਸਦਾ ਜ਼ਿਕਰ ਹੁੰਦੇ ਹੀ ਮਈ 2014 ਦਾ ਉਹ ਸਮਾਂ ਯਾਦ ਆਉਂਦਾ ਹੈ ਜਦੋਂ ਅਹਿਮਦਾਬਾਦ ਭਾਸ਼ਣ ਦੌਰਾਨ ਮੋਦੀ ਦੇ 'ਅੱਛੇ ਦਿਨ' ਦੁਹਰਾਉਣ 'ਤੇ ਲੱਖਾਂ ਦੀ ਗਿਣਤੀ 'ਚ ਮੌਜੂਦ ਜਨਤਾ 'ਆਉਣ ਵਾਲੇ ਹਨ, ਆਉਣ ਵਾਲੇ ਹਨ' ਦਾ ਨਾਅਰਾ ਲਗਾ ਰਹੀ ਸੀ, ਇਹ ਵਾਕਿਆ ਗਵਾਹ ਹੈ ਉਸ ਦੌਰ ਦਾ ਜਦੋਂ ਹਜ਼ਾਰਾਂ ਲੱਖਾਂ ਉਮੀਦਾਂ ਯਕੀਨ 'ਚ ਤਬਦੀਲ ਹੋ ਰਹੀਆਂ ਸਨ ਕਿ ਸ਼ਾਇਦ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਸੱਚ 'ਚ ਦੇਸ਼ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋਣਗੀਆਂ। ਪਾਕਿਸਤਾਨ ਨੂੰ ਜਵਾਬ ਮਿਲੇਗਾ, ਚੀਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲਬਾਤ ਹੋਵੇਗੀ, ਮਹਿੰਗਾਈ ਦੂਰ ਹੋਵੇਗੀ, ਕਿਸਾਨਾਂ ਦੀ ਸੁਣਵਾਈ ਹੋਵੇਗੀ, ਰੁਜ਼ਗਾਰ ਮਿਲੇਗਾ, ਮਹਿਲਾ ਸਸ਼ਕਤੀਕਰਨ ਦਾ ਮੁੱਦਾ ਉਠੇਗਾ, ਭਾਰਤੀ ਮੁਦਰਾ ਦੀ ਕੀਮਤ ਵਧੇਗੀ, ਕਾਲੇ ਧਨ ਦਾ ਹਿਸਾਬ ਹੋਵੇਗਾ ਜਾਂ ਇੰਝ ਕਹਿ ਲਵੋ ਕਿ ਦੇਸ਼ ਦਾ ਨਿਰਮਾਣ ਹੋਵੇਗਾ।
 
ਇਸੇ ਯਕੀਨ ਨੂੰ ਅੱਖਾਂ 'ਚ ਲੈ ਕੇ ਤੇ ਚੰਗੇ ਦਿਨਾਂ ਨੂੰ ਆਪਣਾ ਭਵਿੱਖ ਮੰਨ ਕੇ ਭਾਰਤੀ ਸਿਆਸਤ ਦੀ ਕਿਤਾਬ 'ਚ ਇਕ ਇਤਿਹਾਸਕ ਜਿੱਤ ਦਾ ਪੰਨਾ ਦਰਜ ਹੋਇਆ ਜਿਸਦੇ ਨਾਲ ਭਾਜਪਾ ਸਰਕਾਰ ਦਾ 2014 ਦਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਸਵਰੁਪ ਸੱਤਾ 'ਚ ਸਵਾਗਤ ਕੀਤਾ ਗਿਆ। 
 
ਮੈਨੂੰ ਯਾਦ ਹੈ ਕਿ ਉਸ ਸਮੇਂ ਮੇਰੇ ਇਕ ਡਾਕਟਰ ਮਿੱਤਰ ਨਾਲ ਫੋਨ 'ਤੇ ਹੋਈ ਗੱਲਬਾਤ 'ਚ ਉਸਨੇ ਮੈਨੂੰ ਕਿਹਾ ਸੀ-ਅੱਜ ਪਹਿਲੀ ਵਾਰ ਮੇਰੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਆਏ ਹਨ। ਮੋਦੀ ਜੀ ਚੋਣਾਂ ਜਿੱਤ ਗਏ, ਹੁਣ ਯੁੱਗ ਨਿਰਮਾਣ ਹੋਵੇਗਾ। ਫਿਰ ਸ਼ੁਰੂਆਤ ਹੋਈ 2016 ਦੀ ਤੇ ਭਾਜਪਾ ਸਰਕਾਰ ਦੇ ਸੱਤਾ 'ਚ ਦੋ ਸਾਲ ਪੂਰੇ ਹੋਣ ਦੇ ਨਾਲ ਹੀ, ਉਹ ਦੌਰ ਆਇਆ ਜਦੋਂ ਬਦਲਦੇ ਸਮੇਂ ਦੇ ਨਾਲ-ਨਾਲ ਹੌਲੀ-ਹੌਲੀ ਇਸ ਸ਼ਬਦ ਦੀ ਵਿਆਖਿਆ ਬਦਲਣ ਲੱਗੀ ਜਾਂ ਇੰਝ ਕਹਿ ਲਵੋ ਨਤੀਜੇ ਉਮੀਦਾਂ 'ਤੇ ਖਰੇ ਨਹੀਂ ਉਤਰੇ ਸਨ। ਚੰਗੇ ਦਿਨ ਆਉਣਗੇ, ਹੁਣ ਚੰਗੇ ਦਿਨ ਕਦੋਂ ਆਉਣਗੇ? ਕੀ ਚੰਗੇ ਦਿਨ ਕਦੇ ਆਉਣਗੇ? ਵਰਗੀਆਂ ਧਾਰਨਾਵਾਂ 'ਚ ਤਬਦੀਲ ਹੋ ਚੁੱਕੇ ਹਨ।
ਖੁਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਨ੍ਹਾਂ ਸ਼ਬਦਾਂ ਤੋਂ ਮੂੰਹ ਫੇਰਨ ਲੱਗੀ ਹੈ।
 
ਵਿਰੋਧੀ ਦਲ ਇਸ ਸ਼ਬਦ ਦਾ ਹਜ਼ਾਰਾਂ ਸਵਾਲਾਂ ਦੇ ਨਾਲ ਇਸਤੇਮਾਲ ਕਰਕੇ ਘੇਰਨ ਲੱਗੇ ਹਨ ਤੇ ਇਹ ਬਹੁਤ ਤੀਬਰ ਹੋ ਚੁੱਕਾ ਹੈ। ਜਿਸ ਦੀ ਵਜ੍ਹਾ ਹੀ ਉਹ ਸਾਰੀਆਂ ਉਮੀਦਾਂ ਜਿਸਦੇ ਸਬਰ ਦਾ ਬੰਨ੍ਹ ਹੁਣ ਟੁੱਟ ਚੁੱਕਾ ਹੈ ਕਿਉਂ ਕਿ ਚੰਗੇ ਦਿਨ ਆਉਣ ਦੇ ਸਵਾਲ 'ਤੇ ਸਰਕਾਰ 2019 ਦੇ ਤੱਥਾਂ ਨੂੰ 2022 ਤੱਕ ਪੂਰਾ ਕਰਨ ਦੀ ਗੱਲ ਕਹਿ ਕੇ ਟਾਲਣ ਲੱਗੀ ਹੈ। 
 
ਚਾਹ 'ਤੇ ਚਰਚਾ 'ਚ ਕੀਤੀਆਂ ਗੱਲਾਂ ਹੁਣ ਜੁਮਲੇ ਸਿੱਧ ਹੋ ਚੁੱਕੀਆਂ ਹਨ। ਕਾਂਗਰਸ ਨੂੰ ਭ੍ਰਿਸ਼ਟਾਚਾਰੀ ਦੱਸਣ ਵਾਲੀ ਸਰਕਾਰ ਦੀ ਖ਼ੁਦ ਦੀ ਪਾਰਟੀ 'ਚ ਭ੍ਰਿਸ਼ਟਾਚਾਰੀਆਂ ਨੂੰ ਭਰਤੀ ਕਰ ਲਿਆ ਗਿਆ ਸੀ। ਡਾਲਰ ਦੀਆਂ ਕੀਮਤਾਂ ਘਟਣ ਦੀ ਥਾਂ ਹੋਰ ਵਧ ਚੁੱਕੀਆਂ ਹਨ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਪਾਕਿਸਤਾਨ ਨੂੰ ਜਵਾਬ ਦੇਣ ਦੀ ਬਜਾਇ ਲੰਘੇ ਸਾਲਾਂ ਦੇ ਮੁਕਾਬਲੇ ਸ਼ਹਾਦਤ ਸਭ ਤੋਂ ਜ਼ਿਆਦਾ ਹੈ। ਰੁਜ਼ਗਾਰ ਦੇ ਅੰਕੜੇ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਸਨ ਤੇ 'ਚੰਗੇ ਦਿਨਾਂ' ਦਾ ਨਾਅਰਾ ਹੁਣ ਭਾਜਪਾ ਲਈ ਗਲ਼ੇ ਦੀ ਹੱਡੀ ਬਣ ਚੁੱਕਾ ਹੈ।
 
ਸਿਆਸੀ ਗਲਿਆਰਿਆਂ 'ਚ ਇਹ ਚਰਚਾ ਆਮ ਹੈ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਤੋਂ ਚੰਗੇ ਦਿਨ ਸ਼ਬਦ ਨੂੰ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਤੇ ਨਵੇਂ ਹੈਸ਼ਟੈਗ-ਨਿਊ ਇੰਡੀਆ ਤੇ ਸੰਕਲਪ ਤੋਂ ਸਿੱਧੀ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਕਿ 2019 'ਚ ਚੰਗੇ ਦਿਨ ਗਲ਼ੇ ਦੀ ਹੱਡੀ ਨਾ ਬਣ ਸਕਣ ਤੇ ਸੰਕਲਪ ਤੋਂ ਸਿੱਧੀ ਤਹਿਤ 2022 ਤੱਕ ਦਾ 
ਸਮਾਂ ਅਸਾਨੀ ਨਾਲ ਮੰਗਿਆ ਜਾ ਸਕੇ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ 2019 'ਚ ਜਨਤਾ ਤੇ ਵਿਰੋਧੀ ਇਸ ਸ਼ਬਦ ਨੂੰ ਭੁੱਲ ਪਾਉਂਦੇ ਹਨ ਜਾਂ ਨਹੀਂ।
-ਡਾ. ਮੇਰਾਜ ਹੁਸੈਨ।

Comments

Leave a Reply