Mon,Apr 22,2019 | 08:19:46am
HEADLINES:

editorial

4 ਸਾਲਾਂ 'ਚ ਫਿਰਕੂ ਹਿੰਸਾ ਦੀਆਂ 2920 ਘਟਨਾਵਾਂ, 389 ਲੋਕਾਂ ਦੀ ਜਾਨ ਗਈ

4 ਸਾਲਾਂ 'ਚ ਫਿਰਕੂ ਹਿੰਸਾ ਦੀਆਂ 2920 ਘਟਨਾਵਾਂ, 389 ਲੋਕਾਂ ਦੀ ਜਾਨ ਗਈ

ਸਾਲ 2017 ਵਿੱਚ ਦੇਸ਼ ਵਿੱਚ ਫਿਰਕੂ ਹਿੰਸਾ ਦੀਆਂ ਕੁੱਲ 822 ਘਟਨਾਵਾਂ ਹੋਈਆਂ, ਜਿਨ੍ਹਾਂ ਵਿੱਚ 111 ਲੋਕਾਂ ਦੀ ਜਾਨ ਚਲੀ ਗਈ। ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ 25 ਜੁਲਾਈ ਨੂੰ ਰਾਜਸਭਾ ਵਿੱਚ ਦਿੱਤੀ।
 
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ 2016 ਵਿੱਚ ਫਿਰਕੂ ਹਿੰਸਾ ਦੀਆਂ 703 ਘਟਨਾਵਾਂ ਹੋਈਆਂ, ਜਿਨ੍ਹਾਂ ਵਿੱਚ 86 ਮੌਤਾਂ ਹੋਈਆਂ ਸਨ। ਇਸੇ ਤਰ੍ਹਾਂ ਸਾਲ 2015 ਵਿੱਚ ਫਿਰਕੂ ਹਿੰਸਾ ਦੀਆਂ 751 ਘਟਨਾਵਾਂ ਵਿੱਚ 97 ਲੋਕ ਮਾਰੇ ਗਏ। ਹਾਲਾਂਕਿ 2015 ਤੋਂ ਪਹਿਲਾਂ ਤੱਕ ਦੇ ਅੰਕੜੇ ਦੇਖੀਏ ਤਾਂ 2014 ਤੋਂ ਲੈ ਕੇ 2017 ਤੱਕ ਵਿੱਚ ਫਿਰਕੂ ਹਿੰਸਾ ਦੀਆਂ 2920 ਘਟਨਾਵਾਂ ਹੋਈਆਂ, ਜਿਨ੍ਹਾਂ ਵਿੱਚ 389 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ ਵਿੱਚ 8,890 ਲੋਕ ਜ਼ਖਮੀ ਹੋਏ।
 
ਇੱਕ ਸਵਾਲ ਦੇ ਜਵਾਬ 'ਚ ਅਹੀਰ ਨੇ ਦੱਸਿਆ ਕਿ ਕਾਨੂੰਨ ਵਿਵਸਥਾ, ਸ਼ਾਂਤੀ ਬਣਾਏ ਰੱਖਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਬਣਾਏ ਰੱਖਣ ਵਿੱਚ ਕੇਂਦਰ ਸੂਬਾ ਸਰਕਾਰਾਂ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਮਦਦ ਕਰਦਾ ਹੈ। ਇਸਦੇ ਲਈ ਸਮੇਂ-ਸਮੇਂ 'ਤੇ ਖੂਫੀਆ ਸੂਚਨਾਵਾਂ ਦਿੱਤੀਆਂ ਜਾਂਦੀਆਂ ਹਨ। ਅਲਰਟ ਸਬੰਧੀ ਸੰਦੇਸ਼ ਭੇਜੇ ਜਾਂਦੇ ਹਨ ਅਤੇ ਮਹੱਤਵਪੂਰਨ ਘਟਨਾਕ੍ਰਮ 'ਤੇ ਸਲਾਹ ਵੀ ਦਿੱਤੀ ਜਾਂਦੀ ਹੈ।
 
2014 ਤੋਂ ਲੈ ਕੇ ਹੁਣ ਤੱਕ ਦੇ ਅੰਕੜਿਆਂ ਨੂੰ ਦੇਖੀਏ ਤਾਂ ਫਿਰਕੂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਜਿੱਥੇ ਇੱਕ ਪਾਸੇ 2014 ਵਿੱਚ ਫਿਰਕੂ ਹਿੰਸਾ ਦੀਆਂ 644 ਘਟਨਾਵਾਂ ਹੋਈਆਂ ਸਨ, ਉੱਥੇ 2017 ਵਿੱਚ ਸਭ ਤੋਂ ਜ਼ਿਆਦਾ 822 ਫਿਰਕੂ ਹਿੰਸਾ ਦੇ ਮਾਮਲੇ ਸਾਹਮਣੇ ਆਏ।
 
ਇਸ ਵਿੱਚ ਸਭ ਤੋਂ ਜ਼ਿਆਦਾ ਘਟਨਾਵਾਂ ਉੱਤਰ ਪ੍ਰਦੇਸ਼ ਵਿੱਚ ਸਾਹਮਣੇ ਆਈਆਂ ਹਨ। ਸਾਲ 2017 ਵਿੱਚ ਉੱਤਰ ਪ੍ਰਦੇਸ਼ ਵਿੱਚ 195 ਫਿਰਕੂ ਹਿੰਸਾ ਦੀਆਂ ਘਟਨਾਵਾਂ ਹੋਈਆਂ, ਜਿਨ੍ਹਾਂ ਵਿੱਚ 44 ਲੋਕਾਂ ਦੀ ਮੌਤ ਹੋ ਗਈ ਅਤੇ 542 ਲੋਕ ਜ਼ਖਮੀ ਹੋ ਗਏ। ਦੂਜੇ ਨੰਬਰ 'ਤੇ ਕਰਨਾਟਕ ਹੈ। ਕਰਨਾਟਕ ਵਿੱਚ ਇਸ ਤਰ੍ਹਾਂ ਦੀਆਂ 100 ਘਟਨਾਵਾਂ ਹੋਈਆਂ, ਜਿਨ੍ਹਾਂ ਵਿੱਚ 9 ਲੋਕਾਂ ਦੀ ਮੌਤ ਹੋਈ ਅਤੇ 229 ਲੋਕ ਜ਼ਖਮੀ ਹੋ ਗਏ।
 
ਉੱਤਰ ਪ੍ਰਦੇਸ਼ ਸੂਬੇ ਵਿੱਚ ਸਾਲ 2014 ਤੋਂ ਲੈ ਕੇ 2017 ਤੱਕ ਇਸ ਤਰ੍ਹਾਂ ਦੀਆਂ 645 ਘਟਨਾਵਾਂ ਹੋਈਆਂ, ਜਿਨ੍ਹਾਂ ਵਿੱਚ 121 ਲੋਕ ਮਾਰੇ ਗਏ। ਫਿਰਕੂ ਹਿੰਸਾ ਵਿੱਚ ਮਾਰੇ ਗਏ ਲੋਕਾਂ ਵਿੱਚੋਂ ਕਰੀਬ 32 ਫੀਸਦੀ ਲੋਕ ਉੱਤਰ ਪ੍ਰਦੇਸ਼ ਤੋਂ ਹਨ। ਬਿਹਾਰ ਵਿੱਚ ਵੀ ਪਿਛਲੇ ਸਾਲ 85 ਫਿਰਕੂ ਹਿੰਸਾ ਦੀਆਂ ਘਟਨਾਵਾਂ ਹੋਈਆਂ। ਇਨ੍ਹਾਂ ਵਿੱਚ 3 ਲੋਕ ਮਾਰੇ ਗਏ ਅਤੇ 321 ਲੋਕ ਜ਼ਖਮੀ ਹੋ ਗਏ।
 
ਰਾਜਸਥਾਨ ਵਿੱਚ ਹੋਈਆਂ 91 ਫਿਰਕੂ ਹਿੰਸਾ ਦੀਆਂ ਘਟਨਾਵਾਂ ਵਿੱਚ 12 ਲੋਕ ਮਾਰੇ ਗਏ ਅਤੇ 175 ਲੋਕ ਜ਼ਖਮੀ ਹੋਏ। ਪੱਛਮ ਬੰਗਾਲ ਵਿੱਚ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਜਿੱਥੇ 2016 ਵਿੱਚ ਪੱਛਮ ਬੰਗਾਲ ਵਿੱਚ ਇਸ ਤਰ੍ਹਾਂ ਦੀਆਂ 32 ਘਟਨਾਵਾਂ ਹੋਈਆਂ, ਉੱਥੇ 2017 ਵਿੱਚ 58 ਫਿਰਕੂ ਹਿੰਸਾ ਦੇ ਮਾਮਲੇ ਸਾਹਮਣੇ ਆਏ। ਇਸ ਦੌਰਾਨ 9 ਲੋਕਾਂ ਦੀ ਮੌਤ ਹੋਈ ਅਤੇ 230 ਲੋਕ ਜ਼ਖਮੀ ਹੋ ਗਏ। ਬਿਹਾਰ, ਗੁਜਰਾਤ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਪੱਛਮ ਬੰਗਾਲ ਵਰਗੇ ਸੂਬਿਆਂ ਵਿੱਚ ਜ਼ਿਆਦਾਤਰ ਫਿਰਕੂ ਹਿੰਸਾ ਦੀਆਂ ਘਟਨਾਵਾਂ ਹੋਈਆਂ ਹਨ।

ਕੱਟਰਤਾ ਘਟੇਗੀ ਤਾਂ ਸੰਪਨਤਾ ਵਧੇਗੀ
ਅੰਤਰਰਾਸ਼ਟਰੀ ਪੱਤ੍ਰਿਕਾ 'ਸਾਇੰਸ ਐਡਵਾਂਸੇਜ਼' ਵਿੱਚ ਪਿਛਲੇ ਦਿਨੀਂ ਛਪੀ ਇੱਕ ਰਿਪੋਰਟ ਦੱਸਦੀ ਹੈ ਕਿ ਜਿਹੜਾ ਸਮਾਜ ਜਾਂ ਦੇਸ਼ ਜਿੰਨਾ ਧਰਮ ਨਿਰਪੱਖ ਹੁੰਦਾ ਹੈ, ਉੱਥੇ ਆਰਥਿਕ ਵਿਕਾਸ ਦੀ ਰਫਤਾਰ ਉਨੀ ਹੀ ਤੇਜ਼ ਹੁੰਦੀ ਹੈ। ਰਿਪੋਰਟ ਮੁਤਾਬਕ, ਇਹ ਮਾਨਤਾ ਠੀਕ ਨਹੀਂ ਹੈ ਕਿ ਆਰਥਿਕ ਵਿਕਾਸ ਨਾਲ ਧਰਮ ਨਿਰਪੱਖਤਾ ਵਰਗੀਆਂ ਕਦਰਾਂ ਕੀਮਤਾਂ ਮਜ਼ਬੂਤ ਹੁੰਦੀਆਂ ਹਨ। ਅਸਲ ਵਿੱਚ ਪ੍ਰਕਿਰਿਆ ਇਸਦੇ ਉਲਟ ਚਲਦੀ ਹੈ।
 
ਧਰਮ ਨਿਰਪੱਖਤਾ ਵਰਗੀਆਂ ਕਦਰਾਂ ਕੀਮਤਾਂ ਮਜ਼ਬੂਤ ਹੋਣ ਨਾਲ ਸਮਾਜ 'ਚ ਸੰਪਨਤਾ ਆਉਂਦੀ ਹੈ। ਜਿਵੇਂ-ਜਿਵੇਂ ਸਦਭਾਵਨਾ ਆਉਂਦੀ ਹੈ, ਉਸਦੇ ਨਾਲ-ਨਾਲ ਆਰਥਿਕ ਗਤੀਵਿਧੀਆਂ 'ਚ ਆਬਾਦੀ ਦੇ ਜ਼ਿਆਦਾ ਤੋਂ ਜ਼ਿਆਦਾ ਹਿੱਸੇ ਦੀ ਹਿੱਸੇਦਾਰੀ ਵਧਦੀ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਸਮਾਜਾਂ 'ਚ ਸਮਲੈਂਗਿਕ ਸਬੰਧ, ਮਹਿਲਾ ਸੁਤੰਤਰਤਾ, ਵਿਆਹ, ਤਲਾਕ ਆਦਿ ਮਾਮਲਿਆਂ 'ਤੇ ਜਿੰਨਾ ਲਚੀਲਾ ਰੁਖ਼ ਹੁੰਦਾ ਹੈ, ਉੱਥੇ ਆਰਥਿਕ ਵਿਕਾਸ ਦੀ ਪ੍ਰਕਿਰਿਆ ਵੀ ਉਨੀ ਹੀ ਰਫਤਾਰ ਨਾਲ ਅੱਗੇ ਵਧਦੀ ਹੈ।
 
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਧਰਮ ਨਿਰਪੱਖਤਾ ਦੀ ਮਜ਼ਬੂਤੀ ਦੇ ਨਾਲ ਕਿਸੇ ਦੇਸ਼ 'ਚ ਪ੍ਰਤੀ ਵਿਅਕਤੀ ਜੀਡੀਪੀ 'ਚ 10 ਸਾਲਾਂ 'ਚ 1000 ਡਾਲਰ, 20 ਸਾਲਾਂ 'ਚ 2800 ਡਾਲਰ ਤੇ 30 ਸਾਲਾਂ 'ਚ 5000 ਡਾਲਰ ਦਾ ਵਾਧਾ ਹੁੰਦਾ ਹੈ। ਇਹ ਰਿਪੋਰਟ ਉਨ੍ਹਾਂ ਸਾਰੇ ਲੋਕਾਂ ਲਈ ਇੱਕ ਸਬਕ ਹੈ, ਜਿਹੜੇ ਮੰਨਦੇ ਹਨ ਕਿ ਸਮਾਜ ਵਿੱਚ ਫੈਲ ਰਹੀ ਖਾਸ ਧਰਮ ਜਾਂ ਜਾਤੀ ਦੀ ਉੱਚਤਾ ਦੀ ਭਾਵਨਾ ਦਾ ਦੇਸ਼ ਦੇ ਵਿਕਾਸ ਨਾਲ ਕੋਈ ਮਤਲਬ ਨਹੀਂ ਹੁੰਦਾ ਅਤੇ ਇਹ ਦੋਵੇਂ ਨਾਲ-ਨਾਲ ਚੱਲ ਸਕਦੇ ਹਨ।

 

Comments

Leave a Reply