Sat,May 25,2019 | 01:20:23pm
HEADLINES:

Sports

ਅੰਬੇਡਕਰ ਨੇ ਕਿਹਾ ਸੀ-ਬੇਟੀਆਂ ਨੂੰ ਅੱਗੇ ਵਧਾਓ...ਅੱਜ ਛਾ ਗਈਆਂ ਬੇਟੀਆਂ

ਅੰਬੇਡਕਰ ਨੇ ਕਿਹਾ ਸੀ-ਬੇਟੀਆਂ ਨੂੰ ਅੱਗੇ ਵਧਾਓ...ਅੱਜ ਛਾ ਗਈਆਂ ਬੇਟੀਆਂ

ਆਧੁਨਿਕ ਭਾਰਤ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਹਰ ਵਰਗ ਦੀਆਂ ਔਰਤਾਂ ਦੇ ਹੱਕਾਂ ਲਈ ਲੜਦੇ ਰਹੇ। ਪੜ੍ਹਾਈ, ਜ਼ਾਇਦਾਦ ਸਮੇਤ ਹੋਰ ਖੇਤਰਾਂ 'ਚ ਉਨ੍ਹਾਂ ਨੇ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਹੱਕ ਤੇ ਅੱਗੇ ਵਧਣ ਦੇ ਬਰਾਬਰ ਮੌਕੇ ਦੇਣ ਦੀ ਵਕਾਲਤ ਕੀਤੀ, ਸੰਘਰਸ਼ ਕੀਤਾ।

ਅੱਜ ਜਦੋਂ ਬੇਟੀਆਂ ਨੂੰ ਅੱਗੇ ਵਧਣ ਦੇ ਮੌਕੇ ਮਿਲ ਰਹੇ ਹਨ ਤਾਂ ਉਹ ਵੀ ਆਪਣੇ ਹੁਨਰ ਨਾਲ ਇਹ ਸਾਬਿਤ ਕਰ ਰਹੀਆਂ ਹਨ ਕਿ ਉਹ ਪੁਰਸ਼ਾਂ ਨਾਲੋਂ ਘੱਟ ਨਹੀਂ ਹਨ। ਰਿਓ ਉਲੰਪਿਕ 'ਚ ਬੇਟੀਆਂ ਦੀ ਸਫਲਤਾ ਨੇ ਇਹ ਸੰਦੇਸ਼ ਦੇ ਦਿੱਤਾ ਕਿ ਲੜਕੀਆਂ ਨੂੰ ਘਰ 'ਚ ਕੈਦ ਨਾ ਰੱਖੋ, ਉਨ੍ਹਾਂ ਨੂੰ ਅੱਗੇ ਵਧ ਲੈਣ ਦਿਓ...

ਓਲੰਪਿਕ 'ਚ ਮੈਡਲ ਜਿੱਤ ਕੇ ਨਵਾਂ ਇਤਿਹਾਸ ਲਿਖ ਗਈ ਪੀਵੀ ਸਿੰਧੂ
21 ਸਾਲ ਦੀ ਪੀਵੀ ਸਿੰਧੂ ਨੇ ਓਲੰਪਿਕ 'ਚ ਬੈਡਮਿੰਟਨ ਦੇ ਵੂਮਨ ਸਿੰਗਲਸ ਮੁਕਾਬਲੇ 'ਚ ਸਿਲਵਰ ਮੈਡਲ ਜਿੱਤ ਕੇ ਨਵਾਂ ਇਤਿਹਾਸ ਕਾਇਮ ਕਰ ਦਿੱਤਾ। ਪਹਿਲੀ ਵਾਰ ਓਲੰਪਿਕ 'ਚ ਹਿੱਸਾ ਲੈ ਰਹੀ ਸਿੰਧੂ ਦੀ ਸਫਲਤਾ 'ਤੇ ਪਿਤਾ ਪੀਵੀ ਰਮੰਨਾ ਨੇ ਕਿਹਾ, ਉਨ੍ਹਾਂ ਨੂੰ ਆਪਣੀ ਬੇਟੀ 'ਤੇ ਮਾਣ ਹੈ। ਸਿੰਧੂ ਤੋਂ ਪਹਿਲਾਂ ਓਲੰਪਿਕ ਦੇ 120 ਸਾਲ ਦੇ ਇਤਿਹਾਸ ਵਿਚ ਕਿਸੇ ਵੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਨੇ ਓਲੰਪਿਕ 'ਚ ਸਿਲਵਰ ਮੈਡਲ ਨਹੀਂ ਜਿੱਤਿਆ।

ਸਿੰਧੂ ਦੀ ਬੈਡਮਿੰਟਨ 'ਚ ਵਿਸ਼ਵ 'ਚ 10ਵੀਂ ਰੈਂਕਿੰਗ ਹੈ। 5 ਜੁਲਾਈ 1995 ਨੂੰ ਤੇਲੰਗਾਨਾ 'ਚ ਜਨਮੀ ਸਿੰਧੂ ਦੀ ਲੰਬਾਈ 5 ਫੁੱਟ 10 ਇੰਚ ਹੈ। ਕਈ ਅੰਤਰ ਰਾਸ਼ਟਰੀ ਟੂਰਨਾਮੈਂਟਾਂ 'ਚ ਹਿੱਸਾ ਲੈ ਚੁੱਕੀ ਸਿੰਧੂ ਨੇ ਹੁਣ ਤੱਕ ਹਰ ਵੱਡੇ ਖਿਡਾਰੀਆਂ ਨੂੰ ਹਰਾਇਆ ਹੈ। ਉਨ੍ਹਾਂ ਦੇ ਮਾਤਾ-ਪਿਤਾ ਖੁਦ ਵਾਲੀਬਾਲ ਖਿਡਾਰੀ ਰਹਿ ਚੁੱਕੇ ਹਨ, ਜੋ ਕਿ ਸਿੰਧੂ ਲਈ ਪ੍ਰੇਰਣਾ ਸਰੋਤ ਹਨ।

ਬੱਸ ਕੰਡਕਟਰ ਦੀ ਬੇਟੀ ਸਾਕਸ਼ੀ ਨੇ ਪਹਿਲਵਾਨੀ 'ਚ ਦਿਖਾਇਆ ਦਮ
ਮਹਿਲਾ ਰੈਸਲਰ ਸਾਕਸ਼ੀ ਮਲਿਕ ਨੇ ਰਿਓ ਓਲੰਪਿਕ ਵਿਚ ਬ੍ਰੌਂਜ਼ ਮੈਡਲ ਜਿੱਤ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਉਸ ਨੇ ਫ੍ਰੀ ਸਟਾਈਲ ਕੁਸ਼ਤੀ ਦੇ 58 ਕਿਲੋਗ੍ਰਾਮ ਭਾਰ ਵਰਗ ਵਿਚ ਭਾਰਤ ਲਈ ਮੈਡਲ ਜਿੱਤਿਆ। ਓਲੰਪਿਕ ਵਿਚ ਭਾਰਤ ਲਈ ਮੈਡਲ ਜਿੱਤਣ ਵਾਲੀ ਉਹ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹੈ। ਸਾਕਸ਼ੀ ਦੇ ਪਿਤਾ ਸੁਖਬੀਰ ਮਲਿਕ ਡੀਟੀਸੀ ਬੱਸ 'ਚ ਕੰਡਕਟਰ ਹਨ।

ਸਾਕਸ਼ੀ ਨੇ ਸਿਰਫ 12 ਸਾਲ ਦੀ ਉਮਰ 'ਚ ਰੈਸਲਿੰਗ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਮਾਂ ਸੁਦੇਸ਼ ਨਹੀਂ ਚਾਹੁੰਦੀ ਸੀ ਕਿ ਬੇਟੀ ਪਹਿਲਵਾਨ ਬਣੇ। ਸਾਕਸ਼ੀ ਰੋਜ਼ਾਨਾ 6 ਤੋਂ 7 ਘੰਟੇ ਪ੍ਰੈਕਟਿਸ ਕਰਦੀ ਹੈ। ਉਹ ਇਹ ਪ੍ਰੈਕਟਿਸ ਪੁਰਸ਼ਾਂ ਨਾਲ ਵੀ ਕਰਦੀ ਹੈ। ਰੈਸਲਿੰਗ ਕਰਕੇ ਸਾਕਸ਼ੀ ਦੇ  ਕਮਰੇ ਵਿਚ ਗੋਲਡ, ਸਿਲਵਰ ਤੇ ਬ੍ਰੌਜ਼ ਮੈਡਲਾਂ ਦਾ ਢੇਰ ਲੱਗਿਆ ਹੋਇਆ ਹੈ। ਪੜ੍ਹਾਈ ਵਿਚ ਵੀ ਉਹ ਚੰਗੇ ਨੰਬਰ ਲਿਆ ਚੁੱਕੀ ਹੈ।

ਜਿਮਨਾਸਿਟਕ 'ਚ ਹਾਰ 'ਕੇ ਵੀ ਜਿੱਤ ਗਈ ਦੀਪਾ ਕਰਮਾਕਰ
ਓਲੰਪਿਕ ਖੇਡ ਦੇ ਵਾਲਟ ਇਵੈਂਟ ਦੇ ਫਾਈਨਲ 'ਚ ਜਿਮਨਾਸਟ ਦੀਪਾ ਕਰਮਾਕਰ ਹਾਰ ਕੇ ਵੀ ਜਿੱਤ ਗਈ। ਇਕ ਅਜਿਹੀ ਖੇਡ, ਜਿੱਥੇ ਭਾਰਤ ਦੀ ਮੌਜੂਦਗੀ ਦੂਰ-ਦੂਰ ਤੱਕ ਦਿਖਾਈ ਨਹੀਂ ਦਿੰਦੀ ਸੀ, ਦੀਪਾ ਉਸ 'ਚ ਚੌਥੇ ਨੰਬਰ 'ਤੇ ਪਹੁੰਚਣ 'ਚ ਸਫਲ ਹੋ ਗਈ। ਉਹ ਸਿਰਫ ਕੁਝ ਅੰਕਾਂ ਨਾਲ ਬ੍ਰੌਂਜ਼ ਮੈਡਲ ਜਿੱਤਣ ਤੋਂ ਖੁੰਝ ਗਈ।

ਦੀਪਾ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਜ਼ਿੰਦਗੀ 'ਚ ਕਾਫੀ ਸੰਘਰਸ਼ ਕੀਤਾ। ਉਸ ਨੇ ਜਦੋਂ ਪਹਿਲੀ ਵਾਰ ਕਿਸੇ ਜਿਮਨਾਸਟਿਕ ਮੁਕਾਬਲੇ 'ਚ ਹਿੱਸਾ ਲਿਆ, ਉਦੋਂ ਉਸ ਕੋਲ ਜੁੱਤੇ ਵੀ ਨਹੀਂ ਸਨ। ਮੁਕਾਬਲੇ ਲਈ ਸੂਟ ਵੀ ਉਸ ਨੇ ਕਿਸੇ ਤੋਂ ਉਧਾਰ ਮੰਗਿਆ ਸੀ। ਦੀਪਾ ਤ੍ਰਿਪੁਰਾ ਦੀ ਰਹਿਣ ਵਾਲੀ ਹੈ। ਸਿਰਫ ਛੇ ਸਾਲ ਦੀ ਉਮਰ 'ਚ ਹੀ ਉਸ ਨੇ ਜਿਮਨਾਸਟਿਕ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਸੀ। 2007 ਤੋਂ ਹੁਣ ਤੱਕ ਉਸ ਨੇ 77 ਮੈਡਲ ਜਿੱਤੇ ਹਨ, ਜਿਨ੍ਹਾਂ 'ਚ 67 ਗੋਲਡ ਮੈਡਲ ਹਨ।

Comments

Leave a Reply