Fri,Jan 18,2019 | 10:12:13pm
HEADLINES:

Social

ਸਿਰਫ ਰਾਖਵਾਂਕਰਨ ਵਿਵਸਥਾ ਦਾ ਵਿਰੋਧ ਕੀਤਾ ਜਾਂਦਾ ਹੈ, ਜਾਤੀਵਾਦ ਦਾ ਨਹੀਂ

ਸਿਰਫ ਰਾਖਵਾਂਕਰਨ ਵਿਵਸਥਾ ਦਾ ਵਿਰੋਧ ਕੀਤਾ ਜਾਂਦਾ ਹੈ, ਜਾਤੀਵਾਦ ਦਾ ਨਹੀਂ

ਗੁਜਰਾਤ ਵਿਚ ਪਟੇਲ ਸਮਾਜ ਵਲੋਂ ਰਾਖਵੇਂਕਰਨ ਦੀ ਮੰਗ 'ਤੇ ਬੀਤੇ ਦਿਨੀਂ ਕਾਫੀ ਹੰਗਾਮਾ ਹੋਇਆ। ਇਨ੍ਹਾਂ ਹਾਲਾਤਾਂ 'ਚ ਮੈਂ ਵੀ ਪਟੇਲਾਂ ਦੀ ਹਾਲਤ ਜਾਨਣ ਲਈ ਆਪਣੇ ਕਈ ਗੁਜਰਾਤੀ ਮਿੱਤਰਾਂ ਤੋਂ ਸਵਾਲ ਪੁੱਛਿਆ-ਕੀ ਤੁਹਾਡੇ ਲਈ ਘਰਾਂ ਵਿਚ ਸਫਾਈ ਕਰਨ ਵਾਲੇ ਪਟੇਲ ਹਨ? ਕੀ ਤੁਹਾਡੀ ਰੋਟੀ ਬਣਾਉਣ ਵਾਲੇ ਪਟੇਲ ਹਨ? ਕੀ ਤੁਹਾਡਾ ਪਖਾਨਾ ਸਾਫ ਕਰਨ ਵਾਲੇ ਪਟੇਲ ਹਨ? ਕੀ ਤੁਹਾਡੇ ਦੁੱਧ-ਸਬਜੀ ਵੇਚਣ ਵਾਲੇ ਪਟੇਲ ਹਨ? ਕੀ ਤੁਹਾਡੇ ਬੂਟ ਪਾਲਿਸ਼ ਕਰਨ ਵਾਲੇ, ਕੀ ਕੱਪੜੇ ਧੋਣ ਵਾਲੇ, ਤੁਹਾਡਾ ਕੂੜਾ ਚੁੱਕਣ ਵਾਲੇ ਪਟੇਲ ਹਨ? ਕੀ ਸੜਕਾਂ 'ਤੇ ਰੇਹੜੀ ਲਗਾਉਣ ਵਾਲੇ ਅਤੇ ਦਿਹਾੜੀ-ਮਜਦੂਰੀ ਕਰਨ ਵਾਲੇ ਪਟੇਲ ਹਨ? ਜਵਾਬ ਆਇਆ ਜਿਆਦਾਤਰ ਦਲਿਤ ਹਨ!! ਹੁਣ ਤੁਸੀਂ ਆਪਣੇ ਇੱਥੇ ਇਹ ਸਾਰੇ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਜਾਤੀ ਪੁੱਛੋ। ਸੱਚਾਈ ਸਾਹਮਣੇ ਆ ਜਾਵੇਗੀ।

ਅਖੌਤੀ ਉੱਚੀ ਜਾਤੀ ਵਾਲੇ ਬਿਲਕੁੱਲ ਗਰੀਬ ਹੋ ਸਕਦੇ ਹਨ, ਪਰ ਉਹ ਦੂਸਰਿਆਂ ਦੇ ਘਰਾਂ ਵਿਚ ਕੱਪੜੇ-ਭਾਂਡੇ ਨਹੀਂ ਧੋਂਦੇ, ਦੂਜਿਆਂ ਦੇ ਘਰਾਂ ਵਿਚ ਸਾਫ-ਸਫਾਈ ਨਹੀਂ ਕਰਦੇ, ਦੂਸਰਿਆਂ ਦੇ ਘਰਾਂ ਵਿਚ ਪਖਾਨਾ ਸਾਫ ਨਹੀਂ ਕਰਦੇ ਅਤੇ ਨਾ ਹੀ ਦੂਸਰਿਆਂ ਦੇ ਘਰਾਂ ਵਿਚੋਂ ਕੂੜਾ ਚੁੱਕਦੇ ਹਨ (ਗਿਣਤੀ ਦੇ ਕੁਝ ਲੋਕ ਜਰੂਰ ਹੋ ਸਕਦੇ ਹਨ)। ਇਨ੍ਹਾਂ ਹਲਾਤਾਂ ਵਿਚ ਗਰੀਬੀ ਦੀ ਪ੍ਰੀਭਾਸ਼ਾ ਕੀ ਸੁਵਿਧਾ ਮੁਤਾਬਕ ਬਦਲ ਦਿੱਤੀ ਜਾ ਸਕਦੀ ਹੈ? ਗੁਜਰਾਤ ਵਿਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਹੋਏ ਪਾਟੀਦਾਰ ਸਮਾਜ ਦੇ ਅੰਦੋਲਨ ਨੇ ਦੇਸ਼ ਵਿਚ ਫਿਰ ਤੋਂ ਬਹਿਸ ਛੇੜ ਦਿੱਤੀ ਹੈ। ਬਹਿਸ ਇਹ ਕਿ ਰਾਖਵਾਂਕਰਨ ਕਿਸ ਨੂੰ ਮਿਲੇ ਅਤੇ ਕਿਸ ਨੂੰ ਨਹੀਂ?

ਪਟੇਲ ਸਮਾਜ ਦੀ ਅਗਵਾਈ ਕਰ ਰਹੇ ਹਾਰਦਿਕ ਪਟੇਲ ਨੇ ਤਾਂ ਸਾਫ ਤੌਰ 'ਤੇ ਕਹਿ ਹੀ ਦਿੱਤਾ ਹੈ। ਜਾਂ ਤਾਂ ਸਾਰਿਆਂ ਨੂੰ ਰਾਖਵਾਂਕਰਨ ਮਿਲੇ ਜਾਂ ਕਿਸੇ ਨੂੰ ਨਹੀਂ। ਤਾਂ ਕੀ ਪਟੇਲ ਸਮਾਜ ਰਾਹੀਂ ਹਿੰਸਕ ਅੰਦੋਲਨ ਕਰਾਉਣ ਦਾ ਉਦੇਸ਼ ਦੇਸ਼ ਵਿਚ ਰਾਖਵਾਂਕਰਨ ਵਿਰੋਧੀ ਮਾਹੌਲ ਬਣਾਉਣਾ ਸੀ? ਕੀ ਰਾਖਵੇਂਕਰਨ ਦੇ ਖਿਲਾਫ ਦੂਸਰੀ ਜਾਤੀਆਂ ਵਿਚ ਵਧ ਰਹੇ ਵਿਰੋਧ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਸ਼ ਵਿਚ ਕੁਝ ਹਿੱਸਿਆਂ 'ਚ ਹਿੰਸਕ ਅੰਦੋਲਨ ਕਰਵਾ ਕੇ ਐਸਸੀ, ਐਸਟੀ, ਓਬੀਸੀ ਰਾਖਵਾਂਕਰਨ ਖਤਮ ਕਰਨ ਦੀ ਮੰਗ ਚੁੱਕਣ ਦੀ ਸਾਜਿਸ਼ ਹੋ ਰਹੀ ਹੈ? 

ਜਿਸ ਤਰ੍ਹਾਂ ਹਰਿਆਣੇ ਵਿਚ ਜਾਟਾਂ ਦਾ ਜਮੀਨਾਂ 'ਤੇ ਕਬਜਾ ਹੈ, ਸਰਕਾਰੀ ਨੌਕਰੀ ਵਿਚ ਹਿੱਸੇਦਾਰੀ ਹੈ, ਸੂਬੇ ਦੀ ਰਾਜਨੀਤਕ ਸੱਤਾ 'ਤੇ ਕਬਜਾ ਹੈ, ਉਸੇ ਤਰ੍ਹਾਂ ਹੀ ਗੁਜਰਾਤ ਵਿਚ ਪਟੇਲ ਵੀ ਆਰਥਿਕ ਪੱਖੋਂ ਮਜਬੂਤ ਤੇ ਸਮਾਜਿਕ, ਰਾਜਨੀਤਕ ਤੌਰ 'ਤੇ ਪ੍ਰਭਾਵਸ਼ਾਲੀ ਹਨ। ਫਿਰ ਵੀ ਇਹ ਰਾਖਵਾਂਕਰਨ ਮੰਗ ਰਹੇ ਹਨ। ਇਹ ਮੰਗ ਦੂਸਰੀਆਂ ਜਾਤੀਆਂ ਵਿਚ ਵੀ ਹੋ ਰਹੀ ਹੈ। ਮਤਲਬ ਦੇਸ਼ ਭਰ ਵਿਚ ਰਾਖਵਾਂਕਰਨ ਸਭ ਨੂੰ ਮਿਲੇ ਜਾਂ ਕਿਸੇ ਨੂੰ ਨਾ ਮਿਲੇ-ਇਹ ਮਹੌਲ ਬਣਾਇਆ ਜਾ ਰਿਹਾ ਹੈ।

ਕਦੇ ਰਾਜਸਥਾਨ ਦੇ ਗੁੱਜਰ, ਕਦੇ ਹਰਿਆਣਾ ਦੇ ਜਾਟ, ਕਦੇ ਗੁਜਰਾਤ ਦੇ ਪਟੇਲ ਤਾਂ ਕਦੇ ਮਹਾਰਾਸ਼ਟਰ ਦੇ ਮਰਾਠਾ ਰਾਖਵਾਂਕਰਨ ਦੀ ਮੰਗ ਕਰ ਰਹੇ ਹਨ। ਅਜਿਹਾ ਕਿਉਂ ਹੈ ਕਿ ਅਖੌਤੀ ਉੱਚੀ ਜਾਤੀ ਵਾਲੇ ਆਪਣੇ-ਆਪ ਨੂੰ ਪਛੜਾ ਐਲਾਨੇ ਜਾਣ ਦੀ ਮੰਗ ਕਰਦੇ ਹਨ? ਇਸ ਦੇ ਪਿੱਛੇ ਉੱਤਰ ਦਿੱਤਾ ਜਾਂਦਾ ਹੈ ਆਰਥਿਕ ਆਧਾਰ 'ਤੇ ਪੱਛੜ ਜਾਣਾ। ਹੋ ਸਕਦਾ ਹੈ ਅਖੌਤੀ ਉੱਚੀ ਜਾਤੀ ਵਿਚ ਵੀ ਕਈ ਲੋਕ ਗਰੀਬ ਹੋਣ। ਕਈ ਲੋਕ ਆਪਣੀ ਆਰਥਿਕ ਜਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੇ ਹੋਣ, ਪਰ ਦਲਿਤਾਂ-ਪਛੜਿਆਂ ਦੇ ਮੁਕਾਬਲੇ ਅਜਿਹੇ ਲੋਕਾਂ ਦੀ ਸੰਖਿਆ ਬਹੁਤ ਘੱਟ ਹੈ।

ਆਰਥਿਕ ਤੌਰ 'ਤੇ ਪੱਛੜੇ ਲੋਕਾਂ ਲਈ ਸਰਕਾਰ ਬੀਪੀਐਲ ਮਤਲਬ ਗਰੀਬੀ ਰੇਖਾ ਤੋਂ ਥੱਲੇ ਦੀ ਕਈ ਯੋਜਨਾਵਾਂ ਚਲਾਉਂਦੀ ਹੈ। ਅਜਿਹੇ ਲੋਕਾਂ ਨੂੰ ਸਸਤੇ ਰਾਸ਼ਨ ਤੋਂ ਲੈ ਕੇ ਆਰਥਿਕ ਮਦਦ ਤੱਕ ਦਿੱਤੀ ਜਾਂਦੀ ਹੈ। ਫਿਰ ਕੀ ਇਹ ਲੋਕ ਆਰਥਿਕ ਆਧਾਰ 'ਤੇ ਮਿਲਣ ਵਾਲੀ ਮਦਦ ਤੋਂ ਇਲਾਵਾ ਜਾਤੀ ਆਧਾਰਤ ਰਾਖਵੇਂਕਰਨ ਦੀ ਮੰਗ ਕਿਉਂ ਕਰਦੇ ਹਨ? ਅਸਲ ਵਿਚ ਅਖੌਤੀ ਉੱਚੀ ਜਾਤੀ ਵਿਚ ਇਹ ਵਹਿਮ ਫੈਲਾਇਆ ਜਾ ਰਿਹਾ ਹੈ ਕਿ ਰਾਖਵੇਂਕਰਨ ਨਾਲ ਦਲਿਤ/ਓਬੀਸੀ ਚੰਗੀ ਮਲਾਈ ਖਾ ਰਹੇ ਹਨ ਅਤੇ ਅਖੌਤੀ ਉੱਚੀ ਜਾਤੀ ਵਾਲੇ ਪਛੜ ਗਏ ਹਨ। ਤਾਂ ਹੀ ਤਾਂ ਗ੍ਰੇਸ ਮਾਰਕਸ ਨਾਲ ਪਾਸ ਹੋਏ ਹਾਰਦਿਕ ਪਟੇਲ ਕਹਿੰਦੇ ਹਨ 90 ਫੀਸਦੀ ਅੰਕਾਂ ਵਾਲੇ ਪਟੇਲਾਂ ਦੀ ਨੌਕਰੀ ਰਾਖਵਾਂਕਰਨ ਵਾਲੇ ਖਾ ਜਾਂਦੇ ਹਨ। 

ਦੇਸ਼ ਵਿਚ ਅੰਦੋਲਨ ਜਾਤੀ ਵਿਵਸਥਾ ਨੂੰ ਖਤਮ ਕਰਨ ਲਈ ਕਿਉਂ ਨਹੀਂ ਹੁੰਦੇ? ਕਿਉਂ ਬਰਾਬਰੀ ਦੀ ਕੋਸ਼ਿਸ਼ ਨਹੀਂ ਹੁੰਦੀ? ਜਾਤੀਵਾਦ ਦਾ ਵਿਰੋਧ ਨਹੀਂ ਹੋ ਰਿਹਾ, ਪਰ ਰਾਖਵੇਂਕਰਨ ਦਾ ਵਿਰੋਧ ਹੋ ਰਿਹਾ ਹੈ। ਜਾਤੀ ਆਧਾਰਤ ਰਾਖਵਾਂਕਰਨ ਖਤਮ ਕਰਨ ਤੋਂ ਪਹਿਲਾਂ ਜਾਤੀਵਾਦ ਨੂੰ ਖਤਮ ਕਰਨਾ ਚਾਹੀਦਾ ਹੈ। ਸੰਸਾਧਨਾਂ ਦੀ ਬਰਾਬਰ ਵੰਡ ਕੀਤੀ ਜਾਣੀ ਚਾਹੀਦੀ ਹੈ।

ਗੋਤਰ-ਸਰਨੇਮ ਦੇ ਇਸਤੇਮਾਲ 'ਤੇ ਰੋਕ ਲਾਉਣ ਦਾ ਕਾਨੂੰਨ ਪਾਸ ਕੀਤਾ ਜਾਣਾ ਚਾਹੀਦਾ ਹੈ। ਆਰਥਿਕ ਤੌਰ 'ਤੇ ਬਰਾਬਰੀ ਸਮਾਜ ਨੂੰ ਸਹੀ ਤੇ ਤਰੱਕੀ ਦੇ ਰਾਹ ਵੱਲ ਲੈ ਜਾ ਸਕਦੀ ਹੈ, ਪਰ ਇਹ ਨਿਰਾਸ਼ਾਜਨਕ ਹੈ ਕਿ ਦਲਿਤ-ਪਛੜੇ ਸਮਾਜ ਨੂੰ ਸਮਾਜਿਕ ਬਰਾਬਰੀ ਦਾ ਹੱਕ ਦਿੱਤੇ ਜਾਣ ਦੀ ਜਗ੍ਹਾ ਰਾਖਵੇਂਕਰਨ ਰਾਹੀਂ ਉਨ੍ਹਾਂ ਨੂੰ ਮਿਲ ਰਹੇ ਮੌਕਿਆਂ ਨੂੰ ਵੀ ਖੋਹਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਰਾਖਵੇਂਕਰਨ ਦੇ ਵਿਰੋਧ ਵਿਚ ਵਾਰ-ਵਾਰ ਆਵਾਜਾਂ ਉੱਠਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸਨੂੰ ਹਲਕੇ ਵਿਚ ਲਿਆ ਨਹੀਂ ਜਾਣਾ ਚਾਹੀਦਾ।ਹੁਨਰ ਵਿਚ ਵਾਧਾ ਕਰਦਾ ਹੈ ਰਾਖਵਾਂਕਰਨ
ਆਮ ਤੌਰ 'ਤੇ ਅਸੀਂ ਰਾਖਵੇਂਕਰਨ ਨੂੰ ਯੋਗਤਾ ਦਾ ਵਿਰੋਧੀ ਹੋਣ ਦੀਆਂ ਗੱਲਾਂ ਸੁਣਦੇ ਹਨ। ਹਾਲਾਂਕਿ ਵਰਲਡ ਡਵੈਲਪਮੇਂਟ ਮੁਤਾਬਕ ਰਾਖਵੇਂਕਰਨ ਨਾਲ ਯੋਗਤਾ 'ਤੇ ਕੋਈ ਫਰਕ ਨਹੀਂ ਪੈਂਦਾ। ਦਿੱਲੀ ਸਕੂਲ ਆਫ ਇਕੋਨਾਮਿਕਸ ਦੇ ਪ੍ਰੋਫੈਸਰ ਅਸ਼ਵਿਨੀ ਦੇਸ਼ਪਾਂਡੇ ਅਤੇ ਯੂਨੀਵਰਸਿਟੀ ਆਫ ਮਿਸ਼ਿਗਨ ਦੇ ਪ੍ਰੋਫੈਸਰ ਥੋਮਸ ਵਿਸਕੋਪਫ ਦੇ ਵਰਲਡ ਡਵੈਲਪਮੇਂਟ ਜਨਰਲ ਵਿਚ ਬੀਤੇ ਦਿਨੀਂ ਛਪੇ ਸੋਧ ਵਿਚ ਸਾਬਿਤ ਹੋਇਆ ਹੈ ਕਿ ਰਾਖਵੇਂਕਰਨ ਨਾਲ ਯੋਗਤਾ 'ਤੇ ਕੋਈ ਫਰਕ ਨਹੀਂ ਪੈਂਦਾ। 1980 ਤੋਂ 2002 ਵਿਚ ਭਾਰਤੀ ਰੇਲਵੇ 'ਤੇ ਕੀਤੇ ਗਏ ਸਰਵੇਖਣ ਵਿਚ ਸਾਹਮਣੇ ਆਇਆ ਕਿ ਰਾਖਵੇਂਕਰਨ ਕਾਰਨ ਨੌਕਰੀ ਹਾਸਲ ਕਰਨ ਵਾਲੇ ਕਈ ਲੋਕ ਜਨਰਲ ਵਰਗ ਦੇ ਲੋਕਾਂ ਤੋਂ ਜਿਆਦਾ ਕੁਸ਼ਲਤਾ ਨਾਲ ਕੰਮ ਕਰਦੇ ਹਨ। ਰਾਖਵੇਂਕਰਨ ਤੋਂ ਮਿਲੇ ਮੌਕਿਆਂ ਨਾਲ ਹੁਨਰ ਵਿਚ ਵਾਧਾ ਹੁੰਦਾ ਹੈ ਨਾ ਕਿ ਕਮੀ। ਅਸਲ ਵਿਚ ਰਾਖਵਾਂਕਰਨ ਇਹ ਸਾਬਿਤ ਕਰਦਾ ਹੈ ਕਿ ਹਜਾਰਾਂ ਸਾਲਾਂ ਤੋਂ ਮੁੱਖ ਧਾਰਾ ਤੋਂ ਅਲੱਗ ਰੱਖੇ ਗਏ ਸਮਾਜ ਨੂੰ ਜੇਕਰ ਮੌਕਾ ਮਿਲੇ ਤਾਂ ਉਹ ਵੀ ਅੱਗੇ ਵਧ ਸਕਦੇ ਹਨ। ਰਾਖਵਾਂਕਰਨ ਇਹ ਹੀ ਮੌਕਾ ਇਨ੍ਹਾਂ ਲੋਕਾਂ ਨੂੰ ਦਿੰਦਾ ਹੈ।  


ਸਮਾਜਿਕ-ਰਾਜਨੀਤਕ ਪੱਖੋਂ ਪਟੇਲ ਮਜਬੂਤ
ਜੇਕਰ ਸੱਚ ਵਿਚ ਪਟੇਲ ਗਰੀਬ ਹਨ ਤਾਂ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਗੁਜਰਾਤ ਵਿਚ ਵਿਕਾਸ ਮਾਡਲ ਨੇ ਉੱਥੇ ਕੋਈ ਕੰਮ ਨਹੀਂ ਕੀਤਾ। ਉੱਥੇ ਦਾ ਸਭ ਤੋਂ ਸੰਪੰਨ ਤਬਕਾ ਗਰੀਬ ਹੋ ਕੇ ਰਾਖਵਾਂਕਰਨ ਮੰਗ ਰਿਹਾ ਹੈ। ਗੁਜਰਾਤ ਵਿਚ ਪਟੇਲਾਂ ਦੀ ਗੱਲ ਕਰੀਏ ਤਾਂ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਵੱਲਵ ਭਾਈ ਪਟੇਲ ਤੋਂ ਲੈ ਕੇ ਸੂਬੇ ਦੀ ਮੌਜੂਦਾ ਮੁੱਖ ਮੰਤਰੀ ਆਨੰਦੀ ਪਟੇਲ ਤੱਕ ਹਮੇਸ਼ਾ ਪਟੇਲ ਮਜਬੂਤ ਸਥਿਤੀ ਵਿਚ ਰਹੇ ਹਨ। ਵਿਧਾਨਸਭਾ ਵਿਚ ਕਰੀਬ 40 ਵਿਧਾਇਕ ਪਟੇਲ ਹਨ। ਪੂਰੇ ਸੂਬੇ ਵਿਚ ਜਮੀਨ ਪਟੇਲਾਂ ਦੇ ਕੋਲ ਹੈ। ਵਿਸ਼ਵ ਭਰ ਦੇ ਹੀਰਾ ਕਾਰੋਬਾਰ ਦੇ ਇਕ ਤਿਹਾਈ 'ਤੇ ਗੁਜਰਾਤੀ ਪਟੇਲਾਂ ਦਾ ਕਬਜਾ ਹੈ। ਵੱਡੇ ਉਦਯੋਗਾਂ ਤੋਂ ਲੈ ਕੇ ਛੋਟੇ ਅਤੇ ਮਿਡਲ ਉਦਯੋਗ ਪਟੇਲਾਂ ਦੇ ਕੋਲ ਹਨ। ਗੁਜਰਾਤ ਵਿਚ ਸਿਰਫ 18-20 ਫੀਸਦੀ ਆਬਾਦੀ ਵਾਲੇ ਪਟੇਲ ਸਮਾਜ ਦਾ ਸੂਬੇ ਦੀ 40 ਫੀਸਦੀ ਸਰਕਾਰੀ ਅਤੇ ਗੈਰ ਸਰਕਾਰੀ ਨੌਕਰੀਆਂ 'ਤੇ ਕਬਜਾ ਹੈ। ਮਤਲਬ ਕੁੱਲ ਮਿਲਾਕੇ ਪਟੇਲ ਗੁਜਰਾਤ ਵਿਚ ਆਰਥਿਕ ਅਤੇ ਰਾਜਨੀਤਕ ਤੌਰ 'ਤੇ ਬਾਕੀ ਸਮਾਜ ਦੇ ਮੁਕਾਬਲੇ ਕਾਫੀ ਮਜਬੂਤ ਸਥਿਤੀ ਵਿਚ ਹਨ। ਫਿਰ ਵੀ ਰਾਖਵਾਂਕਰਨ ਚਾਹੀਦਾ ਹੈ?
-ਸੁਮਿਤ ਚੌਹਾਨ

Comments

Leave a Reply