Mon,Aug 19,2019 | 06:24:36pm
HEADLINES:

Social

ਪ੍ਰਧਾਨਗੀਆਂ-ਸਕੱਤਰੀਆਂ ਦਾ ਚੌਧਰਪੁਣਾ ਝਾੜਨ ਲਈ ਬਣੇ ਸੰਗਠਨ 'ਬਹੁਜਨਾਂ ਦੇ ਆਜ਼ਾਦੀ ਅੰਦੋਲਨ' ਦੇ ਰਾਹ ਦਾ ਰੋੜਾ

ਪ੍ਰਧਾਨਗੀਆਂ-ਸਕੱਤਰੀਆਂ ਦਾ ਚੌਧਰਪੁਣਾ ਝਾੜਨ ਲਈ ਬਣੇ ਸੰਗਠਨ 'ਬਹੁਜਨਾਂ ਦੇ ਆਜ਼ਾਦੀ ਅੰਦੋਲਨ' ਦੇ ਰਾਹ ਦਾ ਰੋੜਾ

ਜਦੋਂ ਹੀ, ਖਾਸ ਕਰਕੇ ਦਲਿਤ ਬਹੁਜਨਾਂ ਵਿਚ ਮਜ਼ਬੂਤ ਸੰਗਠਨ ਬਣਦੇ ਹਨ ਤੇ ਚੰਗੇ ਲੋਕ ਆ ਕੇ ਇਨ੍ਹਾਂ ਸੰਗਠਨਾਂ ਦੀ ਅਗਵਾਈ ਕਰਨ ਲੱਗਦੇ ਹਨ ਤਾਂ ਲੋਕਾਂ ਦਾ ਜੁੜਨਾ ਵੀ ਸ਼ੁਰੂ ਹੋ ਜਾਂਦਾ ਹੈ। ਮਜ਼ਬੂਤ ਸੰਗਠਨ ਸਹੀ ਰਾਹ 'ਤੇ ਵਧਦੇ ਹੋਏ, ਸਮਾਜ ਨੂੰ ਸਹੀ ਦਿਸ਼ਾ ਦਿੰਦੇ ਹੋਏ ਆਪਣੇ ਆਪ ਨੂੰ ਉਸ ਦਿਸ਼ਾ 'ਚ ਲੈ ਕੇ ਤੁਰਦੇ ਹਨ, ਜਿਸ ਦਿਸ਼ਾ ਵਿਚ ਸਾਡੀ ਆਜ਼ਾਦੀ ਮਾਣ-ਸਨਮਾਨ ਬਹਾਲ ਹੋਣਾ ਹੁੰਦਾ ਹੈ। ਜਿਉਂ ਹੀ ਇਹ ਸਮਾਜ ਦੇ ਪਰਦੇ 'ਤੇ ਪ੍ਰਦਰਸ਼ਿਤ ਹੁੰਦਾ ਹੈ ਤਾਂ ਇਕ ਖਾਸ ਕਿਸਮ ਦੀ ਘਟਨਾ ਆਮ ਵਾਪਰਦੀ ਹੈ। 

ਕੁਝ ਲੋਕ ਚਾਹੇ ਉਹ ਪਿੰਡਾਂ 'ਚ ਹੋਣ ਜਾਂ ਸ਼ਹਿਰਾਂ 'ਚ, ਦਫਤਰਾਂ-ਮੁਹੱਲਿਆਂ 'ਚ ਹੋਣ, ਚਾਹੇ ਉਹ ਜਾਤੀਆਂ 'ਚ ਹੋਣ ਜਾਂ ਧਾਰਮਿਕ ਸਥਾਨਾਂ 'ਤੇ ਹੋਣ, ਉਹ ਕਿਸੇ ਲਾਲਚ ਵੱਸ ਜਾਂ ਕਿਸੇ ਭਾਵਨਾ ਵੱਸ ਬਹੁਤ ਤੇਜ਼ੀ ਨਾਲ ਨਵੇਂ ਸੰਗਠਨ ਪੈਦਾ ਕਰਦੇ ਹਨ। ਜਿਸ ਤਰ੍ਹਾਂ ਸਾਉਣ ਦੇ ਮਹੀਨੇ ਵਿਚ ਜਦੋਂ ਹਰਿਆਲੀ ਰੰਗ ਫੜਦੀ ਹੈ, ਚਾਰੇ ਪਾਸੇ ਮਨੁੱਖ ਵੀ, ਪਸ਼ੂ-ਪੰਛੀ ਵੀ ਤੇ ਰੁੱਖ ਵੀ ਹਰਿਆਲੀ ਦਾ ਦਮ ਭਰਦੇ ਹਨ, ਆਸਮਾਨ ਸਾਫ ਹੋਣ ਲਗਦਾ ਹੈ, ਜੀਵਨ ਇਕ ਸੁਕੂਨ ਵਿਚੋਂ ਲੰਘਣ ਲੱਗਦਾ ਹੈ। ਇਸ ਦੌਰਾਨ ਇਕ ਸਾਂਝੀ ਚੀਜ਼ ਕੁਦਰਤ ਸਾਹਮਣੇ ਪ੍ਰਦਰਸ਼ਿਤ ਹੁੰਦੀ ਹੈ।

ਬਿਲਕੁੱਲ ਇਸੇ ਸਮੇਂ ਖੁੰਬਾਂ ਵੀ ਉਗਦੀਆਂ ਹਨ। ਜਿਉਂ ਹੀ ਇਹ ਸਿਰ ਚੁੱਕਦੀਆਂ ਹਨ ਤਾਂ ਇਨ੍ਹਾਂ ਦੇ ਨਾਲ ਪੱਦ ਬਹੇੜੇ ਵੀ ਉੁੱਗ ਆਉਂਦੇ ਹਨ। ਇਸੇ ਤਰ੍ਹਾਂ ਜਦੋਂ ਸਮਾਜ ਵਿਚ ਚੰਗੇ ਸੰਗਠਨ ਬਣ ਕੇ ਜ਼ਿੰਦਗੀ ਨੂੰ ਹਰਿਆਲੀ ਦੇਣ ਲੱਗਦੇ ਹਨ, ਠੰਡੀਆਂ ਹਵਾਵਾਂ ਦੇਣ ਲੱਗਦੇ ਹਨ ਤਾਂ ਪੱਦ ਬਹੇੜਿਆਂ ਵਾਂਗ ਨਿੱਕੇ-ਨਿੱਕੇ ਸੰਗਠਨ ਉੱਗਣ ਲੱਗ ਜਾਂਦੇ ਹਨ। ਇਸ ਤਰ੍ਹਾਂ ਦੇ ਸੰਗਠਨ, ਜਿਹੜੇ ਬਹੁਤ ਤੇਜ਼ੀ ਨਾਲ ਉੱਗਦੇ ਹਨ, ਇਨ੍ਹਾਂ ਦਾ ਬਹੁਤ ਤੇਜ਼ੀ ਨਾਲ ਨਾਮਕਰਨ ਹੁੰਦਾ ਹੈ, ਤੇਜ਼ੀ ਨਾਲ ਰਜਿਸਟ੍ਰੇਸ਼ਨ ਹੁੰਦੀ ਹੈ। ਇਹ ਤੇਜ਼ੀ ਨਾਲ ਸੜਕਾਂ 'ਤੇ ਨਿਕਲਦੇ ਹਨ, 'ਜ਼ਿੰਦਾਬਾਦ-ਮੁਰਦਾਬਾਦ' ਕਰਕੇ ਆਪਣੀ ਪਛਾਣ ਬਣਾਉਣ ਲੱਗਦੇ ਹਨ। ਫਿਰ ਮੁਸੀਬਤ ਦੀ ਤੰਦ ਫੜਦੇ ਹਨ ਤੇ ਉਸਨੂੰ ਫੜ ਕੇ ਦੌੜਨ ਲਗਦੇ ਹਨ।

ਇਨ੍ਹਾਂ ਨੂੰ ਇਕ ਸੁਪਨਾ ਬੁਣਨ ਦੀ ਆਦਤ ਪੈ ਜਾਂਦੀ ਹੈ। ਇਨ੍ਹਾਂ ਦੀ ਉਮਰ ਖੁੰਬਾਂ 'ਚ ਉੱਗੇ ਛੁਤਰਾਲੂਆਂ ਵਾਂਗ ਹੁੰਦੀ ਹੈ, ਦਿੱਖ ਵੀ ਉਸ ਤਰ੍ਹਾਂ ਦੀ ਹੁੰਦੀ ਹੈ। ਇਹ ਕਿਸੇ ਵੀ ਸਮਾਜ ਦੇ ਸੰਘਰਸ਼ ਵਿਚ ਬਹੁਤ ਵੱਡਾ ਰੋੜਾ ਹੁੰਦੇ ਹਨ। ਇਹ ਸੰਘਰਸ਼ਾਂ ਨੂੰ ਚੱਲਣ ਨਹੀਂ ਦਿੰਦੇ। ਹਰ ਰਸਤੇ ਵਿਚ ਇਹ ਸੰਗਠਨ ਖੁੱਲ੍ਹੇਆਮ ਪੈਰਾਂ ਵਿਚ ਵੱਜਣ ਵਾਲੇ ਰੋੜਿਆਂ ਵਾਂਗ ਆਪਣੀ ਵਾਰ-ਵਾਰ ਪਛਾਣ ਕਰਾਉਂਦੇ ਹਨ। ਇਨ੍ਹਾਂ ਦੇ ਅੰਦਰ ਨਾ ਤਾਂ ਕੋਈ ਸਮਰੱਥਾ ਹੁੰਦੀ ਹੈ ਤੇ ਨਾ ਹੀ ਇਹ ਸਮਾਜ ਨੂੰ ਕੋਈ ਸੇਧ ਦੇ ਸਕਦੇ ਹਨ, ਨਾ ਸਮਾਜ ਨੂੰ ਸਵਾਰ ਸਕਦੇ ਹਨ। ਨਾ ਅੰਬੇਡਕਰ ਮਿਸ਼ਨ ਵਿਚ ਇਨ੍ਹਾਂ ਦਾ ਕੋਈ ਯੋਗਦਾਨ ਬਣਦਾ ਹੁੰਦਾ ਹੈ ਤੇ ਨਾ ਹੀ ਇਹ ਰਸਤੇ ਵਿਚੋਂ ਪਾਸੇ ਹਟਦੇ ਹਨ। 

ਇਹੋ ਜਿਹੇ ਸੰਗਠਨ ਗੁਲਾਮੀ ਨੂੰ ਮਜ਼ਬੂਤ ਕਰਨ ਦੇ ਹੱਕ ਵਿਚ ਭੁਗਤ ਜਾਂਦੇ ਹਨ। ਦੇਸ਼ ਵਿਚ ਇਸ ਸਮੇਂ ਅਨੁਸੂਚਿਤ ਜਾਤੀਆਂ ਦੇ ਕਾਗਜ਼ਾਂ 'ਚ ਅਜਿਹੇ 32 ਹਜ਼ਾਰ ਸੰਗਠਨ ਹਨ, ਜੋ ਕਿ ਕਿਤੇ ਨਜ਼ਰ ਨਹੀਂ ਆਉਂਦੇ। ਜਿਹੜੇ ਵਧੀਆ ਸੰਗਠਨ ਹਨ, ਜਿਨ੍ਹਾਂ ਕਰਕੇ ਦੇਸ਼ ਅੰਦਰ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ, ਸੰਘਰਸ਼ ਚਲਦਾ ਰਹਿੰਦਾ ਹੈ, ਉਨ੍ਹਾਂ ਦੀ ਗਿਣਤੀ ਦੇਸ਼ 'ਚ ਜ਼ਿਆਦਾ ਤੋਂ ਜ਼ਿਆਦਾ 100 ਦੀ ਹੈ।

ਤੁਸੀਂ ਪਿੰਡ ਦੀ ਗਲੀ ਤੋਂ ਲੈ ਕੇ ਦਿੱਲੀ ਤੱਕ, ਮੰਦਰਾਂ ਤੋਂ ਲੈ ਕੇ ਗੁਰਦੁਆਰਿਆਂ ਤੱਕ ਹਰ ਜਗ੍ਹਾ ਸੰਗਠਨ ਦੇਖੋਗੇ, ਜਿਹੜੇ ਅੰਬੇਡਕਰ ਦੇ ਨਾਂ 'ਤੇ ਬਣੇ ਹਨ, ਮਿਸ਼ਨ ਦੇ ਨਾਂ 'ਤੇ ਬਣੇ ਹੋਏ ਹਨ। ਅਨੁਸੂਚਿਤ ਜਾਤੀਆਂ ਦੇ ਇਹ 32 ਹਜ਼ਾਰ ਸੰਗਠਨ ਜਾਤੀਆਂ ਵਾਂਗ ਹਨ। ਜਿਵੇਂ ਜਾਤੀਆਂ ਨਹੀਂ ਮਿਟਦੀਆਂ, ਉਵੇਂ ਸੰਗਠਨ ਨਹੀਂ ਮਿਟਦੇ। ਜਿਹੜਾ ਸੰਗਠਨ ਇਕ ਵਾਰੀ ਬਣ ਗਿਆ, ਉਸ ਦੇ ਨਾਲ ਲੋਕ ਹੋਣ ਜਾਂ ਨਾ ਹੋਣ, ਉਸਦੇ ਪ੍ਰਧਾਨ ਜਾਂ ਸਕੱਤਰ ਜ਼ਰੂਰ ਹੁੰਦੇ ਹਨ। ਇਹ ਪ੍ਰਧਾਨ-ਸਕੱਤਰ ਇਹ ਵੱਡੇ ਕਾਰਵਾਂ ਦੇ ਰਾਹ ਵਿਚ ਥੋਰ ਦੇ ਵਾਂਗ ਖੜ੍ਹੇ ਰਹਿੰਦੇ ਹਨ। 

ਇਨ੍ਹਾਂ ਦੀ ਪਛਾਣ ਨਹੀਂ ਹੁੰਦੀ, ਕੰਮ ਕੋਈ ਨਹੀਂ ਹੁੰਦਾ, ਜ਼ਮੀਨ ਕੋਈ ਨਹੀਂ ਹੁੰਦੀ, ਇਨ੍ਹਾਂ ਦੀਆਂ ਜੜ੍ਹਾਂ ਕੋਈ ਨਹੀਂ ਹੁੰਦੀਆਂ, ਇਨ੍ਹਾਂ ਨੇ ਫੈਲਣਾ ਨਹੀਂ ਹੁੰਦਾ, ਵਧਣਾ ਨਹੀਂ ਹੁੰਦਾ। ਇਸ ਕਰਕੇ ਵੱਡੇ ਕਾਰਵਾਂ ਇਨ੍ਹਾਂ ਵੱਲ ਧਿਆਨ ਨਹੀਂ ਦਿੰਦੇ। ਅਜਿਹੇ ਸੰਗਠਨ ਹਮੇਸ਼ਾ ਵੱਡੇ ਸੰਗਠਨਾਂ ਦੇ ਵਿਰੋਧ ਵਿਚ ਲੱਗੇ ਰਹਿੰਦੇ ਹਨ। ਇਨ੍ਹਾਂ ਸੰਗਠਨਾਂ ਵਲੋਂ ਵੱਡੇ ਸੰਗਠਨਾਂ ਦਾ ਵਿਰੋਧ ਕਰਨਾ, ਇੱਟਾਂ-ਵੱਟੇ ਮਾਰਦੇ ਰਹਿਣਾ, ਵੱਡੇ ਸੰਗਠਨਾਂ ਖ਼ਿਲਾਫ਼ ਮਾਹੌਲ ਸਿਰਜਦੇ ਰਹਿਣਾ, ਇਹ ਚਲਦਾ ਰਹਿੰਦਾ ਹੈ। ਬੈਕਟੀਰੀਆ ਵਾਂਗ ਉੱਗੇ ਇਹ ਸੰਗਠਨ ਜ਼ਿੰਦਗੀ ਨੂੰ ਸੰਵਾਰਨ ਦੀ ਥਾਂ ਵਿਗਾੜਨ ਵੱਲ ਵਧਦੇ ਹਨ। 

ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਸੰਮੇਲਨ ਚੱਲ ਰਿਹਾ ਹੁੰਦਾ ਹੈ ਤਾਂ ਸੰਮੇਲਨ ਦਾ ਸਕੱਤਰ ਸਟੇਜ ਚਲਾ ਰਿਹਾ ਹੁੰਦਾ ਹੈ। ਉਹ ਵਾਰ-ਵਾਰ ਬਹੁਤ ਸਾਰੇ ਸੰਗਠਨਾਂ ਦੇ ਨਾਂ ਬੋਲ ਰਿਹਾ ਹੁੰਦਾ ਹੈ, ਧੰਨਵਾਦ ਬੋਲ ਰਿਹਾ ਹੁੰਦਾ ਹੈ। ਉਨ੍ਹਾਂ 'ਚੋਂ ਕੋਈ ਪ੍ਰਧਾਨ ਜਾਂ ਸਕੱਤਰ ਇਕ-ਦੋ ਆਦਮੀ ਲੈ ਕੇ ਸੰਮੇਲਨ 'ਚ ਆਇਆ ਹੁੰਦਾ ਹੈ। ਜਦੋਂ ਉਸਦਾ ਨਾਂ ਬੋਲਿਆ ਜਾਂਦਾ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਉਸਦੇ ਸਿਰ 'ਤੇ ਛਤਰ ਧਰ ਗਿਆ ਹੁੰਦਾ ਹੈ। ਇਸ ਗੱਲ ਨਾਲ ਕੋਈ ਤਾਲੁਕ ਨਹੀਂ ਕਿ ਉਸਨੇ ਸਮਾਜ ਨੂੰ ਕੀ ਦਿੱਤਾ, ਸੰਘਰਸ਼ ਨੂੰ ਕੀ ਦਿੱਤਾ, ਆਜ਼ਾਦੀ ਨੂੰ ਕੀ ਦਿੱਤਾ, ਗੁਲਾਮੀ ਤੋੜਨ ਵਾਸਤੇ ਕੀ ਯੋਗਦਾਨ ਪਾਇਆ ਹੈ। ਸਪੀਕਰ 'ਚ ਨਾਂ ਬੋਲਣਾ ਕਾਫੀ ਹੁੰਦਾ ਹੈ। ਲੈਟਰ ਪੈਡ 'ਤੇ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਲਿਖਿਆ ਜਾਣਾ ਕਾਫੀ ਹੁੰਦਾ ਹੈ।

ਜਿਹੜੇ ਅਸਲੀ ਸੰਗਠਨ ਹੁੰਦੇ ਹਨ, ਉਨ੍ਹਾਂ ਨੂੰ ਵਧਣ ਨੂੰ ਬਹੁਤ ਟਾਈਮ ਲੱਗਦਾ ਹੈ। ਉਨ੍ਹਾਂ ਨੂੰ ਸੰਘਰਸ਼ 'ਤੇ ਬਹੁਤ ਜ਼ੋਰ ਦੇਣਾ ਪੈਂਦਾ ਹੈ। ਜਾਨ ਲਗਾ ਕੇ ਚੱਲਣਾ ਪੈਂਦਾ ਹੈ। ਦੁਸ਼ਮਣ ਦਾ ਮੁਕਾਬਲਾ ਕਰਕੇ ਤੁਰਨਾ ਪੈਂਦਾ ਹੈ। ਮਾੜੀਆਂ ਅਲਾਮਤਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ। 
ਦੂਜੇ ਪਾਸੇ ਛੁਤਰਾਲੂਆਂ ਵਾਂਗ ਉੱਗੇ ਉਹ ਸੰਗਠਨ ਹੁੰਦੇ ਹਨ, ਜਿਹੜੇ ਸਮਾਜ ਦਾ ਸੰਵਾਰ ਤਾਂ ਕੁਝ ਨਹੀਂ ਸਕਦੇ, ਪਰ ਵਿਗਾੜ ਜ਼ਰੂਰ ਸਕਦੇ ਹਨ। ਚਾਹੇ ਦਫਤਰਾਂ 'ਚ ਹੋਣ ਚਾਹੇ ਧਾਰਮਿਕ ਸਥਾਨਾਂ 'ਚ ਹੋਣ, ਚਾਹੇ ਪਿੰਡਾਂ 'ਚ ਹੋਣ, ਸ਼ਹਿਰਾਂ 'ਚ ਹੋਣ, ਕਿਤੇ ਵੀ ਹੋਣ, ਇਹ ਉਨ੍ਹਾਂ ਜਾਤੀਆਂ ਵਾਂਗ ਹੁੰਦੇ ਹਨ, ਜਿਹੜੀਆਂ ਮਿਟਦੀਆਂ ਨਹੀਂ ਹਨ।

ਜਿਵੇਂ ਜਾਤੀਆਂ ਮਨੁੱਖ ਨੂੰ ਸੰਗਠਿਤ ਨਹੀਂ ਹੋਣ ਦਿੰਦੀਆਂ, ਉਸੇ ਤਰ੍ਹਾਂ ਦਾ ਕੰਮ ਇਹ ਸੰਗਠਨ ਵੀ ਕਰਦੇ ਹਨ। ਕੋਈ ਵੀ ਆਦਮੀ ਜਿਹੜਾ ਦੋ-ਚਾਰ ਆਦਮੀ ਜੋੜ ਲੈਂਦਾ ਹੈ, ਦੋ-ਚਾਰ ਪ੍ਰੋਗਰਾਮਾਂ 'ਚ ਸ਼ਾਮਲ ਹੋ ਜਾਂਦਾ ਹੈ, ਉਸਦਾ ਨਾਂ ਪ੍ਰਧਾਨਗੀ ਵਿਚ ਸ਼ਾਮਲ ਹੋ ਜਾਂਦਾ ਹੈ। 
ਮੰਚ ਵਿਚ ਸ਼ਾਮਲ ਹੋ ਜਾਂਦਾ ਹੈ, ਸੰਗਠਨ ਨੂੰ ਬੱਲ ਦੇਣਾ ਸ਼ੁਰ ਕਰ ਦਿੰਦਾ ਹੈ। ਪੰਜ-ਦਸ ਆਦਮੀ ਮਿਲ ਕੇ ਇਕ ਸੰਗਠਨ ਕਾਇਮ ਕਰ ਲੈਂਦੇ ਹਨ।

ਅਜਿਹਾ ਰੋਜ਼ਾਨਾ ਹੁੰਦਾ ਹੈ। ਇਨ੍ਹਾਂ ਸੰਗਠਨਾਂ ਵਲੋਂ ਪਲਾਨਿੰਗਾਂ ਕਾਗਜ਼ਾਂ 'ਤੇ ਹੁੰਦੀਆਂ ਹਨ। ਫਿਰ ਲੋਕਾਂ ਦੇ ਸਾਹਮਣੇ ਹੁੰਦੀਆਂ ਹਨ। ਇਹ ਲੋਕਾਂ ਦੀ ਉਡੀਕ ਕਰਦੇ ਹਨ, ਪਰ ਲੋਕ ਨਹੀਂ ਆਉਂਦੇ। ਇਨ੍ਹਾਂ ਦੀਆਂ ਯੋਜਨਾਵਾਂ ਵੀ ਕਾਮਯਾਬ ਨਹੀਂ ਹੁੰਦੀਆਂ। ਰਸਤੇ ਵਿਚੋਂ ਜਿੱਥੋਂ 'ਆਜ਼ਾਦੀ' ਦੇ ਕਾਰਵਾਂ ਨੇ ਗੁਜ਼ਰਨਾ ਹੁੰਦਾ ਹੈ, ਉਥੇ ਕੰਡਿਆਲੀ ਥੋਰ ਵਾਂਗ ਇਹ ਖੜ੍ਹੇ ਜ਼ਰੂਰ ਨਜ਼ਰ ਆਉਂਦੇ ਹਨ।

ਜੇਕਰ ਤੁਸੀਂ ਅੰਬੇਡਕਰੀ ਹੋ, ਮਿਸ਼ਨਰੀ ਹੋ ਤਾਂ ਘੱਟੋ-ਘੱਟ ਇਸ ਤਰ੍ਹਾਂ ਦੀ ਗਲਤੀ ਨਾ ਕਰੋ। ਬਜਾਏ ਇਸਦੇ ਕਿ ਵੱਡੇ ਸੰਗਠਨਾਂ ਵਿਚ ਸ਼ਾਮਲ ਹੋ ਕੇ ਤੁਰੋ ਤੇ ਉਨ੍ਹਾਂ ਨੂੰ ਮਜ਼ਬੂਤੀ ਦੇਵੋ, ਆਪਣੀ ਸੁੱਕੀਆਂ ਪ੍ਰਧਾਨਗੀਆਂ ਤੇ ਸਕੱਤਰੀਆਂ ਵਾਸਤੇ, ਆਪਣੀ ਹੋਂਦ ਨੂੰ ਬਣਾਏ ਰੱਖਣ ਵਾਸਤੇ ਅਜਿਹਾ ਕੋਈ ਕੰਮ ਨਾ ਕਰੋ ਕਿ ਤੁਹਾਡੀ ਗੁਲਾਮੀ ਤੁਹਾਡੇ ਗਲੋਂ ਨਾ ਲੱਥੇ। ਜਿਹੜੇ ਸਾਥੀ ਮਿਸ਼ਨ ਨੂੰ ਚਲਾਉਣ ਵਾਲੇ ਹਨ, ਉਨ੍ਹਾਂ ਨੂੰ ਅਜਿਹੇ ਕਿਸੇ ਸੰਗਠਨ ਦਾ ਸਾਥ ਨਹੀਂ ਦੇਣਾ ਚਾਹੀਦਾ, ਜਿਹੜੇ ਰਸਤੇ ਵਿਚ ਸਿਰਫ ਰੁਕਾਵਟ ਖੜ੍ਹੀ ਕਰਨ ਲਈ ਪੈਦਾ ਹੁੰਦੇ ਹਨ।

ਸੰਗਠਨਾਂ ਨੇ ਬਾਬਾ ਸਾਹਿਬ ਦਾ ਵੀ ਸਾਥ ਨਹੀਂ ਦਿੱਤਾ
ਇਨ੍ਹਾਂ ਬਹੁਤ ਜ਼ਿਆਦਾ ਗਿਣਤੀ ਵਿਚ ਬਣਨ ਵਾਲੇ ਸੰਗਠਨਾਂ ਦਾ ਜ਼ਿਕਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਵੀ ਕੀਤਾ ਸੀ। ਜੁਲਾਈ, 1942 ਵਿਚ ਨਾਗਪੁਰ ਵਿਚ ਅਛੂਤਾਂ ਦੀ ਇਕ ਵੱਡੀ ਕਾਨਫਰੰਸ ਹੋਈ, ਜਿਸ ਵਿਚ 75 ਹਜ਼ਾਰ ਲੋਕ ਸ਼ਾਮਲ ਹੋਏ। ਇਸ ਵਿਚ ਸੰਬੋਧਨ ਕਰਦੇ ਹੋਏ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ, ''1922 ਤੋਂ ਲੈ ਕੇ 1942 ਤੱਕ 500 ਗ੍ਰੈਜੂਏਟ ਅਛੂਤ ਪੈਦਾ ਹੋਏ, ਜਿਹੜੇ ਬਾਬੂ ਵੀ ਬਣੇ, ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਸੰਗਠਨ ਬਣਾਏ ਹਨ। ਉਨ੍ਹਾਂ ਕੋਲ ਪੈਡ, ਮੋਹਰਾਂ ਹਨ, ਪ੍ਰਧਾਨਗੀਆਂ, ਸਕੱਤਰੀਆਂ ਹਨ, ਪਰ ਉਨ੍ਹਾਂ ਨੇ ਕਦੇ ਮਿਸ਼ਨ ਦਾ ਸਾਥ ਨਹੀਂ ਦਿੱਤਾ।''

ਬਾਬਾ ਦਾ ਕਹਿਣਾ ਸੀ ਕਿ ਮੇਰਾ (ਅੰਬੇਡਕਰ) ਸਾਥ ਨਹੀਂ ਦਿੱਤਾ। ਬਾਬਾ ਸਾਹਿਬ ਨੇ ਜਿਨ੍ਹਾਂ ਦੀ ਖਾਤਰ 1922 ਤੋਂ ਲੈ ਕੇ 1942 ਤੱਕ ਜਦੋਂ ਸੰਘਰਸ਼ ਕੀਤਾ ਤਾਂ ਇਨ੍ਹਾਂ ਨੇ ਸਾਥ ਨਹੀਂ ਦਿੱਤਾ। 1922 ਤੱਕ ਇਨ੍ਹਾਂ ਅਛੂਤਾਂ ਦਾ ਕੋਈ ਸੰਗਠਨ ਨਹੀਂ ਸੀ, ਪਰ 1942 'ਚ ਬੇਸ਼ੁਮਾਰ ਸੰਗਠਨ ਬਣ ਗਏ, ਜਿਨ੍ਹਾਂ ਨੇ ਕਦੇ ਬਾਬਾ ਸਾਹਿਬ ਦਾ ਸਾਥ ਨਹੀਂ ਦਿੱਤਾ।

ਬਾਮਸੇਫ ਦੀ ਰਾਹ 'ਚ ਵੀ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ
ਬੈਕਵਰਡ ਐਂਡ ਮਾਇਨਾਰਿਟੀ ਕਮਿਊਨਿਟੀਜ਼ ਇੰਪਲਾਈਜ਼ ਫੈਡਰੇਸ਼ਨ (ਬਾਮਸੇਫ) ਦੀ ਸਥਾਪਨਾ ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਜੀ ਨੇ ਕੀਤੀ ਸੀ। ਬਾਮਸੇਫ ਮੁਲਾਜ਼ਮਾਂ ਨੂੰ ਸੰਗਠਿਤ ਕਰਦਾ ਹੋਇਆ ਪਿੰਡਾਂ ਦੀਆਂ ਗਲੀਆਂ ਤੱਕ ਪਹੁੰਚਿਆ ਤੇ ਦੇਸ਼ਭਰ ਵਿਚ ਅੱਗੇ ਵਧਣ ਲੱਗਾ। ਇਸਦੇ ਪੰਜ ਸਾਲਾਂ ਦੇ ਅੰਦਰ ਹੀ ਦੇਸ਼ ਵਿਚ 10 ਹਜ਼ਾਰ ਸੰਗਠਨ ਖੜ੍ਹੇ ਹੋ ਗਏ। ਮਤਲਬ, ਵੱਡੇ ਸੰਗਠਨ ਦੀ ਰਾਹ 'ਚ ਮੁਸ਼ਕਿਲਾਂ ਖੜ੍ਹੀਆਂ ਕਰਨ ਲਈ ਇਹੋ ਜਿਹੇ ਸੰਗਠਨ ਉਗ ਆਏ।

1980 ਵਿਚ ਬਾਮਸੇਫ ਜਦੋਂ ਦੇਸ਼ ਵਿਚ ਵੱਡੀ ਯੂਨੀਵਰਸਿਟੀ ਦੇ ਤੌਰ 'ਤੇ ਸਾਹਮਣੇ ਆਇਆ ਤਾਂ ਯਕਾਯਕ ਹਜ਼ਾਰਾਂ ਸੰਗਠਨ ਖੜ੍ਹੇ ਹੋ ਗਏ। ਇਸ ਸਮੇਂ ਇਨ੍ਹਾਂ ਸੰਗਠਨਾਂ ਦੀ ਗਿਣਤੀ ਕਰੀਬ 32 ਹਜ਼ਾਰ ਹੋ ਚੁੱਕੀ ਹੈ। 100 ਦੇ ਕਰੀਬ ਸੰਗਠਨ ਬਾਬਾ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਚੱਲ ਰਹੇ ਹਨ, ਬਾਕੀ ਮਿਸ਼ਨ ਦੇ ਰਸਤੇ 'ਚ ਰੋੜਾ ਹਨ। ਜਿਸ ਤਰ੍ਹਾਂ ਥੋਰ ਚਾਰੋਂ ਪਾਸੇ ਖੜ੍ਹੀ ਭਿਆਨਕਤਾ ਪੈਦਾ ਕਰਦੀ ਰਹਿੰਦੀ ਹੈ, ਇਹ ਸੰਗਠਨ ਇਸੇ ਤਰ੍ਹਾਂ ਦਾ ਰੂਪ ਹਨ। 
(ਲੋਕ ਲੀਡਰ ਡੈਸਕ)

Comments

Leave a Reply