Mon,May 21,2018 | 02:45:07pm
HEADLINES:

Social

ਦੇਸ਼ 69 ਸਾਲ ਪਹਿਲਾਂ ਆਜ਼ਾਦ ਹੋ ਗਿਆ, ਐੱਸਸੀ ਵਰਗ ਦੇ ਲੋਕ ਅੱਜ ਵੀ 'ਗੁਲਾਮ'

ਦੇਸ਼ 69 ਸਾਲ ਪਹਿਲਾਂ ਆਜ਼ਾਦ ਹੋ ਗਿਆ, ਐੱਸਸੀ ਵਰਗ ਦੇ ਲੋਕ ਅੱਜ ਵੀ 'ਗੁਲਾਮ'

ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਸੁਪਨਾ ਇਕ ਅਜਿਹੇ ਦੇਸ਼-ਸਮਾਜ ਦਾ ਸੀ, ਜੋ ਕਿ ਬਰਾਬਰੀ ਅਤੇ ਭਾਈਚਾਰੇ 'ਤੇ ਟਿਕਿਆ ਹੋਵੇ, ਜਿੱਥੇ ਸਾਰਿਆਂ ਲਈ ਬਰਾਬਰ ਮੌਕੇ ਹੋਣ, ਜਿੱਥੇ ਸਾਰਿਆਂ ਨੂੰ ਆਰਥਿਕ ਸੁਰੱਖਿਆ ਹੋਵੇ, ਜਿੱਥੇ ਕੋਈ ਜਾਤੀ ਜਾਂ ਧਰਮ ਦੇ ਆਧਾਰ 'ਤੇ ਛੋਟਾ ਵੱਡਾ ਜਾਂ ਅਛੂਤ ਨਾ ਹੋਵੇ।

ਮੌਜੂਦਾ ਹਾਲਾਤ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਬਾਬਾ ਸਾਹਿਬ ਦਾ ਸੁਪਨਾ ਅਜੇ ਵੀ ਪੂਰਾ ਨਹੀਂ ਹੋ ਸਕਿਆ ਹੈ। ਦੇਸ਼ ਦਾ ਸ਼ੋਸ਼ਿਤ ਸਮਾਜ ਅੱਜ ਵੀ ਗ਼ੈਰਬਰਾਬਰੀ, ਅੱਤਿਆਚਾਰੀ ਤੇ ਭੇਦਭਾਵ ਵਾਲੀ ਵਿਵਸਥਾ ਦੀਆਂ ਜੰਜ਼ੀਰਾਂ ਵਿਚ ਜਕੜਿਆ ਹੋਇਆ ਹੈ।

ਦੇਸ਼ ਨੂੰ ਆਜ਼ਾਦ ਹੋਇਆਂ ਨੂੰ 69 ਸਾਲ ਬੀਤਣ ਤੋਂ ਬਾਅਦ ਵੀ ਸ਼ੋਸ਼ਿਤਾਂ ਖ਼ਿਲਾਫ਼ ਜਾਤੀਵਾਦੀ ਮਾਹੌਲ ਬਣਿਆ ਹੋਇਆ ਹੈ। ਭਾਰਤੀ ਸੰਵਿਧਾਨ ਵਿਚ ਹਰੇਕ ਨਾਗਰਿਕ ਨੂੰ ਬਰਾਬਰੀ ਦਾ ਅਧਿਕਾਰ ਹੋਣ ਦੇ ਬਾਵਜੂਦ ਅੱਜ ਵੀ ਸ਼ੋਸ਼ਿਤ ਸਮਾਜ ਦੇ ਲੋਕ ਮੰਦਰਾਂ 'ਚ ਦਾਖਲ ਨਹੀਂ ਹੋ ਸਕਦੇ, ਵਿਆਹ ਵੇਲੇ ਉਨ੍ਹਾਂ ਦੇ ਘੋੜੀ ਚੜ੍ਹਨ 'ਤੇ ਵੀ ਰੋਕ ਲਗਾ ਦਿੱਤੀ ਜਾਂਦੀ ਹੈ, ਹੱਕਾਂ ਲਈ ਆਵਾਜ਼ ਚੁੱਕਣ 'ਤੇ ਕਤਲ ਕਰ ਦਿੱਤੇ ਜਾਂਦੇ ਹਨ, ਜਨਤਕ ਸਥਾਨਾਂ ਤੋਂ ਪਾਣੀ ਭਰਨ ਤੋਂ ਰੋਕ ਦਿੱਤਾ ਜਾਂਦਾ ਹੈ, ਮਿਡ ਡੇ ਮੀਲ ਦੌਰਾਨ ਸ਼ੋਸ਼ਿਤ ਸਮਾਜ ਦੇ ਬੱਚਿਆਂ ਨੂੰ ਅਖੌਤੀ ਉਚੀ ਜਾਤੀ ਦੇ ਬੱਚਿਆਂ ਤੋਂ ਅਲੱਗ ਬਿਠਾਇਆ ਜਾਂਦਾ ਹੈ।

ਲਗਭਗ ਹਰ ਜਗ੍ਹਾ ਉਨ੍ਹਾਂ ਨਾਲ ਜਾਤੀ ਭੇਦਭਾਵ ਹੁੰਦਾ ਹੈ। ਇਹ ਹਾਲਾਤ ਦੱਸਦੇ ਹਨ ਕਿ ਸ਼ੋਸ਼ਿਤ ਸਮਾਜ ਅੱਜ ਵੀ ਗੁਲਾਮਾਂ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। 

ਸਦੀਆਂ ਤੋਂ ਜ਼ੁਲਮ ਸਹਿੰਦਾ ਆ ਰਿਹਾ ਸ਼ੋਸ਼ਿਤ ਸਮਾਜ ਅੱਜ ਵੀ ਕਿਸ ਤਰ੍ਹਾਂ ਅੱਤਿਆਚਾਰਾਂ ਦਾ ਸ਼ਿਕਾਰ ਹੁੰਦਾ ਹੈ, ਇਸਦੀ ਗਵਾਹੀ ਸਰਕਾਰੀ ਅੰਕੜੇ ਭਰਦੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਵਲੋਂ ਬੀਤੇ ਦਿਨੀਂ ਲੋਕਸਭਾ ਵਿਚ ਇਕ ਰਿਪੋਰਟ ਪੇਸ਼ ਕੀਤੀ ਗਈ।

ਇਸਦੇ ਮੁਤਾਬਕ ਦਲਿਤਾਂ ਖ਼ਿਲਾਫ਼ ਅਪਰਾਧ ਵਧਦੇ ਜਾ ਰਹੇ ਹਨ। ਸਾਲ 2014 ਵਿਚ ਜਿੱਥੇ ਦਲਿਤਾਂ ਖ਼ਿਲਾਫ਼ 47,064 ਅਪਰਾਧਕ ਘਟਨਾਵਾਂ ਹੋਈਆਂ ਸਨ, ਉਥੇ 2016 'ਚ ਇਹ ਵਧ ਕੇ 49,573 ਹੋ ਗਈਆਂ ਹਨ। 2014 'ਚ ਦਲਿਤਾਂ ਦੀ ਹੱਤਿਆ ਦੇ 704 ਮਾਮਲੇ ਸਾਹਮਣੇ ਆਏ ਸਨ, ਜੋ ਕਿ ਸਾਲ 2016 ਵਿਚ 787 ਹੋ ਗਏ ਹਨ। ਇਸੇ ਤਰ੍ਹਾਂ ਦਲਿਤ ਮਹਿਲਾਵਾਂ ਦੀ ਇੱਜ਼ਤ ਖਰਾਬ ਕਰਨ ਦੇ ਇਰਾਦੇ ਨਾਲ ਉਨ੍ਹਾਂ 'ਤੇ 2014 'ਚ 2346 ਹਮਲੇ ਹੋਏ ਸਨ, ਜੋ ਕਿ ਸਾਲ 2016 ਵਿਚ ਵਧ ਕੇ 3172 ਹੋ ਗਏ ਹਨ।

ਦਲਿਤਾਂ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 420 ਤੋਂ ਵਧ ਕੇ 733 ਹੋ ਗਏ ਹਨ। ਇਸ ਤੋਂ ਪਹਿਲਾਂ ਸਾਲ 2015 ਵਿਚ ਦਲਿਤਾਂ ਖ਼ਿਲਾਫ਼ ਅਪਰਾਧਾਂ ਦੀਆਂ 45,003 ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਸਨ। ਦਲਿਤਾਂ ਖ਼ਿਲਾਫ਼ ਹਰਿਆਣਾ ਦਾ ਮਿਰਚਪੁਰ ਕਾਂਡ ਤੇ ਭਗਾਨਾ ਕਾਂਡ, ਰਾਜਸਥਾਨ ਦਾ ਡਾਂਗਾਵਾਸ ਕਾਂਡ, ਗੁਜਰਾਤ ਦਾ ਊਨਾ, ਬਿਹਾਰ ਦਾ ਬਥਾਨੀ ਟੋਲਾ ਕਾਂਡ, ਸਹਾਰਨਪੁਰ ਹਿੰਸਾ ਆਦਿ ਵੱਡੀਆਂ ਖੂਨੀ ਘਟਨਾਵਾਂ ਦੱਸਦੀਆਂ ਹਨ ਕਿ ਆਜ਼ਾਦ ਭਾਰਤ ਵਿਚ ਦਲਿਤ ਕਿੰਨੇ ਅਸੁਰੱਖਿਅਤ ਹਨ। 

ਸਿੱਖਿਆ ਸੰਸਥਾਨਾਂ 'ਚ ਵੀ ਇਨ੍ਹਾਂ ਵਰਗਾਂ ਲਈ ਮਾਹੌਲ ਚੰਗਾ ਨਹੀਂ ਹੈ। ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਸੈਂਥਿਲ ਵਲੋਂ ਭੇਦਭਾਵ ਤੋਂ ਦੁਖੀ ਹੋ ਕੇ ਯੂਨੀਵਰਸਿਟੀ 'ਚ ਹੀ ਖੁਦਕੁਸ਼ੀ ਕਰਨਾ, ਰੋਹਿਤ ਵੇਮੂਲਾ ਵਲੋਂ ਜਾਤੀ ਭੇਦਭਾਵ ਤੋਂ ਪਰੇਸ਼ਾਨ ਹੋ ਕੇ ਹੈਦਰਾਬਾਦ ਯੂਨੀਵਰਸਿਟੀ ਹਾਸਟਲ 'ਚ ਮੌਤ ਨੂੰ ਗਲੇ ਲਗਾ ਲੈਣਾ, ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਕਾਲਜ 'ਚ ਡੇਲਟਾ ਮੇਘਵਾਲ ਦੀ ਸ਼ੱਕੀ ਮੌਤ, ਐੱਸਸੀ ਵਰਗ ਦੀ ਡਾ. ਸੁਪ੍ਰੀਆ ਦੀ ਲੁਧਿਆਣਾ 'ਚ ਮੈਡੀਕਲ ਕਾਲਜ 'ਚ ਮੌਤ। ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਇਹ ਸਾਰੇ ਵਿਦਿਆਰਥੀ ਹੋਣਹਾਰ ਸਨ, ਪਰ ਜਾਤੀਵਾਦੀ ਹਾਲਾਤ ਨੇ ਇਨ੍ਹਾਂ ਦੀ ਜਾਨ ਲੈ ਲਈ।

ਸਮਾਜ 'ਚ ਦਲਿਤਾਂ ਲਈ ਇੰਨੀਆਂ ਪਾਬੰਦੀਆਂ ਹਨ ਕਿ ਉਹ ਵਿਆਹ ਵਰਗੇ ਖਾਸ ਮੌਕਿਆਂ 'ਤੇ ਵੀ ਆਪਣਾ ਚਾਅ ਜਾਂ ਰਸਮਾਂ ਪੂਰੀਆਂ ਨਹੀਂ ਕਰ ਪਾਉਂਦੇ। ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਆਦਿ ਅਜਿਹੇ ਸੂਬੇ ਹਨ, ਜਿੱਥੇ ਇਨ੍ਹਾਂ ਵਰਗਾਂ ਦੇ ਲਾੜਿਆਂ ਨੂੰ ਵਿਆਹ ਵੇਲੇ ਘੋੜੀ 'ਤੇ ਬੈਠਣ ਦਾ ਵੀ ਹੱਕ ਨਹੀਂ ਹੈ। ਜੇਕਰ ਇਹ ਘੋੜੀ 'ਤੇ ਬੈਠਦੇ ਹਨ ਤਾਂ ਅਖੌਤੀ ਉਚੀ ਜਾਤੀ ਵਾਲਿਆਂ ਵਲੋਂ ਇਨ੍ਹਾਂ 'ਤੇ ਹਮਲੇ ਕਰ ਦਿੱਤੇ ਜਾਂਦੇ ਹਨ।

ਗੁਜਰਾਤ ਦੇ ਬੜਨਗਰ 'ਚ 7 ਫਰਵਰੀ 2017 ਨੂੰ ਇਕ ਦਲਿਤ ਲਾੜੇ ਨੂੰ ਘੋੜੀ ਤੋਂ ਹੇਠਾਂ ਉਤਾਰ ਕੇ ਕੁੱਟਿਆ ਗਿਆ। ਉਚੀ ਜਾਤੀ ਦੇ ਲੋਕਾਂ ਦਾ ਕਹਿਣਾ ਸੀ ਕਿ ਅੱਜ ਤੱਕ ਇੱਥੇ ਦਲਿਤ ਦੀ ਬਰਾਤ ਬੈਂਡ-ਬਾਜੇ ਤੇ ਘੋੜੀ ਨਾਲ ਨਹੀਂ ਨਿਕਲੀ, ਇਸ ਲਈ ਅੱਜ ਵੀ ਨਹੀਂ ਨਿਕਲੇਗੀ। ਇਸੇ ਤਰ੍ਹਾਂ ਦੀਆਂ ਦਰਜਨਾਂ ਘਟਨਾਵਾਂ ਇਸੇ ਸਾਲ ਹੋਰ ਸੂਬਿਆਂ 'ਚ ਵੀ ਹੋ ਚੁੱਕੀਆਂ ਹਨ। 

ਧਾਰਮਿਕ ਸਥਾਨਾਂ 'ਤੇ ਵੀ ਦਲਿਤਾਂ ਸ਼ੋਸ਼ਿਤਾਂ ਲਈ ਹਾਲਾਤ ਚੰਗੇ ਨਹੀਂ ਹਨ। ਦੇਸ਼ ਦੇ ਕਈ ਸੂਬਿਆਂ ਵਿਚ ਦਲਿਤਾਂ ਦੇ ਮੰਦਰਾਂ 'ਚ ਦਾਖਲ ਹੋਣ 'ਤੇ ਰੋਕ ਹੈ। ਮੰਦਰਾਂ 'ਚ ਦਾਖਲ ਹੋਣ 'ਤੇ ਇਨ੍ਹਾਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਆਮ ਤੌਰ 'ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਕ ਰਿਪੋਰਟ ਮੁਤਾਬਕ, ਇਕੱਲੇ ਉਤਰਾਖੰਡ ਦੇ ਜੌਨਸਾਰ ਬਾਵਰ ਖੇਤਰ ਵਿਚ, ਜਿੱਥੇ 1500 ਮੰਦਰ ਹਨ, ਇਨ੍ਹਾਂ 'ਚ ਦਲਿਤਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ। ਮੰਦਰ 'ਚ ਦਾਖਲ ਹੋਣ 'ਤੇ ਜੁਰਮਾਨਾ ਤੱਕ ਲਗਾਇਆ ਜਾਂਦਾ ਹੈ। ਦੇਸ਼ 'ਚ ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਸ਼ੋਸ਼ਿਤ ਸਮਾਜ ਨੂੰ ਆਜ਼ਾਦੀ ਅਜੇ ਵੀ ਸਹੀ ਅਰਥਾਂ ਵਿਚ ਨਹੀਂ ਮਿਲ ਸਕੀ ਹੈ।

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਕਿਹਾ ਸੀ, ''26 ਜਨਵਰੀ, 1950 ਨੂੰ ਅਸੀਂ ਅੰਤਰ ਵਿਰੋਧਾਂ ਦੇ ਜੀਵਨ ਵਿਚ ਦਾਖਲ ਹੋਵਾਂਗੇ। ਰਾਜਨੀਤੀ ਵਿਚ ਬਰਾਬਰੀ ਹੋਵੇਗੀ ਅਤੇ ਸਮਾਜਿਕ ਤੇ ਆਰਥਿਕ ਜ਼ਿੰਦਗੀ ਵਿਚ ਗੈਰਬਰਾਬਰੀ ਹੋਵੇਗੀ। ਰਾਜਨੀਤੀ ਵਿਚ ਅਸੀਂ 'ਇਕ ਵਿਅਕਤੀ ਇਕ ਵੋਟ' ਅਤੇ 'ਇਕ ਵੋਟ ਇਕ ਆਦਰਸ਼' ਦੇ ਸਿਧਾਂਤ ਨੂੰ ਮਾਨਤਾ ਦੇਵਾਂਗੇ। ਸਾਡੀ ਸਮਾਜਿਕ ਤੇ ਆਰਥਿਕ ਬਣਤਰ ਕਾਰਨ ਅਸੀਂ ਸਾਡੇ ਸਮਾਜਿਕ ਤੇ ਆਰਥਿਕ ਜੀਵਨ ਵਿਚ ਇਕ ਵਿਅਕਤੀ ਇਕ ਆਦਰਸ਼ ਦੇ ਸਿਧਾਂਤ ਨੂੰ ਨਕਾਰਾਂਗੇ।

ਕਦੋਂ ਤੱਕ ਅਸੀਂ ਇਨ੍ਹਾਂ ਅੰਤਰ ਵਿਰੋਧਾਂ ਦੀ ਜ਼ਿੰਦਗੀ ਜਿਊਂਦੇ ਰਹਾਂਗੇ? ਕਦੋਂ ਤੱਕ ਅਸੀਂ ਸਾਡੀ ਸਮਾਜਿਕ ਤੇ ਆਰਥਿਕ ਜ਼ਿੰਦਗੀ ਵਿਚ ਬਰਾਬਰੀ ਨੂੰ ਨਕਾਰਦੇ ਰਹਾਂਗੇ? ਜੇਕਰ ਲੰਬੇ ਸਮੇਂ ਤੱਕ ਅਜਿਹਾ ਕੀਤਾ ਗਿਆ ਤਾਂ ਅਸੀਂ ਆਪਣੇ ਰਾਜਨੀਤਕ ਲੋਕਤੰਤਰ ਨੂੰ ਖਤਰੇ ਵਿਚ ਪਾ ਦਿਆਂਗੇ। ਸਾਨੂੰ ਛੇਤੀ ਤੋਂ ਛੇਤੀ ਇਸ ਅੰਤਰ ਵਿਰੋਧ ਨੂੰ ਸਮਾਪਤ ਕਰਨਾ ਚਾਹੀਦਾ ਹੈ, ਨਹੀਂ ਤਾਂ ਗੈਰਬਰਾਬਰੀ ਤੋਂ ਪੀੜਤ ਲੋਕ ਉਸ ਰਾਜਨੀਤਕ ਲੋਕਤੰਤਰ ਦੀ ਬਣਤਰ ਨੂੰ ਤਬਾਹ ਕਰ ਦੇਣਗੇ, ਜਿਸਨੂੰ ਸੰਵਿਧਾਨ ਸਭਾ ਨੇ ਬਹੁਤ ਮੁਸ਼ਕਿਲ ਨਾਲ ਤਿਆਰ ਕੀਤਾ ਹੈ। ਕਿਵੇਂ ਕਈ ਹਜ਼ਾਰ ਜਾਤੀਆਂ ਵਿਚ ਵੰਡੇ ਲੋਕਾਂ ਦਾ ਇਕ ਰਾਸ਼ਟਰ ਹੋ ਸਕਦਾ ਹੈ।'' ਬਾਬਾ ਸਾਹਿਬ ਦੇ ਇਸ ਸਵਾਲ ਦਾ ਅਜੇ ਵੀ ਜਵਾਬ ਨਹੀਂ ਮਿਲ ਸਕਿਆ ਹੈ ਅਤੇ ਜਾਤੀਵਾਦੀ ਵਿਵਸਥਾ ਆਪਣੇ ਬਦਲੇ ਹੋਏ ਰੂਪ ਵਿਚ ਬਰਕਰਾਰ ਹੈ। 

ਆਜ਼ਾਦ ਭਾਰਤ 'ਚ ਦਲਿਤਾਂ ਖ਼ਿਲਾਫ਼ ਦਿਲ ਕੰਬਾ ਦੇਣ ਵਾਲੀਆਂ ਘਟਨਾਵਾਂ
ਮਿਰਚਪੁਰ ਕਾਂਡ
21 ਅਪ੍ਰੈਲ 2010 ਨੂੰ ਹਰਿਆਣਾ ਦੇ ਪਿੰਡ ਮਿਰਚਪੁਰ 'ਚ ਵਾਲਮੀਕਿ ਸਮਾਜ ਨਾਲ ਸਬੰਧਤ ਪਰਿਵਾਰ ਦਾ ਇਕ ਕੁੱਤਾ ਗਲੀ 'ਚੋਂ ਲੰਘ ਰਹੇ ਜਾਟ ਸਮਾਜ ਦੇ ਨੌਜਵਾਨਾਂ 'ਤੇ ਭੌਂਕਿਆ, ਜਿਨ੍ਹਾਂ ਨੇ ਇੱਟ ਚੁੱਕ ਕੇ ਕੁੱਤੇ ਨੂੰ ਮਾਰ ਦਿੱਤੀ। ਜਦੋਂ ਦਲਿਤਾਂ ਨੇ ਇਸ 'ਤੇ ਵਿਰੋਧ ਦਰਜ ਕਰਵਾਇਆ ਤਾਂ ਜਾਟਾਂ ਨੇ ਇਕੱਠੇ ਹੋ ਕੇ ਦਲਿਤਾਂ ਦੇ ਘਰਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦਲਿਤਾਂ ਦੇ 18 ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਅੱਗ ਵਿਚ ਤਾਰਾ ਚੰਦ (60) ਤੇ ਉਸਦੀ ਬੇਟੀ ਸੁਮਨ (17) ਦੀ ਮੌਤ ਹੋ ਗਈ। ਕਰੀਬ 125 ਦਲਿਤ ਪਰਿਵਾਰ ਘਟਨਾ ਤੋਂ ਬਾਅਦ ਪਿੰਡ ਛੱਡ ਕੇ ਚਲੇ ਗਏ।

ਨਾਗੌਰ ਨਰਸੰਹਾਰ
14 ਮਈ 2015 ਨੂੰ ਰਾਜਸਥਾਨ ਦੇ ਨਾਗੌਰ ਤਹਿਤ ਆਉਂਦੇ ਪਿੰਡ ਡਾਂਗਾਵਾਸ ਵਿਚ ਦਲਿਤਾਂ ਵਲੋਂ ਜਾਟਾਂ ਤੋਂ ਆਪਣੀ ਜ਼ਮੀਨ ਅਦਾਲਤ ਰਾਹੀਂ ਵਾਪਸ ਲੈਣ ਦੀ ਰੰਜਿਸ਼ ਵਿਚ ਖੂਨੀ ਕਾਂਡ ਹੋਇਆ। ਲਾਠੀਆਂ, ਬੰਦੂਕਾਂ, ਲੋਹੇ ਦੀਆਂ ਰਾਡਾਂ ਆਦਿ ਲੈ ਕੇ ਕਰੀਬ 500 ਜਾਟਾਂ ਦੀ ਭੀੜ ਨੇ ਦਲਿਤਾਂ ਨੂੰ ਟ੍ਰੈਕਟਰ ਹੇਠਾਂ ਕੁਚਲ ਦਿੱਤਾ, ਬੇਰਹਿਮੀ ਨਾਲ ਕੁੱਟਿਆ, ਅੱਖਾਂ ਵਿਚ ਵਲਦੀਆਂ ਹੋਈਆਂ ਲੱਕੜੀਆਂ ਪਾ ਦਿੱਤੀਆਂ। ਇਸ ਮਾਮਲੇ 'ਚ 5 ਦਲਿਤਾਂ ਦੀ ਹੱਤਿਆ ਹੋਈ। ਇਨ੍ਹਾਂ ਤੋਂ ਇਲਾਵਾ ਕਈ ਦਲਿਤ ਮਹਿਲਾਵਾਂ ਤੇ ਪੁਰਸ਼ਾਂ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ ਸਨ। 

ਭਗਾਨਾ ਕੇਸ
ਸਾਲ 2012 'ਚ ਹਰਿਆਣਾ ਦੇ ਹਿਸਾਰ ਤਹਿਤ ਆਉਂਦੇ ਭਗਾਨਾ ਪਿੰਡ 'ਚ ਦਲਿਤਾਂ ਨੇ ਇੱਥੇ ਚਮਾਰ ਚੌਕ ਦਾ ਨਾਂ ਅੰਬੇਡਕਰ ਚੌਕ ਕਰਨ ਤੇ ਇੱਥੇ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਲਗਾਉਣ ਦਾ ਫੈਸਲਾ ਕੀਤਾ। ਪਿੰਡ ਦੇ ਹੀ ਉਚੀ ਜਾਤੀ ਦੇ ਲੋਕਾਂ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਤੇ ਉਨ੍ਹਾਂ ਨੇ ਦਲਿਤਾਂ ਦਾ ਬਾਈਕਾਟ ਕਰ ਦਿੱਤਾ। ਦਲਿਤਾਂ ਦੀਆਂ 4 ਲੜਕੀਆਂ ਨਾਲ ਜਬਰ ਜਨਾਹ ਕੀਤਾ ਗਿਆ। 70 ਦਲਿਤ ਪਰਿਵਾਰ ਪਿੰਡ ਛੱਡਣ ਲਈ ਮਜਬੂਰ ਹੋਏ। ਇਹ ਇਨਸਾਫ ਲਈ ਭਟਕਦੇ ਰਹੇ, ਪਰ ਪਹਿਲਾਂ ਕਾਂਗਰਸ ਤੇ ਹੁਣ ਭਾਜਪਾ ਸਰਕਾਰ ਦੌਰਾਨ ਵੀ ਇਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।

ਸਹਾਰਨਪੁਰ ਹਿੰਸਾ
5 ਮਈ 2017 ਨੂੰ ਉਤਰ ਪ੍ਰਦੇਸ਼ ਦੇ ਸਹਾਰਨਪੁਰ ਤਹਿਤ ਆਉਂਦੇ ਪਿੰਡ ਸ਼ੱਬੀਰਪੁਰ 'ਚ ਦਲਿਤਾਂ ਖ਼ਿਲਾਫ਼ ਭਿਆਨਕ ਹਿੰਸਾ ਹੋਈ। ਪ੍ਰਸ਼ਾਸਨ ਦੀ ਬਿਨਾਂ ਮਨਜ਼ੂਰੀ ਤੋਂ ਮਹਾਰਾਣਾ ਪ੍ਰਤਾਪ ਦੀ ਸ਼ੋਭਾਯਾਤਰਾ ਕੱਢ ਰਹੇ ਠਾਕੁਰਾਂ ਨੂੰ ਜਦੋਂ ਉਚੀ ਆਵਾਜ਼ ਵਿਚ ਲਾਊਡ ਸਪੀਕਰ ਚਲਾਉਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਦਲਿਤਾਂ ਦੇ ਕਰੀਬ 25 ਘਰ ਫੂਕ ਦਿੱਤੇ ਗਏ। ਹਮਲੇ 'ਚ ਕਈ ਦਲਿਤ ਗੰਭੀਰ ਤੌਰ 'ਤੇ ਜ਼ਖਮੀ ਹੋਏ। ਦਲਿਤਾਂ ਵਲੋਂ ਪਿੰਡ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਲਗਾਉਣ ਕਰਕੇ ਵੀ ਠਾਕੁਰ ਉਨ੍ਹਾਂ ਖ਼ਿਲਾਫ਼ ਰੰਜਿਸ਼ ਰੱਖ ਰਹੇ ਸਨ।

ਊਨਾ ਅੱਤਿਆਚਾਰ
11 ਜੁਲਾਈ 2016 ਨੂੰ ਗਊ ਰੱਖਿਅਕਾਂ ਨੇ ਗੁਜਰਾਤ ਦੇ ਊਨਾ 'ਚ ਚਾਰ ਦਲਿਤਾਂ ਨੂੰ ਗੱਡੀ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ। ਦਲਿਤਾਂ 'ਤੇ ਗਾਂ ਦੀ ਹੱਤਿਆ ਦਾ ਝੂਠਾ ਦੋਸ਼ ਲਗਾ ਕੇ ਉਨ੍ਹਾਂ ਨਾਲ ਸ਼ਰੇਆਮ ਕੁੱਟਮਾਰ ਕੀਤੀ ਗਈ। ਪੁਲਸ ਥਾਣੇ ਅੱਗੇ ਹੋਈ ਇਸ ਘਟਨਾ ਵਿਚ ਮੌਕੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਬਸਪਾ ਮੁਖੀ ਮਾਇਆਵਤੀ ਵਲੋਂ ਰਾਜਸਭਾ ਵਿਚ ਇਹ ਮੁੱਦਾ ਚੁੱਕੇ ਜਾਣ ਤੋਂ ਬਾਅਦ ਜਾ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਈ। ਇਸ ਮਾਮਲੇ ਨੂੰ ਲੈ ਕੇ ਦਲਿਤਾਂ ਨੇ ਗੁਜਰਾਤ 'ਚ ਅੰਦੋਲਨ ਕੀਤਾ, ਹਾਲਾਂਕਿ ਇਸ ਸਮਾਜ 'ਤੇ ਹਮਲੇ ਅਜੇ ਵੀ ਜਾਰੀ ਹਨ।

ਬਥਾਨੀ ਟੋਲਾ ਕੇਸ
11 ਜੁਲਾਈ 1996 ਨੂੰ ਉਚੀ ਜਾਤੀ ਨਾਲ ਸਬੰਧਤ ਰਣਵੀਰ ਸੈਨਾ ਦੇ ਲੋਕਾਂ ਨੇ ਰੰਜਿਸ਼ ਵਿਚ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਬਥਾਨੀ ਟੋਲਾ ਵਿਚ ਦਲਿਤਾਂ ਦਾ ਨਰਸੰਹਾਰ ਕੀਤਾ। ਕਿਰਪਾਨਾਂ, ਡੰਡਿਆਂ ਤੇ ਰਾਈਫਲਾਂ ਨਾਲ ਲੈਸ ਹਮਲਾਵਰਾਂ ਨੇ 11 ਮਹਿਲਾਵਾਂ, 6 ਬੱਚਿਆਂ ਸਮੇਤ 21 ਦਲਿਤਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਦੌਰਾਨ ਦਲਿਤਾਂ ਦੇ 12 ਘਰ ਵੀ ਫੂਕ ਦਿੱਤੇ ਗਏ। ਦੱਸਿਆ ਜਾਂਦਾ ਹੈ ਕਿ ਖੇਤ ਮਜ਼ਦੂਰਾਂ ਨੇ ਜ਼ਮੀਨ ਮਾਲਕਾਂ ਅੱਗੇ ਆਪਣੀ ਦਿਹਾੜੀ ਵਧਾਉਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਮਾਮਲਾ ਵਧਦਾ ਗਿਆ ਤੇ ਦਲਿਤਾਂ ਦੇ ਖੂਨੀ ਕਾਂਡ ਤੱਕ ਪਹੁੰਚ ਗਿਆ।

Comments

Leave a Reply