Tue,Jul 16,2019 | 12:35:31pm
HEADLINES:

Social

ਮਹਿਲਾਵਾਂ ਯੁੱਧ ਦੇ ਮੈਦਾਨ 'ਚ ਦੁਸ਼ਮਣ ਦੀ ਨੀਂਦ ਉਡਾ ਸਕਦੀਆਂ ਨੇ, ਉਨ੍ਹਾਂ ਨੂੰ ਮੌਕਾ ਦੇ ਕੇ ਤਾਂ ਦੇਖੋ

ਮਹਿਲਾਵਾਂ ਯੁੱਧ ਦੇ ਮੈਦਾਨ 'ਚ ਦੁਸ਼ਮਣ ਦੀ ਨੀਂਦ ਉਡਾ ਸਕਦੀਆਂ ਨੇ, ਉਨ੍ਹਾਂ ਨੂੰ ਮੌਕਾ ਦੇ ਕੇ ਤਾਂ ਦੇਖੋ

ਦੁਨੀਆ ਤੇ ਭਾਰਤ ਦੇ ਇਤਿਹਾਸ ਵਿੱਚ ਮਹਿਲਾ ਯੋਧਿਆਂ ਦੀ ਇੱਕ ਪੂਰੀ ਲੜੀ ਹੈ। ਜੋਨ ਆਫ ਆਰਕ ਤੋਂ ਲੈ ਕੇ ਰਾਣੀ ਲੱਕਸ਼ਮੀਬਾਈ, ਚਿੱਤੂਰ ਦੀ ਰਾਣੀ ਚੇਨੰਮਾ, ਚਾਂਦ ਬੀਵੀ, ਗੋਂਡ ਰਾਣੀ ਦੁਰਗਾਵਤੀ, ਝਲਕਾਰੀ ਬਾਈ, ਉਦਾ ਦੇਵੀ ਪਾਸੀ ਵਰਗੀਆਂ ਯੋਧਾਵਾਂ ਨੇ ਆਪਣਾ ਨਾਂ ਕਮਾਇਆ ਹੈ। ਇਨ੍ਹਾਂ ਦੇ ਨਾਲ ਕਦੇ ਇਹ ਸਵਾਲ ਨਹੀਂ ਆਇਆ ਕਿ ਉਹ ਯੁੱਧ ਖੇਤਰ ਵਿੱਚ ਕੱਪੜੇ ਕਿਵੇਂ ਬਦਲਦੀਆਂ ਸਨ ਜਾਂ ਕਿ ਉਹ ਯੋਧਾ ਹੋਣ ਦੌਰਾਨ ਗਰਭਵਤੀ ਹੋ ਜਾਂਦੀਆਂ ਤਾਂ ਕੀ ਹੁੰਦਾ ਜਾਂ ਕਿ ਕੀ ਜਵਾਨ ਉਨ੍ਹਾਂ ਦੀ ਅਗਵਾਈ ਸਵੀਕਾਰ ਕਰਦੇ।

ਤਾਂ ਆਖਰ ਅਜਿਹਾ ਕੀ ਹੈ ਕਿ ਜੋ ਗੱਲ ਪਹਿਲਾਂ ਹੋ ਸਕਦੀ ਸੀ, ਉਹ ਅੱਜ ਨਹੀਂ ਹੋ ਪਾ ਰਹੀ ਹੈ? ਭਾਰਤੀ ਆਰਮੀ ਦੇ ਮੁਖੀ ਵਿਪਨ ਰਾਵਤ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ ਕਿ ਭਾਰਤੀ ਸੈਨਾ ਦੇ ਜ਼ਿਆਦਾਤਰ ਜਵਾਨ ਪਿੰਡਾਂ ਤੋਂ ਆਉਂਦੇ ਹਨ ਅਤੇ ਉਹ ਮਹਿਲਾ ਅਫਸਰਾਂ ਦੀ ਅਗਵਾਈ ਸਵੀਕਾਰ ਕਰਨ ਲਈ ਅਜੇ ਤਿਆਰ ਨਹੀਂ ਹਨ। ਉਨ੍ਹਾਂ ਨੇ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕੁਝ ਲਾਜੀਸਟਿਕਲ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ।

ਜਿਵੇਂ ਕਿ ਜੇਕਰ ਕਿਸੇ ਯੁੱਧ ਖੇਤਰ ਵਿੱਚ ਮਹਿਲਾ ਨੂੰ ਕਮਾਂਡ ਦਿੱਤੀ ਗਈ ਅਤੇ ਇਸ ਵਿਚਕਾਰ ਉਹ ਮੈਟਰਨਿਟੀ ਲਈ ਛੁੱਟੀ ਮੰਗਦੀਆਂ ਹਨ ਤਾਂ ਕੀ ਹੋਵੇਗਾ। ਨਾਲ ਹੀ ਜੇਕਰ ਮਹਿਲਾ ਕਮਾਂਡਰ ਦੀ ਅਗਵਾਈ ਵਿੱਚ ਇੱਕ ਟੁਕੜੀ ਲੰਮੇ ਟ੍ਰੈਕ 'ਤੇ ਜਾ ਰਹੀ ਹੈ ਤਾਂ ਮਹਿਲਾ ਅਫਸਰ ਦੇ ਸੋਣ ਦਾ ਪ੍ਰਬੰਧ ਅਲੱਗ ਤੋਂ ਕਰਨਾ ਹੋਵੇਗਾ ਜਾਂ ਉਨ੍ਹਾਂ ਦੇ ਕੱਪੜੇ ਬਦਲਣ ਲਈ ਕਿਸੇ ਜਗ੍ਹਾ ਨੂੰ ਘੇਰ ਕੇ ਤਿਆਰ ਕਰਨਾ ਹੋਵੇਗਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਸਮਾਜ ਮਰੀਆਂ ਮਹਿਲਾ ਸੈਨਿਕਾਂ ਦੇ ਤਬੂਤ ਨੂੰ ਸਹਿਣ ਲਈ ਤਿਆਰ ਨਹੀਂ ਹੈ। ਜਨਰਲ ਰਾਵਤ ਨੇ ਅਸਲ ਵਿੱਚ ਉਹੀ ਕਿਹਾ ਹੈ, ਜੋ ਸੈਨਾ ਦੇ ਜਨਰਲਾਂ ਜਾਂ ਕਹੀਏ ਕਿ ਭਾਰਤੀ ਪੁਰਸ਼ਾਂ ਦੇ ਮਨ ਵਿੱਚ ਹੈ, ਪਰ ਉਹ ਆਮ ਤੌਰ 'ਤੇ ਇਸਨੂੰ ਕਹਿੰਦੇ ਨਹੀਂ ਹਨ।

ਚੰਗਾ ਹੁੰਦਾ ਕਿ ਜਨਰਲ ਰਾਵਤ ਵੀ ਇਸ ਬਾਰੇ ਉਹੀ ਕਹਿੰਦੇ, ਜੋ ਭਾਰਤ ਸਰਕਾਰ ਕਹਿੰਦੀ ਹੈ। ਆਰਮੀ ਵਿੱਚ ਮਹਿਲਾਵਾਂ ਨੂੰ ਸ਼ਾਮਲ ਕਰਨਾ ਇੱਕ ਅਜਿਹਾ ਕੰਮ ਹੈ, ਜਿਸ ਵਿੱਚ ਭਾਰਤ ਬੇਸ਼ੱਕ ਪਿੱਛੇ ਹੈ, ਪਰ ਇਸ ਦਿਸ਼ਾ ਵਿੱਚ ਲਗਾਤਾਰ ਤਰੱਕੀ ਹੋ ਰਹੀ ਹੈ। ਏਅਰਫੋਰਸ ਵਿੱਚ ਤਾਂ ਹੁਣ ਕਰੀਬ 14 ਫੀਸਦੀ ਅਫਸਰ ਮਹਿਲਾਵਾਂ ਹਨ। ਭਾਰਤ ਸਰਕਾਰ ਦੀ ਇਸ ਬਾਰੇ ਜੋ ਐਲਾਨੀ ਨੀਤੀ ਹੈ, ਉਹ ਇਸ ਤਰ੍ਹਾਂ ਹੈ :

-ਇੰਡੀਅਨ ਆਰਮੀ, ਨੇਵੀ ਤੇ ਏਅਰਫੋਰਸ ਵਿੱਚ ਮਹਿਲਾਵਾਂ ਸਿਰਫ ਅਫਸਰ ਦੇ ਤੌਰ 'ਤੇ ਨਿਯੁਕਤ ਹੋ ਸਕਦੀਆਂ ਹਨ।

-ਭਾਰਤੀ ਏਅਰ ਫੋਰਸ ਦੀ ਹਰ ਬ੍ਰਾਂਚ ਵਿੱਚ ਮਹਿਲਾ ਅਫਸਰਾਂ ਦੀ ਨਿਯੁਕਤੀ ਹੁੰਦੀ ਹੈ। ਇਸ ਵਿੱਚ ਲੜਾਕੂ ਜਹਾਜ਼ ਦਾ ਪਾਇਲਟ ਹੋਣਾ ਸ਼ਾਮਲ ਹੈ। ਅਜਿਹੀ ਪਹਿਲੀ ਮਹਿਲਾ ਫਾਈਟਰ ਪਲੇਨ ਪਾਇਲਟ ਯੂਨਿਟ ਨੂੰ 18 ਜੂਨ 2016 ਨੂੰ ਕਮਿਸ਼ਨ ਕੀਤਾ ਗਿਆ।

-ਨੇਵੀ ਵਿੱਚ ਮਹਿਲਾ ਅਫਸਰ ਸ਼ਾਰਟ ਸਰਵਿਸ ਕਮਿਸ਼ਨ ਰਾਹੀਂ ਲਾਜੀਸਟਿਕਸ, ਲਾਅ, ਮੈਡੀਕਲ, ਏਅਰ ਟ੍ਰੈਫਿਕ ਕੰਟ੍ਰੋਲ, ਪਾਇਲਟ (ਮੇਰੀਟਾਈਮ ਰਿਕਾਨਸੰਸ), ਨੇਵਲ ਆਰਮਮੇਂਟ ਇਸਪੇਕਟਰੇਟ, ਨੇਵਲ ਆਰਕੀਟੇਕਚਰ ਤੇ ਐਡੂਕੇਸ਼ਨ ਬ੍ਰਾਂਚ ਵਿੱਚ ਨਿਯੁਕਤ ਹੁੰਦੀਆਂ ਹਨ।

-ਆਰਮੀ ਵਿੱਚ ਮਹਿਲਾ ਅਫਸਰ ਸ਼ਾਰਟ ਸਰਵਿਸ ਕਮਿਸ਼ਨ ਰਾਹੀਂ ਬਹਾਲ ਹੁੰਦੀਆਂ ਹਨ।

-ਸਰਕਾਰ ਮਹਿਲਾ ਅਫਸਰਾਂ ਦੀ ਸੇਵਾ ਦੇ ਸਮੇਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਖਾਸ ਹੈ ਕਿ ਜਨਰਲ ਰਾਵਤ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ, ਜਦੋਂ ਦੇਸ਼ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਹਨ। ਪੱਛਮੀ ਦੇਸ਼ਾਂ ਵਿੱਚ ਇਹ ਬਹਿਸ ਕਾਫੀ ਪਹਿਲਾਂ ਪੂਰੀ ਹੋ ਚੁੱਕੀ ਹੈ ਕਿ ਮਹਿਲਾਵਾਂ ਨੂੰ ਸੈਨਾ ਵਿੱਚ ਹੋਣਾ ਚਾਹੀਦਾ ਹੈ ਜਾਂ ਨਹੀਂ। ਉੱਥੇ  ਦੀ ਸੈਨਾ ਵਿੱਚ ਮਹਿਲਾਵਾਂ ਨੂੰ ਲੰਮੇ ਸਮੇਂ ਤੋਂ ਸ਼ਾਮਲ ਕੀਤਾ ਜਾਂਦਾ ਰਿਹਾ ਹੈ। ਹਾਲਾਂਕਿ ਯੁੱਧ ਵਾਲੀ ਸਥਿਤੀ ਵਿੱਚ ਉਨ੍ਹਾਂ ਦੇ ਹੋਣ ਨੂੰ ਲੈ ਕੇ ਬਹਿਸ ਉੱਥੇ ਵੀ ਹੈ।

ਯੂਰੋਪ ਦੇ ਜ਼ਿਆਦਾਤਰ ਦੇਸ਼ ਆਸਟ੍ਰੇਲੀਆ, ਨਿਊਜ਼ੀਲੈਂਡ, ਕਨਾਡਾ ਆਦਿ ਕਿਉਂਕਿ ਲੰਮੇ ਸਮੇਂ ਤੋਂ ਕਿਸੇ ਯੁੱਧ ਵਿੱਚ ਸ਼ਾਮਲ ਨਹੀਂ ਹੋਏ ਹਨ, ਇਸ ਲਈ ਉੱਥੇ ਮਹਿਲਾਵਾਂ ਦੀ ਸੈਨਾ ਵਿੱਚ ਭੂਮਿਕਾ ਸਬੰਧੀ ਕਾਫੀ ਹੱਦ ਤੱਕ ਸ਼ਾਸਤਰੀ ਕਿਸਮ ਦੀ ਹੈ।

ਅਮਰੀਕਾ ਆਪਣੀਆਂ ਮਹਿਲਾ ਸੈਨੀਕਾਂ ਨੂੰ ਯੁੱਧ ਦੇ ਮੋਰਚੇ 'ਤੇ ਭੇਜਦਾ ਹੈ ਅਤੇ ਉਹ ਉੱਥੇ ਮਾਰੀਆਂ ਵੀ ਜਾਂਦੀਆਂ ਹਨ ਅਤੇ ਯੁੱਧ ਬੰਦੀ ਵੀ ਬਣਾਈਆਂ ਜਾਂਦੀਆਂ ਹਨ। ਇਸ ਨਾਲ ਨਾ ਤਾਂ ਦੇਸ਼ ਦੀ, ਨਾ ਹੀ ਅਮਰੀਕੀ ਔਰਤਾਂ ਦੀ ਇੱਜ਼ਤ ਖਰਾਬ ਹੁੰਦੀ ਹੈ। ਭਾਰਤ ਵਿੱਚ ਮਹਿਲਾਵਾਂ ਨੂੰ ਮੋਰਚੇ 'ਤੇ ਨਾ ਭੇਜਣ ਦਾ ਇੱਕ ਵੱਡਾ ਤਰਕ ਇਹ ਹੁੰਦਾ ਹੈ ਕਿ ਜੇਕਰ ਦੁਸ਼ਮਣ ਦੇਸ਼ ਵਿੱਚ ਭਾਰਤੀ ਮਹਿਲਾ ਸੈਨਿਕਾਂ ਨੂੰ ਬੰਦੀ ਬਣਾ ਲਿਆ ਤਾਂ ਕੀ ਹੋਵੇਗਾ?

ਅਜਿਹੀਆਂ ਯੁੱਧ ਬੰਦੀਆਂ ਦੀ ਸੁਰੱਖਿਆ ਲਈ ਵਿਅਨਾ ਕਨਵੇਂਸ਼ਨ ਹੈ ਅਤੇ ਫਿਰ ਯੌਨ ਸ਼ੋਸ਼ਣ ਦੀ ਹੀ ਗੱਲ ਹੈ ਤਾਂ ਯੁੱਧ ਦੌਰਾਨ ਅਜਿਹਾ ਤਾਂ ਪੁਰਸ਼ਾਂ ਦੇ ਨਾਲ ਵੀ ਹੋ ਸਕਦਾ ਹੈ। ਇਹ ਇੱਕ ਕਲਪਨਾ ਵਾਲੀ ਸਥਿਤੀ ਹੈ ਅਤੇ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਸਾਰੀਆਂ ਸੈਨਾਵਾਂ ਯੁੱਧ ਤੇ ਯੁੱਧਬੰਦੀਆਂ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਿਵਹਾਰ ਕਰਨਗੀਆਂ।

ਅਤੇ ਫਿਰ ਇਹ ਕਿਉਂ ਭੁੱਲ ਜਾਈਏ ਕਿ ਮਹਿਲਾਵਾਂ ਦੇ ਯੌਨ ਸ਼ੋਸ਼ਣ ਦਾ ਖਤਰਾ ਤਾਂ ਦੇਸ਼ ਦੇ ਅੰਦਰ ਬਹੁਤ ਹੀ ਜ਼ਿਆਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦੇ ਅੰਕੜਿਆਂ ਮੁਤਾਬਕ 94.6 ਫੀਸਦੀ ਮਾਮਲਿਆਂ ਵਿੱਚ ਤਾਂ ਯੌਨ ਅੱਤਿਆਚਾਰ ਕਰਨ ਵਾਲੇ ਕੋਈ ਰਿਸ਼ਤੇਦਾਰ ਜਾਂ ਜਾਣ-ਪਛਾਣ ਵਾਲੇ ਹੁੰਦੇ ਹਨ। 

ਨਾਲ ਹੀ ਭਾਰਤ ਦੀ ਸੈਨਾ ਵਾਲੰਟੀਅਰ ਆਰਮੀ ਹੈ। ਮਤਲਬ, ਭਾਰਤੀ ਫੌਜ ਵਿੱਚ ਸ਼ਾਮਲ ਹੋਣ ਵਾਲੀ ਜਾਂ ਵਾਲਾ ਹਰ ਕੋਈ ਆਪਣੀ ਮਰਜ਼ੀ ਨਾਲ ਸੈਨਾ ਵਿੱਚ ਆਉਂਦਾ ਹੈ ਅਤੇ ਇਸ ਖਤਰੇ ਨੂੰ ਸਮਝਦਾ ਹੈ ਕਿ ਇਸ ਨੌਕਰੀ ਦੌਰਾਨ ਉਸਨੂੰ ਯੁੱਧ ਵਿੱਚ ਭੇਜਿਆ ਜਾ ਸਕਦਾ ਹੈ। ਇਸ ਦੌਰਾਨ ਉਸਦੀ ਮੌਤ ਹੋ ਸਕਦੀ ਹੈ ਜਾਂ ਉਸਨੂੰ ਯੁੱਧਬੰਦੀ ਬਣਾਇਆ ਜਾ ਸਕਦਾ ਹੈ।

ਜੇਕਰ ਕੋਈ ਮਹਿਲਾ ਆਪਣੀ ਮਰਜ਼ੀ ਨਾਲ ਸਾਰੇ ਖਤਰਿਆਂ ਨੂੰ ਜਾਣਦੇ ਹੋਏ ਸੈਨਾ ਵਿੱਚ ਆਉਂਦੀ ਹੈ ਤਾਂ ਕਿਸੇ ਨੂੰ ਵੀ ਉਸਦਾ ਪਿਤਾ ਬਣ ਕੇ ਉਸਦੇ ਲਈ ਫੈਸਲਾ ਕਰਨ ਦਾ ਅਧਿਕਾਰ ਨਹੀਂ ਹੈ। ਜੇਕਰ ਮਹਿਲਾਵਾਂ ਖਤਰਿਆਂ ਨੂੰ ਜਾਣਦੇ ਹੋਏ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਕੇ ਸੈਨਾ ਵਿੱਚ ਸ਼ਾਮਲ ਹੁੰਦੀਆਂ ਹਨ ਤਾਂ ਸੈਨਾ ਵਿੱਚ ਹਰ ਤਰ੍ਹਾਂ ਦੀਆਂ ਭੂਮਿਕਾਵਾਂ ਉਨ੍ਹਾਂ ਲਈ ਖੋਲ ਦੇਣੀਆਂ ਚਾਹੀਦੀਆਂ ਹਨ। 

ਆਰਮੀ, ਨੇਵੀ ਤੇ ਏਅਰਫੋਰਸ ਦੀਆਂ ਕਈ ਬ੍ਰਾਂਚਾਂ ਵਿੱਚ ਜਵਾਨ ਜੇਕਰ ਮਹਿਲਾ ਅਫਸਰਾਂ ਦੀ ਅਗਵਾਈ ਸਵੀਕਾਰ ਕਰ ਰਹੇ ਹਨ ਤਾਂ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਯੁੱਧ ਵਾਲੀਆਂ ਭੂਮਿਕਾਵਾਂ ਵਿੱਚ ਜਵਾਨ ਆਪਣੀ ਮਹਿਲਾ ਅਫਸਰ ਦੀ ਅਗਵਾਈ ਸਵੀਕਾਰ ਨਹੀਂ ਕਰਨਗੇ। ਮਹਿਲਾਵਾਂ ਫਾਈਟਰ ਪਲੇਨ ਤੋਂ ਮਿਸਾਈਲ ਸੁੱਟ ਸਕਦੀਆਂ ਹਨ ਤਾਂ ਬੰਦੂਕ, ਤੋਪ ਤੇ ਟੈਂਕ ਵੀ ਚਲਾ ਸਕਦੀਆਂ ਹਨ। ਭਾਰਤੀ ਸੈਨਾ ਨੂੰ ਦੁਨੀਆ ਭਰ ਵਿੱਚ ਆ ਰਹੇ ਬਦਲਾਅ ਦੇ ਨਾਲ ਕਦਮ ਮਿਲਾਉਂਦੇ ਹੋਏ ਆਪਣੇ ਸਾਰੇ ਦਰਵਾਜੇ ਮਹਿਲਾਵਾਂ ਲਈ ਖੋਲ ਦੇਣੇ ਚਾਹੀਦੇ ਹਨ।
-ਗੀਤਾ ਯਾਦਵ
(ਲੇਖਿਕਾ ਭਾਰਤੀ ਸੂਚਨਾ ਸੇਵਾ ਅਧਿਕਾਰੀ ਹਨ)

Comments

Leave a Reply