Mon,Apr 22,2019 | 12:34:26am
HEADLINES:

Social

ਪੁਰਸ਼ਵਾਦੀ ਤੇ ਸਾਮੰਤਵਾਦੀ ਸੋਚ ਦਿੰਦੀ 'ਰੇਪ' ਨੂੰ ਜਨਮ

ਪੁਰਸ਼ਵਾਦੀ ਤੇ ਸਾਮੰਤਵਾਦੀ ਸੋਚ ਦਿੰਦੀ 'ਰੇਪ' ਨੂੰ ਜਨਮ

ਕਈ ਲੋਕ ਮੰਨਦੇ ਹਨ ਕਿ ਅਜਿਹਾ ਸਮਾਜ, ਜਿਹੜਾ ਊਚ-ਨੀਚ ਨਾਲ ਭਰਿਆ ਹੋਵੇ, ਪੁਰਸ਼ਵਾਦੀ ਅਤੇ ਤੇਜ਼ੀ ਨਾਲ ਦੋ ਗੁੱਟਾਂ ਵਿੱਚ ਵੰਡਿਆ ਰਿਹਾ ਹੋਵੇ ਅਤੇ ਜਿਸ ਵਿੱਚ ਨਫਰਤ ਦੇ ਸਹਾਰੇ ਵੋਟਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹੋਣ, ਉੱਥੇ ਬਲਾਤਕਾਰ ਵਰਗੀਆਂ ਘਟਨਾਵਾਂ ਦਾ ਹੋਣਾ ਹੈਰਾਨੀ ਵਾਲੀ ਗੱਲ ਨਹੀਂ ਹੈ। ਭਾਰਤ ਵਿੱਚ ਲਿੰਗ ਅਨੁਪਾਤ ਦੀ ਗੱਲ ਕਰੀਏ ਤਾਂ ਇੱਥੇ ਕੁਦਰਤੀ ਲਿੰਗ ਅਨੁਪਾਤ 105 ਲੜਕਿਆਂ 'ਤੇ 100 ਲੜਕੀਆਂ ਦੀ ਜਗ੍ਹਾ 112 ਲੜਕਿਆਂ 'ਤੇ 100 ਲੜਕੀਆਂ ਹਨ।
 
ਕਈ ਲੋਕ ਮੰਨਦੇ ਹਨ ਕਿ ਇਸੇ ਕਾਰਨ ਮਹਿਲਾਵਾਂ ਖਿਲਾਫ ਅਪਰਾਧ ਵਧ ਰਹੇ ਹਨ। ਹਰਿਆਣਾ ਵਿੱਚ ਗੈਂਗਰੇਪ ਨਾਲ ਜੁੜੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ। ਹਰਿਆਣਾ ਉਹ ਸੂਬਾ ਹੈ, ਜਿੱਥੇ ਸਭ ਤੋਂ ਖਰਾਬ ਲਿੰਗ ਅਨੁਪਾਤ ਹੈ, ਪਰ ਹੁਣ ਇਸ ਵਿੱਚ ਸੁਧਾਰ ਆ ਰਿਹਾ ਹੈ।  
 
ਜਨਵਰੀ ਵਿੱਚ ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਇੱਕ ਮੁਸਲਿਮ ਲੜਕੀ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਉਸਨੂੰ ਕਿਡਨੈਪ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਇੱਕ ਮੰਦਰ ਵਿੱਚ ਕੈਦ ਕੀਤਾ ਗਿਆ। ਇਸ ਤੋਂ ਬਾਅਦ ਉਸਨੂੰ ਜੰਗਲ ਵਿੱਚ ਸੁੱਟ ਦਿੱਤਾ ਗਿਆ। ਇਹ ਬੱਚੀ ਬੱਕਰਵਾਲ ਸਮਾਜ ਨਾਲ ਸਬੰਧਤ ਸੀ।
 
ਇਹ ਘਟਨਾ ਇਸ ਘੱਟ ਗਿਣਤੀ ਮੁਸਲਿਮ ਜਾਤੀ ਲਈ ਇੱਕ ਚੇਤਾਵਨੀ ਵਾਂਗ ਸੀ ਕਿ ਉਹ ਸੂਬੇ ਦੇ ਉਸ ਹਿੱਸੇ ਵਿੱਚ ਆਪਣੇ ਪਸ਼ੂਆਂ ਨੂੰ ਚਰਾਉਣਾ ਬੰਦ ਕਰ ਦੇਣ, ਜਿੱਥੇ ਫਿਰਕੂ ਤਣਾਅ ਵਧ ਰਿਹਾ ਹੈ। ਇਸ ਮਾਮਲੇ 'ਚ ਦੋਸ਼ੀਆਂ ਦੇ ਸਮਰਥਨ ਵਿੱਚ ਰੈਲੀ ਕੱਢੀ ਗਈ ਤੇ ਭਾਜਪਾ ਦੇ ਦੋ ਨੇਤਾਵਾਂ ਨੇ ਆਪਣਾ ਅਸਤੀਫਾ ਵੀ ਦੇ ਦਿੱਤਾ। 
 
ਕੇਰਲ ਵਿੱਚ ਇੱਕ ਬੈਂਕ ਮੈਨੇਜਰ ਨੇ ਮਾਣ ਨਾਲ ਫੇਸਬੁੱਕ 'ਤੇ ਲਿਖਿਆ, ''ਚੰਗਾ ਹੋਇਆ ਕਿ ਪਸ਼ੂ ਚਰਾਉਣ ਵਾਲੇ ਸਮਾਜ ਦੀ ਇਹ ਲੜਕੀ ਮਾਰ ਦਿੱਤੀ ਗਈ, ਕਿਉਂਕਿ ਕੱਲ ਇਹੀ ਲੜਕੀ ਭਾਰਤ ਖਿਲਾਫ ਮਾਨਵ ਬੰਬ ਬਣ ਕੇ ਆਉਂਦੀ।'' ਇਸ ਤੋਂ ਬਾਅਦ ਬੈਂਕ ਮੈਨੇਜਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਸਾਲ 2014 ਵਿੱਚ ਜਦੋਂ ਇੱਕ ਪੱਤਰਕਾਰ ਦੇ ਗੈਂਗਰੇਪ ਮਾਮਲੇ ਵਿੱਚ ਤਿੰਨ ਪੁਰਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਦੋਂ ਇੱਕ ਖੇਤਰੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਨੇ ਕਿਹਾ ਸੀ, ਲੜਕਿਆਂ ਤੋਂ ਗਲਤੀਆਂ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਇਸਦੇ ਲਈ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ। ਅਸੀਂ ਐਂਟੀ ਰੇਪ ਕਾਨੂੰਨਾਂ ਵਿੱਚ ਬਦਲਾਅ ਲਿਆਵਾਂਗੇ। 
 
ਭਾਰਤੀ ਮਹਿਲਾਵਾਂ ਨੂੰ ਇਸ ਸੱਚ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਖੁਦ ਨੂੰ ਬਚਾਉਣਾ ਹੈ। ਸਹੀ ਕੱਪੜੇ ਪਾਉਣੇ ਹਨ, ਇਕੱਲੇ ਬਾਹਰ ਨਹੀਂ ਜਾਣਾ ਹੈ ਜਾਂ ਫਿਰ ਘਰ ਵਿੱਚ ਹੀ ਰਹਿਣਾ ਹੈ। ਜੇਕਰ ਇਹ ਸਭ ਨਹੀਂ ਕੀਤਾ ਤਾਂ ਖਤਰਾ ਮੁੱਲ ਲੈਣ ਲਈ ਤਿਆਰ ਰਹਿਣਾ ਹੈ। ਇਸ ਵਿੱਚ ਸਭ ਤੋਂ ਭਿਆਨਕ ਗੱਲ ਇਹ ਹੈ ਕਿ ਅਜਿਹੇ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ, ਜਿਸ ਵਿੱਚ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
 
ਭਾਰਤ ਦੇ ਕ੍ਰਾਈਮ ਰਿਕਾਰਡ ਦੇ ਅੰਕੜੇ ਦੱਸਦੇ ਹਨ ਕਿ ਬੱਚਿਆਂ ਨਾਲ ਬਲਾਤਕਾਰ ਦੇ ਮਾਮਲੇ ਸਾਲ 2012 ਤੋਂ 2016 ਤੱਕ ਦੁੱਗਣੇ ਹੋ ਗਏ ਹਨ। ਇਨ੍ਹਾਂ ਵਿੱਚੋਂ 40 ਫੀਸਦੀ ਮਾਮਲਿਆਂ ਵਿੱਚ ਪੀੜਤਾਵਾਂ ਬੱਚੀਆਂ ਸਨ। ਅੰਕੜਿਆਂ ਵਿੱਚ ਇਸ ਵਾਧੇ ਦਾ ਕਾਰਨ ਸਾਲ 2012 ਦੇ ਨਿਰਭਯਾ ਗੈਂਗਰੇਪ ਕੇਸ ਤੋਂ ਬਾਅਦ ਆਮ ਲੋਕਾਂ ਵਿੱਚ ਬਲਾਤਕਾਰ ਦੀ ਸਮਝ ਵਧਣ ਅਤੇ ਪੁਲਸ-ਮੀਡੀਆ ਵੱਲੋਂ ਬਲਾਤਕਾਰ ਕੇਸਾਂ ਦੀ ਬੇਹਤਰ ਰਿਪੋਰਟਿੰਗ ਹੋ ਸਕਦੀ ਹੈ।
 
ਜੇਕਰ ਬਲਾਤਕਾਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਇਕੱਲਾ ਅਜਿਹਾ ਦੇਸ਼ ਨਹੀਂ ਹੈ, ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਪੁਰਸ਼ਵਾਦੀ ਸੋਚ, ਸਾਮੰਤਵਾਦ ਅਤੇ ਲਿੰਗ ਅਨੁਪਾਤ ਵਿੱਚ ਗੈਰਬਰਾਬਰੀ ਅਜਿਹੇ ਮਾਮਲਿਆਂ ਨੂੰ ਵਧਾ ਰਹੇ ਹਨ। ਅਜਿਹੇ ਵਿੱਚ ਮਹਿਲਾਵਾਂ ਵੱਲ ਸਮਾਜਿਕ ਬੇਰੁਖੀ ਵੀ ਇੱਕ ਪੱਖ ਹੈ। ਮਹਿਲਾਵਾਂ ਦੇ ਅਧਿਕਾਰ ਅਤੇ ਸੁਰੱਖਿਆ ਕਦੇ ਚੋਣ ਮੁੱਦੇ ਨਹੀਂ ਬਣਦੇ। ਅਜਿਹੇ ਵਿੱਚ ਕੀ ਸਾਲ 2012 ਦੇ ਗੈਂਗਰੇਪ ਕਾਂਡ ਤੋਂ ਬਾਅਦ ਦੁਨੀਆ ਵਿੱਚ ਪੈਦਾ ਹੋਇਆ ਰੋਸ ਅਤੇ ਲੋਕਾਂ ਦੇ ਪ੍ਰਦਰਸ਼ਨਾਂ ਤੋਂ ਬਾਅਦ ਵੀ ਕੁਝ ਨਹੀਂ ਬਦਲਿਆ ਹੈ? ਇਹ ਕਹਿਣਾ ਮੁਸ਼ਕਿਲ ਹੈ।
 
ਇੱਕ ਚੰਗੀ ਖਬਰ ਇਹ ਹੈ ਕਿ ਬਲਾਤਕਾਰ ਦੇ ਮਾਮਲਿਆਂ ਵਿੱਚ ਸ਼ਿਕਾਇਤਾਂ ਦਰਜ ਹੋਣੀਆਂ ਸ਼ੁਰੂ ਹੋਈਆਂ ਹਨ, ਪਰ ਮਾੜੀ ਖਬਰ ਇਹ ਹੈ ਕਿ ਅਜੇ ਵੀ ਇਸ ਨਿਆਂ ਵਿਵਸਥਾ ਵਿੱਚ ਕਈ ਦੋਸ਼ੀ ਰਿਹਾਅ ਹੋ ਜਾਂਦੇ ਹਨ। ਕਈ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਯੌਨ ਸ਼ੋਸ਼ਣ ਇੱਕ ਅਜਿਹੀ ਸਮੱਸਿਆ ਹੈ, ਜੋ ਕਿ ਭਾਰਤ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਮੇਤ ਜ਼ਿਆਦਾਤਰ ਪਾਰਟੀਆਂ ਇਸ ਸਮੱਸਿਆ ਦਾ ਹੱਲ ਕੱਢਣ ਲਈ ਤਿਆਰ ਨਜ਼ਰ ਨਹੀਂ ਆ ਰਹੀਆਂ ਹਨ। 
-ਸੌਤਿਕ ਬਿਸਵਾਸ

Comments

Leave a Reply