Sun,Sep 20,2020 | 05:34:30am
HEADLINES:

Social

ਗੈਰਬਰਾਬਰੀ, ਭੇਦਭਾਵ ਤੇ ਸ਼ੋਸ਼ਣ ਤੋਂ ਮੁਕਤ ਨਹੀਂ ਹੋ ਸਕੀਆਂ ਔਰਤਾਂ

ਗੈਰਬਰਾਬਰੀ, ਭੇਦਭਾਵ ਤੇ ਸ਼ੋਸ਼ਣ ਤੋਂ ਮੁਕਤ ਨਹੀਂ ਹੋ ਸਕੀਆਂ ਔਰਤਾਂ

ਔਰਤਾਂ ਦੇ ਹੱਕਾਂ ਨੂੰ ਮਨੁੱਖੀ ਹੱਕਾਂ ਵਜੋਂ ਵੇਖਿਆ ਜਾਂਦਾ ਹੈ। ਔਰਤਾਂ ਦੇ ਇਹ ਹੱਕ ਘਰੇਲੂ ਹਿੰਸਾ, ਗੁਲਾਮੀ ਅਤੇ ਵਿਤਕਰੇ ਤੋਂ ਮੁਕਤੀ ਵਜੋਂ ਤਾਂ ਪ੍ਰਵਾਨੇ ਜਾਣ ਦੀ ਗੱਲ ਕੀਤੀ ਹੀ ਜਾਂਦੀ ਹੈ, ਪਰ ਨਾਲ ਦੀ ਨਾਲ ਮਰਦਾਂ ਬਰਾਬਰ ਸਿੱਖਿਆ, ਕਿਰਤ ਕਮਾਈ ਤੋਂ ਬਰਾਬਰ ਤਨਖਾਹ ਅਤੇ ਜਾਇਦਾਦ ਦਾ ਅਧਿਕਾਰ ਵੀ ਉਸ ਦੇ ਹੱਕਾਂ 'ਚ ਸ਼ਾਮਲ ਹੈ। ਦੁਨੀਆ ਭਰ 'ਚ ਵੱਖੋ-ਵੱਖਰੀਆਂ ਰਿਵਾਇਤਾਂ, ਕਾਨੂੰਨ ਤਹਿਤ ਔਰਤਾਂ ਨੂੰ ਸਦੀਆਂ ਤੋਂ ਲਿਤਾੜਿਆ ਜਾਂਦਾ ਰਿਹਾ। ਭਾਵੇਂ ਸਮੇਂ-ਸਮੇਂ 'ਤੇ ਸਮਾਜ 'ਚ ਕੁਝ ਚਿੰਤਕਾਂ ਨੇ ਔਰਤਾਂ ਦੇ ਹੱਕਾਂ ਲਈ ਆਵਾਜ਼ ਉਠਾਈ, ਉਨ੍ਹਾਂ ਨੂੰ ਮਰਦਾਂ ਬਰਾਬਰ ਅਧਿਕਾਰਾਂ ਦੀ ਵਕਾਲਤ ਕੀਤੀ।

ਯੂਨਾਈਟਿਡ ਨੈਸ਼ਨਲ ਹਿਊਮਨ ਡਿਵੈਲਪਮੈਂਟ ਦੀ 2004 ਦੀ ਇੱਕ ਰਿਪੋਰਟ ਅਨੁਸਾਰ ਇੱਕ ਔਰਤ ਨੂੰ ਮਰਦਾਂ ਦੇ ਮੁਕਾਬਲੇ 20 ਫੀਸਦੀ ਵੱਧ ਕੰਮ ਕਰਨਾ ਪੈਂਦਾ ਹੈ ਭਾਵੇਂ ਕਿ ਉਹ ਘਰ ਦੇ ਕੰਮ ਹੀ ਕਿਉਂ ਨਾ ਹੋਣ? ਯੂਨਾਈਟਿਡ ਨੈਸ਼ਨਲ ਅਨੁਸਾਰ ਦੁਨੀਆਂ 'ਚ ਕੁੱਲ ਕੀਤੇ ਜਾਂਦੇ ਕੰਮਾਂ 'ਚ 66 ਫੀਸਦੀ ਹਿੱਸਾ ਔਰਤਾਂ ਦਾ ਹੈ (ਭਾਰਤ ਦਾ ਫੀਸਦੀ 48 ਹੈ)।

ਉਹ 50 ਫੀਸਦੀ ਖਾਣ ਵਾਲੇ ਪਦਾਰਥ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਕੰਮ ਬਦਲੇ ਸਿਰਫ਼ 10 ਫੀਸਦੀ ਆਮਦਨ ਪ੍ਰਾਪਤ ਹੁੰਦੀ। ਇੱਕ ਫੀਸਦੀ ਔਰਤਾਂ ਹੀ ਜਾਇਦਾਦ ਦੀਆਂ ਮਾਲਕ ਹਨ। ਭਾਵੇਂ ਹੁਣ ਨੌਕਰੀਪੇਸ਼ਾ ਔਰਤਾਂ ਦੀ ਗਿਣਤੀ ਵਧੀ ਹੈ, ਪਰ ਦੁਨੀਆ ਦੀਆਂ ਕੁੱਲ ਪਾਰਲੀਮੈਂਟਾਂ 'ਚ ਉਨ੍ਹਾਂ ਦਾ ਫੀਸਦੀ ਸਿਰਫ 24.3 ਹੈ। ਇਹ ਫੀਸਦੀ ਭਾਰਤ 'ਚ 14 ਹੈ। ਇਹ ਸਥਿਤੀ ਸਿਰਫ ਕੰਮ ਜਾਂ ਸਿਆਸੀ ਖੇਤਰ ਦੀ ਹੀ ਨਹੀਂ ਹੈ, ਸਗੋਂ ਮਿਲੇ ਦੂਜੇ ਅਧਿਕਾਰਾਂ ਦੀ ਵੀ ਹੈ।

ਲੜਕੀਆਂ-ਔਰਤਾਂ ਦੀ ਭਾਰਤ ਵਿਚਲੀ ਸਥਿਤੀ ਕੋਈ ਬਹੁਤੀ ਸੁਖਾਵੀਂ ਨਹੀਂ। ਭਰੂਣ ਹੱਤਿਆ (ਪੇਟ 'ਚ ਲੜਕੀਆਂ ਦਾ ਕਤਲ), ਦਾਜ ਦਹੇਜ ਦੇ ਮਾਮਲੇ 'ਚ ਦੁਰਵਿਵਹਾਰ, ਛੋਟੀ ਉਮਰ 'ਚ ਸ਼ਾਦੀ-ਵਿਆਹ, ਨੌਕਰੀਆਂ ਜਾਂ ਕਿਰਤ 'ਚ ਘੱਟ ਤਨਖਾਹ, ਘਰੇਲੂ ਹਿੰਸਾ, ਸਿੱਖਿਆ ਲਈ ਲੜਕੀਆਂ ਨੂੰ ਪਿੱਛੇ ਸੁੱਟੀ ਰੱਖਣਾ ਇਹੋ ਜਿਹਾ ਵਰਤਾਰਾ ਹੈ, ਜੋ ਭਾਰਤ 'ਚ ਔਰਤਾਂ ਦੀ ਦਰਦਨਾਕ ਸਥਿਤੀ ਵਰਨਣ ਕਰਦਾ ਹੈ।

ਬਚਪਨ 'ਚ ਲੜਕੀਆਂ ਨੂੰ ਮਿਲਦੀ ਲੜਕਿਆਂ ਦੇ ਮੁਕਾਬਲੇ ਘੱਟ ਖੁਰਾਕ, ਬਹੁਤੇ ਸਮਾਜਾਂ 'ਚ ਸਿੱਖਿਆ ਨਾ ਦੇਣ ਦੀ ਪ੍ਰਵਿਰਤੀ, ਲੜਕਿਆਂ ਦੇ ਮੁਕਾਬਲੇ ਲੜਕੀਆਂ 'ਚ ਹੀਣ ਭਾਵਨਾ ਪੈਦਾ ਕਰਦੀ ਹੈ। ਭਾਵੇਂ ਕਿ ਅਜੋਕੇ ਸਮੇਂ 'ਚ ਸਿੱਖਿਆ ਦੇ ਖੇਤਰ 'ਚ ਲੜਕੀਆਂ ਵੱਡੀਆਂ ਮੱਲਾਂ ਮਾਰ ਰਹੀਆਂ ਹਨ,  ਪ੍ਰੀਖਿਆਵਾਂ 'ਚ ਉੱਚੇ ਸਥਾਨ ਮੱਲ ਰਹੀਆਂ ਹਨ, ਪਰ ਉਚੇਰੀ ਸਿੱਖਿਆ ਲਈ ਬਹੁਤ ਘੱਟ ਗਿਣਤੀ 'ਚ ਲੜਕੀਆਂ ਸਿੱਖਿਆ ਪ੍ਰਾਪਤ ਕਰਦੀਆਂ ਹਨ। ਇਹੋ ਹਾਲ ਪ੍ਰਸ਼ਾਸ਼ਨਿਕ ਤੇ ਹੋਰ ਨੌਕਰੀਆਂ 'ਚ ਹੈ।

ਪੇਂਡੂ ਲੜਕੀਆਂ/ਔਰਤਾਂ ਦੀ ਹਾਲਤ ਸ਼ਹਿਰ 'ਚ ਰਹਿੰਦੀਆਂ ਔਰਤਾਂ ਦੇ ਮੁਕਾਬਲੇ ਬਹੁਤ ਮੰਦੀ ਹੈ। ਸ਼ਹਿਰੀ ਖੇਤਰ ਦੇ ਸਲੱਮ ਏਰੀਆ 'ਚ ਤਾਂ ਲੜਕੀਆਂ/ਔਰਤਾਂ ਸਬੰਧੀ ਬਹੁਤ ਕੁਝ ਅਣਸੁਖਾਵਾਂ ਵੇਖਣ ਨੂੰ ਮਿਲਦਾ ਹੈ। ਇੱਥੇ ਘਰੇਲੂ ਹਿੰਸਾ, ਕੁੱਟਮਾਰ, ਭੁੱਖਮਰੀ ਆਮ ਹੈ। ਇਹੋ ਜਿਹੀ ਦਰਦਨਾਕ ਹਾਲਤ 'ਚ ਕੋਵਿਡ-19 ਨੇ ਹੋਰ ਵਾਧਾ ਕੀਤਾ ਹੈ। ਔਰਤਾਂ ਨਾਲ ਦੇਸ਼ ਭਰ 'ਚ ਘਰਾਂ 'ਚ ਬਦਸਲੂਕੀ, ਬਲਾਤਕਾਰ ਦੀਆਂ ਘਟਨਾਵਾਂ, ਜ਼ਬਰਦਸਤੀ ਸੈਕਸ ਨੇ ਔਰਤਾਂ ਦੀ ਸਥਿਤੀ ਬਦ ਤੋਂ ਬਦਤਰ ਕੀਤੀ ਹੈ।

ਕੁੱਲ 160 ਦੇਸ਼ਾਂ 'ਚੋਂ ਭਾਰਤ ਦਾ ਸਥਾਨ ਔਰਤਾਂ ਦੀ ਸਥਿਤੀ ਦੇ ਮਾਮਲੇ 'ਚ 127ਵਾਂ ਹੈ। ਸੈਕੰਡਰੀ ਸਿੱਖਿਆ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਸਿਰਫ 39 ਫੀਸਦੀ ਹਨ, ਜਦਕਿ ਮਰਦਾਂ ਦਾ ਫੀਸਦੀ 61 ਫੀਸਦੀ ਹੈ। ਸਾਲ 2018 'ਚ ਥਾਮਸਨ ਰਿਊਪਰ ਫਾਊਂਡੇਸ਼ਨ ਨੇ ਭਾਰਤ 'ਚ ਔਰਤਾਂ ਦੀ ਸਥਿਤੀ ਬਾਰੇ ਲਿਖਿਆ ਕਿ ਭਾਰਤ ਸੈਕਸ ਹਿੰਸਾ ਦੇ ਮਾਮਲੇ 'ਚ ਦੁਨੀਆ ਦਾ ਸਭ ਤੋਂ ਭਿਅੰਕਰ ਦੇਸ਼ ਹੈ।

ਭਾਵੇਂ ਕਿ ਦੇਸ਼ ਦੇ ਭਾਰਤੀ ਵੂਮੈਨ ਕਮਿਸ਼ਨ ਨੇ ਇਸ ਰਿਪੋਰਟ ਨੂੰ ਨਕਾਰਿਆ ਹੈ, ਪਰ ਇਸ ਤੱਥ ਨੂੰ ਕਿਵੇਂ ਨਕਾਰਿਆ ਜਾ ਸਕਦਾ ਹੈ ਕਿ ਮਰਦ ਔਰਤ ਨੂੰ ਅਰਧਾਂਗਨੀ ਜਾਂ ਬੈਟਰਹਾਫ ਆਖਦਾ ਹੈ ਅਤੇ ਪਤੀ, ਆਪਣੀ ਪਤਨੀ ਨੂੰ ਬਰਾਬਰ ਦਾ ਅਧਿਕਾਰ ਦੇਣ ਲਈ ਜਾਂ ਉਸਨੂੰ ਬਣਦਾ ਮਹੱਤਵ ਦੇਣ ਲਈ ਵੀ ਤਿਆਰ ਨਹੀਂ ਹੈ। ਮੁਸਲਿਮ ਔਰਤਾਂ ਦੀ ਸਥਿਤੀ ਉਸ ਵੇਲੇ ਹੋਰ ਵੀ ਔਖੀ ਹੁੰਦੀ ਹੈ, ਜਦੋਂ ਉਨ੍ਹਾਂ ਨੂੰ ਬੁਰਕੇ 'ਚ ਰਹਿ ਕੇ ਸਮਾਜ 'ਚ ਵਿਚਰਨਾ ਪੈਂਦਾ ਹੈ। ਭਾਵੇਂ ਕਿ ਹਿੰਦੂ ਔਰਤਾਂ ਵੀ ਘੁੰਡ ਕੱਢ ਕੇ ਓਪਰੇ ਮਰਦਾਂ ਤੋਂ ਚਿਹਰਾ ਛੁਪਾਉਂਦੀਆਂ ਹਨ।

ਬਿਨਾਂ ਸ਼ੱਕ ਔਰਤਾਂ/ਲੜਕੀਆਂ ਹੁਸ਼ਿਆਰ ਹਨ, ਮਿਹਨਤੀ ਹਨ, ਆਪਣੇ ਕੰਮ 'ਚ ਮਾਹਰ ਹਨ। ਉਹ ਕੰਮ ਵਾਲੇ ਥਾਵਾਂ 'ਚ ਪੂਰੇ ਮਨੋਂ ਕੰਮ ਕਰਦੀਆਂ ਹਨ। ਅਧਿਆਪਕਾਂ ਵਜੋਂ ਕੰਮ ਕਰਦੀਆਂ ਔਰਤਾਂ/ਲੜਕੀਆਂ ਨੇ ਦੇਸ਼ 'ਚ ਆਪਣੀ ਪਹਿਚਾਣ ਬਣਾਈ ਹੋਈ ਹੈ। ਨਰਸਿੰਗ ਦੇ ਖੇਤਰ 'ਚ ਉਸਦੀਆਂ ਵਿਲੱਖਣ ਪ੍ਰਾਪਤੀਆਂ ਹਨ, ਪਰ ਕੰਮ ਵਾਲੇ ਥਾਵਾਂ 'ਤੇ ਉਨ੍ਹਾਂ ਨਾਲ ਇਹੋ ਜਿਹਾ ਵਰਤਾਰਾ ਕੀਤਾ ਜਾਂਦਾ ਹੈ ਕਿ ਉਹ ਬਹੁਤੀਆਂ ਹਾਲਤਾਂ 'ਚ ਆਪਣੇ ਆਪ ਨੂੰ ਬੇਬੱਸ ਸਮਝਦੀਆਂ ਹਨ।

ਕੰਮ ਵਾਲੇ ਥਾਵਾਂ 'ਤੇ ਜਾਂ ਮਾਰਕੀਟ 'ਚ ਜਾਂ ਬੱਸਾਂ, ਰੇਲਾਂ 'ਚ ਸਫਰ ਕਰਦਿਆਂ ਉਨ੍ਹਾਂ ਨੂੰ ਜਿਸ ਕਿਸਮ ਦੇ ਗੰਦੇ ਇਸ਼ਾਰਿਆਂ, ਗੁੰਡੇ ਬੋਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਨਾਲ ਉਨ੍ਹਾਂ ਦਾ ਮਨ ਵਲੂੰਧਰਿਆ ਜਾਂਦਾ ਹੈ। ਹੈਰਾਨੀ ਤੇ ਪਰੇਸ਼ਾਨੀ ਦੀ ਗੱਲ ਤਾਂ ਇਹ ਹੈ ਕਿ ਛੋਟੀਆਂ ਲੜਕੀਆਂ, ਔਰਤਾਂ ਨਾਲ ਘਰਾਂ 'ਚ ਇਕੱਲਿਆ ਵੇਖ ਕੇ ਜੋ ਬਲਾਤਕਾਰ, ਛੇੜਖਾਨੀ ਦੀਆਂ ਘਟਨਾਵਾਂ ਹੁੰਦੀਆਂ ਹਨ, ਉਹ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਜਾਂ ਜਾਣੂ-ਪਛਾਣੂ ਲੋਕਾਂ ਵੱਲੋਂ ਹੁੰਦੀਆਂ ਹਨ। 2012-16 ਦੇ ਨੈਸ਼ਨਲ ਕ੍ਰਾਈਮ ਬਿਊਰੋ ਦੇ ਅੰਕੜਿਆਂ ਅਨੁਸਾਰ ਹੋਏ ਕੁੱਲ ਬਲਾਤਕਾਰ 'ਚੋਂ ਕੁੱਲ 40 ਫੀਸਦੀ ਬਲਾਤਕਾਰ ਨਾਬਾਲਗਾਂ ਦੇ ਹੋਏ ਅਤੇ 95 ਫੀਸਦੀ ਬਲਾਤਕਾਰ ਕਰਨ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ ਸਨ।

ਭਾਰਤ ਵਰਗੇ ਦੇਸ਼, ਜਿੱਥੇ ਅੱਜ ਵੀ ਛੂਆਛਾਤ ਦਾ ਬੋਲਬਾਲਾ ਹੈ, ਇਸ 'ਚ ਵੀ ਬਹੁਤ ਦਰਦ ਔਰਤਾਂ ਨੂੰ ਹੰਢਾਉਣਾ ਪੈਂਦਾ ਹੈ। ਔਰਤਾਂ ਨੂੰ ਮੰਦਰਾਂ 'ਚ ਜਾਣ ਦੀ ਆਗਿਆ ਨਹੀਂ। ਖੂਹਾਂ ਤੋਂ ਪਾਣੀ ਭਰਨੋਂ ਉਹ ਤਰਸ ਜਾਂਦੀਆਂ ਹਨ।

ਮਨੁੱਖ ਦੇ ਪੰਜ ਮੁੱਢਲੇ ਅਧਿਕਾਰ ਸਾਡੀਆਂ ਵਿਸ਼ਵ ਪੱਧਰੀ ਸੰਸਥਾਵਾਂ ਵੱਲੋਂ ਪ੍ਰਵਾਨਤ ਹਨ। ਪਹਿਲਾ ਬਰਾਬਰਤਾ ਤੇ ਵਿਤਕਰੇ ਤੋਂ ਆਜ਼ਾਦੀ, ਦੂਜਾ ਜ਼ਿੰਦਗੀ ਤੇ ਨਿੱਜੀ ਸੁਰੱਖਿਆ ਦੀ ਆਜ਼ਾਦੀ, ਤੀਜਾ ਹਿੰਸਾ ਤੇ ਤ੍ਰਿਸਕਾਰ ਵਤੀਰੇ ਤੋਂ ਆਜ਼ਾਦੀ, ਚੌਥਾ ਕਾਨੂੰਨ ਅੱਗੇ ਬਰਾਬਰਤਾ, ਪੰਜਵਾਂ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਅਤੇ ਕਿਸੇ ਵੀ ਧਰਮ ਨੂੰ ਪ੍ਰਵਾਨ ਕਰਨ ਦੀ ਆਜ਼ਾਦੀ ਦਾ ਹੱਕ, ਪਰ ਬਹੁਤੇ ਦੇਸ਼ਾਂ 'ਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ।

ਦੁਨੀਆ ਦੀ ਅੱਧੀ ਆਬਾਦੀ ਔਰਤਾਂ ਦੀ ਹੈ। ਭਾਰਤ 'ਚ ਵੀ ਅੱਧੀ ਆਬਾਦੀ ਔਰਤਾਂ ਹਨ, ਪਰ ਇਨ੍ਹਾਂ ਔਰਤਾਂ/ਲੜਕੀਆਂ ਦੇ ਹੱਕਾਂ ਦੀ ਅਣਦੇਖੀ ਲਗਾਤਾਰ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ। ਬਿਨਾਂ ਸ਼ੱਕ ਭਾਰਤ 'ਚ ਔਰਤਾਂ ਦੇ ਕੰਮਾਂ ਦੇ ਸਥਾਨਾਂ 'ਚ ਉਨ੍ਹਾਂ ਦੀ ਸੁਰੱਖਿਆ, ਕੰਮ ਦੇ ਘੰਟਿਆਂ ਤੇ ਬਰਾਬਰ ਤਨਖਾਹ, ਭਰੂਣ ਹੱਤਿਆ, ਦਾਜ ਦਹੇਜ ਵਿਰੁੱਧ, ਛੋਟੀ ਉਮਰ 'ਚ ਵਿਆਹ ਨਾ ਹੋਣ ਦੇਣ ਬਾਰੇ ਕਾਨੂੰਨ ਬਣੇ ਹੋਏ ਹਨ, ਦੇਸ਼ 'ਚ ਔਰਤਾਂ ਨੂੰ ਪਾਰਲੀਮੈਂਟ 'ਚ 33 ਫੀਸਦੀ ਰਿਜ਼ਰਵੇਸ਼ਨ ਤੇ ਪੰਚਾਇਤਾਂ/ਨਗਰ ਪਾਲਿਕਾਵਾਂ 'ਚ 50 ਫੀਸਦੀ ਸੀਟਾਂ ਮੁਹੱਈਆ ਕਰਨ ਦੀ ਗੱਲ ਆਖੀ ਗਈ ਹੈ, ਪਰ ਇਨ੍ਹਾਂ ਸਾਰੇ ਕਾਨੂੰਨਾਂ ਨੂੰ ਲਾਗੂ ਕਰਨ 'ਚ ਸਰਕਾਰਾਂ ਗੰਭੀਰ ਨਹੀਂ।

ਔਰਤਾਂ ਦੇ ਹੱਕਾਂ ਦੇ ਹਨਨ ਤੇ ਔਰਤਾਂ ਹਿਤੈਸ਼ੀ ਕਾਨੂੰਨ ਲਾਗੂ ਨਾ ਕਰਨ ਲਈ ਮਰਦ ਪ੍ਰਧਾਨ ਸਮਾਜ, ਅਜੋਕਾ ਸਰਕਾਰੀ ਪ੍ਰਬੰਧ ਅਤੇ ਸਿਆਸੀ ਪ੍ਰਬੰਧਕ ਜ਼ਿੰਮੇਵਾਰ ਹਨ, ਜੋ ਕਹਿਣੀ-ਕਥਨੀ ਲਈ ਤਾਂ ਵੱਡੇ ਦਮਗਜ਼ੇ ਮਾਰਦੇ ਹਨ, ਔਰਤਾਂ ਦੇ ਬਰਾਬਰ ਦੇ ਹੱਕਾਂ ਦਾ ਢੰਡੋਰਾ ਪਿੱਟਦੇ ਹਨ, ਪਰ ਜ਼ਮੀਨੀ ਪੱਧਰ 'ਤੇ ਉਹਨਾਂ ਦੀ ਕਰਨੀ ਇਸ ਤੋਂ ਉਲਟ ਵੇਖੀ ਜਾ ਸਕਦੀ ਹੈ। ਭਾਵੇਂ ਕਿ ਦੁਨੀਆ ਦੇ ਲਗਭਗ ਹਰ ਖਿੱਤੇ 'ਚ ਔਰਤਾਂ ਦੇ ਹੱਕਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ, ਪਰ ਅਣਦੇਖੀ ਦੀ ਦਰ ਭਾਰਤ ਦੇਸ਼ ਵਿਚ ਵੱਡੇ ਪੱਧਰ 'ਤੇ ਹੈ।

ਸਾਰੇ ਤੱਥ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹ ਸਮਾਜ ਜਾਂ ਦੇਸ਼ ਜਿਹੜਾ ਧਰਮ ਨਿਰਪੱਖ ਹੈ, ਉਸਦਾ ਵਿਕਾਸ, ਧਰਮ ਅਧਾਰਿਤ ਦੇਸ਼ਾਂ ਮੁਕਾਬਲੇ ਜ਼ਿਆਦਾ ਹੁੰਦਾ ਹੈ, ਜਿਵੇਂ ਕਿ ਕੈਨੇਡਾ, ਅਮਰੀਕਾ, ਆਸਟਰੇਲੀਆ, ਨਾਰਵੇ, ਸਵੀਡਨ ਦੇਸ਼ਾਂ ਨੇ ਜ਼ਿਆਦਾ ਤਰੱਕੀ ਕੀਤੀ ਹੈ ਅਤੇ ਜਿੱਥੇ ਔਰਤਾਂ ਦਾ ਜੀਵਨ ਤੇ ਜੀਊਣ ਪੱਧਰ ਬਾਕੀ ਮੁਲਕਾਂ ਦੇ ਬਰਾਬਰ ਚੰਗੇਰਾ ਹੈ, ਜਦਕਿ ਭਾਰਤ ਦੇਸ਼, ਜਿੱਥੇ ਪਿਛਲੇ ਕੁਝ ਸਮੇਂ ਤੋਂ ਹਿੰਦੂਤਵ ਤਾਕਤਾਂ ਫੰਨ ਫੈਲਾ ਰਹੀਆਂ ਹਨ ਤੇ ਬਹੁਧਰਮੀ, ਬਹੁਸੱਭਿਆਚਾਰੀ, ਬਹੁਭਾਸ਼ਾਈ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਣ ਲਈ ਯਤਨਸ਼ੀਲ ਹਨ ਅਤੇ ਜਿਹੜੀਆਂ ਸਭਨਾਂ ਭਾਰਤੀਆਂ ਦੀ ਸੱਭਿਆਚਾਰਕ ਪਹਿਚਾਣ 'ਹਿੰਦੂਤਵ' ਦੇ ਤੌਰ 'ਤੇ ਕਰਨ ਲਈ ਤੁਲੀਆਂ ਹਨ, ਭੁਲ ਗਈਆਂ ਹਨ ਕਿ ਹਿੰਦੂ ਰਾਸ਼ਟਰ 'ਚ ਔਰਤਾਂ ਦੀ ਸਥਿਤੀ ਹੋਰ ਵੀ ਭੈੜੀ ਹੋਏਗੀ। ਭਾਵੇਂ ਕਿ ਇਹ ਤਸੱਲੀ ਵਾਲੀ ਗੱਲ ਹੈ ਕਿ ਦੇਸ਼ ਦੇ ਬਹੁਗਿਣਤੀ ਲੋਕ ਇਸ ਕਥਿਤ ਹਿੰਦੂਤਵੀ ਪਹਿਚਾਣ ਨੂੰ ਪ੍ਰਵਾਨ ਨਹੀਂ ਕਰਦੇ ਅਤੇ ਲਗਾਤਾਰ ਇਸ ਪਹਿਚਾਣ ਨੂੰ ਨਕਾਰ ਰਹੇ ਹਨ।
-ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
(ਸੰਪਰਕ ਨੰ. : 98158-02070)

Comments

Leave a Reply