Fri,Sep 17,2021 | 11:43:30am
HEADLINES:

Social

ਅੰਬੇਡਕਰ ਸੋਚ: ਔਰਤ ਦੀ ਤਰੱਕੀ 'ਚ ਸਮਾਜ ਦਾ ਵਿਕਾਸ

ਅੰਬੇਡਕਰ ਸੋਚ: ਔਰਤ ਦੀ ਤਰੱਕੀ 'ਚ ਸਮਾਜ ਦਾ ਵਿਕਾਸ

ਔਰਤਾਂ ਦੇ ਹੱਕਾਂ ਦੇ ਰੱਖਵਾਲੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਕਹਿਣਾ ਸੀ ਕਿ ਅਸੀਂ ਇਸ ਸਮਾਜ 'ਚ ਛੇਤੀ ਹੀ ਵਧੀਆ ਦਿਨ ਦੇਖ ਲਵਾਂਗੇ ਤੇ ਸਾਡਾ ਸਮਾਜ ਤੇਜ਼ੀ ਨਾਲ ਤਰੱਕੀ ਕਰੇਗਾ, ਜੇਕਰ ਅਸੀਂ ਲੜਕੇ ਦੀ ਸਿੱਖਿਆ ਦੇ ਨਾਲ-ਨਾਲ ਲੜਕੀ ਦੀ ਸਿੱਖਿਆ ਨੂੰ ਵੀ ਉਤਸ਼ਾਹਿਤ ਕਰਾਂਗੇ। ਇਸ ਤਰ੍ਹਾਂ ਬਾਬਾ ਸਾਹਿਬ ਅੰਬੇਡਕਰ ਨੇ ਸਿਰਫ ਦਲਿਤ, ਪੱਛੜੇ ਵਰਗ ਦੇ ਹਿੱਤਾ ਦੀ ਹੀ ਗੱਲ ਨਹੀਂ ਕੀਤੀ, ਬਲਕਿ ਔਰਤਾਂ ਨੂੰ ਵਧੀਆ ਜ਼ਿੰਦਗੀ ਦੇਣ ਲਈ ਉਨ੍ਹਾਂ ਦੇ ਅਧਿਕਾਰਾਂ ਦੀ ਡਟ ਕੇ ਹਮਾਇਤ ਵੀ ਕੀਤੀ। ਬਾਬਾ ਸਾਹਿਬ ਜੀ ਦਾ ਮੰਨਣਾ ਸੀ ਕਿ ਮਰਦ ਦੇ ਬਰਾਬਰ ਔਰਤ ਦੀ ਤਰੱਕੀ ਦੇ ਨਾਲ ਹੀ ਸਮਾਜ ਸਹੀ ਢੰਗ ਨਾਲ ਤਰੱਕੀ ਕਰ ਸਕਦਾ ਹੈ।

ਦਲਿਤ ਸਮਾਜ ਨਾਲ ਸਬੰਧਤ  ਹਜ਼ਾਰਾਂ ਔਰਤਾਂ ਨਾਲ ਜੁਲਾਈ, 1927 'ਚ ਇੱਕ ਮੀਟਿੰਗ 'ਚ ਉਨ੍ਹਾਂ ਕਿਹਾ ਸੀ ਕਿ ਉਹ ਕਿਸੇ ਸਮਾਜ ਦੀ ਤਰੱਕੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਉਂਦੇ ਹਨ ਕਿ ਉਸ ਸਮਾਜ 'ਚ ਔਰਤ ਨੇ ਕਿੰਨੀ ਤਰੱਕੀ ਕੀਤੀ ਹੈ। ਬਾਬਾ ਸਾਹਿਬ ਅੰਬੇਡਕਰ ਦਾ ਮੰਨਣਾ ਸੀ ਕਿ ਜੇਕਰ ਘਰ 'ਚ ਔਰਤ ਪੜ੍ਹ ਜਾਂਦੀ ਹੈ ਤਾਂ ਪੂਰਾ ਪਰਿਵਾਰ ਪੜ੍ਹ ਜਾਂਦਾ ਹੈ।

ਬਾਬਾ ਸਾਹਿਬ ਨੇ ਸਿਰਫ ਔਰਤਾਂ ਨੂੰ ਹੀ ਸਿੱਖਿਅਤ ਹੋਣ ਲਈ ਨਹੀਂ ਕਿਹਾ, ਬਲਕਿ ਉਨ੍ਹਾਂ ਔਰਤਾਂ ਨੂੰ ਆਪਣੇ ਬੱਚਿਆਂ ਨੂੰ ਵੀ ਸਿੱਖਿਅਤ ਕਰਨ ਤੇ ਬੁਰਾਈਆਂ ਤੋਂ ਦੂਰ ਰੱਖਣ ਲਈ ਕਿਹਾ। ਬਾਬਾ ਸਾਹਿਬ ਨਸ਼ਿਆਂ ਦੇ ਵਿਰੁੱਧ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਆਦਮੀ ਨਸ਼ੇ ਦੇ ਪ੍ਰਭਾਵ ਹੇਠਾਂ ਹੀ ਆਪਣੇ ਘਰ 'ਚ ਔਰਤ 'ਤੇ ਹਿੰਸਾ ਕਰਦਾ ਹੈ। ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਅੰਦੋਲਨਾਂ 'ਚ ਔਰਤਾਂ ਨੂੰ ਸ਼ਾਮਲ ਕੀਤਾ ਅਤੇ ਔਰਤਾਂ ਉਨ੍ਹਾਂ ਦੇ ਸਾਰੇ ਅੰਦੋਲਨਾਂ ਦਾ ਮਹੱਤਵਪੂਰਨ ਹਿੱਸਾ ਰਹੀਆਂ। ਮਹਾਰਾਸ਼ਟਰ 'ਚ ਮਹਾਡ 'ਚ ਤਲਾਅ 'ਚਂੋ ਪਾਣੀ ਪੀਣ ਲਈ ਕੀਤੇ ਸੰਘਰਸ਼ 'ਚ ਉਸ ਸਮੇਂ 500 ਔਰਤਾਂ ਸ਼ਾਮਲ ਹੋਈਆਂ ਸਨ।

ਇਸ ਤੋਂ ਇਲਾਵਾ ਬਾਬਾ ਸਾਹਿਬ ਅੰਬੇਡਕਰ ਨੇ ਬੰਬਈ 'ਚ ਲੈਜੀਸਲੇਟਿਵ ਕੌਂਸਲ ਦੇ ਮੈਂਬਰ ਹੁੰਦੇ ਹੋਏ ਵੀ ਔਰਤਾਂ ਦੇ ਮੁੱਦੇ ਪ੍ਰਮੁੱਖਤਾ ਨਾਲ ਚੁੱਕੇ। ਉਨ੍ਹਾਂ ਨੇ ਪਰਿਵਾਰ ਨਿਯੋਜਨ ਦਾ ਮਜ਼ਬੂਤੀ ਨਾਲ ਸਮਰਥਨ ਕੀਤਾ, ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਜ਼ਿਆਦਾ ਬੱਚੇ ਪੈਦਾ ਕਰਨ ਨਾਲ ਔਰਤਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਉਨ੍ਹਾਂ ਦੀ ਸਿਹਤ ਵੀ ਕਾਫੀ ਪ੍ਰਭਾਵਿਤ ਹੁੰਦੀ ਹੈ। ਭਾਰਤ 'ਚ ਲੜਕੇ ਦੀ ਚਾਹਤ ਔਰਤ ਦੀ ਹਾਲਤ ਕਾਫੀ ਖਰਾਬ ਕਰ ਦਿੰਦੀ ਹੈ, ਕਿਉਂਕਿ ਔਰਤ ਨੂੰ ਤਦ ਤੱਕ ਬੱਚੇ ਪੈਦਾ ਕਰਨੇ ਪੈਂਦੇ ਹਨ, ਜਦ ਤੱਕ ਉਹ ਲੜਕੇ ਨੂੰ ਜਨਮ ਨਹੀਂ ਦੇ ਦਿੰਦੀ।

1942 'ਚ ਬਾਬਾ ਸਾਹਿਬ ਨੇ ਗਵਰਨਰ ਜਨਰਲ ਦੀ ਐਗਜ਼ੀਕਿਊਟਿਵ ਕੌਂਸਲ 'ਚ ਲੇਬਰ ਮਨਿਸਟਰ ਹੁੰਦਿਆਂ ਮੈਟਰਨਿਟੀ ਲਾਭ ਬਿੱਲ ਪੇਸ਼ ਕੀਤਾ। ਇਸੇ ਤਰ੍ਹਾਂ ਹੀ ਸੰਵਿਧਾਨ ਨਿਰਮਾਣ ਦੌਰਾਨ ਉਨ੍ਹਾਂ ਨੇ ਔਰਤਾਂ ਦੇ ਭਲੇ ਲਈ ਸੰਵਿਧਾਨ 'ਚ ਜ਼ਰੂਰੀ ਕਾਨੂੰਨ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ। ਸਿਵਲ ਅਧਿਕਾਰਾਂ ਦੇ ਮਾਮਲੇ 'ਚ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਦੇ ਆਰਟੀਕਲ 14-16 'ਚ ਔਰਤਾਂ ਨੂੰ ਆਦਮੀ ਦੇ ਬਰਾਬਰ ਦਾ ਦਰਜਾ ਦਿੱਤਾ, ਜਿਹੜਾ ਕਿ ਭਾਰਤੀ ਸਮਾਜ 'ਚ ਔਰਤ ਨੂੰ ਪਹਿਲਾਂ ਹਾਸਲ ਨਹੀਂ ਸੀ।

ਉਨ੍ਹਾਂ ਨੇ ਔਰਤ ਦੀ ਖਰੀਦੋ ਫਰੋਖਤ 'ਤੇ ਵੀ ਰੋਕ ਲਗਾਈ। ਇਸ ਤਂੋ ਇਲਾਵਾ ਉਹ ਸੰਸਦ 'ਚ ਹਿੰਦੂ ਕੋਡ ਬਿੱਲ ਲੈ ਕੇ ਆਏ, ਜਿਸਦਾ ਮਕਸਦ  ਔਰਤ ਨੂੰ ਸੰਪਤੀ ਦਾ ਅਧਿਕਾਰ ਦੇਣਾ ਤੇ ਇੱਕ ਵਿਆਹ ਨੂੰ ਹੀ ਕਾਨੂੰਨੀ ਮਾਨਤਾ ਦੇਣੀ ਆਦਿ ਪ੍ਰਾਵਧਾਨ ਇਸ 'ਚ ਕੀਤੇ ਹੋਏ ਸਨ, ਪਰ ਸੰਸਦ 'ਚ ਇਸ ਬਿੱਲ ਦਾ ਹੋਰ ਰੂੜੀਵਾਦੀ ਨੁਮਾਇੰਦਿਆਂ ਵਲਂੋ ਤਿੱਖਾ ਵਿਰੋਧ ਕੀਤਾ ਗਿਆ। ਬਿੱਲ ਪਾਸ ਨਾ ਹੋਣ ਦੇ ਵਿਰੋਧ 'ਚ ਬਾਬਾ ਸਾਹਿਬ ਨੇ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਭਾਰਤ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਸੀ, ਜਦਂੋ ਕਿਸੇ ਆਦਮੀ ਨੇ ਔਰਤ ਦੇ ਹੱਕਾਂ ਲਈ ਆਪਣਾ ਅਸਤੀਫਾ ਦਿੱਤਾ ਸੀ। ਬਾਬਾ ਸਾਹਿਬ ਅੰਬੇਡਕਰ ਨੇ ਸਮਾਜ 'ਚ ਨੈਤਿਕਤਾ 'ਤੇ ਖਾਸ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸਦੇ ਨਾਲ ਹੀ ਇੱਕ ਆਦਮੀ ਦੇ ਦੂਸਰੇ ਆਦਮੀ ਨਾਲ ਵਧੀਆ ਸਬੰਧ ਬਣੇ ਰਹਿਣਗੇ ਤੇ ਇੱਕ ਵਧੀਆ ਸਮਾਜ ਬਣਿਆ ਰਹਿ ਸਕੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ 'ਚ ਇਹ ਗੁਣ ਹੀ ਸਮਾਜ 'ਚ ਹਿੰਸਾ, ਅਮਾਨਵਤਾ ਤੇ ਅਨਿਆਂ ਨੂੰ ਰੋਕ ਸਕੇਗਾ।

ਬਾਬਾ ਸਾਹਿਬ ਅੰਬੇਡਕਰ ਮੁਤਾਬਕ ਸਮਾਜ 'ਚ ਬੰਦਿਆਂ 'ਚ ਆਪਸੀ ਸਹੀ ਸਬੰਧ ਹੀ ਇੱਕ ਚੰਗਾ ਸਮਾਜ ਬਣਾ ਸਕਣਗੇ, ਪਰ ਇਹ ਤਦ ਹੀ ਹੋ ਸਕਦਾ ਹੈ, ਜਦ ਅਸੀਂ ਜਾਤੀ, ਧਰਮ, ਖੇਤਰਵਾਦ ਤੇ ਲਿੰਗ ਭੇਦ ਦੀਆਂ ਦੀਵਾਰਾਂ ਨੂੰ ਤੋੜਦੇ ਹੋਏ ਆਪਸ 'ਚ ਭਾਈਚਾਰਕ ਸਾਂਝ ਬਣਾਉਂਦੇ ਹਾਂ ਅਤੇ ਇਸ ਚੰਗੇ ਸਮਾਜ 'ਚ ਸਾਰਿਆਂ ਦੇ ਸਨਮਾਨ ਲਈ ਕਦਮ ਵਧਾਉਂਦੇ ਹਾਂ।

ਜਾਤੀ ਤੋੜੋ ਸਮਾਜ ਜੋੜੋ
ਭਾਰਤ 'ਚ ਸਦੀਆਂ ਤੋਂ ਅਧਿਕਾਰਾਂ ਤੋਂ ਵੰਚਿਤ ਕੀਤੇ ਤੇ ਅਛੂਤ ਬਣਾਏ ਗਏ ਸਮਾਜ 'ਚ ਪੈਦਾ ਹੋਏ ਮਹਾਮਾਨਵ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀਵਨ ਭਰ ਇਸ ਸਮਾਜ ਦੇ ਲੋਕਾਂ ਨੂੰ ਆਤਮ ਸਨਮਾਨ ਭਰੀ ਜ਼ਿੰਦਗੀ ਦੇਣ ਲਈ ਸੰਘਰਸ਼ ਕਰਦੇ ਰਹੇ। ਹਾਲਾਂਕਿ ਉਨ੍ਹਾਂ ਦੇ ਇਸ ਸੰਘਰਸ਼ 'ਚ ਜਾਤੀਵਾਦੀ ਵਿਚਾਰਧਾਰਾ ਵਾਲੇ ਲੋਕਾਂ ਵਲੋਂ ਕਾਫੀ ਰੁਕਾਵਟਾਂ ਪੈਦਾ ਕੀਤੀਆਂ ਗਈਆਂ, ਇਸਦੇ ਬਾਵਜੂਦ ਉਹ ਰੁਕੇ ਨਹੀਂ। ਬਾਬਾ ਸਾਹਿਬ ਆਪਣੇ ਸੰਘਰਸ਼ ਨਾਲ ਭਾਰਤੀ ਸਮਾਜ, ਔਰਤਾਂ ਤੇ ਖਾਸਕਰ ਦਲਿਤ ਸ਼ੋਸ਼ਿਤ ਸਮਾਜ ਦੇ ਲੋਕਾਂ ਦੇ ਜੀਵਨ 'ਚ ਕ੍ਰਾਂਤੀਕਾਰੀ ਬਦਲਾਅ ਲੈ ਕੇ ਆਏ। ਉਨ੍ਹਾਂ ਦਲਿਤ ਸ਼ੋਸ਼ਿਤ ਸਮਾਜ ਦੇ ਲੋਕਾਂ ਨੂੰ ਸੈਕੜੇ ਸਾਲਾਂ ਦੀ ਗੁਲਾਮੀ ਤੋਂ ਮੁਕਤੀ ਦਿਲਾਈ ਤੇ ਆਤਮ ਸਨਮਾਨ ਭਰੀ ਜ਼ਿੰਦਗੀ ਜਿਊਣ ਵੱਲ ਤੋਰਿਆ। ਭਾਰਤੀ ਸਮਾਜ 'ਚ ਮੌਜ਼ੂਦ ਜਾਤੀ ਵਿਵਸਥਾ ਤੇ ਅਛੂਤਤਾ ਖਿਲਾਫ ਆਪਣਾ ਸੰਘਰਸ਼ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਸਾਹਿਬ ਨੇ ਡੂੰਘਾਈ ਨਾਲ ਇਸ ਵਿਵਸਥਾ ਦਾ ਅਧਿਐਨ ਕੀਤਾ ਤਾਂ ਕਿ ਇਸਨੂੰ ਜੜੋਂ ਪੁੱਟਿਆ ਜਾ ਸਕੇ।

ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਕਿ ਜੇਕਰ ਦੇਸ਼ 'ਚ ਲੰਬੇ ਸਮੇਂ ਤੱਕ ਜਾਤੀ ਵਿਵਸਥਾ ਨੂੰ ਖਤਮ ਨਹੀਂ ਕੀਤਾ ਜਾ ਸਕਿਆ ਤਾਂ ਇਸਦਾ ਇੱਕ ਕਾਰਨ ਇਹ ਹੈ ਕਿ ਤਥਾਕਥਿਤ ਉੱਚ ਜਾਤੀ ਵਰਗ ਨੇ ਇਸ ਜਾਤੀ ਵਿਵਸਥਾ ਦੇ ਕਲਚਰ 'ਚ ਦਲਿਤ ਤੇ ਪਛੜੇ ਵਰਗ ਦੇ ਲੋਕਾਂ ਨੂੰ ਮਿਲਾ ਲਿਆ। ਇਸ ਕਾਰਨ ਉਹ ਇਸਨੂੰ ਤੋੜਨ ਜਾਂ ਬਦਲਣ ਦੀ ਗੱਲ ਹੀ ਨਹੀਂ ਕਰ ਪਾ ਰਹੇ ਹਨ। ਦੂਸਰਾ ਕਾਰਨ ਇਹ ਹੈ ਕਿ ਦਰਜਾਬੰਦੀ ਵਾਲੀ ਇਸ ਗੈਰਬਰਾਬਰੀ ਦੀ ਵਿਵਸਥਾ 'ਚ ਸ਼ੂਦਰਾਂ ਤੇ ਅਤਿ ਸ਼ੂਦਰਾਂ ਨੂੰ ਬੁਰੀ ਤਰ੍ਹਾਂ ਵੰਡ ਕੇ ਰੱਖਿਆ ਗਿਆ ਹੈ।

ਸ਼ੂਦਰ ਤੇ ਅਤਿ ਸ਼ੂਦਰਾਂ ਨੂੰ ਵੀ ਹੋਰ ਅੱਗੇ 6000 ਜਾਤੀਆਂ 'ਚ ਇਸ ਤਰ੍ਹਾਂ ਵੰਡਿਆ ਗਿਆ ਕਿ ਉਨ੍ਹਾਂ 'ਚ ਏਕਤਾ ਦੀ ਸੰਭਾਵਨਾ ਹੀ ਪੈਦਾ ਨਾ ਹੋ ਸਕੇ। ਬਾਬਾ ਸਾਹਿਬ ਅੰਬੇਡਕਰ ਨੇ ਜਾਤੀਵਾਦੀ ਵਿਵਸਥਾ ਦੇ ਸ਼ੋਸ਼ਣ ਦੇ ਖਾਤਮੇ ਲਈ ਜਦੋਂ ਸੰਘਰਸ਼ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਪਹਿਲਾ ਮੰਤਵ ਜਾਤੀਆਂ 'ਚ ਵੰਡੇ ਹੋਏ ਸਮਾਜ ਨੂੰ ਇੱਕ ਕਰਨਾ ਤੇ ਉਨ੍ਹਾਂ ਨੂੰ ਜਾਤੀਵਾਦੀ ਵਿਵਸਥਾ ਦੇ ਬਦਲ ਦੇ ਰੂਪ 'ਚ ਨਵੀਂ ਵਿਵਸਥਾ, ਕਲਚਰ ਤੇ ਨਵੀਂ ਪਹਿਚਾਣ ਦੇਣਾ ਸੀ, ਤਾਂ ਕਿ ਇਸ ਵਿਵਸਥਾ ਦੇ ਹੱਥੋਂ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਲੋਕ ਅਖੌਤੀ ਉੱਚ ਜਾਤੀ ਵਰਗ ਦੇ ਅਧੀਨ ਹੋਣ ਦੀ ਬਜਾਏ ਅਲੱਗ ਕਲਚਰ ਤੇ ਅਲੱਗ ਪਹਿਚਾਣ 'ਚ ਖੁਦ ਨੂੰ ਸੰਗਠਿਤ ਕਰ ਜਾਤੀ ਵਿਵਸਥਾ ਦੇ ਖਿਲਾਫ ਖੜੇ ਹੋ ਸਕਣ। ਇਸਨੂੰ ਖਤਮ ਕਰ ਸਕਣ।

ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ 'ਤੇ ਕੰਮ ਕਰਨ ਵਾਲੇ ਸਕਾਲਰ ਕ੍ਰਿਸਟੋਫ ਜੈਫਰੇਲੋਟ ਮੁਤਾਬਕ ਬਾਬਾ ਸਾਹਿਬ ਨੇ ਕਿਹਾ ਕਿ ਜੇਕਰ ਸ਼ੋਸ਼ਿਤ ਸਮਾਜ ਦੇ ਲੋਕ ਖੁਦ ਨੂੰ ਇਸ ਧਰਤੀ ਦੇ ਮੂਲਨਿਵਾਸੀਆਂ (ਸੰਨਜ਼ ਆਫ ਦ ਸੋਇਲ) ਤੇ ਬੁੱਧਿਸਟ ਦੀ ਪਹਿਚਾਣ ਦੇ ਆਧਾਰ 'ਤੇ ਸੰਗਠਿਤ ਕਰ ਲੈਣ ਤਾਂ ਉਹ ਜਾਤੀਆਂ ਦੀ ਵੰਡ ਨੂੰ ਪਾਰ ਕਰਦੇ ਹੋਏ ਸ਼ੋਸ਼ਣ ਕਰਨ ਵਾਲੇ ਅਖੌਤੀ ਉੱਚ ਜਾਤੀ ਵਰਗ ਦੇ ਖਿਲਾਫ ਖੜੇ ਹੋ ਕੇ ਉਸ ਨਾਲ ਟਾਕਰਾ ਲੈ ਸਕਦੇ ਹਨ।

ਰਿਸਰਚ ਪੇਪਰ 'ਚ ਜੈਫਰੇਲੋਟ ਨੇ ਕਿਹਾ ਹੈ ਕਿ ਆਪਣੇ ਜੀਵਨ ਦੇ ਅੰਤਮ ਸਮੇਂ 'ਚ ਬਾਬਾ ਸਾਹਿਬ ਆਪਣੀ ਗ੍ਰੈਂਡ ਥਿਓਰੀ ਅਛੂਤ, ਉਨ੍ਹਾਂ ਦੀ ਸੱਭਿਅਤਾ ਤੇ ਜਾਤੀਵਾਦੀ ਤਾਕਤਾਂ ਦੇ ਨਾਲ ਉਨ੍ਹਾਂ ਦੇ ਹੋਏ ਸੰਘਰਸ਼ 'ਤੇ ਕੰਮ ਕਰ ਰਹੇ ਸਨ। ਬਾਬਾ ਸਾਹਿਬ ਨੇ ਇਹ ਵੀ ਕਿਹਾ ਕਿ ਜੇਕਰ ਮੁਗਲ ਹਮਲਾਵਰਾਂ ਨੇ 'ਹਿੰਦੂ ਭਾਰਤ' 'ਤੇ ਹਮਲਾ ਕੀਤਾ ਸੀ ਤਾਂ ਬਾਹਰੋਂ ਆਏ ਆਰੀਅਨ ਲੋਕਾਂ ਨੇ ਉਸ ਤੋਂ ਪਹਿਲਾਂ 'ਬੁੱਧਿਸਟ ਭਾਰਤ' ਨੂੰ ਤਬਾਹ ਕਰਕੇ ਇੱਥੇ ਦੇ ਬੋਧੀ ਬਣੇ ਲੋਕਾਂ ਨੂੰ ਅਛੂਤ ਬਣਾ ਕੇ ਉਨ੍ਹਾਂ 'ਤੇ ਗੁਲਾਮੀ ਥੋਪ ਦਿੱਤੀ ਸੀ।

ਬਾਬਾ ਸਾਹਿਬ ਅੰਬੇਡਕਰ ਨੇ ਆਪਣੀ ਪੁਸਤਕ 'ਅਛੂਤ ਕੌਣ ਤੇ ਕਿਵੇਂ' 'ਚ ਇਹ ਸਥਾਪਿਤ ਕੀਤਾ ਹੈ ਕਿ ਅਛੂਤ ਬਣਾਏ ਗਏ ਲੋਕ ਬੁੱਧ ਦੇ ਪੈਰੋਕਾਰ ਸਨ। ਰਿਸਰਚ ਸਕਾਲਰ ਜੈਫਰਲੋਟ ਮੁਤਾਬਕ ਬਾਬਾ ਸਾਹਿਬ ਵਲੋਂ ਅਛੂਤਾਂ 'ਤੇ ਲਿਖੀਆਂ ਪੁਸਤਕਾਂ 'ਚ ਇੱਕ ਨਸਲੀ ਵਿਚਾਰ ਵੀ ਉਭਰਦਾ ਹੈ। ਆਪਣੇ ਲੇਖਾਂ 'ਚ ਬਾਬਾ ਸਾਹਿਬ ਜਿਨ੍ਹਾਂ ਲੋਕਾਂ ਨੂੰ ਆਪਣਾ ਨਾਇਕ ਮੰਨਦੇ ਹਨ, ਉਹ ਲੋਕ ਭਾਰਤ 'ਚ ਗੈਰ ਆਰੀਅਨ ਜਾਤੀਆਂ ਨਾਲ ਮੇਲ ਖਾਂਦੇ ਹਨ, ਜਿਵੇਂ ਕਿ ਬਾਬਾ ਸਾਹਿਬ ਕਹਿੰਦੇ ਹਨ ਕਿ ਮੌਰਿਯਾ ਰਾਜ ਇਸ ਦੇਸ਼ ਦੇ ਮੂਲਨਿਵਾਸੀ ਨਾਗ ਵੰਸ਼ ਦੇ ਲੋਕਾਂ ਨਾਲ ਸਬੰਧਤ ਸੀ।

Comments

Leave a Reply