Sat,May 30,2020 | 12:41:35am
HEADLINES:

Social

ਔਰਤਾਂ ਦੇ ਸਰੀਰ ਦਾ ਰਾਜਨੀਤਕ ਇਸਤੇਮਾਲ : ਰੇਪ ਦਾ ਡਰ ਦਿਖਾਉਣਾ ਲੰਮੀ ਤੇ ਡੂੰਘੀ ਸਾਜ਼ਿਸ਼ ਦਾ ਹਿੱਸਾ

ਔਰਤਾਂ ਦੇ ਸਰੀਰ ਦਾ ਰਾਜਨੀਤਕ ਇਸਤੇਮਾਲ : ਰੇਪ ਦਾ ਡਰ ਦਿਖਾਉਣਾ ਲੰਮੀ ਤੇ ਡੂੰਘੀ ਸਾਜ਼ਿਸ਼ ਦਾ ਹਿੱਸਾ

ਸਾਲ 2016 'ਚ ਫਰਾਂਸ ਦੇ ਕਈ ਸ਼ਹਿਰਾਂ 'ਚ ਬੁਰਕੀਨੀ 'ਤੇ ਸਮੁੰਦਰ ਕੰਢਿਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਬੁਰਕੀਨੀ ਮੁਸਲਮਾਨ ਔਰਤਾਂ ਦੇ ਲਈ ਬਿਕਨੀ ਦਾ ਰਿਪਲੇਸਮੈਂਟ ਹੈ। ਇੱਕ ਅਜਿਹਾ ਟੂ ਪੀਸ ਸਵਿਮ ਸੂਟ, ਜਿਸ 'ਚ ਸਿਰਫ ਚੇਹਰਾ, ਹੱਥ ਤੇ ਪੈਰ ਨਜ਼ਰ ਆਉਂਦੇ ਹਨ। ਫਰਾਂਸ 'ਚ ਅੱਤਵਾਦੀ ਹਮਲਿਆਂ ਤੋਂ ਬਾਅਦ ਪਬਲਿਕ ਪਲੇਸ 'ਚ ਮੁਸਲਮਾਨਾਂ ਦੀ ਮੌਜ਼ੂਦਗੀ ਨੂੰ ਘੱਟ ਕਰਨ ਲਈ ਇਹ ਪਾਬੰਦੀ ਲਗਾਈ ਗਈ ਸੀ। ਧਾਰਮਿਕ ਨਫਰਤ ਦੇ ਪ੍ਰਦਰਸ਼ਨ ਦਾ ਇੱਕ ਤਰੀਕਾ ਸੀ-ਔਰਤਾਂ ਦੇ ਸਰੀਰ ਨੂੰ ਕਿਸ ਤਰ੍ਹਾਂ ਰਾਜਨੀਤਕ ਇੱਛਾ ਸ਼ਕਤੀ ਨੂੰ ਪੂਰਾ ਕਰਨ ਦਾ ਜ਼ਰੀਆ ਬਣਾਇਆ ਜਾਵੇ।

ਦਿੱਲੀ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਨੇਤਾਵਾਂ ਨੇ ਵੀ ਇਹੀ ਕੀਤਾ। ਪਰਵੇਸ਼ ਵਰਮਾ ਨੇ ਰੌਲਾ ਪਾ ਕੇ ਕਿਹਾ-ਸ਼ਾਹੀਨ ਬਾਗ ਵਾਲੇ ਕੱਲ ਤੁਹਾਡੀਆਂ ਨੂਹਾਂ-ਬੇਟੀਆਂ ਦਾ ਬਲਾਤਕਾਰ ਕਰਨਗੇ। ਉਦੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੁਹਾਨੂੰ ਬਚਾਉਣ ਨਹੀਂ ਆਉਣਗੇ। ਇਸ ਵਾਰ ਬਲਾਤਕਾਰ ਨੂੰ ਹਥਿਆਰ ਬਣਾਇਆ ਗਿਆ। ਗੱਲ ਔਰਤਾਂ ਦੇ ਸਰੀਰ 'ਤੇ ਆ ਗਈ। ਉਹ ਅਜਿਹੀ ਡਿਸਪੋਜ਼ੇਬਲ ਮਤਲਬ ਸੌਂਪਣ ਵਾਲੀ ਚੀਜ਼ ਬਣ ਗਈ, ਜਿਸਦੇ ਆਲੇ-ਦੁਆਲੇ ਤੁਸੀਂ ਰਾਜਨੀਤਕ ਜਾਲ ਬੁਣ ਸਕਦੇ ਹੋ।

ਪਿਛਲੇ 6 ਸਾਲਾਂ 'ਚ ਲਗਾਤਾਰ ਔਰਤਾਂ ਦੇ ਸਰੀਰ ਨੂੰ ਜੰਗ ਦਾ ਮੈਦਾਨ ਬਣਾਇਆ ਜਾ ਰਿਹਾ ਹੈ। 2014 'ਚ ਇੱਕ ਨਵੀਂ ਟਰਮ 'ਲਵ ਜਿਹਾਦ' ਦੀ ਖੋਜ ਕਰ ਲਈ ਗਈ। ਕਿਹਾ ਜਾਣ ਲੱਗਾ ਕਿ ਹਿੰਦੂ ਲੜਕੀਆਂ ਨੂੰ ਗੁੰਮਰਾਹ ਕਰਕੇ ਮੁਸਲਮਾਨ ਬਣਾ ਲਿਆ ਜਾਂਦਾ ਹੈ ਅਤੇ ਸਾਜ਼ਿਸ਼ ਤਹਿਤ ਸੋਹਣੇ ਮੁਸਲਮਾਨ ਜਵਾਨਾਂ ਨਾਲ ਉਨ੍ਹਾਂ ਦਾ ਨਿਕਾਹ ਕਰਾ ਦਿੱਤਾ ਜਾਂਦਾ ਹੈ।

ਹਿੰਦੂ ਲੜਕੀਆਂ 'ਤੇ ਡੋਰੇ ਪਾਉਣ ਲਈ ਮੁਸਲਮਾਨ ਨੌਜਵਾਨ ਮੋਟਰਸਾਈਕਲ ਲੈ ਕੇ ਚੱਕਰ ਕੱਢਦੇ ਰਹਿੰਦੇ ਹਨ ਅਤੇ ਹਿੰਦੂ ਲੜਕੀਆਂ ਉਨ੍ਹਾਂ ਦੀ ਮਰਦਾਨਗੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਜਾਲ 'ਚ ਫਸ ਜਾਂਦੀਆਂ ਹਨ। ਇਹ ਵੀ ਕਿਹਾ ਗਿਆ ਕਿ ਹਿੰਦੂ ਲੜਕੀਆਂ ਨੂੰ ਮੁਸਲਮਾਨ ਬਣਾ ਕੇ ਵੇਸਵਾਪੁਣੇ ਵੱਲ ਧੱਕ ਦਿੱਤਾ ਜਾਂਦਾ ਹੈ। ਫਿਰ ਉਨ੍ਹਾਂ ਦੇ ਸਰੀਰ ਦਾ ਹਰ ਅੰਗ ਵੇਚ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਨੂੰ ਮੁਸਲਿਮ ਸਟੇਟ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।

ਇਸ ਤਰ੍ਹਾਂ ਇਸ ਪੂਰੇ ਮਾਮਲੇ ਨੂੰ ਦੇਸ਼ ਦੀ ਸੁਰੱਖਿਆ ਨਾਲ ਜੋੜਿਆ ਗਿਆ ਹੈ। ਕੇਰਲ ਦੀ ਹਾਦੀਆ ਉਰਫ ਅਖਿਲਾ ਦਾ ਮਾਮਲਾ ਅਜਿਹਾ ਹੀ ਸੀ। ਇੱਕ ਬਾਲਿਗ ਲੜਕੀ ਦੇ ਖੁਦ ਦੇ ਮਜ਼ਹਬੀ ਰੁਝਾਨ ਨੂੰ ਬਦਲਣ ਅਤੇ ਆਪਣਾ ਸ਼ਾਦੀਸ਼ੁਦਾ ਰਿਸ਼ਤਾ ਬਣਾਉਣ ਨੂੰ ਦਹਿਸ਼ਤਗਰਦ ਸਾਜ਼ਿਸ਼ ਦਾ ਅੰਗ ਮੰਨਿਆ ਗਿਆ। ਉਸਦੀ ਜਾਂਚ ਲਈ ਐੱਨਆਈਏ ਵਰਗੀ ਰਾਸ਼ਟਰੀ ਏਜੰਸੀ ਲਗਾਈ ਗਈ। ਕੇਰਲ 'ਚ ਅਜਿਹੇ ਕਈ ਮਾਮਲੇ ਬਣਾਏ ਗਏ। ਇੱਥੇ ਹਿੰਦੂ ਲੜਕੀਆਂ ਨੂੰ ਰਾਜਨੀਤਕ ਸ਼ਤਰੰਜ ਦੀ ਮੋਹਰ ਬਣਾਇਆ ਗਿਆ। ਰਾਸ਼ਟਰੀ ਪੱਧਰ 'ਤੇ ਹਿੰਦੂ ਵਰਗ ਦੇ ਗੁੱਸੇ ਨੂੰ ਭੜਕਾਇਆ ਗਿਆ ਅਤੇ ਉਸਦਾ ਰਾਜਨੀਤਕ ਲਾਭ ਚੁੱਕਿਆ ਗਿਆ।

ਲਵ ਜ਼ਿਹਾਦ ਤੋਂ ਇਲਾਵਾ ਤਿੰਨ ਤਲਾਕ 'ਚ ਮੁਸਲਮਾਨ ਔਰਤਾਂ ਦਾ ਇਸਤੇਮਾਲ ਕੀਤਾ ਗਿਆ। ਇਸਦੇ ਲਈ ਸਰਕਾਰ ਛੇਤੀ-ਛੇਤੀ ਜਿਹੜਾ ਬਿੱਲ ਲੈ ਕੇ ਆਈ, ਉਸ 'ਚ ਕਈ ਕਮੀਆਂ ਸਨ। ਫਿਰ ਵੀ ਰਾਸ਼ਟਰੀ ਪੱਧਰ 'ਤੇ ਮੁਸਲਮਾਨ ਪੁਰਸ਼ਾਂ ਨੂੰ ਘਰੇਲੂ ਅੱਤਵਾਦ ਦੇ ਪ੍ਰਤੀਕ ਦੇ ਤੌਰ 'ਤੇ ਉਭਾਰਿਆ ਗਿਆ।

ਇਸ ਤਰ੍ਹਾਂ ਮੁਸਲਮਾਨ ਔਰਤਾਂ ਦੇ ਸਰੀਰ ਦੀ ਮਦਦ ਨਾਲ ਭਾਜਪਾ ਨੇ ਇੱਕ ਖੌਫਨਾਕ ਨਰੇਟਿਵ ਤਿਆਰ ਕੀਤਾ, ਜਿਸ 'ਚ ਉਹ ਖੁਦ ਇੱਕ ਰੱਖਿਅਕ ਬਣੀ ਰਹੀ ਅਤੇ ਮੁਸਲਮਾਨ ਪੁਰਸ਼ ਹੈਵਾਨ ਵੱਜੋਂ ਪੇਸ਼ ਕੀਤੇ ਗਏ। ਮੁਸਲਮਾਨਾਂ ਨੂੰ ਲੈ ਕੇ ਇੱਕ ਗੱਠ ਇਸ ਦੇਸ਼ ਦੀ ਬਹੁਗਿਣਤੀ 'ਚ ਹੈ। ਉਹ ਕਿਤੇ ਵੀ ਹੋ ਸਕਦੀ ਹੈ। ਉਹ ਕਿਸੇ ਵੀ ਨਾਂ 'ਤੇ ਪੈ ਸਕਦੀ ਹੈ। ਇਸ ਤਰ੍ਹਾਂ ਇਹ ਗੱਠ ਹੋਰ ਮਜ਼ਬੂਤ ਕੀਤੀ ਗਈ।

ਔਰਤਾਂ ਦਾ ਸਰੀਰ ਇੱਕ ਕਮੋਡਿਟੀ ਬਣਿਆ ਰਹਿੰਦਾ ਹੈ। ਬਜ਼ਾਰ ਉਸਦੇ ਰਾਹੀਂ ਸਾਮਾਨ ਵੇਚਦਾ ਹੈ, ਰਾਜਨੀਤਕ ਲੋਕ ਉਸਦੇ ਰਾਹੀਂ ਚੋਣ ਜਿੱਤਦੇ ਹਨ, ਤਾਕਤਵਰ ਉਸਦੇ ਰਾਹੀਂ ਪ੍ਰਭਾਵ ਕਾਇਮ ਕਰਦੇ ਹਨ। ਇਹ ਗਲੋਬਲ ਫੇਨੇਮੋਨਾ ਹੈ। ਜਿਸ ਫਰਾਂਸ ਦਾ ਉਦਾਹਰਨ ਉੱਪਰ ਦਿੱਤਾ ਗਿਆ ਹੈ, ਉਹ ਤਥਾਕਥਿਤ ਸੈਕੂਲਰ ਦੇਸ਼ ਹੈ। ਇਸੇ ਤਰ੍ਹਾਂ ਦੁਨੀਆ ਨੂੰ ਵਿਅਕਤੀਗਤ ਆਜ਼ਾਦੀ ਦਾ ਪਾਠ ਪੜ੍ਹਾਉਣ ਵਾਲਾ ਅਮਰੀਕਾ ਲੰਮੇ ਸਮੇਂ ਤੋਂ ਗਰਭਪਾਤ ਦੇ ਮਾਮਲੇ 'ਚ ਫਸਿਆ ਪਿਆ ਹੈ। ਉੱਥੇ ਦੇ ਦੱਖਣ ਪੱਖੀ ਇਸਾਈ ਨੇਤਾ ਮਹਿਲਾਵਾਂ ਨੂੰ ਗਰਭਪਾਤ ਦੀ ਆਜ਼ਾਦੀ ਦੇਣ ਦਾ ਵਿਰੋਧ ਕਰਦੇ ਹਨ। ਖੁਦ ਰਾਸ਼ਟਰਪਤੀ ਟਰੰਪ ਵੀ ਗਰਭਪਾਤ ਦੇ ਖਿਲਾਫ ਹਨ।

70 ਦੇ ਦਹਾਕੇ 'ਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਲੀਗਲ ਬਣਾਇਆ ਸੀ ਅਤੇ ਉਦੋਂ ਤੋਂ ਕੰਜ਼ਰਵੇਟਿਵਸ ਉਸਦੀ ਆਲੋਚਨਾ ਕਰ ਰਹੇ ਹਨ। ਇਹ ਉਮੀਦ ਪ੍ਰਗਟ ਕੀਤੀ ਗਈ ਹੈ ਕਿ ਗਰਭਪਾਤ 2020 'ਚ ਪੂਰੀ ਤਰ੍ਹਾਂ ਬੈਨ ਹੋ ਸਕਦਾ ਹੈ, ਜੋ ਕਿ ਰਾਸ਼ਟਰਪਤੀ ਦੀ ਮੁੜ ਜਿੱਤ ਦੀ ਚਾਬੀ ਵੀ ਹੈ। ਉਹ ਖੁਦ 24 ਜਨਵਰੀ ਨੂੰ ਵਾਸ਼ਿੰਗਟਨ 'ਚ ਹੋਏ ਐਂਟੀ ਅਬਾਰਸ਼ਨ ਰੈਲੀ 'ਚ ਵੀ ਸ਼ਾਮਲ ਹੋ ਚੁੱਕੇ ਹਨ। ਗਰਭਪਾਤ ਅਤੇ ਬੱਚੇ ਨੂੰ ਜਨਮ ਦੇਣ ਦਾ ਹੱਕ ਵੀ ਤਾਂ ਔਰਤ ਦੇ ਸਰੀਰ ਨਾਲ ਜੁੜਿਆ ਮਾਮਲਾ ਹੀ ਹੈ।

ਜੇਕਰ ਅਮਰੀਕਾ 'ਚ ਟਰੰਪ ਲਈ ਗਰਭਪਾਤ ਇੱਕ ਵੱਡਾ ਮੁੱਦਾ ਹੈ ਤਾਂ ਭਾਰਤ 'ਚ ਭਾਜਪਾ ਨੇ ਵੀ ਪਿਛਲੇ 6 ਸਾਲਾਂ 'ਚ ਔਰਤਾਂ ਦੇ ਸਰੀਰ ਨੂੰ ਰਾਜਨੀਤਕ ਡਿਸਕੋਰਸ ਦਾ ਹਿੱਸਾ ਬਣਾਇਆ ਹੈ। ਪ੍ਰਵੇਸ਼ ਵਰਮਾ ਦੀ ਟਿੱਪਣੀ ਨੂੰ ਤੁਸੀਂ ਇਸੇ ਦੇ ਮੱਦੇਨਜ਼ਰ ਸਮਝ ਸਕਦੇ ਹੋ। ''ਔਰਤ ਦੇ ਸਰੀਰ 'ਤੇ ਖਤਰਾ ਬਣਿਆ ਹੋਇਆ ਹੈ, ਇਸ ਲਈ ਤੁਸੀਂ ਮੁਸਲਮਾਨ ਪੁਰਸ਼ਾਂ ਤੋਂ ਡਰੋ'' ਪ੍ਰਵੇਸ਼ ਵਰਮਾ ਇਹ ਕਹਿ ਗਏ। ਅਜਿਹੀਆਂ ਗੱਲਾਂ ਨਾਲ ਲੋਕਾਂ 'ਚ ਫੀਅਰ, ਸਾਈਕੋਸਿਸ ਜਾਂ ਪੈਰਾਨੋਇਆ ਪੈਦਾ ਹੁੰਦਾ ਹੈ। ਉਹ ਇੱਕ ਖਾਸ ਵਰਗ ਤੋਂ ਘਬਰਾਉਂਦੇ ਹਨ। ਇਸਲਾਮੋਫੋਬੀਆ ਤਿਆਰ ਹੋ ਜਾਂਦਾ ਹੈ।

ਭਾਜਪਾ ਨੇ ਪਿਛਲੇ 6 ਸਾਲਾਂ 'ਚ ਅਜਿਹਾ ਹੀ ਨਰੇਟਿਵ ਘੜਿਆ ਹੈ। ਅੱਤਵਾਦ, ਪਾਕਿਸਤਾਨ, ਰਾਸ਼ਟਰੀ ਸੁਰੱਖਿਆ ਨੂੰ ਹਿੰਦੂ ਸੰਸਕ੍ਰਿਤੀ ਦੀ ਰੱਖਿਆ ਨਾਲ ਜੋੜ ਕੇ ਹਰ ਜਗ੍ਹਾ ਹਿੰਦੂ ਸੋਚ ਤਿਆਰ ਕੀਤੀ ਜਾ ਰਹੀ ਹੈ। ਇਸਦੇ ਲਈ ਔਰਤਾਂ ਦਾ ਇਸਤੇਮਾਲ ਕੋਈ ਵੱਡੀ ਗੱਲ ਨਹੀਂ। ਇਹ ਗੱਲ ਪਿਛਲੇ 6 ਸਾਲਾਂ 'ਚ ਸਾਫ ਹੋਈ ਹੈ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਬੇਰਹਿਮੀ ਨਾਲ ਸਾਫ ਹੋਵੇਗੀ।

ਸੰਸਾਰ ਭਰ 'ਚ ਹੁੰਦਾ ਰਿਹਾ ਹੈ ਔਰਤਾਂ ਦਾ ਸ਼ੋਸ਼ਣ
ਉਂਜ ਔਰਤ ਦੇ ਸਰੀਰ ਦੇ ਇਸਤੇਮਾਲ 'ਤੇ 1937 'ਚ ਬ੍ਰਿਟਿਸ਼ ਲੇਖਕ ਕੈਥਰੀਨ ਬਰਡਕਿਨ ਨੇ ਇੱਕ ਨਾਵਲ ਲਿਖਿਆ ਸੀ-ਸਵਾਸਤਿਕਾ ਨਾਈਟ। ਇਹ ਨਾਵਲ ਹਿਟਲਰ ਦੇ ਇਸ ਦਾਅਵੇ 'ਤੇ ਅਧਾਰਿਤ ਸੀ ਕਿ ਨਾਜ਼ੀਵਾਦ ਹਜ਼ਾਰਾਂ ਸਾਲ ਤੱਕ ਕਾਇਮ ਰਹੇਗਾ।

ਲੇਖਕ ਦੀ ਕਹਾਣੀ 700 ਸਾਲ ਬਾਅਦ ਦੀ ਬਨਾਵਟੀ ਦੁਨੀਆ ਦੀ ਸੀ। ਇਸ 'ਚ ਸਾਰੀਆਂ ਔਰਤਾਂ ਅਲੱਗ, ਪਿੰਜਰੇ ਨੁਮਾ ਜ਼ਿਲ੍ਹਿਆਂ 'ਚ ਰਹਿੰਦੀਆਂ ਹਨ। ਉਨ੍ਹਾਂ ਦੇ ਦਿਮਾਗ 'ਚ ਇਹ ਭਰੋਸਾ ਕਾਇਮ ਹੈ-ਇੱਕ ਉਨ੍ਹਾਂ ਨੇ ਪੁਰਸ਼ਾਂ ਦੀ ਕੋਈ ਗੱਲ ਨਹੀਂ ਟਾਲਣੀ, ਕਿਉਂਕਿ ਬਲਾਤਕਾਰ ਦੀ ਸੋਚ ਹੁਣ ਬਾਕੀ ਨਹੀਂ ਹੈ, ਦੂਜਾ ਉਨ੍ਹਾਂ ਨੂੰ ਆਪਣੇ ਲੜਕਿਆਂ ਨੂੰ ਬਿਨਾਂ ਕਿਸੇ ਟਾਲਮਟੋਲ ਦੇ ਸੌਂਪ ਦੇਣਾ ਹੈ।

ਹਾਲਾਂਕਿ ਇਹ ਇੱਕ ਬਨਾਵਟੀ ਨਾਵਲ ਹੈ, ਫਿਰ ਵੀ ਇਸ 'ਚ ਔਰਤਾਂ ਨਾਲ ਜੁੜੇ ਵਿਚਾਰ ਨੂੰ ਬਹੁਤ ਸਾਰੇ ਧਾਰਮਿਕ ਵਿਸ਼ਵਾਸਾਂ, ਮਾਨਤਾਵਾਂ ਜਾਂ ਸੰਸਕ੍ਰਿਤੀਆਂ ਦਾ ਸਮਰਥਨ ਮਿਲਿਆ ਹੋਇਆ ਹੈ।

ਸ਼ੁਰੂਆਤ 'ਚ ਵਿਸ਼ਵ ਦੇ ਵੱਖ-ਵੱਖ ਸਮਾਜਾਂ 'ਚ ਔਰਤਾਂ ਦਾ ਤਰ੍ਹਾਂ-ਤਰ੍ਹਾਂ ਨਾਲ ਸ਼ੋਸ਼ਣ ਹੋਇਆ ਹੈ। ਪੁਰਸ਼ਾਂ ਨੇ ਹਿੰਸਕ ਤਰੀਕਿਆਂ ਨਾਲ ਔਰਤਾਂ ਨੂੰ ਅਨੁਸ਼ਾਸਿਤ ਕਰਨ ਦਾ ਢੰਗ ਅਪਣਾਇਆ ਹੈ, ਜਿਵੇਂ ਕਿ ਸੂਜਨ ਬ੍ਰਾਊਨਮਿਲਰ ਵਰਗੀ ਅਮਰੀਕੀ ਫੈਮੀਨਿਸਟ ਕਹਿ ਚੁੱਕੀ ਹੈ, ਬਲਾਤਕਾਰ ਸੈਕਸ ਨਹੀਂ, ਅਸਾਲਟ ਦਾ ਮਸਲਾ ਹੈ। ਰੇਪ ਕਲਚਰ ਜ਼ਿਆਦਾਤਰ ਲੋਕਾਂ ਦੇ ਦਿਮਾਗ 'ਚ ਡੂੰਘਾਈ ਨਾਲ ਵੜਿਆ ਹੁੰਦਾ ਹੈ। ਇਸਦਾ ਇਸਤੇਮਾਲ ਰਾਜਨੇਤਾ ਕੁਝ ਅਜਿਹੀਆਂ ਹੀ ਟਿੱਪਣੀਆਂ ਨਾਲ ਕਰ ਲੈਂਦੇ ਹਨ।
-ਮਾਸ਼ਾ
(ਲੇਖ 'ਚ ਦਿੱਤੇ ਵਿਚਾਰ ਲੇਖਕ ਦੇ ਨਿੱਜੀ ਹਨ)

Comments

Leave a Reply