Tue,Jun 18,2019 | 07:09:32pm
HEADLINES:

Social

ਆਪਣਿਆਂ ਹੱਥੋਂ ਸ਼ੋਸ਼ਣ : ਮਹਿਲਾਵਾਂ ਲਈ ਸਭ ਤੋਂ ਜ਼ਿਆਦਾ ਖਤਰਨਾਕ ਜਗ੍ਹਾ ਉਨ੍ਹਾਂ ਦਾ ਘਰ-ਮੁਹੱਲਾ

ਆਪਣਿਆਂ ਹੱਥੋਂ ਸ਼ੋਸ਼ਣ : ਮਹਿਲਾਵਾਂ ਲਈ ਸਭ ਤੋਂ ਜ਼ਿਆਦਾ ਖਤਰਨਾਕ ਜਗ੍ਹਾ ਉਨ੍ਹਾਂ ਦਾ ਘਰ-ਮੁਹੱਲਾ

ਥਾਮਸਨ ਰਾਇਟਰਸ ਫਾਉਂਡੇਸ਼ਨ ਨੇ ਦੁਨੀਆ ਭਰ ਵਿੱਚ ਮਹਿਲਾ ਮਾਮਲਿਆਂ ਦੇ 550 ਮਾਹਿਰਾਂ ਦੀ ਸਲਾਹ ਦੇ ਆਧਾਰ 'ਤੇ ਭਾਰਤ ਨੂੰ ਮਹਿਲਾਵਾਂ ਲਈ ਸਭ ਤੋਂ ਜ਼ਿਆਦਾ ਖਤਰਨਾਕ ਦੇਸ਼ ਦੱਸਿਆ ਹੈ। ਇਸ ਸੂਚੀ 'ਚ ਭਾਰਤ ਤੋਂ ਇਲਾਵਾ ਸੋਮਾਲੀਆ, ਅਫਗਾਨਿਸਤਾਨ, ਸੀਰੀਆ, ਸਾਊਦੀ ਅਰਬ, ਪਾਕਿਸਤਾਨ, ਕੋਂਗੋ, ਯਮਨ, ਨਾਈਜ਼ੀਰੀਆ ਤੇ ਅਮਰੀਕਾ ਹਨ।
 
ਇਸ ਲਿਸਟ ਨੂੰ ਤਿਆਰ ਕਰਨ ਲਈ ਕੀਤੇ ਗਏ ਸਰਵੇ ਵਿੱਚ ਜਿਹੜੇ ਸਵਾਲ ਪੁੱਛੇ ਗਏ, ਉਹ ਮਹਿਲਾਵਾਂ ਦੀਆਂ ਸਿਹਤ ਸੇਵਾਵਾਂ ਤੇ ਆਰਥਿਕ ਸੰਸਾਧਨਾਂ ਤੱਕ ਪਹੁੰਚ, ਮਹਿਲਾ ਵਿਰੋਧੀ ਸੰਸਕ੍ਰਿਤੀ ਤੇ ਪਰੰਪਰਾ, ਯੌਨ ਅਪਰਾਧ ਤੇ ਅੱਤਿਆਚਾਰ, ਯੌਨ ਅਪਰਾਧ ਤੋਂ ਇਲਾਵਾ ਮਹਿਲਾਵਾਂ ਖਿਲਾਫ ਹੋਰ ਅਪਰਾਧ ਤੇ ਮਨੁੱਖੀ ਤਸਕਰੀ ਨਾਲ ਜੁੜੇ ਸਨ।
 
ਇਸ ਸਰਵੇ ਤੇ ਇਸਦੇ ਨਤੀਜਿਆਂ ਤੋਂ ਭਾਰਤ 'ਚ ਕਈ ਲੋਕ ਖੁਸ਼ ਨਹੀਂ ਹਨ। ਕੇਂਦਰੀ ਮਹਿਲਾ ਤੇ ਬਾਲ ਭਲਾਈ ਮੰਤਰਾਲੇ ਨੇ ਇਸ ਰਿਪੋਰਟ ਦਾ ਵਿਰੋਧ ਕੀਤਾ ਹੈ ਤੇ ਦੱਸਿਆ ਹੈ ਕਿ ਭਾਰਤ ਵਿੱਚ ਮਹਿਲਾਵਾਂ ਕਿੰਨੀਆਂ ਖੁਸ਼ਹਾਲ ਹਨ। ਰਿਪੋਰਟ ਜਿਸ ਤਰ੍ਹਾਂ ਨਾਲ ਬਣਾਈ ਹੈ, ਉਸ ਨੂੰ ਵੀ ਕਮੀਆਂ ਵਾਲਾ ਦੱਸਿਆ ਗਿਆ ਹੈ। ਸਰਕਾਰ ਨੇ ਦੱਸਿਆ ਹੈ ਕਿ ਭਾਰਤ 'ਚ ਮਹਿਲਾਵਾਂ ਦੀ ਸਥਿਤੀ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਥਾਮਸਨ ਰਾਇਟਰਸ ਫਾਉਂਡੇਸ਼ਨ ਦੀ ਰਿਪੋਰਟ ਹੋਰ ਵਿਵਾਦਾਂ ਦੇ ਦਾਇਰੇ ਵਿੱਚ ਹੈ।
 
ਦੁਨੀਆ ਵੱਡੀ ਹੈ ਅਤੇ ਹਰ ਦੇਸ਼ ਵਿੱਚ ਮਹਿਲਾਵਾਂ ਦੀ ਸਥਿਤੀ ਤੇ ਉਸ ਸਥਿਤੀ ਨੂੰ ਮਾਪਣ ਦੇ ਢੰਗ ਅਲੱਗ ਹਨ। ਇਸ ਲਈ ਇਹ ਗੱਲ ਤਾਂ ਪੱਕੇ ਤੌਰ 'ਤੇ ਬਿਲਕੁਲ ਨਹੀਂ ਕਹੀ ਜਾ ਸਕਦੀ ਕਿ ਭਾਰਤ ਮਹਿਲਾਵਾਂ ਲਈ ਦੁਨੀਆ ਦਾ ਸਭ ਤੋਂ ਜ਼ਿਆਦਾ ਖਤਰਨਾਕ ਦੇਸ਼ ਹੈ, ਪਰ ਇਹ ਗੱਲ ਪੱਕੇ ਤੌਰ 'ਤੇ ਕਹੀ ਜਾ ਸਕਦੀ ਹੈ ਕਿ ਭਾਰਤ ਵਿੱਚ ਮਹਿਲਾਵਾਂ ਲਈ ਸਭ ਤੋਂ ਖਤਰਨਾਕ ਜਗ੍ਹਾ ਉਸਦਾ ਆਪਣਾ ਜਾਂ ਪ੍ਰੇਮੀ ਜਾਂ ਪਤੀ ਦਾ ਘਰ ਜਾਂ ਫਿਰ ਮੁਹੱਲਾ ਹੈ।
 
ਉਹ ਜ਼ਿਆਦਾਤਰ ਮਾਮਲਿਆਂ ਵਿੱਚ ਆਪਣਿਆਂ ਤੋਂ ਪੀੜਤ ਹੈ। ਉਸਦਾ ਯੌਨ ਸ਼ੋਸ਼ਣ ਆਪਣੇ ਕਰਦੇ ਹਨ ਅਤੇ ਉਸਦੇ ਨਾਲ ਬਲਾਤਕਾਰ ਕਰਨ ਵਾਲੇ ਵੀ ਜ਼ਿਆਦਾਤਰ ਉਸਦੇ ਜਾਣ-ਪਛਾਣ ਵਾਲੇ ਤੇ ਰਿਸ਼ਤੇਦਾਰ ਹੁੰਦੇ ਹਨ।
 
ਇਸ ਗੱਲ ਦੀ ਤਸਦੀਕ ਭਾਰਤ ਦੀ ਸੰਸਥਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਮਤਲਬ ਐੱਨਸੀਆਰਬੀ ਨੇ ਕੀਤੀ ਹੈ। ਐੱਨਸੀਆਰਬੀ ਭਾਰਤ ਵਿੱਚ ਅਪਰਾਧ ਦੇ ਸਲਾਨਾ ਅੰਕੜੇ ਜਾਰੀ ਕਰਦਾ ਹੈ। ਉਹ 2016 ਤੱਕ ਦੇ ਅੰਕੜੇ ਇਕੱਠੇ ਕਰ ਚੁੱਕਾ ਹੈ। 2016 ਵਿੱਚ ਭਾਰਤ 'ਚ ਦਰਜ ਅਪਰਾਧ ਦੇ ਅੰਕੜੇ ਦੱਸਦੇ ਹਨ ਕਿ ਬਲਾਤਕਾਰ ਦੇ 94.6 ਫੀਸਦੀ ਦੋਸ਼ੀ ਜਾਂ ਤਾਂ ਰਿਸ਼ਤੇਦਾਰ ਹੁੰਦੇ ਹਨ ਜਾਂ ਜਾਣ-ਪਛਾਣ ਵਾਲੇ। ਉਹ ਪਿਤਾ, ਭਰਾ, ਦਾਦਾ ਹੋ ਸਕਦੇ ਹਨ। ਉਹ ਪ੍ਰੇਮੀ ਹੋ ਸਕਦੇ ਹਨ। ਉਹ ਗੁਆਂਢੀ ਹੋ ਸਕਦੇ ਹਨ। ਅਣਜਾਣ ਲੋਕ ਬਲਾਤਕਾਰ ਦੇ ਦੋਸ਼ੀ ਬਹੁਤ ਘੱਟ ਮਾਮਲਿਆਂ ਵਿੱਚ ਹੀ ਹੁੰਦੇ ਹਨ।
 
2016 'ਚ ਭਾਰਤ 'ਚ ਬਲਾਤਕਾਰ ਦੇ 38,947 ਮਾਮਲੇ ਦਰਜ ਹੋਏ। ਉਨ੍ਹਾਂ ਵਿੱਚੋਂ 36,859 ਮਾਮਲਿਆਂ ਵਿੱਚ ਅਪਰਾਧੀ ਅਜਿਹੇ ਸਨ, ਜੋ ਕਿ ਮਹਿਲਾ ਜਾਂ ਲੜਕੀ ਨੂੰ ਪਹਿਲਾਂ ਤੋਂ ਜਾਣਦੇ ਸਨ। 630 ਅਜਿਹੇ ਕੇਸ ਦਰਜ ਹੋਏ, ਜਿਨ੍ਹਾਂ ਵਿੱਚ ਦੋਸ਼ੀ ਪਿਤਾ, ਭਰਾ, ਦਾਦਾ ਜਾਂ ਬੇਟਾ ਸਨ। 2,174 ਦੋਸ਼ੀ ਹੋਰ ਰਿਸ਼ਤੇਦਾਰ ਸਨ। 10,520 ਮਾਮਲਿਆਂ ਵਿੱਚ ਬਲਾਤਕਾਰ ਦੇ ਦੋਸ਼ੀ ਗੁਆਂਢੀ ਸਨ। 600 ਮਾਮਲੇ ਅਜਿਹੇ ਸਨ, ਜਿਨ੍ਹਾਂ ਵਿੱਚ ਬਲਾਤਕਾਰ ਦਾ ਦੋਸ਼ ਨੌਕਰੀ ਦੇਣ ਵਾਲਿਆਂ 'ਤੇ ਜਾਂ ਨਾਲ ਕੰਮ ਕਰਨ ਵਾਲਿਆਂ 'ਤੇ ਲੱਗਾ।
 
10,068 ਮਾਮਲਿਆਂ ਵਿੱਚ ਵਿਆਹ ਕਰਨ ਦਾ ਵਾਅਦਾ ਕਰਕੇ ਬਲਾਤਕਾਰ ਕੀਤਾ ਗਿਆ। 11,223 ਮਾਮਲਿਆਂ ਵਿੱਚ ਦੋਸ਼ੀ ਕਿਸੇ ਨਾ ਕਿਸੇ ਹੋਰ ਤਰ੍ਹਾਂ ਪੀੜਤਾ ਨੂੰ ਜਾਣਦੇ ਸਨ। ਅੰਕੜਿਆਂ ਦੇ ਇਸ ਜਾਲ 'ਚੋਂ ਇੱਕ ਗੱਲ ਸਾਫ ਤੌਰ 'ਤੇ ਨਿੱਕਲ ਕੇ ਆ ਰਹੀ ਹੈ ਕਿ ਭਾਰਤ ਵਿੱਚ ਬਲਾਤਕਾਰ ਕਰਨ ਲਈ ਆਮ ਤੌਰ 'ਤੇ ਕੋਈ ਬਾਹਰ ਦਾ ਡਾਕੂ ਜਾਂ ਮਾਫੀਆ ਜਾਂ ਡਾਨ ਨਹੀਂ ਆਉਂਦਾ। ਉਹ ਆਪਣੇ ਲੋਕ ਹੁੰਦੇ ਹਨ, ਆਪਣੇ ਆਲੇ-ਦੁਆਲੇ ਤੇ ਕਈ ਵਾਰ ਘਰ ਦੇ ਅੰਦਰ ਰਹਿੰਦੇ ਹਨ। ਇਸ ਲਈ ਬਚਣ ਦੀ ਜ਼ਰੂਰਤ ਹੈ ਤਾਂ ਘਰ-ਪਰਿਵਾਰ ਤੋਂ ਹੈ। ਬਚਣ ਦੀ ਜ਼ਰੂਰਤ ਮੁਹੱਲੇ ਵਿੱਚ ਹੈ। ਬਚਣ ਦੀ ਜ਼ਰੂਰਤ ਆਪਣੇ ਰਿਸ਼ਤੇਦਾਰ ਤੋਂ ਹੈ, ਪ੍ਰੇਮੀਆਂ ਤੋਂ ਹੈ।
 
ਸਜ਼ਾ ਦਾ ਡਰ ਨਾ ਹੋਣਾ ਵੱਡੀ ਪਰੇਸ਼ਾਨੀ
ਭਾਰਤ ਵਰਗੇ ਵੱਡੇ ਦੇਸ਼ ਵਿੱਚ ਜਿੱਥੇ ਮਹਿਲਾਵਾਂ ਖਿਲਾਫ ਇੰਨੀ ਵੱਡੀ ਗਿਣਤੀ ਵਿੱਚ ਅਪਰਾਧ ਹੁੰਦੇ ਹਨ, ਉਥੇ ਪੂਰੇ ਦੇਸ਼ ਲਈ ਇਹ ਅੰਕੜੇ ਆਪਣੇ ਆਪ ਵਿੱਚ ਇੱਕ ਕਹਾਣੀ ਕਹਿੰਦੇ ਹਨ। ਇਸਦਾ ਮਤਲਬ ਹੈ ਕਿ ਮਹਿਲਾਵਾਂ ਖਿਲਾਫ ਅਪਰਾਧ ਕਰਕੇ ਬਚ ਨਿਕਲਣਾ ਬਹੁਤ ਆਸਾਨ ਹੈ।
 
ਇੱਕ ਤਾਂ ਮਾਮਲੇ ਹੀ ਘੱਟ ਦਰਜ ਹੁੰਦੇ ਹਨ। ਉਨ੍ਹਾਂ ਵਿੱਚ ਗ੍ਰਿਫਤਾਰੀ ਤੇ ਚਾਰਜਸ਼ੀਟ ਦਾਖਲ ਹੋਣਾ ਆਪਣੇ ਆਪ ਵਿੱਚ ਪਰੇਸ਼ਾਨੀ ਹੈ ਅਤੇ ਸਾਲਾਂ ਤੱਕ ਘਿਸੜਨ ਤੋਂ ਬਾਅਦ ਉਨ੍ਹਾਂ ਮਾਮਲਿਆਂ ਵਿੱਚ ਸਜ਼ਾ ਹੋ ਪਾਉਣਾ ਤਾਂ ਹੋਰ ਵੀ ਮੁਸ਼ਕਿਲ ਗੱਲ ਹੈ। ਅਪਰਾਧੀ ਜੇਕਰ ਸਜ਼ਾ ਤੱਕ ਨਹੀਂ ਪਹੁੰਚ ਪਾ ਰਿਹਾ ਹੈ ਤਾਂ ਇਸਦਾ ਮਤਲਬ ਇਹ ਵੀ ਹੈ ਕਿ ਮਹਿਲਾਵਾਂ ਕੇਸ ਕਰਨ ਲਈ ਅੱਗੇ ਨਹੀਂ ਆਉਣਗੀਆਂ, ਕਿਉਂਕਿ ਮੁਕੱਦਮਾ ਲੜਣਾ ਆਪਣੇ ਆਪ ਵਿੱਚ ਬਹੁਤ ਥਕਾ ਦੇਣ ਵਾਲਾ ਤੇ ਖਰਚੀਲਾ ਕੰਮ ਹੈ।
 
ਭਾਰਤ ਵਿੱਚ ਮਹਿਲਾਵਾਂ ਲਈ ਸੁਰੱਖਿਅਤ ਰਹਿਣਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਹੈ। ਜੇਕਰ ਇਹ ਚੁਣੌਤੀ ਬਾਹਰੀ ਹੁੰਦੀ ਤਾਂ ਲੜਣਾ ਸੋਖਾ ਹੁੰਦਾ ਹੈ, ਕਿਉਂਕਿ ਦੁਸ਼ਮਣ ਦੀ ਪਛਾਣ ਕਰਨਾ ਸੰਭਵ ਹੋ ਪਾਉਂਦਾ, ਪਰ ਇਨ੍ਹਾਂ ਅਪਰਾਧਾਂ ਵਿੱਚ ਤਾਂ ਖਤਰਾ ਆਲੇ-ਦੁਆਲੇ ਤੇ ਆਮ ਤੌਰ 'ਤੇ ਘਰ ਦੇ ਅੰਦਰ ਹੈ। ਇਨ੍ਹਾਂ ਦੀ ਪਹਿਲਾਂ ਤੋਂ ਪਛਾਣ ਲਗਭਗ ਅਸੰਭਵ ਹੈ। ਹਾਲਾਂਕਿ ਮੌਜੂਦਾ ਦਹਾਕੇ ਵਿੱਚ ਮਹਿਲਾਵਾਂ ਖਿਲਾਫ ਅਪਰਾਧ ਨੂੰ ਲੈ ਕੇ ਸਮਾਜ ਵਿੱਚ ਸੰਵੇਦਨਾ ਵਧੀ ਹੈ। ਨਵੇਂ ਸਖਤ ਕਾਨੂੰਨ ਵੀ ਬਣੇ ਹਨ, ਪਰ ਇੱਕ ਉਲਟ ਯਾਤਰਾ ਵੀ ਸ਼ੁਰੂ ਹੋ ਗਈ ਹੈ।
 
ਗਿਣਤੀ ਦੇ ਕੁਝ ਮਾਮਲਿਆਂ ਵਿੱਚ ਕਾਨੂੰਨ ਦੀ ਦੁਰਵਰਤੋਂ ਨੂੰ ਜਾਂ ਦੋਸ਼ੀਆਂ ਦੇ ਛੁੱਟ ਜਾਣ ਨੂੰ ਆਧਾਰ ਬਣਾ ਕੇ ਇਹ ਕਿਹਾ ਜਾਣ ਲੱਗਾ ਹੈ ਕਿ ਮਹਿਲਾਵਾਂ ਨਾਲ ਸਬੰਧਤ ਕਾਨੂੰਨਾਂ ਦੀ ਸਖਤੀ ਘੱਟ ਕੀਤੀ ਜਾਵੇ। ਖਾਸ ਤੌਰ 'ਤੇ ਦਾਜ ਨਾਲ ਜੁੜੇ ਮਾਮਲਿਆਂ ਵਿੱਚ ਅਜਿਹਾ ਹੋਇਆ ਹੈ। ਸੁਪਰੀਮ ਕੋਰਟ ਦੇ ਕੋਲ ਇਹ ਮਾਮਲਾ ਫਿਲਹਾਲ ਵਿਚਾਰ ਅਧੀਨ ਹੈ। ਉਮੀਦ ਹੈ ਕਿ ਇਸ ਮਾਮਲੇ ਵਿੱਚ ਫੈਸਲਾ ਮਹਿਲਾਵਾਂ ਦੇ ਪੱਖ ਵਿੱਚ ਹੋਵੇਗਾ।

ਬਦਨਾਮੀ ਡਰੋਂ ਖਾਮੋਸ਼ ਕਰ ਦਿੱਤੀ ਜਾਂਦੀ ਹੈ ਪੀੜਤਾ
ਅਸਲ ਵਿੱਚ ਮਹਿਲਾਵਾਂ ਖਿਲਾਫ ਅਪਰਾਧ ਦੇ ਅੰਕੜੇ ਪੂਰਾ ਸੱਚ ਦੱਸ ਨਹੀਂ ਰਹੇ ਹਨ। ਭਾਰਤ ਵਿੱਚ ਬਲਾਤਕਾਰ ਦਾ ਮਤਲਬ ਪੀੜਤਾ ਦੀ ਇੱਜ਼ਤ ਖਰਾਬ ਹੋਣਾ ਹੈ। ਬਦਨਾਮੀ ਦਾ ਲਗਭਗ ਸਾਰਾ ਬੋਝ ਮਹਿਲਾ ਦੇ ਹਿੱਸੇ ਆਉਂਦਾ ਹੈ। ਜੇਕਰ ਲੜਕੀ ਵਿਆਹੀ ਨਾ ਹੋਵੇ ਤਾਂ ਇਹ ਆਮ ਸਥਿਤੀ ਹੈ ਕਿ ਉਸਦੇ ਵਿਆਹ ਵਿੱਚ ਪਰੇਸ਼ਾਨੀ ਆਵੇਗੀ।
 
ਕਈ ਮਾਮਲਿਆਂ ਵਿੱਚ ਤਾਂ ਬਲਾਤਕਾਰ ਕਰਨ ਵਾਲਿਆਂ ਨੂੰ ਕਾਨੂੰਨ ਦੀ ਨਜ਼ਰ ਵਿੱਚ ਤਾਂ ਅਪਰਾਧੀ ਮੰਨਿਆ ਜਾਂਦਾ ਹੈ, ਪਰ ਉਸਦੇ ਆਪਣੇ ਸਮਾਜ ਤੇ ਜਾਤੀ ਵਿੱਚ ਉਹ ਅਪਰਾਧੀ ਨਹੀਂ ਗਿਣਿਆ ਜਾਂਦਾ, ਸਗੋਂ ਕਈ ਵਾਰ ਤਾਂ ਬਲਾਤਕਾਰ ਨੂੰ ਪਰਿਵਾਰ, ਜਾਤੀ ਜਾਂ ਧਰਮ ਦੇ ਨੁਮਾਇੰਦਿਆਂ ਦੀ ਮਨਜ਼ੂਰੀ ਵੀ ਹੁੰਦੀ ਹੈ। ਇਸ ਲਈ ਬਦਨਾਮੀ ਦੇ ਡਰ ਤੋਂ ਬਲਾਤਕਾਰ ਦੇ ਕਈ ਮਾਮਲੇ ਤਾਂ ਦਰਜ ਹੀ ਨਹੀਂ ਹੁੰਦੇ।
 
ਪਰਿਵਾਰ ਦੇ ਅੰਦਰ ਹੋਣ ਵਾਲੇ ਬਲਾਤਕਾਰ ਦੀ ਰਿਪੋਰਟ ਬਹੁਤ ਹੀ ਗੈਰ ਸਾਧਾਰਨ ਹਾਲਾਤ ਵਿੱਚ ਲਿਖਾਈ ਜਾਂਦੀ ਹੈ। ਮਾਤਾਵਾਂ ਜਾਣਦੇ ਹੋਏ ਵੀ ਚੁੱਪ ਰਹਿ ਜਾਂਦੀਆਂ ਹਨ, ਤਾਂਕਿ ਪਰਿਵਾਰ ਬਚਿਆ ਰਹੇ। ਪਤਨੀਆਂ ਚੁੱਪ ਰਹਿ ਜਾਂਦੀਆਂ ਹਨ, ਕਿਉਂਕਿ ਪਤੀ ਜੇਲ੍ਹ ਗਿਆ ਤਾਂ ਪਰਿਵਾਰ ਖਿੱਲਰ ਜਾਵੇਗਾ। ਭੈਣਾਂ ਖਾਮੋਸ਼ ਰਹਿ ਜਾਂਦੀਆਂ ਹਨ।
 
ਪਰਿਵਾਰ ਦੀ ਇੱਜ਼ਤ ਪਰਿਵਾਰ ਦੇ ਅੰਦਰ ਰਹਿ ਜਾਵੇ। ਇਸ ਸੰਸਕ੍ਰਿਤਕ ਸੋਚ ਦੇ ਕਾਰਨ ਕਈ ਮਾਮਲਿਆਂ ਵਿੱਚ ਪੀੜਤਾ ਨੂੰ ਖਾਮੋਸ਼ ਰਹਿਣ ਲਈ ਰਾਜੀ ਕਰ ਲਿਆ ਜਾਂਦਾ ਹੈ। ਕਈ ਵਾਰ ਅਜਿਹੀਆਂ ਪੀੜਤਾਵਾਂ ਨੂੰ ਅੱਗੇ ਵੀ ਅਜਿਹੇ ਜ਼ੁਲਮ ਬਰਦਾਸ਼ਤ ਕਰਨੇ ਪੈਂਦੇ ਹਨ, ਕਿਉਂਕਿ ਅਪਰਾਧੀ ਨੂੰ ਪਤਾ ਹੁੰਦਾ ਹੈ ਕਿ ਗੱਲ ਬਾਹਰ ਨਹੀਂ ਜਾਵੇਗੀ।

ਔਰਤਾਂ ਖਿਲਾਫ ਅਪਰਾਧਾਂ 'ਚ ਸਜ਼ਾ ਦਰ ਘੱਟ
ਇੱਕ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਮਹਿਲਾਵਾਂ ਖਿਲਾਫ ਅਪਰਾਧ ਦੇ ਮਾਮਲਿਆਂ ਵਿੱਚ ਸਜ਼ਾਵਾਂ ਘੱਟ ਹੀ ਹੁੰਦੀਆਂ ਹਨ। ਉਦਾਹਰਨ ਦੇ ਤੌਰ 'ਤੇ ਬਲਾਤਕਾਰ ਦੇ ਦਰਜ ਦੋਸ਼ਾਂ ਵਿੱਚ 2016 'ਚ ਦੇਸ਼ਭਰ ਵਿੱਚ ਸਿਰਫ 6,289 ਲੋਕਾਂ ਨੂੰ ਸਜ਼ਾ ਹੋਈ, ਜਦਕਿ 17,409 ਲੋਕ ਬਰੀ ਹੋ ਗਏ।
 
ਮਹਿਲਾਵਾਂ ਖਿਲਾਫ ਅਪਰਾਧ ਨਾਲ ਸਬੰਧਤ ਵਿਸ਼ੇਸ਼ ਕਾਨੂੰਨਾਂ ਜਿਵੇਂ ਦਹੇਜ ਰੋਕੋ ਕਾਨੂੰਨ, ਵੇਸਵਾਪੁਣਾ ਰੋਕੋ ਕਾਨੂੰਨ, ਘਰੇਲੂ ਹਿੰਸਾ ਵਿਰੋਧੀ ਕਾਨੂੰਨ ਤੇ ਮਹਿਲਾਵਾਂ ਦੇ ਅਸ਼ਲੀਲ ਚਰਿੱਤਰ ਰਚਣ ਰੋਕੋ ਕਾਨੂੰਨ ਵਿੱਚ ਦੇਸ਼ਭਰ ਵਿੱਚ 2016 'ਚ ਸਿਰਫ 32,306 ਲੋਕ ਗ੍ਰਿਫਤਾਰ ਹੋਏ। ਸਜ਼ਾ ਦਾ ਇਹ ਅੰਕੜਾ ਤਾਂ ਬਹੁਤ ਮਾੜਾ ਹੈ। ਇਨ੍ਹਾਂ ਅਪਰਾਧਾਂ ਵਿੱਚ ਸਿਰਫ 2,399 ਲੋਕਾਂ ਨੂੰ ਸਜ਼ਾ ਹੋਈ। ਘਰੇਲੂ ਹਿੰਸਾ ਜਿੱਥੇ ਇੰਨੀ ਆਮ ਗੱਲ ਹੈ, ਉੱਥੇ ਇਸ ਧਾਰਾ ਵਿੱਚ ਪੂਰੇ ਦੇਸ਼ ਵਿੱਚ ਇਕ ਸਾਲ 'ਚ ਸਿਰਫ 28 ਲੋਕਾਂ ਨੂੰ ਸਜ਼ਾ ਹੋਈ।
-ਗੀਤਾ ਯਾਦਵ
(ਲੇਖਿਕਾ ਭਾਰਤੀ ਸੂਚਨਾ ਸੇਵਾ ਵਿੱਚ ਅਧਿਕਾਰੀ ਹਨ)

Comments

Leave a Reply