Tue,Jul 16,2019 | 12:39:25pm
HEADLINES:

Social

ਸਮਾਜਿਕ ਮਾਨਤਾਵਾਂ ਦਾ ਅਸਰ : ਨੋਬਲ ਐਵਾਰਡ ਤੋਂ ਲੈ ਕੇ ਆਈਆਈਟੀ ਤੱਕ ਔਰਤਾਂ ਲਾਪਤਾ

ਸਮਾਜਿਕ ਮਾਨਤਾਵਾਂ ਦਾ ਅਸਰ : ਨੋਬਲ ਐਵਾਰਡ ਤੋਂ ਲੈ ਕੇ ਆਈਆਈਟੀ ਤੱਕ ਔਰਤਾਂ ਲਾਪਤਾ

ਇਸ ਸਾਲ ਦੇ ਨੋਬਲ ਐਵਾਰਡ ਖਾਸ ਹਨ। ਇਸ ਲਈ ਨਹੀਂ ਕਿ ਵੱਡੀ ਖੋਜ ਤੇ ਵੱਡੇ ਵਿਚਾਰਾਂ ਲਈ ਇਨ੍ਹਾਂ ਨੂੰ ਦਿੱਤਾ ਗਿਆ ਹੈ। ਉਹ ਤਾਂ ਨੋਬਲ ਐਵਾਰਡ ਦੇ ਨਾਲ ਹਮੇਸ਼ਾ ਹੁੰਦਾ ਹੈ, ਜਿਸਨੂੰ ਲੈ ਕੇ ਸ਼ਲਾਘਾ ਤੇ ਵਿਵਾਦ ਵੀ ਹਰ ਵਾਰ ਹੁੰਦਾ ਹੈ।

ਇਸ ਵਾਰ ਦਾ ਨੋਬਲ ਐਵਾਰਡ ਇਸ ਨਜ਼ਰੀਏ ਤੋਂ ਖਾਸ ਹੈ ਕਿ ਫਿਜ਼ਿਕਸ ਵਿੱਚ ਨੋਬਲ ਐਵਾਰਡ ਪਾਉਣ ਵਾਲਿਆਂ ਵਿੱਚ ਕਰੀਬ 50 ਸਾਲ ਬਾਅਦ ਫਿਰ ਤੋਂ ਇੱਕ ਮਹਿਲਾ ਦਾ ਵੀ ਨਾਂ ਹੈ। ਲੇਜ਼ਰ ਫਿਜ਼ਿਕਸ ਵਿੱਚ ਅਸਾਧਾਰਨ ਖੋਜ ਲਈ ਅਮਰੀਕਾ ਦੇ ਆਰਥਰ ਅਸ਼ਕਿਨ, ਫ੍ਰਾਂਸ ਦੇ ਜੇਰਾਰਡ ਮਾਊਰੋ ਦੇ ਨਾਲ-ਨਾਲ ਕਨਾਡਾ ਦੀ ਡੋਨਾ ਸਟ੍ਰਿਕਲੈਂਡ ਨੂੰ ਨੋਬਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਡੋਨਾ ਸਟ੍ਰਿਕਲੈਂਡ ਨੋਬਲ ਪ੍ਰਾਈਜ਼ ਦੇ ਇਤਿਹਾਸ ਵਿੱਚ ਫਿਜ਼ਿਕਸ ਵਿੱਚ ਇਹ ਸਨਮਾਨ ਪਾਉਣ ਵਾਲੇ ਤੀਜੇ ਮਹਿਲਾ ਹਨ। ਇਸ ਤੋਂ ਪਹਿਲਾਂ 1903 ਵਿੱਚ ਮੈਰੀ ਕਿਊਰੀ ਨੂੰ ਰੇਡੀਏਸ਼ਨ ਦੀ ਖੋਜ ਅਤੇ ਇਸਦੇ 60 ਸਾਲ ਬਾਅਦ ਮਾਰੀਆ ਗੋਇਪਾਰਟ ਮੇਅਰ ਨੂੰ ਪਰਮਾਣੂ ਬਣਤਰ ਵਿੱਚ ਨਵੀਂ ਖੋਜ ਲਈ ਇਹ ਸਨਮਾਨ ਮਿਲਿਆ ਸੀ। ਮਾਊਰੋ ਤੇ ਸਟ੍ਰਿਕਲੈਂਡ ਦੀ ਖੋਜ ਨਾਲ ਅੱਖਾਂ ਦੇ ਲੇਜ਼ਰ ਨਾਲ ਇਲਾਜ਼ ਵਿੱਚ ਵੱਡੀ ਤਰੱਕੀ ਹੋਈ ਅਤੇ ਇਸ ਨਾਲ ਲੱਖਾਂ ਲੋਕਾਂ ਨੂੰ ਲਾਭ ਪਹੁੰਚਿਆ ਹੈ।

ਸਟ੍ਰਿਕਲੈਂਡ ਨੂੰ ਜਦੋਂ ਇਹ ਦੱਸਿਆ ਗਿਆ ਕਿ ਉਹ ਨੋਬਲ ਪਾਉਣ ਵਾਲੇ ਹੁਣ ਤੱਕ ਦੇ ਤੀਜੇ ਭੌਤਿਕ ਵਿਗਿਆਨੀ ਹਨ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਪਤਾ ਨਹੀਂ ਸੀ ਕਿ ਇੰਨੀਆਂ ਘੱਟ ਮਹਿਲਾਵਾਂ ਨੂੰ ਇਹ ਸਨਮਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਦੀ ਜਿਸ ਦੁਨੀਆ ਵਿੱਚ ਉਹ ਰਹਿੰਦੇ ਹਨ, ਉੱਥੇ ਚਾਰੇ ਪਾਸੇ ਪੁਰਸ਼ ਹੀ ਪੁਰਸ਼ ਨਜ਼ਰ ਆਉਂਦੇ ਹਨ। ਇਸ ਲਈ ਉਨ੍ਹਾਂ ਲਈ ਇਹ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਅੱਗੇ ਚੱਲ ਕੇ ਹਾਲਾਤ ਤੇਜ਼ੀ ਨਾਲ ਬਦਲਣਗੇ।

ਉਂਜ ਵਿਗਿਆਨ ਹੀ ਨਹੀਂ, ਨੋਬਲ ਐਵਾਰਡ ਜਿਨ੍ਹਾਂ ਖੇਤਰਾਂ ਵਿੱਚ ਦਿੱਤਾ ਜਾਂਦਾ ਹੈ, ਉੱਥੇ ਵੀ ਕੁੱਲ ਮਿਲਾ ਕੇ ਮਹਿਲਾਵਾਂ ਦੀ ਸਥਿਤੀ ਚੰਗੀ ਨਹੀਂ ਹੈ। ਹੁਣ ਤੱਕ 854 ਪੁਰਸ਼ਾਂ ਨੂੰ ਨੋਬਲ ਐਵਾਰਡ ਮਿਲਿਆ ਹੈ, ਜਦਕਿ ਸਿਰਫ 54 ਮਹਿਲਾਵਾਂ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਹੈ, ਪਰ ਜ਼ਿਆਦਾ ਫਰਕ ਵਿਗਿਆਨ ਦੇ ਖੇਤਰ ਵਿੱਚ ਹੈ। ਵਿਗਿਆਨ ਖਾਸ ਤੌਰ 'ਤੇ ਸਟੇਮ, ਮਤਲਬ ਸਾਇੰਸ, ਟੈਕਨੋਲਾਜੀ, ਇੰਜੀਨਿਅਰਿੰਗ ਤੇ ਮੈਥਸ ਗਿਆਨ ਦੇ ਉਹ ਖੇਤਰ ਹਨ, ਜਿੱਥੇ ਮਹਿਲਾਵਾਂ ਦੀ ਮੌਜ਼ੂਦਗੀ ਸਿਰਫ ਐਵਾਰਡਾਂ ਵਿੱਚ ਨਹੀਂ, ਕੁੱਲ ਮਿਲਾ ਕੇ ਘੱਟ ਹੈ ਅਤੇ ਇਹ ਸੰਸਾਰਕ ਪੱਧਰ 'ਤੇ ਹੈ।

ਪਿਛਲੇ ਮਹੀਨੇ ਨਿਊਕਲੀਅਰ ਸਾਇੰਸ ਦੀ ਦੁਨੀਆ ਦੀ ਸਭ ਤੋਂ ਵੱਡੀ ਪ੍ਰਯੋਗਸ਼ਾਲਾ ਯੂਰੋਪੀਅਨ ਨਿਊਕਲੀਅਰ ਰਿਸਰਚ ਸੈਂਟਰ ਸੀਈਆਰਐੱਨ (ਸਰਨ) ਵਿੱਚ ਹੋਏ ਇੱਕ ਸੈਮੀਨਾਰ ਵਿੱਚ ਇਟਲੀ ਦੇ ਇੱਕ ਪ੍ਰੋਫੈਸਰ ਅਲਸਾਂਦਰੋ ਸਤਰੁਮੀਆ ਨੇ ਇਹ ਕਹਿ ਕੇ ਹਲਚਲ ਪੈਦਾ ਕਰ ਦਿੱਤੀ ਸੀ ਕਿ ਭੌਤਿਕ ਵਿਗਿਆਨ ਨੂੰ ਪੁਰਸ਼ਾਂ ਨੇ ਬਣਾਇਆ ਹੈ। ਹਾਲਾਂਕਿ ਸਰਨ ਨੇ ਪ੍ਰੋਫੈਸਰ ਸਤਰੁਮੀਆ ਤੋਂ ਆਪਣੀ ਮੈਂਬਰਸ਼ਿਪ ਖੋਹ ਲਈ ਹੈ ਅਤੇ 1600 ਤੋਂ ਜ਼ਿਆਦਾ ਵਿਗਿਆਨਕਾਂ ਨੇ ਉਨ੍ਹਾਂ ਦੀ ਨਿੰਦਾ ਕੀਤੀ ਹੈ, ਪਰ ਇਸ ਬਿਆਨ ਨੇ ਵਿਗਿਆਨ ਦੇ ਖੇਤਰ ਵਿੱਚ ਮਹਿਲਾ-ਪੁਰਸ਼ ਭੇਦ ਦੇ ਸਵਾਲ ਨੂੰ ਮੁੜ ਤੋਂ ਛੇੜ ਦਿੱਤਾ ਹੈ।

ਲੜਕੀਆਂ ਮੈਥਸ 'ਚ ਕਮਜ਼ੋਰ ਨਹੀਂ ਹੁੰਦੀਆਂ
ਇਹ ਸੋਚ ਕਿ ਮਹਿਲਾਵਾਂ ਗਣਿਤ ਤੇ ਦੂਜੀਆਂ ਗਿਣਤੀਆਂ ਵਿੱਚ ਕਮਜ਼ੋਰ ਹੁੰਦੀਆਂ ਹਨ, ਨੂੰ ਅੰਕੜਿਆਂ ਦੇ ਆਧਾਰ 'ਤੇ ਰੱਦ ਕੀਤਾ ਜਾ ਚੁੱਕਾ ਹੈ। ਵਿਸਕਾਂਸਿਨ ਯੂਨੀਵਰਸਿਟੀ ਦੀ ਮਨੋਵਿਗਿਆਨ ਵਿਭਾਗ ਦੀ ਪ੍ਰੋਫੈਸਰ ਜੈਨੇਟ ਸਿਬਲੇ ਹਾਈਡ ਨੇ 1967 ਤੋਂ ਲੈ ਕੇ 1987 ਵਿੱਚ ਸਕੂਲਾਂ ਵਿੱਚ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੇ ਮੈਥਸ ਦੇ ਨਤੀਜਿਆਂ ਦੇ ਅੰਕੜੇ ਇਕੱਠੇ ਕੀਤੇ।

ਲਗਭਗ 30 ਲੱਖ ਵਿਦਿਆਰਥੀਆਂ ਦੇ ਨਤੀਜਿਆਂ ਦੀ ਪੜਤਾਲ ਦੇ ਆਧਾਰ 'ਤੇ ਪ੍ਰੋਫੈਸਰ ਹਾਈਡ ਤੇ ਉਨ੍ਹਾਂ ਦੀ ਟੀਮ ਨੇ ਪਾਇਆ ਕਿ ਮੈਥਸ ਦੇ ਗਿਆਨ ਦੇ ਮਾਮਲੇ ਵਿੱਚ ਵਿਦਿਆਰਥੀਆਂ ਤੇ ਵਿਦਿਆਰਥਣਾਂ ਵਿੱਚ ਕੋਈ ਭੇਦ ਨਹੀਂ ਹੈ, ਪਰ ਉੱਪਰ ਦੀਆਂ ਕਲਾਸਾਂ ਵਿੱਚ ਜਾਣ 'ਤੇ ਵਿਦਿਆਰਥੀ ਮੈਥਸ ਵਿੱਚ ਚੰਗਾ ਕਰਨ ਲਗਦੇ ਹਨ, ਕਿਉਂਕਿ ਉਹ ਆਪਣੇ ਕਰੀਅਰ ਲਈ ਮੈਥਸ ਨਾਲ ਜੁੜੇ ਫੀਲਡ ਵੱਲ ਝੁਕਣ ਲਗਦੇ ਹਨ।

ਭਾਰਤ ਵਿੱਚ ਤੁਸੀਂ ਪਾਓਗੇ ਕਿ ਸਕੂਲ ਦੀਆਂ ਪ੍ਰੀਖਿਆਵਾਂ, ਇੱਥੇ ਤੱਕ ਕਿ 10ਵੀਂ ਤੇ 12ਵੀਂ ਤੱਕ ਲੜਕੀਆਂ ਤੇ ਲੜਕੇ ਵਿਗਿਆਨ ਦੇ ਖੇਤਰ ਵਿੱਚ ਇੱਕੋ ਜਿਹਾ ਪਰਫਾਰਮ ਕਰਦੇ ਹਨ ਅਤੇ ਕਈ ਵਾਰ ਤਾਂ ਟਾਪਰਸ ਵਿੱਚ ਲੜਕੀਆਂ ਜ਼ਿਆਦਾ ਹੁੰਦੀਆਂ ਹਨ, ਪਰ ਅੱਗੇ ਚੱਲ ਕੇ ਉਹ ਪੱਛੜ ਜਾਂਦੀਆਂ ਹਨ। ਸੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਅਜਿਹਾ ਪਰਿਵਾਰਕ ਟ੍ਰੇਨਿੰਗ ਤੇ ਸਮਾਜਿਕ ਨਿਯਮਾਂ, ਮਤਲਬ ਮਾਨਤਾਵਾਂ ਕਾਰਨ ਹੁੰਦਾ ਹੈ।

ਜਿਵੇਂ ਕਿ ਭਾਰਤੀ ਪਰਿਵਾਰਾਂ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਇੰਜੀਨਿਅਰਿੰਗ ਦੀ ਤਿਆਰੀ ਸਿਰਫ ਲੜਕਿਆਂ ਨੂੰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਲੜਕਿਆਂ ਦਾ ਫੀਲਡ ਹੈ। ਇਸ ਵਿੱਚ ਸਮਝਦਾਰੀ ਦੇ ਫਰਕ ਵਰਗੀ ਕੋਈ ਗੱਲ ਨਹੀਂ ਹੈ। ਸੋਧ ਕਰਨ ਵਾਲਿਆਂ ਨੇ ਦੋ ਹੋਰ ਗੱਲਾਂ ਨੋਟ ਕੀਤੀਆਂ। 

ਇੱਕ ਮੈਥਸ ਵਿੱਚ ਨੰਬਰ ਪਾਉਣ ਦੇ ਮਾਮਲੇ ਵਿੱਚ ਉੱਚੀਆਂ ਕਲਾਸਾਂ 'ਚ ਵੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਵਿਚਕਾਰ ਫਰਕ ਲਗਾਤਾਰ ਘੱਟ ਹੋ ਰਿਹਾ ਹੈ ਅਤੇ ਦੂਜਾ, ਜਿਨ੍ਹਾਂ ਦੇਸ਼ਾਂ ਵਿੱਚ ਔਰਤ ਤੇ ਮਰਦ ਵਿਚਕਾਰ ਫਰਕ, ਮਤਲਬ ਜੈਂਡਰ ਗੈਪ ਘੱਟ ਹੈ, ਉੱਥੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਵਿਚਕਾਰ ਮੈਥਸ ਦੇ ਨੰਬਰ ਦਾ ਫਰਕ ਵੀ ਘੱਟ ਹੈ। ਮਤਲਬ, ਮੈਥਸ ਵਿੱਚ ਨੰਬਰ ਪਾਉਣ ਦਾ ਕਾਰਨ ਸਮਝਦਾਰੀ ਦਾ ਫਰਕ ਨਹੀਂ, ਸਗੋਂ ਮਾਹੌਲ ਤੇ ਸਮਾਜਿਕ ਨਜ਼ਰੀਏ ਦਾ ਫਰਕ ਹੈ।

ਪਰਿਵਾਰ ਦੇ ਬੋਝ ਹੇਠਾਂ ਦੱਬ ਜਾਂਦਾ ਮਹਿਲਾਵਾਂ ਦਾ ਹੁਨਰ
ਇਹ ਨਹੀਂ ਭੁੱਲਣਾ ਚਾਹੀਦਾ ਕਿ ਵਿਗਿਆਨਕ ਖੋਜ ਇੱਕ ਇਹੋ ਜਿਹਾ ਖੇਤਰ ਹੈ, ਜਿਸ ਵਿੱਚ ਲੰਮੇ ਸਮੇਂ ਤੱਕ ਲਗਾਤਾਰ ਕੰਮ ਕਰਨ ਦੀ ਲੋੜ ਹੁੰਦੀ ਹੈ। ਮਹਿਲਾ ਵਿਗਿਆਨਕਾਂ ਨੂੰ ਆਪਣੇ ਕਰੀਅਰ ਵਿਚਕਾਰ ਆਮ ਤੌਰ 'ਤੇ ਜਣੇਪੇ ਲਈ ਛੁੱਟੀ ਲੈਣੀ ਪੈਂਦੀ ਹੈ ਅਤੇ ਬੱਚੇ ਦੀ ਦੇਖਭਾਲ ਵਿੱਚ ਉਨ੍ਹਾਂ ਨੂੰ ਜ਼ਿਆਦਾ ਭੂਮਿਕਾ ਨਿਭਾਉਣੀ ਪੈਂਦੀ ਹੈ।

ਇਸ ਕਾਰਨ ਘਰ ਤੋਂ ਦੂਰ ਜਾ ਕੇ ਕੰਮ ਕਰਨ ਜਾਂ ਕਾਨਫਰੰਸ ਵਿੱਚ ਹਿੱਸਾ ਲੈਣ ਵਿੱਚ ਉਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਹੈ। ਭਾਰਤ ਵਰਗੇ ਦੇਸ਼ਾਂ ਵਿੱਚ ਤਾਂ ਹੋਰ ਪਰਿਵਾਰਕ ਤੇ ਸਮਾਜਿਕ ਜਿੰਮੇਵਾਰੀਆਂ ਦਾ ਜ਼ਿਆਦਾ ਬੋਝ ਮਹਿਲਾਵਾਂ ਨੂੰ ਹੀ ਚੁੱਕਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਕਈ ਵਾਰ ਕਰੀਅਰ ਨੂੰ ਛੱਡਣਾ ਵੀ ਪੈਂਦਾ ਹੈ।

ਪੱਛਮੀ ਦੇਸ਼ ਮਹਿਲਾਵਾਂ ਨੂੰ ਲੈ ਕੇ ਉਦਾਰ ਤੇ ਸਮਾਨਤਾਵਾਦੀ ਹਨ, ਪਰ ਉਨ੍ਹਾਂ ਨੂੰ ਸੌਖਿਆਂ ਹੀ ਮਿਲਣ ਵਾਲੀ ਛੁੱਟੀ, ਬੱਚਾ ਆਫਿਸ ਲਿਆਉਣ ਦੀ ਛੋਟ ਜਾਂ ਸਮੇਂ ਤੋਂ ਪਹਿਲਾਂ ਘਰ ਜਾਣ ਵਰਗੀਆਂ ਸੁਵਿਧਾਵਾਂ ਵਿਗਿਆਨ ਦੇ ਮੁਸ਼ਕਿਲ ਰਾਹ 'ਤੇ ਉਨ੍ਹਾਂ ਲਈ ਸਕਾਰਾਤਮਕ ਬਣ ਕੇ ਨਹੀਂ ਆਉਂਦੀਆਂ। 

ਇਹ ਜ਼ਿਆਦਾ ਸੁਵਿਧਾਵਾਂ ਉਨ੍ਹਾਂ ਦੇ ਵਿਕਾਸ ਨੂੰ ਰੋਕ ਦਿੰਦੀਆਂ ਹਨ। ਇਹ ਇੱਕ ਗੁੰਝਲਦਾਰ ਸਥਿਤੀ ਹੈ। ਇਸ ਲਈ ਜਿਨ੍ਹਾਂ ਦੇਸ਼ਾਂ ਵਿੱਚ ਮਹਿਲਾਵਾਂ ਦੀ ਸਥਿਤੀ ਬਹੁਤ ਚੰਗੀ ਹੈ, ਉੱਥੇ ਵੀ ਮਹਿਲਾਵਾਂ ਖਾਸ ਤੌਰ 'ਤੇ ਵਿਗਿਆਨਕ ਪ੍ਰਯੋਗਾਂ ਤੇ ਉਪਲੱਬਧੀਆਂ ਦੇ ਮਾਮਲੇ ਵਿੱਚ ਬਹੁਤ ਚੰਗੀ ਸਥਿਤੀ ਵਿੱਚ ਨਹੀਂ ਹਨ। ਹੁਣ ਜਦੋਂ ਮਹਿਲਾਵਾਂ ਤੇ ਪੁਰਸ਼ਾਂ ਦੀ ਦੂਰੀ ਇਸ ਖੇਤਰ ਵਿੱਚ ਵੀ ਘੱਟ ਰਹੀ ਹੈ ਤਾਂ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਮਹਿਲਾਵਾਂ ਵੀ ਵਿਗਿਆਨ ਦੇ ਖੇਤਰ ਵਿੱਚ ਨਵੇਂ ਸੋਧ ਕਰਨਗੀਆਂ ਅਤੇ ਫਿਜ਼ਿਕਸ ਦੇ ਖੇਤਰ ਵਿੱਚ ਨੋਬਲ ਐਵਾਰਡ ਪਾਉਣ ਲਈ ਮਹਿਲਾਵਾਂ ਨੂੰ ਹੁਣ 50 ਸਾਲ ਦੀ ਉਡੀਕ ਨਹੀਂ ਕਰਨੀ ਪਵੇਗੀ।

ਭਾਰਤ 'ਚ ਵਿਗਿਆਨ ਦੇ ਖੇਤਰ 'ਚ ਮਹਿਲਾਵਾਂ ਦਾ ਮਾੜਾ ਹਾਲ
ਭਾਰਤ ਦੀ ਗੱਲ ਕਰੀਏ ਤਾਂ ਇੱਥੇ ਦੇ ਟਾਪ ਟੈਕਨੋਲਾਜੀ ਸੰਸਥਾਨ ਮੰਨੇ ਜਾਣ ਵਾਲੇ ਆਈਆਈਟੀ ਵਿੱਚ ਵਿਦਿਆਰਥਣਾਂ ਦੀ ਗਿਣਤੀ ਹੁਣ ਵੀ 10 ਫੀਸਦੀ ਤੋਂ ਘੱਟ ਹੈ। ਇਸਨੂੰ ਵਧਾਉਣ ਲਈ ਇਸ ਸਾਲ ਆਈਆਈਟੀ ਐਡਮਿਸ਼ਨ ਕਮੇਟੀ ਨੇ 779 ਵਿਦਿਆਰਥਣਾਂ ਨੂੰ ਅਲੱਗ ਤੋਂ ਐਡਮਿਸ਼ਨ ਦੇਣ ਦਾ ਫੈਸਲਾ ਕੀਤਾ, ਤਾਂਕਿ ਆਈਆਈਟੀ ਵਿੱਚ ਵਿਦਿਆਰਥਣਾਂ ਦੀ ਗਿਣਤੀ 14 ਫੀਸਦੀ ਹੋ ਜਾਵੇ। ਬਾਕੀ ਦੀ ਦੁਨੀਆ ਵਾਂਗ ਭਾਰਤ ਵਿੱਚ ਵੀ ਵਿਗਿਆਨ ਦੇ ਖੇਤਰ ਵਿੱਚ ਕੁਝ ਮਹਿਲਾਵਾਂ ਹੀ ਆ ਰਹੀਆਂ ਹਨ ਅਤੇ ਉਨ੍ਹਾਂ ਦਾ ਸਿਖਰ 'ਤੇ ਪਹੁੰਚਣਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।

ਭਾਰਤ ਵਿੱਚ ਹਾਲਾਂਕਿ ਵੱਡੇ ਪ੍ਰਯੋਗ ਨਹੀਂ ਹੁੰਦੇ, ਫਿਰ ਵੀ ਵਿਗਿਆਨ ਦੇ ਖੇਤਰ ਵਿੱਚ ਜੋ ਵੀ ਉਪਲਬਧੀਆਂ ਹੁੰਦੀਆਂ ਹਨ, ਉਸਨੂੰ ਸਰਕਾਰ ਸਨਮਾਨਿਤ ਕਰਦੀ ਹੈ। ਵਿਗਿਆਨ ਦੇ ਖੇਤਰ ਵਿੱਚ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਸ਼ਾਂਤੀ ਸਵਰੂਪ ਭਟਨਾਗਰ ਐਵਾਰਡ ਹੈ। 2018 ਵਿੱਚ 12 ਲੋਕਾਂ ਨੂੰ ਇਹ ਐਵਾਰਡ ਮਿਲਿਆ, ਜਿਸ ਵਿੱਚ ਸਿਰਫ ਇੱਕ ਮਹਿਲਾ ਹਨ। ਉਸ ਤੋਂ ਪਹਿਲਾਂ ਦੇ ਦੋ ਸਾਲ ਵਿੱਚ ਕਿਸੇ ਵੀ ਮਹਿਲਾ ਨੂੰ ਇਹ ਐਵਾਰਡ ਨਹੀਂ ਮਿਲਿਆ। ਭਾਰਤ ਦੇ ਸਾਇੰਸ ਤੇ ਰਿਸਰਚ ਸੰਸਥਾਨਾਂ ਦੇ ਮੁੱਖ ਅਹੁਦਿਆਂ 'ਤੇ ਵੀ ਮਹਿਲਾਵਾਂ ਆਮ ਤੌਰ 'ਤੇ ਨਹੀਂ ਹੁੰਦੀਆਂ ਹਨ।

ਭਾਰਤ ਵਿੱਚ ਮਹਿਲਾਵਾਂ ਦੀ ਵਿਗਿਆਨ ਹੀ ਕਿਉਂ, ਗਿਆਨ ਦੇ ਹਰ ਖੇਤਰ ਵਿੱਚ ਗੈਰਮੌਜੂਦਗੀ ਹੈ। ਇਸਦੇ ਕੁਝ ਖਾਸ ਕਾਰਨ ਹਨ, ਪਰ ਫਿਲਹਾਲ ਉਨ੍ਹਾਂ ਕਾਰਨਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਪੂਰੀ ਦੁਨੀਆ ਵਿੱਚ ਮਹਿਲਾਵਾਂ ਨੂੰ ਵਿਗਿਆਨ ਦੇ ਖੇਤਰ ਵਿੱਚ ਪਿੱਛੇ ਕਰਕੇ ਰੱਖਿਆ ਹੈ।

ਐਰੀਜੋਨਾ ਸਟੇਟ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫੈਸਰ ਮੇਰੀ ਕੇ. ਫੇਨੀ ਦੱਸਦੇ ਹਨ ਕਿ ਸ਼ੁਰੂਆਤੀ ਮੁਸੀਬਤਾਂ ਦੇ ਬਾਵਜੂਦ ਜਿਹੜੀਆਂ ਮਹਿਲਾਵਾਂ ਵਿਗਿਆਨ, ਟੈਕਨੋਲਾਜੀ, ਇੰਜੀਨਿਅਰਿੰਗ ਤੇ ਮੈਥਸ ਦੇ ਖੇਤਰ ਵਿੱਚ ਆ ਜਾਂਦੀਆਂ ਹਨ, ਉਨ੍ਹਾਂ ਨੂੰ ਅੱਗੇ ਵਧਣ ਤੋਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਰੋਕਿਆ ਜਾਂਦਾ ਹੈ। ਉਨ੍ਹਾਂ ਦੀ ਰਾਹ ਵਿੱਚ ਕਈ ਤਰ੍ਹਾਂ ਦੀਆਂ ਔਂਕੜਾਂ ਖੜੀਆਂ ਕੀਤੀਆਂ ਜਾਂਦੀਆਂ ਹਨ। ਖਾਸ ਤੌਰ 'ਤੇ ਜਿਨ੍ਹਾਂ ਖੇਤਰਾਂ ਵਿੱਚ ਮਹਿਲਾਵਾਂ ਕਾਫੀ ਘੱਟ ਹਨ, ਉੱਥੇ ਉਨ੍ਹਾਂ ਨੂੰ ਬਾਹਰਲੇ ਜਾਂ ਵਿਖਾਵੇ ਦੇ ਲਈ ਕੰਮ 'ਤੇ ਰੱਖ ਲਿਆ ਗਿਆ ਮੰਨਿਆ ਜਾਂਦਾ ਹੈ।
-ਗੀਤਾ ਯਾਦਵ
(ਲੇਖਕ ਭਆਰਤੀ ਸੂਚਨਾ ਸੇਵਾ ਵਿੱਚ ਅਧਿਕਾਰੀ ਹਨ)

Comments

Leave a Reply