Mon,Apr 22,2019 | 08:28:24am
HEADLINES:

Social

ਜਾਤੀਵਾਦ : 'ਦਲਿਤ ਨੂੰਹ ਸਵੀਕਾਰ, ਪਰ ਦਲਿਤ ਨੂੰ ਬੇਟੀ ਨਹੀਂ ਦਿਆਂਗੇ'

ਜਾਤੀਵਾਦ : 'ਦਲਿਤ ਨੂੰਹ ਸਵੀਕਾਰ, ਪਰ ਦਲਿਤ ਨੂੰ ਬੇਟੀ ਨਹੀਂ ਦਿਆਂਗੇ'

ਉਨਕੀ ਛੋਰੀ ਥੀ, ਮਾਰ ਦੀ...ਕੋਈ ਜ਼ੁਲਮ ਨਹੀਂ ਕਰਯਾ। ਮਾਰ ਦੀ ਤੇ ਬੜੀਆ ਕਰਯਾ। ਪਾਂਚ-ਛੇਹ ਔਰ ਐਸਾ ਕਰ ਦੇਂ ਤੋ ਛੋਰੀਆਂ ਡਰਣ ਲਾਗ ਜਾਂਗੀ, ਭਾਜੇਂਗੀ ਨਹੀਂ। ਮਮਤਾ ਦੇ ਗੁਆਂਢ ਦੀ ਬਜ਼ੁਰਗ ਮਹਿਲਾ ਮੈਨੂੰ ਇਹ ਗੱਲਾਂ ਕਹਿ ਰਹੀ ਸੀ। ਉਹੀ ਮਹਿਲਾ, ਜੋ ਕਿ ਮਮਤਾ ਨੂੰ ਸ਼ਾਇਦ ਰੋਜ਼ਾਨਾ ਮਿਲਦੀ ਹੋਵੇਗੀ।
 
ਉਹੀ ਮਹਿਲਾ, ਜਿਸਨੇ ਬਚਪਨ ਤੋਂ ਮਮਤਾ ਨੂੰ ਵੱਡੇ ਹੁੰਦੇ ਦੇਖਿਆ। ਮਮਤਾ ਉਹੀ ਲੜਕੀ ਹੈ, ਜਿਸਨੂੰ ਹਰਿਆਣਾ ਦੇ ਰੋਹਤਕ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ 8 ਅਗਸਤ ਨੂੰ ਦਿਨ ਦੇ ਸਮੇਂ ਗੋਲੀ ਮਾਰ ਦਿੱਤੀ ਸੀ। ਇਸ ਹੱਤਿਆ ਦੇ ਦੋਸ਼ ਵਿੱਚ ਮਮਤਾ ਦੇ ਮਾਤਾ-ਪਿਤਾ ਪੁਲਸ ਦੀ ਹਿਰਾਸਤ ਵਿੱਚ ਹਨ। ਮੰਗਲਵਾਰ (14 ਅਗਸਤ) ਨੂੰ ਉਸਦੇ ਰਿਸ਼ਤੇ ਦੇ ਇੱਕ ਭਰਾ ਤੇ ਦੋਵੇਂ ਸ਼ੂਟਰਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਹਾਲਾਂਕਿ ਮਾਮਲਾ ਇੰਨਾ ਹੀ ਨਹੀਂ ਹੈ ਅਤੇ ਇਸ ਲਈ ਇੱਥੇ ਖਤਮ ਵੀ ਨਹੀਂ ਹੋ ਜਾਂਦਾ।
 
ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਰਿਹਾ ਕਿ ਲੜਕੀ ਦੀ ਜਾਤੀ ਨਾ ਲਿਖੀ ਜਾਵੇ। ਕਈ ਲੋਕ ਕਹਿੰਦੇ ਰਹੇ ਕਿ ਲੜਕੇ ਨੇ ਲੜਕੀ ਨੂੰ ਗੁੰਮਰਾਹ ਕੀਤਾ। ਕਈ ਉਨ੍ਹਾਂ ਦੀ ਉਮਰ ਦੇ ਫਰਕ 'ਤੇ ਵੀ ਜ਼ੋਰ ਦਿੰਦੇ ਰਹੇ, ਪਰ ਅਜਿਹੇ ਲੋਕ ਘੱਟ ਨਹੀਂ ਹਨ, ਜੋ ਸਾਫ ਕਹਿ ਰਹੇ ਹਨ ਕਿ ਇਹ ਹੱਤਿਆ ਜਾਇਜ਼ ਹੈ। ਮਮਤਾ ਨੂੰ ਉਸਦੇ ਮਾਤਾ-ਪਿਤਾ ਨੇ ਆਪਣੇ ਰਿਸ਼ਤੇਦਾਰ ਤੋਂ ਗੋਦ ਲਿਆ ਸੀ, ਜਦੋਂ ਉਹ ਇੱਕ ਸਾਲ ਦੀ ਸੀ।
 
ਉਸਨੂੰ ਪਿਆਰ ਸੀ ਸੁਮਿਨ ਨਾਲ, ਜੋ ਕਿ ਉਨ੍ਹਾਂ ਦੇ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ। ਮਮਤਾ ਇੱਕ ਜਾਟ ਪਰਿਵਾਰ ਨਾਲ ਸਬੰਧਤ ਸੀ, ਜੋ ਕਿ ਹਰਿਆਣਾ ਵਿੱਚ ਉੱਚ ਜਾਤੀ ਮੰਨੀ ਜਾਂਦੀ ਹੈ। ਦੂਜੇ ਪਾਸੇ ਸੁਮਿਨ ਵਾਲਮੀਕੀ ਜਾਤੀ ਨਾਲ ਸਬੰਧਤ ਹੈ, ਜੋ ਕਿ ਇੱਕ ਅਨੁਸੂਚਿਤ ਜਾਤੀ ਹੈ।
 
ਪੁਲਸ ਵਿੱਚ ਦਰਜ ਐੱਫਆਈਆਰ ਮੁਤਾਬਕ, ਮਮਤਾ 2017 ਵਿੱਚ ਆਪਣੇ ਪ੍ਰੇਮੀ ਸੁਮਿਨ ਦੇ ਨਾਲ ਘਰ ਤੋਂ ਚਲੀ ਗਈ ਅਤੇ ਦੋਨਾਂ ਨੇ ਆਰਯ ਸਮਾਜ ਮੰਦਰ ਵਿੱਚ ਵਿਆਹ ਕਰ ਲਿਆ। ਉਦੋਂ ਸੁਮਿਨ ਦੀ ਉਮਰ 26 ਸਾਲ ਸੀ ਅਤੇ ਮਮਤਾ ਦੇ ਪਿਤਾ ਦੇ ਦੋਸ਼ ਮੁਤਾਬਕ, ਉਦੋਂ ਮਮਤਾ ਦੀ ਉਮਰ 17 ਸਾਲ ਸੀ। ਮਮਤਾ ਜਦੋਂ 18 ਸਾਲ ਦੀ ਹੋ ਗਈ, ਉਦੋਂ ਵੀ ਸੁਮਿਨ ਦੇ ਨਾਲ ਜੀਵਨ ਬਿਤਾਉਣ ਦੇ ਫੈਸਲੇ 'ਤੇ ਡਟੀ ਰਹੀ।
 
ਦੋਨਾਂ ਨੇ ਵਿਆਹ ਕਰਦੇ ਹੀ ਹਾਈਕੋਰਟ ਵਿੱਚ ਆਪਣੀ ਸੁਰੱਖਿਆ ਲਈ ਪਟੀਸ਼ਨ ਲਗਾਈ, ਪਰ ਮਮਤਾ ਦੇ ਪਿਤਾ ਦੇ ਦੋਸ਼ ਤੋਂ ਬਾਅਦ ਪੁਲਸ ਨੇ ਪਾਇਆ ਕਿ ਮਮਤਾ ਨੇ ਆਪਣੇ ਆਧਾਰ ਕਾਰਡ ਵਿੱਚ ਗੜਬੜੀ ਕੀਤੀ ਹੈ। ਪੁਲਸ ਨੇ ਧੋਖਾਧੜੀ ਦੇ ਦੋਸ਼ ਵਿੱਚ ਸੁਮਿਨ ਤੇ ਉਸਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਕੋਰਟ ਨੇ ਮਮਤਾ ਨੂੰ ਕਰਨਾਲ ਸ਼ਹਿਰ ਦੇ ਨਾਰੀ ਨਿਕੇਤਨ ਭੇਜ ਦਿੱਤਾ।
 
ਪਿਛਲੇ 7 ਮਹੀਨਿਆਂ ਤੋਂ ਸੁਮਿਨ ਦੇ ਨਾਲ-ਨਾਲ ਉਸਦੇ ਪਿਤਾ ਵੀ ਇਸੇ ਧੋਖਾਧੜੀ ਦੇ ਦੋਸ਼ ਵਿੱਚ ਜੇਲ੍ਹ ਵਿੱਚ ਹਨ। ਇਸੇ ਵਿਚਕਾਰ ਮਮਤਾ 18 ਸਾਲ ਦੀ ਹੋ ਗਈ ਅਤੇ ਸੁਮਿਨ ਦੇ ਨਾਲ ਜੀਵਨ ਬਿਤਾਉਣ ਦੇ ਫੈਸਲੇ 'ਤੇ ਅੜੀ ਰਹੀ। 8 ਅਗਸਤ ਨੂੰ ਸੁਮਿਨ 'ਤੇ ਲੱਗੇ ਮੁਕੱਦਮੇ ਦੀ ਤਾਰੀਖ 'ਤੇ ਮਮਤਾ ਦੋ ਪੁਲਸ ਮੁਲਾਜ਼ਮਾਂ ਦੇ ਨਾਲ ਰੋਹਤਕ ਕੋਰਟ ਆਈ ਸੀ। ਜਦੋਂ ਉਹ ਬਾਹਰ ਨਿੱਕਲੀ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਉਸਦੇ ਨਾਲ ਆਏ ਸਬ ਇੰਸਪੈਕਟਰ ਦੀ ਵੀ ਮੌਤ ਹੋ ਗਈ।
 
ਪੁਲਸ ਨੇ ਤੁਰੰਤ ਉਸਦੇ ਮਾਤਾ-ਪਿਤਾ ਅਤੇ ਜਨਮ ਦੇਣ ਵਾਲੇ ਮਾਤਾ-ਪਿਤਾ ਨੂੰ ਕਥਿਤ 'ਆਨਰ ਕਿਲਿੰਗ' ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਉਂਜ ਜਦੋਂ ਇਸ ਕੇਸ ਨਾਲ ਜੁੜੇ ਲੋਕਾਂ ਨਾਲ ਗੱਲ ਹੋਈ ਤਾਂ ਮਾਮਲਾ ਕਥਿਤ ਨਹੀਂ ਲੱਗਿਆ।
 
ਮਮਤਾ ਦੇ ਵਿਆਹ ਦੀਆਂ ਚੱਲ ਰਹੀਆਂ ਸਨ ਤਿਆਰੀਆਂ 
ਸ਼ਿਆਮ ਕਲੋਨੀ ਵਿੱਚ ਮਮਤਾ ਦਾ ਵੱਡਾ ਜਿਹਾ ਘਰ ਹੈ। ਦਰਵਾਜਾ ਘੜਕਾਉਣ 'ਤੇ ਉਸਦੀ ਭਾਬੀ ਬਾਹਰ ਆਈ। ਉਸ ਨੂੰ ਆਪਣੀ ਪਛਾਣ ਦੱਸੀ ਤਾਂ ਉਹ ਬਿਨਾਂ ਕੁਝ ਕਹੇ ਅੰਦਰ ਚਲੀ ਗਈ। ਉਸ ਦੇ ਬੱਚੇ ਨੇ ਕਿਹਾ ਕਿ ਅਸੀਂ ਗੱਲ ਨਹੀਂ ਕਰਨੀ। ਗੁਆਂਢ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਬਜ਼ੁਰਗ ਮਹਿਲਾ ਨੇ ਕਿਹਾ ਕਿ ਉਸ ਨੂੰ ਕੁਝ ਨਹੀਂ ਪਤਾ। ਜਦੋਂ ਪੁਲਸ ਆਈ, ਤਾਂ ਹੀ ਪਤਾ ਲੱਗਾ ਕਿ ਕੁਝ ਹੋਇਆ ਹੈ। 
 
ਗਲੀ ਵਿੱਚ ਦੋ ਘਰ ਛੱਡ ਕੇ ਰਹਿਣ ਵਾਲੀ ਇਹ ਮਹਿਲਾ ਕਹਿ ਰਹੀ ਸੀ ਕਿ ਉਹ ਦੋਸ਼ੀ ਮਾਤਾ-ਪਿਤਾ ਦਾ ਪੂਰਾ ਨਾਂ ਵੀ ਨਹੀਂ ਜਾਣਦੀ। ਉਸੇ ਸਮੇਂ ਇੱਕ ਹੋਰ ਮਹਿਲਾ ਉੱਥੇ ਆਈ ਅਤੇ ਮੈਨੂੰ ਮਮਤਾ ਤੇ ਉਸਦੇ ਪਰਿਵਾਰ ਬਾਰੇ ਦੱਸਣ ਲੱਗੀ। ਉਸਨੇ ਦੱਸਿਆ ਕਿ ਉਹ ਪਹਿਲਾਂ ਮਮਤਾ ਦੇ ਮਾਤਾ-ਪਿਤਾ ਨਾਲ ਕੋਰਟ ਵੀ ਜਾ ਚੁੱਕੀ ਹੈ।
 
ਗੱਲਾਂ-ਗੱਲਾਂ ਵਿੱਚ ਉਸਦੇ ਮੂੰਹ ਵਿੱਚੋਂ ਨਿੱਕਲ ਗਿਆ ਕਿ ਪਿਛਲੇ ਸਾਲ ਮਮਤਾ ਦਾ ਰਿਸ਼ਤਾ ਹੋ ਰਿਹਾ ਸੀ ਅਤੇ ਰਸਮਾਂ ਲਈ ਲੋਕ ਆਉਣ ਵਾਲੇ ਸਨ। ਉਹ ਕਹਿਣ ਲੱਗੀ, ''ਜਿਨ੍ਹਾਂ ਨੂੰ ਦਾਗ ਲਗਦਾ ਹੈ, ਉਨ੍ਹਾਂ ਦੀ ਬਦਨਾਮੀ ਹੁੰਦੀ ਹੈ। ਉਨ੍ਹਾਂ ਦਾ ਕਲੇਜਾ ਫਟਦਾ ਹੈ। ਛੋਟੀ ਗੱਲ ਨਹੀਂ ਹੈ। ਮਾਰਨਾ ਮਜ਼ਬੂਰੀ ਹੋ ਜਾਂਦੀ ਹੈ। ਮੇਰੀ ਲੜਕੀ ਕਰਦੀ ਅਜਿਹਾ ਤਾਂ ਮੈਂ ਵੀ ਮਾਰ ਦਿੰਦੀ।''
 
ਜਦੋਂ ਮੈਂ ਉਸ਼ ਤੋਂ ਪੁੱਛਿਆ ਕਿ ਵਿਆਹ ਤਾਂ ਹੋ ਹੀ ਗਿਆ ਸੀ, ਕਥਿਤ ਦਾਗ ਤਾਂ ਲੱਗ ਹੀ ਗਿਆ ਸੀ ਤਾਂ ਫਿਰ ਮਾਰਨ ਨਾਲ ਹਾਸਲ ਕੀ ਹੋਇਆ ਤਾਂ ਉਸਨੇ ਕਿਹਾ ਕਿ ''ਜੇਕਰ ਵਾਲਮੀਕੀ ਲੜਕਾ ਸਾਡੀ ਗਲੀ ਵਿੱਚ ਉਸਨੂੰ ਲੈ ਕੇ ਘੁੰਮਣ ਲੱਗ ਜਾਂਦਾ ਤਾਂ?'' ਉਸਨੇ ਮੰਨਿਆ ਕਿ ਜੇਕਰ ਲੜਕਾ ਆਪਣੀ ਜਾਤੀ ਦਾ ਹੁੰਦਾ ਤਾਂ ਵਿਆਹ ਕਰਨ ਵਿੱਚ ਕੋਈ ਬੁਰਾਈ ਨਹੀਂ ਸੀ। ਇਨ੍ਹਾਂ ਬਜ਼ੁਰਗ ਮਹਿਲਾਵਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਮਮਤਾ ਦੀ ਕਿਸੇ ਹੋਰ ਨਾਲ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ ਤਾਂ ਕੀ ਇਸੇ ਕਾਰਨ ਛੇਤੀ-ਛੇਤੀ ਉਸਨੂੰ ਘਰ ਤੋਂ ਬਿਨਾਂ ਦੱਸੇ ਜਾਣਾ ਪਿਆ ਅਤੇ ਵਿਆਹ ਕਰ ਲਿਆ?
 
ਇਸ ਤੋਂ ਇਲਾਵਾ ਸਭ ਤੋਂ ਵੱਡਾ ਮਸਲਾ ਸੁਮਿਨ ਦਾ ਜਾਤ ਤੋਂ ਵਾਲਮੀਕੀ ਹੋਣਾ ਸੀ। 15 ਮਿੰਟ ਦੀ ਰਿਕਾਰਡੇਡ ਗੱਲਬਾਤ ਵਿੱਚ ਲੜਕੀ ਤੇ ਲੜਕੇ ਦੀ ਉਮਰ ਵਿੱਚ ਫਰਕ ਜਾਂ ਲੜਕੀ ਦੇ ਕਰੀਅਰ ਦੀ ਗੱਲ ਉਨ੍ਹਾਂ ਨੇ ਨਹੀਂ ਕੀਤੀ।
 
ਪੰਚਾਇਤ ਨੇ ਕੀਤਾ ਅੰਤਮ ਸਸਕਾਰ ਤੋਂ ਇਨਕਾਰ
ਮਮਤਾ ਦੀ ਲਾਸ਼ ਹਸਪਤਾਲ ਵਿੱਚ ਲਾਵਾਰਿਸ ਸੀ। ਮਾਤਾ-ਪਿਤਾ ਜੇਲ੍ਹ ਵਿੱਚ ਸਨ। ਰੋਹਤਕ ਸ਼ਹਿਰ ਤੋਂ 3-4 ਕਿਲੋਮੀਟਰ ਦੂਰ ਸਿੰਹਪੁਰਾ ਪਿੰਡ ਵਿੱਚ ਸੁਮਿਨ ਦਾ ਘਰ ਹੈ। ਜਦੋਂ ਉੱਥੇ ਪਹੁੰਚੀ ਤਾਂ ਇੱਕ ਪੁਲਸ ਮੁਲਾਜ਼ਮ ਨੇ ਦਰਵਾਜਾ ਖੋਲਿਆ। ਮਮਤਾ ਦੀ ਹੱਤਿਆ ਤੋਂ ਬਾਅਦ ਤੋਂ ਹੀ ਉੱਥੇ ਪੁਲਸ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਮੈਨੂੰ ਪਤਾ ਲੱਗਾ ਕਿ ਸਵੇਰੇ ਹੀ ਇਸੇ ਪਿੰਡ ਵਿੱਚ ਮਮਤਾ 'ਤੇ ਗੋਲੀ ਚਲਾਉਣ ਵਾਲੇ ਲੋਕ ਫੜੇ ਗਏ ਹਨ।
 
ਸੁਮਿਨ ਦੇ ਛੋਟੇ ਭਰਾ ਦਿਨੇਸ਼ ਨੇ ਦੱਸਿਆ ਕਿ ਉਹ ਲੋਕ ਮਮਤਾ ਦਾ ਅੰਤਮ ਸਸਕਾਰ ਕਰਨਾ ਚਾਹੁੰਦੇ ਸਨ, ਪਰ ਪਿੰਡ ਦੀ ਪੰਚਾਇਤ ਨੇ ਇਨਕਾਰ ਕਰ ਦਿੱਤਾ, ਕਿਉਂਕਿ ਖਾਪ ਦੇ ਸਿਸਟਮ ਦੇ ਹਿਸਾਬ ਨਾਲ 8 ਪਿੰਡਾਂ ਵਿੱਚ ਭਾਈਚਾਰਾ ਹੈ ਅਤੇ ਲੜਕਾ ਤੇ ਲੜਕੀ ਦੇ ਪਿੰਡ ਇਨ੍ਹਾਂ 8 ਪਿੰਡਾਂ ਵਿੱਚ ਆਉਂਦੇ ਹਨ।
 
ਦਿਨੇਸ਼ ਨੇ ਇਹ ਵੀ ਦੱਸਿਆ ਕਿ ਜਦੋਂ ਸੁਮਿਨ ਨੂੰ ਧੋਖਾਧੜੀ ਦੇ ਦੋਸ਼ ਵਿੱਚ ਥਾਣੇ ਲਿਆਂਦਾ ਗਿਆ ਸੀ, ਉਦੋਂ ਖੁਦ ਐੱਸਐੱਚਓ ਨੇ ਕਿਹਾ ਕਿ ''ਜਾਟ ਦੀ ਲੜਕੀ ਨੂੰ ਲੈ ਕੇ ਗਏ ਹੋ, ਬੱਸ ਇਹ ਮਸਲਾ ਹੈ ਅਤੇ ਗੱਢੀ ਖੇੜੀ ਵਾਲੇ (ਦੋਸ਼ੀ ਪਿਤਾ ਦਾ ਪਿੰਡ) ਤੈਨੂੰ ਮਾਰਨਗੇ।'' ਸੁਮਿਨ ਦੇ ਭਰਾ ਦਿਨੇਸ਼ ਨੇ ਕਿਹਾ ਕਿ ਉਸਨੇ ਭਰਾ ਨੂੰ ਸਮਝਾਇਆ ਸੀ ਕਿ ਇਹ ਲੋਕ ਸਾਡੀ ਜਾਤ ਵਾਲਿਆਂ ਨੂੰ ਕਦੇ ਨਹੀਂ ਅਪਣਾਉਣਗੇ।
 
ਦਿਨੇਸ਼ ਨੇ ਕਿਹਾ ਕਿ ''ਇੱਥੇ ਜਾਟ ਬਿਰਾਦਰੀ ਦੇ ਲੋਕਾਂ ਨੇ ਅੰਤਰ ਜਾਤੀ ਵਿਆਹ ਕੀਤਾ ਹੈ। ਇੱਕ ਨੂੰਹ ਧਾਨਕ (ਅਨੁਸੂਚਿਤ ਜਾਤੀ) ਜਾਤੀ ਦੀ ਵੀ ਹੈ, ਪਰ ਇਹ ਲੋਕ ਕਹਿੰਦੇ ਹਨ ਕਿ ਅਸੀਂ ਲਿਆ ਸਕਦੇ ਹਾਂ, ਪਰ ਤੁਸੀਂ ਅਜਿਹਾ ਨਹੀਂ ਕਰ ਸਕਦੇ।'' ਮੈਂ ਦਿਨੇਸ਼ ਤੋਂ ਪੁੱਛਿਆ ਕਿ ਜਾਟ ਤਾਂ ਕਹਿੰਦੇ ਹਨ ਕਿ ਦਲਿਤਾਂ ਤੇ ਜਾਟਾਂ ਵਿੱਚ ਭਾਈਚਾਰਾ ਹੁੰਦਾ ਹੈ, ਇਸਦੇ ਜਵਾਬ ਵਿੱਚ ਦਿਨੇਸ਼ ਨੇ ਕਿਹਾ ਕਿ ''ਅਜਿਹਾ ਹੁੰਦਾ ਤਾਂ ਫਿਰ ਵਿਰੋਧ ਹੁੰਦਾ ਹੀ ਕਿਉਂ, ਸਾਡੇ ਘਰ ਵਿੱਚ ਸਭ ਕੁਝ ਹੈ, ਸਾਰੀਆਂ ਸੁਵਿਧਾਵਾਂ ਹਨ, ਸਾਡੇ ਵੀ ਦੋ ਹੱਥ-ਪੈਰ ਹਨ।'' ਸੁਮਿਨ ਦੇ ਪਿਤਾ 23 ਸਾਲ ਤੱਕ ਭਾਰਤੀ ਸੈਨਾ ਵਿੱਚ ਰਹੇ ਹਨ।
 
ਦਲਿਤ ਨੂੰਹ ਤਾਂ ਠੀਕ, ਪਰ ਦਲਿਤਾਂ ਨੂੰ ਨਹੀਂ ਦੇਵਾਂਗੇ ਬੇਟੀ
ਇਸ ਪਿੰਡ ਦੇ ਸਰਪੰਚ ਤਾਂ ਨਹੀਂ ਮਿਲੇ, ਪਰ ਉਨ੍ਹਾਂ ਨੇ ਫੋਨ 'ਤੇ ਕਿਹਾ ਕਿ ਉਨ੍ਹਾਂ ਦੇ ਭਰਾ ਅਤੇ ਬੇਟੇ ਤੋਂ ਇਸ ਮਾਮਲੇ 'ਤੇ ਜਾਣਕਾਰੀ ਲੈ ਲਈ ਜਾਵੇ। ਸਰਪੰਚ ਦੇ ਭਰਾ ਅਤਰ ਸਿੰਘ ਨੇ ਦੱਸਿਆ ਕਿ ਮਮਤਾ ਦੇ ਅੰਤਮ ਸਸਕਾਰ 'ਤੇ ਵਿਵਾਦ ਹੋ ਸਕਦਾ ਸੀ। ਇਸ ਲਈ ਪੰਚਾਇਤ ਨੇ ਇਨਕਾਰ ਕਰ ਦਿੱਤਾ। ਨਾਲ ਹੀ ਉਨ੍ਹਾਂ ਨੇ ਦਿਨੇਸ਼ ਦੀ ਕਹੀ ਗਈ ਗੱਲ ਨੂੰ ਵੀ ਮੁੜ ਕਿਹਾ ਕਿ ਜਾਟ ਲੜਕਾ ਜੇਕਰ ਅਨੁਸੂਚਿਤ ਜਾਤੀ ਦੀ ਲੜਕੀ ਨਾਲ ਵਿਆਹ ਕਰ ਲਵੇ ਤਾਂ ਪੰਚਾਇਤ ਨੂੰ ਇਤਰਾਜ਼ ਨਹੀਂ ਹੁੰਦਾ, ਪਰ ਲੜਕੀ ਦੇ ਅਜਿਹਾ ਕਰਨ 'ਤੇ ਵਿਵਾਦ ਹੋ ਜਾਂਦਾ ਹੈ।
 
ਉਹ ਕਹਿੰਦੇ ਹਨ ਕਿ ਪਹਿਲਾਂ ਦਲਿਤਾਂ ਤੇ ਜਾਟਾਂ ਦਾ ਭਾਈਚਾਰਾ ਹੁੰਦਾ ਸੀ, ਪਰ ਹੁਣ ਕੋਈ ਅਜਿਹਾ ਨਹੀਂ ਮੰਨਦਾ। ਸਰਪੰਚ ਦੇ ਬੇਟੇ ਸਹਿਦੇਵ ਨੇ ਕਿਹਾ ਕਿ ਉਹ ਵੀ ਇੱਕ ਅਨੁਸੂਚਿਤ ਜਾਤੀ ਦੀ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਘਰ ਵਾਲੇ ਨਹੀਂ ਮੰਨੇ ਅਤੇ ਫਿਰ ਅਰੇਂਜ ਮੈਰਿਜ ਹੋਈ।
 
ਮਹਿਲਾਵਾਂ ਨੇ ਕੀਤਾ ਮਮਤਾ ਦਾ ਅੰਤਮ ਸਸਕਾਰ
ਹਰਿਆਣਾ ਦੀ ਮਹਿਲਾ ਆਯੋਗ ਦੀ ਪ੍ਰਧਾਨ ਸੁਮਨ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਸੀ ਕਿ ਮਮਤਾ ਦੀ ਅੰਤਮ ਰਸਮ ਕਿਰਿਆ ਆਯੋਗ ਕਰਨਾ ਚਾਹੁੰਦਾ ਹੈ। ਜਿਹੜੇ ਮਾਤਾ-ਪਿਤਾ ਨੇ ਆਪਣੀ ਹੀ ਬੇਟੀ ਦੀ ਜਾਨ ਲੈ ਲਈ, ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਉਸਦੀ ਅੰਤਮ ਕਿਰਿਆ ਕਰਨ ਦਾ। ਮਹਿਲਾ ਆਯੋਗ ਦੀਆਂ ਮੈਂਬਰਾਂ ਨੇ ਮਮਤਾ ਦਾ ਅੰਤਮ ਸਸਕਾਰ ਕੀਤਾ।
 
ਪ੍ਰਤਿਭਾ ਸੁਮਨ ਦੱਸਦੇ ਹਨ ਕਿ ਪੇਂਡੂ ਪੱਧਰ 'ਤੇ ਇਨ੍ਹਾਂ ਬੁਰਾਈਆਂ ਨੂੰ ਲੁਕਾਉਣ ਵਿੱਚ ਸਰਪੰਚਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਉਹ ਖੁਦ ਇਸ ਘਟਨਾ ਬਾਰੇ ਦੱਸਦੇ ਹੋਏ ਰੋਣ ਲੱਗ ਗਏ ਕਿ ਇੱਕ ਪਿੰਡ ਵਿੱਚ ਇੱਕ ਸਰਪੰਚ ਦੇ ਪਰਿਵਾਰ ਨੇ ਹੀ ਆਪਣੇ ਘਰ ਦੀ ਨੂੰਹ ਨੂੰ ਖੇਤ ਵਿੱਚ ਲੈ ਜਾ ਕੇ ਬੇਰਹਿਮੀ ਨਾਲ ਉਸਦਾ ਕਤਲ ਕਰ ਦਿੱਤਾ, ਕਿਉਂਕਿ ਉਹ ਆਪਣੇ ਪਤੀ ਦੇ ਜ਼ੁਲਮ ਤੋਂ ਪਰੇਸ਼ਾਨ ਸੀ ਅਤੇ ਉਸਨੂੰ ਛੱਡ ਕੇ ਕਿਸੇ ਹੋਰ ਪੁਰਸ਼ ਦੇ ਨਾਲ ਰਹਿਣਾ ਚਾਹੁੰਦੀ ਸੀ। ਇਸ ਅਪਰਾਧ ਵਿੱਚ ਉਸ ਮਹਿਲਾ ਦੇ ਬੇਟੇ ਵੀ ਸ਼ਾਮਲ ਸਨ।
 
ਸੋਸ਼ਲ ਮੀਡੀਆ 'ਤੇ ਸ਼ਰੇਆਮ ਹੱਤਿਆ ਦੀਆਂ ਗੱਲਾਂ
ਹਰਿਆਣਾ ਦੇ ਕਈ ਲੋਕ ਸੋਸ਼ਲ ਮੀਡੀਆ 'ਤੇ ਇਸ ਮਾਮਲੇ ਨੂੰ ਲੈ ਕੇ ਮਾਤਾ-ਪਿਤਾ ਦਾ ਪੱਖ ਲੈ ਰਹੇ ਸਨ। ਕਈ ਲੋਕ ਤਾਂ ਵਾਲਮੀਕੀ ਸਮਾਜ ਦੇ ਸੁਮਿਨ ਨੂੰ ਵੀ ਮਾਰ ਦੇਣ ਦੀ ਗੱਲ ਕਰ ਰਹੇ ਹਨ। ਕੁਝ ਲੋਕ ਹੱਤਿਆ ਕਰਨ ਨੂੰ ਤਾਂ ਗਲਤ ਦੱਸ ਰਹੇ ਹਨ, ਪਰ ਲੜਕੀ ਦੀ ਵੀ ਗਲਤੀ ਦੱਸ ਰਹੇ ਹਨ, ਕਿਉਂਕਿ ਉਸਨੇ ਆਪਣੇ ਮਾਤਾ-ਪਿਤਾ ਨੂੰ ਧੋਖਾ ਦਿੱਤਾ, ਜਦਕਿ ਇਹ ਸਵਾਲ ਕੋਈ ਨਹੀਂ ਪੁੱਛ ਰਿਹਾ ਕਿ ਕੀ ਨਾਬਾਲਿਗ ਜਾਂ ਬਾਲਿਗ ਲੜਕੀ ਦਾ ਵਿਆਹ ਖੁਦ ਮਾਤਾ-ਪਿਤਾ ਜਬਰਦਸਤੀ ਕਰ ਦੇਣ ਤਾਂ ਉਹ ਸਹੀ ਹੈ? 
 
ਭਾਰਤ ਦੇ ਕਾਨੂੰਨ ਮੁਤਾਬਕ, ਬਾਲ ਵਿਆਹ ਜਾਂ ਨਾਬਾਲਿਗ ਦਾ ਵਿਆਹ ਗੈਰ ਕਾਨੂੰਨੀ ਹੈ, ਪਰ ਹਿੰਦੂ ਮੈਰਿਜ ਐਕਟ ਮੁਤਾਬਕ, ਜੇਕਰ ਇਹ ਵਿਆਹ ਹੋ ਜਾਂਦਾ ਹੈ ਤਾਂ ਉਸਨੂੰ ਗੈਰਕਾਨੂੰਨੀ ਨਹੀਂ ਮੰਨਿਆ ਜਾਵੇਗਾ। ਲੜਕੀ ਚਾਹੇ ਤਾਂ ਇਸਨੂੰ ਬਾਲਿਗ ਹੋਣ ਤੇ ਅਵੈਧ ਮੰਨ ਸਕਦੀ ਹੈ ਅਤੇ ਤਲਾਕ ਦਾ ਆਧਾਰ ਬਣਾ ਸਕਦੀ ਹੈ। ਜੇਕਰ ਉਹ ਬਾਲਿਗ ਹੋਣ 'ਤੇ ਆਪਣਾ ਵਿਆਹ ਖਤਮ ਨਹੀਂ ਕਰਨਾ ਚਾਹੁੰਦੀ ਤਾਂ ਇਹ ਵਿਆਹ ਕਾਨੂੰਨ ਦੀ ਨਜ਼ਰ ਵਿੱਚ ਕਾਨੂੰਨੀ ਹੈ।

ਆਨਰ ਕਿਲਿੰਗ 'ਤੇ ਚੁੱਪ ਰਹਿੰਦੇ ਨੇ ਨੇਤਾ
ਹਰਿਆਣਾ ਦੇ ਆਨਰ ਕਿਲਿੰਗ ਮਾਮਲਿਆਂ ਵਿੱਚ ਇੱਕ ਗੱਲ ਹਮੇਸ਼ਾ ਨਜ਼ਰ ਆਉਂਦੀ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਇਸਦੇ ਖਿਲਾਫ ਬਿਆਨ ਦੇਣ ਤੋਂ ਬਚਦੀਆਂ ਹਨ। ਇਸ ਸਮੇਂ ਹਰਿਆਣਾ ਵਿੱਚ ਨੌਜਵਾਨਾਂ ਨੇਤਾਵਾਂ ਦੀ ਪੂਰੀ ਫੌਜ ਤਿਆਰ ਹੋ ਰਹੀ ਹੈ, ਪਰ ਉਹ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਬੋਲਣ ਤੋਂ ਬਚਦੇ ਹਨ। ਮਹਿਲਾ ਮੁੱਦਿਆਂ 'ਤੇ ਸਾਲਾਂ ਤੋਂ ਕੰਮ ਕਰ ਰਹੀ ਜਗਮਤੀ ਸਾਂਗਵਾਨ ਰਾਸ਼ਟਰੀ ਮੀਡੀਆ ਵਿੱਚ ਇੱਕ ਜਾਣਿਆ-ਪਛਾਣਿਆ ਨਾਂ ਹੈ।
 
ਉਹ ਕਹਿੰਦੇ ਹਨ, ''ਨੇਤਾਵਾਂ ਲਈ ਇਹ ਖਾਪ ਤੇ ਜਾਤੀਵਾਦੀ ਲੋਕ ਇੱਕ ਵੋਟ ਬੈਂਕ ਹਨ ਅਤੇ ਇਸ ਲਈ ਇਹ ਖੁਦ ਨੂੰ ਇਨ੍ਹਾਂ ਮਾਮਲਿਆਂ ਤੋਂ ਦੂਰ ਰੱਖਦੇ ਹਨ। ਜ਼ਰੂਰਤ ਤਾਂ ਸਾਡੇ ਨੌਜਵਾਨਾਂ ਨੂੰ ਇੱਕ ਆਵਾਜ਼ ਵਿੱਚ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਨ ਦੀ ਹੈ, ਪਰ ਜਦੋਂ ਅਸੀਂ ਲੋਕ ਕਾਲਜਾਂ ਵਿੱਚ ਜਾ ਕੇ ਪ੍ਰੇਮ ਵਿਆਹ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਚਾਰ ਪੁੱਛਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਇਸ ਵਿੱਚ ਕੋਈ ਬੁਰਾਈ ਨਹੀਂ, ਪਰ ਉਹੀ ਬੱਚੇ ਆਪਣੇ ਘਰਾਂ ਵਿੱਚ, ਪਿੰਡਾਂ ਵਿੱਚ ਜਾ ਕੇ ਕੁਝ ਹੋਰ ਕਹਿਣ ਲਗਦੇ ਹਨ।
 
ਉਨ੍ਹਾਂ ਵਿੱਚ ਉਹੀ ਗੱਲ ਆ ਜਾਂਦੀ ਹੈ ਕਿ ਮੇਰੀ ਭੈਣ ਅਜਿਹਾ ਕਿਵੇਂ ਕਰ ਲਵੇਗੀ।'' ਜਗਮਤੀ ਕਹਿੰਦੇ ਹਨ ਕਿ ਜਿੱਥੇ ਇੰਨੇ ਲੋਕ ਪਿਆਰ ਵਿੱਚ ਇੱਕ-ਦੂਜੇ ਨੂੰ ਧੋਖਾ ਦਿੰਦੇ ਹਨ, ਇੱਥੇ ਇੱਕ ਲੜਕੇ ਨੇ ਵਿਆਹ ਹੀ ਤਾਂ ਕੀਤਾ ਹੈ ਅਤੇ ਪਿਆਰ ਕਾਰਨ ਹੀ ਜੇਲ੍ਹ ਵੀ ਕੱਟ ਰਿਹਾ ਹੈ।
-ਧੰਨਵਾਤ ਸਮੇਤ ਸਰਵਪ੍ਰਿਆ ਸਾਂਗਵਾਨ/ਬੀਬੀਸੀ

 

Comments

Leave a Reply