Tue,Oct 20,2020 | 02:34:48am
HEADLINES:

Social

ਜੇ ਮਾਡਰਨ ਇੰਡੀਆ ਜਾਤੀਵਾਦ ਨੂੰ ਨਹੀਂ ਮੰਨਦਾ ਤਾਂ ਉੱਚ ਅਹੁਦਿਆਂ 'ਤੇ SC-OBC ਕਿਉਂ ਨਹੀਂ?

ਜੇ ਮਾਡਰਨ ਇੰਡੀਆ ਜਾਤੀਵਾਦ ਨੂੰ ਨਹੀਂ ਮੰਨਦਾ ਤਾਂ ਉੱਚ ਅਹੁਦਿਆਂ 'ਤੇ SC-OBC ਕਿਉਂ ਨਹੀਂ?

ਡੀਅਰ ਕੰਗਨਾ ਰਣੌਤ,
ਉਮੀਦ ਕਰਦੀ ਹਾਂ ਕਿ ਤੁਸੀਂ ਇੱਕਦਮ ਚੰਗੇ ਹੋਵੋਗੇ। ਤੁਹਾਡਾ ਇੱਕ ਟਵੀਟ ਪੜ੍ਹ ਕੇ ਬਹੁਤ ਦੁੱਖ ਹੋਇਆ। ਤੁਸੀਂ ਇਸ 'ਤੇ ਜਵਾਬ ਦਿੰਦੇ ਹੋਏ 3 ਗੱਲਾਂ ਨੂੰ ਲਿਖਿਆ-ਪਹਿਲਾ, ਆਧੁਨਿਕ ਭਾਰਤੀਆਂ (ਮਾਡਰਨ ਇੰਡੀਅੰਸ) ਨੇ ਜਾਤੀਗਤ ਵਿਵਸਥਾ (ਕਾਸਟ ਸਿਸਟਮ) ਨੂੰ ਨਕਾਰ ਦਿੱਤਾ ਹੈ। ਦੂਜਾ, ਪਿੰਡਾਂ-ਕਸਬਿਆਂ 'ਚ ਵੀ ਸਖਤ ਕਾਨੂੰਨ ਤਹਿਤ ਕਾਸਟ ਸਿਸਟਮ ਅਸੀਵਾਕਰ ਹੈ ਅਤੇ ਤੀਜਾ ਸਭ ਤੋਂ ਜ਼ਰੂਰੀ ਬਿੰਦੂ-ਤੁਸੀਂ ਕਿਹਾ ਕਿ ਸਾਡੇ ਸੰਵਿਧਾਨ ਨੇ ਰਾਖਵੇਂਕਰਨ ਨੂੰ ਫੜਿਆ ਹੋਇਆ ਹੈ।

ਮੈਂ ਤੁਹਾਡੇ ਨਾਲ ਇਨ੍ਹਾਂ ਬਿੰਦੂਆਂ ਦੇ ਆਲੇ-ਦੁਆਲੇ ਗੱਲ ਕਰਾਂਗੀ। ਕੰਗਨਾ ਜੀ, ਮੈਂ ਵੀ ਦਲਿਤ ਸਮਾਜ ਤੋਂ ਆਉਂਦੀ ਹਾਂ। ਆਪਣੇ ਪਰਿਵਾਰ ਹੀ ਨਹੀਂ, ਸਗੋਂ ਖਾਨਦਾਨ ਦੀ ਪਹਿਲੀ ਲੜਕੀ ਹਾਂ, ਜਿਸਨੇ ਐੱਮ.ਫਿਲ ਤੱਕ ਪੜ੍ਹਾਈ ਕੀਤੀ। ਮੇਰੇ ਘਰ 'ਚ ਪੜ੍ਹਾਈ ਦਾ ਮਾਹੌਲ ਹੀ ਨਹੀਂ ਸੀ। ਮੇਰੇ ਮਾਤਾ-ਪਿਤਾ ਮਜ਼ਦੂਰ ਸਨ। ਮਾਂ ਤਾਂ ਅੱਜ ਵੀ ਮਜ਼ਦੂਰੀ ਕਰਦੀ ਹੈ। ਦੋਵੇਂ ਹੀ ਪੜ੍ਹੇ-ਲਿਖੇ ਨਹੀਂ ਸਨ, ਪਰ ਹਮੇਸ਼ਾ ਤੋਂ ਆਪਣੇ ਬੱਚਿਆਂ ਨੂੰ ਪੜ੍ਹਿਆ-ਲਿਖਿਆ ਦੇਖਣਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਜੋ ਕੰਮ ਉਨ੍ਹਾਂ ਨੇ ਕੀਤਾ ਹੈ, ਉਹ ਕੰਮ ਉਨ੍ਹਾਂ ਦੇ ਬੱਚਿਆਂ ਨੂੰ ਨਾ ਕਰਨਾ ਪਵੇ।

ਅਸੀਂ 5 ਭੈਣ-ਭਰਾ ਹਨ। ਹੌਲੀ-ਹੌਲੀ ਸਾਰਿਆਂ ਨੇ ਪੜ੍ਹਾਈ ਛੱਡ ਦਿੱਤੀ, ਪਰ ਮੈਂ ਪੜ੍ਹਾਈ ਦਾ ਸਾਥ ਨਹੀਂ ਛੱਡਿਆ। ਬਚਪਨ 'ਚ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਸੀ ਕਿ ਜਦੋਂ ਤੱਕ ਪੜ੍ਹਾਈ ਦੀ ਪੌੜੀ ਖਤਮ ਨਹੀਂ ਹੋਵੇਗੀ, ਉਦੋਂ ਤੱਕ ਪੜ੍ਹਦੀ ਜਾਵਾਂਗੀ, ਚਾਹੇ ਬਿਲਕੁਲ ਪਾਸਿੰਗ ਮਾਰਕਸ ਹੀ ਕਿਉਂ ਨਾ ਆਉਣ, ਪਰ ਉਸ ਸਮੇਂ ਆਪਣੇ ਖੁਦ ਨਾਲ ਵਾਅਦਾ ਕਰਦੇ ਸਮੇਂ ਭੁੱਲ ਗਈ ਸੀ ਕਿ ਕਿੰਨਾ ਵੀ ਪੜ੍ਹ ਲਵਾਂ, ਅੱਗੇ ਚੱਲ ਕੇ ਇਨ੍ਹਾਂ ਪੌੜੀਆਂ 'ਚ ਦਲਿਤ ਹੋਣ ਕਾਰਨ ਕੰਢੇ ਵਿਛੇ ਹੋਏ ਮਿਲਣਗੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਜੋ ਸਿੱਖਿਆ ਮੈਂ ਹਾਸਲ ਕਰ ਸਕੀ ਹਾਂ, ਉਹ ਸਭ ਸਿਰਫ ਰਾਖਵੇਂਕਰਨ ਕਰਕੇ ਹੀ ਸੰਭਵ ਹੋ ਸਕਿਆ ਹੈ।

ਅੱਜ ਵੀ ਲੱਖਾਂ-ਕਰੋੜਾਂ ਲੋਕ ਹਨ, ਜੋ ਦਲਿਤ-ਪੱਛੜੀ ਜਾਤੀ ਕਾਰਨ ਪੜ੍ਹਨਾ ਤਾਂ ਦੂਰ ਆਪਣੀ ਗੱਲ ਵੀ ਕਥਿਤ ਤੌਰ 'ਤੇ ਸਵਰਣਾਂ ਅੱਗੇ ਨਹੀਂ ਰੱਖ ਪਾਉਂਦੇ ਹਨ। ਉਨ੍ਹਾਂ ਨੂੰ ਪਤਾ ਨਹੀਂ ਰਾਖਵਾਂਕਰਨ ਅਤੇ ਸਿੱਖਿਆ ਉਨ੍ਹਾਂ ਦਾ ਮੁੱਢਲਾ ਅਧਿਕਾਰ ਹੈ। ਤੁਸੀਂ ਇਹ ਵੀ ਕਿਹਾ ਕਿ ਆਧੁਨਿਕ ਭਾਰਤੀ ਜਾਤੀ ਵਿਵਸਥਾ ਨੂੰ ਨਕਾਰ ਰਹੇ ਹਨ, ਪਰ ਤੁਹਾਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੈਂ ਇੱਕ ਇੰਟਰਨੈਸ਼ਨਲ ਸੰਸਥਾਨ 'ਚ ਨੌਕਰੀ ਕੀਤੀ, ਜਿੱਥੇ ਮੈਨੂੰ ਜਾਤੀਵਾਦੀ ਪ੍ਰੋਗ੍ਰੈਸਿਵ-ਲਿਬਰਲ ਅਤੇ ਤੁਹਾਡੇ ਮੁਤਾਬਕ ਮਾਡਰਨ ਇੰਡੀਅੰਸ ਮਿਲੇ, ਜਿਨ੍ਹਾਂ ਕਰਕੇ ਮੈਂ ਆਪਣੀ ਨੌਕਰੀ ਗੁਆ ਚੁੱਕੀ ਹਾਂ, ਕਿਉਂਕਿ ਮੈਂ ਇੱਕ ਦਲਿਤ ਹਾਂ।

ਉਹ ਨਹੀਂ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਦੇ ਬਰਾਬਰ ਬੈਠ ਕੇ ਕੰਮ ਕਰਾਂ। ਇਸ ਲਈ ਉਨ੍ਹਾਂ ਨੇ ਮੈਨੂੰ ਕੱਢਣਾ ਹੀ ਸਹੀ ਸਮਝਿਆ। ਇਹ ਸਿਰਫ ਉਸ ਸੰਸਥਾਨ ਦੀ ਗੱਲ ਨਹੀਂ, ਸਗੋਂ ਹਰ ਜਗ੍ਹਾ, ਹਰ ਖੇਤਰ 'ਚ ਦੇਖਿਆ ਜਾ ਸਕਦਾ ਹੈ। ਕਿਤੇ ਵੀ ਤੁਹਾਨੂੰ ਦਲਿਤ, ਓਬੀਸੀ, ਆਦੀਵਾਸੀ ਸਮਾਜ ਦੇ ਲੋਕ ਉੱਚ ਅਹੁਦਿਆਂ 'ਤੇ ਨਹੀਂ ਦਿਖਾਈ ਦੇਣਗੇ। ਹਾਂ, ਜੇਕਰ ਕੁਝ ਜਗ੍ਹਾ ਦਿਖਣਗੇ ਤਾਂ ਉਹ ਸਰਕਾਰੀ ਅੰਕੜਾ ਹੋਵੇਗਾ, ਜਿੱਥੇ ਅੱਜ ਵੀ ਰਾਖਵਾਂਕਰਨ ਹੈ ਅਤੇ ਉਨ੍ਹਾਂ ਦੀ ਮਜਬੂਰੀ ਹੈ ਸਾਡੇ ਸਮਾਜ ਦੇ ਲੋਕਾਂ ਨੂੰ ਰੱਖਣਾ, ਕਿਉਂਕਿ ਉਨ੍ਹਾਂ ਲਈ ਸੀਟ ਰਿਜ਼ਰਵ ਹੁੰਦੀ ਹੈ।

ਉੱਥੇ ਵੀ ਕਈ ਵਾਰ ਚਲਾਕੀ ਕਰ ਦਿੱਤੀ ਜਾਂਦੀ ਹੈ, ਪਰ ਉਸ 'ਤੇ ਅਜੇ ਗੱਲ ਨਹੀਂ। ਜੇਕਰ ਤੁਹਾਨੂੰ ਲਗਦਾ ਹੈ ਕਿ ਰਾਖਵੇਂਕਰਨ ਦਾ ਗਲਤ ਫਾਇਦਾ ਚੁੱਕਿਆ ਜਾਂਦਾ ਹੈ ਜਾਂ ਸੰਵਿਧਾਨ ਕਰਕੇ ਰਾਖਵੇਂਕਰਨ ਤਹਿਤ ਆਉਣ ਵਾਲੇ ਸਮਾਜ ਨੇ ਇਸਨੂੰ ਜਬਰਦਸਤੀ ਫੜਿਆ ਹੋਇਆ ਹੈ ਤਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ ਕਿ ਕੀ ਕਾਰਨ ਹੈ ਕਿ ਸੁਪਰੀਮ ਕੋਰਟ ਦੇ 31 ਜੱਜਾਂ 'ਚੋਂ ਅੱਜ ਵੀ ਦਲਿਤ ਸਮਾਜ 'ਚੋਂ ਸਿਰਫ ਇੱਕ ਜੱਜ ਹੈ, ਓਬੀਸੀ ਦੇ 2 ਅਤੇ ਐੱਸਟੀ ਦਾ ਤਾਂ ਇੱਕ ਵੀ ਨਹੀਂ ਹੈ। ਕੀ ਕਾਰਨ ਹੈ ਕਿ ਮੇਨਸਟ੍ਰੀਮ ਮੀਡੀਏ 'ਚ ਇੱਕ ਵੀ ਸੰਪਾਦਕ ਦਲਿਤ ਸਮਾਜ ਤੋਂ ਨਹੀਂ ਹੈ।

ਤੁਸੀਂ ਕਿਹਾ ਕਿਹਾ ਕਿ ਰਾਖਵੇਂਕਰਨ ਕਰਕੇ ਮੈਰਿਟ ਧਾਰੀ ਡਾਕਟਰ, ਇੰਜੀਨੀਅਰ, ਪਾਇਲਟ ਆਦਿ ਨੂੰ ਕਾਫੀ ਨੁਕਸਾਨ ਹੁੰਦਾ ਹੈ, ਪਰ ਕੀ ਇਨ੍ਹਾਂ ਅੰਕੜਿਆਂ 'ਤੇ ਤੁਹਾਨੂੰ ਗੁੱਸਾ ਨਹੀਂ ਆਉਂਦਾ? ਜੇਕਰ ਅਸੀਂ ਸਿਨੇਮਾ ਦੀ ਗੱਲ ਕਰੀਏ ਤਾਂ ਮੈਨੂੰ ਸਿਨੇਮਾ 'ਚ ਵੀ ਕੋਈ ਵੱਡਾ ਨਾਂ ਯਾਦ ਨਹੀਂ ਆਉਂਦਾ, ਜੋ ਇਸ ਸਮਾਜ 'ਚੋਂ ਹੋਵੇ। ਹੁਣ ਤੁਸੀਂ ਅਤੇ ਤੁਹਾਡੇ ਵਰਗੇ ਜਾਤੀ 'ਤੇ ਮਾਣ ਕਰਨ ਵਾਲੇ ਇੱਥੇ ਕਹਿਣਗੇ ਕਿ ਕੀ ਸਿਨੇਮਾ 'ਚ ਵੀ ਰਾਖਵਾਂਕਰਨ ਲਾਗੂ ਕਰਵਾ ਦਈਏ। ਤਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਮੈਂ ਵੀ ਚਾਹੁੰਦੀ ਹਾਂ ਕਿ ਰਾਖਵਾਂਕਰਨ ਖਤਮ ਹੋਣਾ ਚਾਹੀਦਾ ਹੈ, ਪਰ ਉਸ ਤੋਂ ਪਹਿਲਾਂ ਤੁਸੀਂ ਅਤੇ ਤੁਹਾਡੇ ਵਰਗੇ ਸਵਰਣ ਆਪਣੀ ਜਾਤੀ 'ਤੇ ਮਾਣ ਕਰਨਾ ਤਾਂ ਛੱਡਣ।

ਜਾਤੀ ਕਾਰਨ ਸੰਸਥਾਗਤ ਹੱਤਿਆਵਾਂ ਹੋ ਜਾਂਦੀਆਂ ਹਨ, ਜੋ ਕਿ ਸਾਰਿਆਂ ਦੀਆਂ ਨਜ਼ਰਾਂ 'ਚ ਖੁਦਕੁਸ਼ੀ ਹੁੰਦੀ ਹੈ, ਪਰ ਅਸਲ 'ਚ ਤਾਂ ਉਹ ਸਵਰਣਾਂ ਵੱਲੋਂ ਮਰਡਰ ਕੀਤਾ ਜਾਂਦਾ ਹੈ, ਜਿਵੇਂ ਰੋਹਿਤ ਵੇਮੂਲਾ, ਪਾਇਲ ਤੜਵੀ। ਇਹੀ 'ਮਾਡਰਨ ਇੰਡੀਅੰਸ' ਉਸ ਸਮਾਜ ਨੂੰ ਪਰੇਸ਼ਾਨ ਕਰਨ 'ਚ ਕੋਈ ਮੌਕਾ ਨਹੀਂ ਛੱਡਦੇ ਜੋ ਕਿ ਦਲਿਤ ਤੇ ਪੱਛੜੇ ਹਨ। ਤੁਸੀਂ ਕਿਹਾ ਕਿ ਹੁਣ ਜਾਤੀ ਵਿਵਸਥਾ ਨੂੰ ਕੋਈ ਮੰਨਦਾ ਨਹੀਂ ਹੈ, ਪਰ ਇਸਨੂੰ ਵੀ ਤੁਸੀਂ ਉਦੋਂ ਸਮਝ ਪਾਉਂਦੇ, ਜਦੋਂ ਆਪਣੇ ਰਾਜਪੂਤ ਜਾਤੀ ਦਾ ਹੋਣ 'ਤੇ ਮਾਣ ਕਰਨਾ ਬੰਦ ਕਰ ਦਿੰਦੇ, ਕਿਉਂਕਿ ਅੱਜ ਭੇਦਭਾਵ ਦਾ ਤਰੀਕਾ ਬਦਲ ਗਿਆ ਹੈ।

ਕੰਗਨਾ ਜੀ, ਕੀ ਤੁਸੀਂ ਕਦੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸੀਵਰੇਜ ਸਾਫ ਕਰਨ ਵਾਲਿਆਂ ਦੀ ਜਾਤੀ ਕੀ ਹੁੰਦੀ ਹੈ? ਉਂਜ ਤਾਂ ਪਤਾ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ, ਕਿਉਂਕਿ ਉਹ ਸਭ ਇੱਕ ਹੀ ਸਮਾਜ ਦੇ ਹਨ, ਪਰ ਕੀ ਤੁਹਾਡੇ ਮਨ 'ਚ ਕਦੇ ਇਹ ਸਵਾਲ ਨਹੀਂ ਆਇਆ ਕਿ ਉਹ ਸਭ ਇੱਕ ਹੀ ਸਮਾਜ ਦੇ ਕਿਉਂ ਹਨ, ਕਿਸੇ ਦੂਜੇ ਸਮਾਜ ਜਾਂ ਕਿਸੇ ਸਵਰਣ ਸਮਾਜ ਦੇ ਕਿਉਂ ਨਹੀਂ? ਕਿਉਂ ਉਨ੍ਹਾਂ ਦੀ ਮੌਤ 'ਤੇ ਵੀ ਇਸ ਮਾਡਰਨ ਇੰਡੀਆ ਅਤੇ ਮਾਡਰਨ ਇੰਡੀਅੰਸ ਵਿਚਕਾਰ ਚੁੱਪ ਵੱਟੀ ਰਹਿੰਦੀ ਹੈ?

ਜੇਕਰ ਇੱਥੇ ਵੀ ਤੁਹਾਨੂੰ ਕੁਝ ਨਜ਼ਰ ਨਹੀਂ ਆਉਂਦਾ ਤਾਂ ਤੁਹਾਨੂੰ ਇੱਕ ਵਾਰ ਉੱਤਰ ਪ੍ਰਦੇਸ਼ ਤੇ ਬਿਹਾਰ ਘੁੰਮ ਕੇ ਆਉਣਾ ਚਾਹੀਦਾ ਹੈ, ਸ਼ਾਇਦ ਤੁਸੀਂ ਡੋਮ ਸਮਾਜ ਦਾ ਨਾਂ ਸੁਣਿਆ ਹੋਵੇ। ਅੱਜ ਵੀ ਡੋਮ ਸਮਾਜ ਦੇ ਲੋਕ ਪਿੰਡ ਤੋਂ ਬਾਹਰ ਰੱਖੇ ਜਾਂਦੇ ਹਨ। ਉਹ ਪਿੰਡ ਦੇ ਅੰਦਰ ਨਹੀਂ ਆ ਸਕਦੇ, ਫਿਰ ਕਿਸੇ ਨੂੰ ਮਿਲਣਾ, ਬੈਠਣਾ, ਖਾਣਾ-ਪੀਣਾ ਤਾਂ ਦੂਰ ਦੀ ਗੱਲ ਹੈ। ਕੀ ਉਹ ਅੱਜ ਦੇ ਮਾਡਰਨ ਇੰਡੀਆ 'ਚ ਫਿੱਟ ਨਹੀਂ ਬੈਠਦੇ?

ਉਨ੍ਹਾਂ ਦਾ ਖਾਣਾ-ਪੀਣਾ ਸਭ ਅਲੱਗ ਹੁੰਦਾ ਹੈ। ਜੇਕਰ ਤੁਸੀਂ ਥੋੜਾ ਜਿਹਾ ਪੜ੍ਹਿਆ ਹੋਵੇ ਅਤੇ ਇਸ ਸਮਾਜ ਨੂੰ ਜਾਣਨ 'ਚ ਦਿਲਚਸਪੀ ਦਿਖਾਈ ਹੋਵੇ ਤਾਂ ਤੁਸੀਂ ਦੇਵਦਾਸੀ ਪ੍ਰਥਾ ਬਾਰੇ ਜ਼ਰੂਰ ਸੁਣਿਆ ਹੋਵੇਗਾ, ਜਿਸ 'ਚ ਦਲਿਤ ਪੱਛੜੀ ਜਾਤੀ ਦੀਆਂ ਲੜਕੀਆਂ ਨੂੰ ਮੰਦਰ ਭੇਜ ਦਿੱਤਾ ਜਾਂਦਾ ਹੈ ਅਤੇ ਉੱਥੇ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤਾ ਜਾਂਦਾ ਹੈ। ਤੁਸੀਂ ਮੁਲਾਕਰਮ (ਬ੍ਰੈਸਟ ਟੈਕਸ) ਬਾਰੇ ਜਾਣਦੇ ਹੋਵੋਗੇ, ਜਿਸਦੇ ਤਹਿਤ ਪੱਛੜੀ ਜਾਤੀ ਦੀਆਂ ਮਹਿਲਾਵਾਂ ਨੂੰ ਆਪਣੀ ਛਾਤੀ ਢਕਣ ਦੀ ਮਨਜ਼ੂਰੀ ਨਹੀਂ ਸੀ, ਜੇਕਰ ਕੋਈ ਮਹਿਲਾ ਇਸਨੂੰ ਢਕਦੀ ਸੀ ਤਾਂ ਉਸਨੂੰ ਟੈਕਸ ਦੇਣਾ ਹੁੰਦਾ ਸੀ। ਧਿਆਨ ਦਿਓ, ਇਸ ਸਭ ਇਸੇ ਸਮਾਜ ਤੋਂ ਆਉਣ ਵਾਲੀਆਂ ਮਹਿਲਾਵਾਂ ਦੇ ਨਾਲ ਹੀ ਹੁੰਦਾ ਹੈ।

ਜੇਕਰ ਤੁਹਾਨੂੰ ਵਿਸ਼ਵਾਸ ਨਾ ਹੋਵੇ ਕਿ ਜਾਤੀ ਦਾ ਪਾੜਾ ਇਸ ਦੇਸ਼ 'ਚ ਕਿੰਨਾ ਡੂੰਘਾ ਹੈ ਤਾਂ ਇਹ ਜਾਣਨ ਲਈ ਜ਼ਿਆਦਾ ਮੇਹਨਤ ਨਹੀਂ ਕਰਨੀ ਹੈ। ਤੁਸੀਂ ਬਸ ਰੋਜ਼ਾਨਾ ਕੋਈ ਵੀ ਇੱਕ ਅਖਬਾਰ ਚੁੱਕ ਕੇ ਪੜ੍ਹਨੀ ਹੈ। ਤੁਹਾਨੂੰ ਰੋਜ਼ਾਨਾ ਕੋਈ ਇੱਕ ਖਬਰ ਤਾਂ ਮਿਲ ਹੀ ਜਾਵੇਗੀ ਕਿ ਜਾਤੀ ਕਾਰਨ ਕਿਤੇ ਕਿਸੇ ਨੂੰ ਮਾਰ ਦਿੱਤਾ, ਕਿਤੇ ਕਿਸੇ ਦਾ ਰੇਪ ਕਰ ਦਿੱਤਾ, ਕਿਤੇ ਮੋਬ ਲਿੰਚਿੰਗ ਕਰ ਦਿੱਤੀ ਅਤੇ ਕਿਤੇ ਮਰਨ 'ਤੇ ਮਜ਼ਬੂਰ ਕਰ ਦਿੱਤਾ। ਜਿਸ ਸਮਾਜ ਤੋਂ ਮੈਂ ਆਉਂਦੀ ਹਾਂ, ਉੱਥੇ ਰਹਿ ਕੇ ਤਾਂ ਇਹੀ ਲਗਦਾ ਹੈ ਕਿ ਸਾਨੂੰ ਉੱਚੇ ਸੁਪਨੇ ਦੇਖਣ ਦਾ ਕੋਈ ਹੱਕ ਨਹੀਂ।
-ਮੀਨਾ ਕੋਟਵਾਲ

Comments

Leave a Reply