Sun,Jan 26,2020 | 07:43:36am
HEADLINES:

Social

ਵਰਚੂਅਲ ਵਰਲਡ 'ਚ ਵੀ ਔਰਤਾਂ ਨਿਭਾਅ ਰਹੀਆਂ ਸਹਾਇਕ ਦੀ ਭੂਮਿਕਾ, ਕਮਾਂਡ ਹੁਣ ਵੀ ਮਰਦਾਂ ਹੱਥ 

ਵਰਚੂਅਲ ਵਰਲਡ 'ਚ ਵੀ ਔਰਤਾਂ ਨਿਭਾਅ ਰਹੀਆਂ ਸਹਾਇਕ ਦੀ ਭੂਮਿਕਾ, ਕਮਾਂਡ ਹੁਣ ਵੀ ਮਰਦਾਂ ਹੱਥ 

ਇੱਕੀਵੀਂ ਸਦੀ 'ਚ ਵੀ ਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ। ਅੱਜ ਵੀ ਉਨ੍ਹਾਂ ਦੀ ਕਾਬਲੀਅਤ 'ਤੇ ਸਵਾਲੀਆ ਨਿਸ਼ਾਨ ਲਗਾਏ ਜਾਂਦੇ ਹਨ। ਮਾਈਕ੍ਰੋਸਾਫਟ ਦੀ ਕੋਰਟਾਨਾ, ਐਮੇਜਨ ਦੀ ਅਲੈਕਸਾ, ਗੂਗਲ ਦੀ ਗੂਗਲ ਅਸਿਸਟੈਂਟ ਤੇ ਐਪਲ ਦੀ ਸਿਰ ਆਦਿ, ਇਨ੍ਹਾਂ ਸਾਰਿਆਂ 'ਚ ਇੱਕ ਗੱਲ ਇੱਕੋ ਜਿਹੀ ਹੈ ਤੇ ਉਹ ਇਹ ਕਿ ਇਹ ਸਭ ਵਰਚੂਅਲ ਅਸਿਸਟੈਂਟ ਹਨ ਤੇ ਇਨ੍ਹਾਂ ਦਾ ਜੈਂਡਰ ਫੀਮੇਲ ਮਹਿਸੂਸ ਹੁੰਦਾ ਹੈ।
 
ਇਹ ਦਿਲਚਸਪ ਹੈ ਕਿ ਮਹਿਲਾਵਾਂ ਜਿਨ੍ਹਾਂ ਵੀ ਸੈਕਟਰਾਂ ਵਿੱਚ ਹਨ, ਉਹ ਸਾਰੀਆਂ ਅਸਿਸਟੈਂਟ ਦੇਣ ਵਾਲੀਆਂ ਇੰਡਸਟ੍ਰੀਜ਼ ਹਨ। ਘਰਾਂ 'ਚ ਕੰਮ ਕਰਨ ਵਾਲੀਆਂ ਬਾਈਆਂ (ਸਫਾਈ ਕਰਨ ਵਾਲੀਆਂ), ਹਸਪਤਾਲ 'ਚ ਨਰਸਾਂ, ਸਕੂਲ 'ਚ ਛੋਟੇ ਬੱਚਿਆਂ ਦੀਆਂ ਟੀਚਰਜ਼, ਦਫਤਰਾਂ 'ਚ ਸੈਕਟਰੀ ਤੇ ਰਿਸੈਪਸ਼ਨਿਸਟ, ਦੁਕਾਨ 'ਚ ਸੇਲਸ ਗਰਲਜ਼ ਆਦਿ। ਹੁਣ ਵਰਚੂਅਲ ਅਸਿਸਟੈਂਟ ਦਾ ਜੈਂਡਰ ਵੀ ਤੈਅ ਹੋ ਗਿਆ ਹੈ। ਯੂਨੈਸਕੋ ਦਾ ਇੱਕ ਸਰਵੇ ਕਹਿੰਦਾ ਹੈ ਕਿ ਇਨ੍ਹਾਂ ਵਰਚੂਅਲ ਅਸਿਸਟੈਂਟ ਲਈ ਮਹਿਲਾ ਆਵਾਜ਼ ਦਾ ਇਸਤੇਮਾਲ ਕਰਨਾ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਮਹਿਲਾਵਾਂ ਦਾ ਕੰਮ ਸਿਰਫ ਆਦਮੀਆਂ ਦੀ ਮਦਦ ਕਰਨਾ ਹੈ।
 
ਨਾਰਵੇ ਦੀ ਸਾਇੰਸ ਤੇ ਟੈਕਨਾਲੋਜੀ ਯੂਨੀਵਰਸਿਟੀ 'ਚ ਇੰਟਰਡਸਿਪਲਨਰੀ ਸਟੱਡੀਜ਼ ਆਫ ਕਲਚਰ ਪੜ੍ਹਾਉਣ ਵਾਲੇ ਪ੍ਰੋਫੈਸਰ ਰਾਜਰ ਆਂਦਰੇ ਸੋਰਾ ਦਾ ਇੱਕ ਪੇਪਰ ਹੈ-ਮਕੈਨੀਕਲ ਜੈਂਡਰਸ : ਹਾਓ ਡੂ ਹਿਊਮਨਸ ਜੈਂਡਰ ਰੋਬੋਟਸੇ। ਪੇਪਰ 'ਚ ਰਾਜਰ ਦਾ ਕਹਿਣਾ ਹੈ ਕਿ ਰੋਬੋਟਸ ਦੇ ਡਿਜ਼ਾਈਨਰਸ ਤੇ ਯੂਜ਼ਰਸ ਤੈਅ ਕਰਦੇ ਹਨ ਕਿ ਉਨ੍ਹਾਂ ਦਾ ਜੈਂਡਰ ਕੀ ਹੋਵੇਗਾ। ਇਹ ਦੋਵੇਂ ਸਮੂਹ ਆਪਣੇ ਪਹਿਲਾਂ ਹੀ ਮਿੱਥੇ ਅਧਾਰ 'ਤੇ ਕੰਮ ਕਰਦੇ ਹਨ ਤੇ ਨਤੀਜਾ ਸਾਹਮਣੇ ਆ ਜਾਂਦਾ ਹੈ।
 
ਨਤੀਜਾ ਇਹੀ ਹੈ ਕਿ ਟਰਮੀਨੇਟਰ, ਸਟਾਰ ਵਾਰਸ, ਰੋਬੋ ਕਾਰਪ, ਐਵੈਂਜਰ 'ਚ ਸਾਹਸੀ ਕੰਮ ਕਰਨ ਵਾਲੇ ਪਾਤਰ ਮਰਦਾਂ ਦੇ ਤੌਰ 'ਤੇ ਕੋਡਿਡ ਹੁੰਦੇ ਹਨ। ਮਹਿਲਾਵਾਂ ਉਥੇ ਸਿਰਫ ਪ੍ਰੇਮਿਕਾ ਜਾਂ ਪੀੜਤਾ ਜਾਂ ਫਿਰ ਸਹਾਇਕ ਹੀ ਹੁੰਦੀਆਂ ਹਨ। 2013 ਦੀ ਅਮਰੀਕੀ ਸਾਈ ਫਾਈ ਫਿਲਮ 'ਹਰ' ਵਿੱਚ ਸਮੰਥਾ ਨਾਂ ਦੀ ਵਰਚੂਅਲ ਅਸਿਸਟੈਂਟ ਨਾਇਕ ਥਿਓਡੋਰ ਦੀ ਪ੍ਰੇਮਿਕਾ ਹੈ। 2014 ਦੀ ਐਕਸ ਮਸ਼ੀਨ 'ਚ ਵਰਚੂਅਲ ਅਸਿਸਟੈਂਟ ਈਵਾ ਇੱਕ ਪੀੜਤਾ ਹੈ ਤੇ 2018 ਦੀ ਬਾਲੀਵੁੱਡ ਫਿਲਮ 2.0 'ਚ ਨੀਲਾ ਨਾਂ ਦੀ ਹਿਊਮੋਨਾਈਡ ਰੋਬੋਟ ਹੀਰੋ ਵਸੀਕਰਨ ਦੀ ਹੈਲਪਰ ਤੇ ਕੇਅਰ ਟੇਕਰ।
 
ਇਹ ਸਭ ਮਧੁਰ ਆਵਾਜ਼ 'ਚ ਆਪਣਾ ਕੰਮ ਕਰਦੀਆਂ ਹਨ। ਜੇਕਰ ਕੋਈ ਅਸ਼ਲੀਲ ਭਾਸ਼ਾ 'ਚ ਸਿਰੀ ਨੂੰ ਸੰਬੋਧਨ ਕਰਦਾ ਹੈ ਤਾਂ ਉਹ ਜਵਾਬ ਦਿੰਦੀ ਹੈ-ਆਈਵੁੱਡ ਬਲੱਸ਼, ਇਫ ਆਈ ਕੁਡ (ਜੇਕਰ ਮੈਂ ਸ਼ਰਮਾਅ ਸਕਦੀ ਤਾਂ ਅਜਿਹਾ ਹੀ ਕਰਦੀ)। ਅਲੈਕਸਾ ਕਹਿੰਦੀ ਹੈ-ਥੈਂਕਸ ਫਾਰ ਯੂਅਰ ਫੀਡਬੈਕ (ਤੁਹਾਡੇ ਫੀਡਬੈਕ ਲਈ ਧੰਨਵਾਦ)।
 
ਮਹਿਲਾਵਾਂ ਦੀ ਹੌਲੀ, ਮਧੁਰ ਆਵਾਜ਼ ਹੀ ਸਾਰਿਆਂ ਨੂੰ ਪਸੰਦ ਆਉਂਦੀ ਹੈ। ਜੇਕਰ ਉਹ ਹੁਕਮ ਦੇਣ ਲੱਗੇ ਤਾਂ ਸਾਰੇ ਉਸ ਤੋਂ ਕਤਰਾਉਂਦੇ ਹਨ। 2015 'ਚ ਟੈਸਕੋ ਨੇ ਬ੍ਰਿਟੇਨ ਦੇ ਕਈ ਸ਼ਹਿਰਾਂ 'ਚ ਆਪਣੇ ਰੀਟੇਲ ਸਟੋਰਸ ਦੇ ਸੈਲਫ ਸਰਵਿਸਿਜ਼ ਚੈੱਕਆਊਟਸ ਤੋਂ ਫੀਮੇਲ ਵੁਆਇਸ ਨੂੰ ਹਟਾ ਕੇ ਮੇਲ ਵੁਆਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦਾ ਕਾਰਨ ਇਹ ਸੀ ਕਿ ਗਾਹਕਾਂ ਨੂੰ ਮਹਿਲਾ ਦੀ 'ਬੌਸੀ' ਕਿਸਮ ਦੀ ਆਵਾਜ਼ ਤੋਂ ਸ਼ਿਕਾਇਤ ਸੀ। ਮਹਿਲਾਵਾਂ ਦੇ ਬੌਸੀ ਹੋਣ ਤੋਂ ਸਾਰਿਆਂ ਨੂੰ ਨਫਰਤ ਹੁੰਦੀ ਹੈ। ਮਰਦ ਧੌਂਸ ਜਮਾਉਣ ਲਈ ਚਿੱਲਾਉਣ, ਡਾਂਟਣ, ਤਾਂ ਸਾਰਿਆਂ ਨੂੰ ਇੰਨੀ ਪਰੇਸ਼ਾਨੀ ਨਹੀਂ ਹੁੰਦੀ।
 
ਜੈਂਡਰ ਨਿਊਟ੍ਰਲ ਅਸਿਸਟੈਂਟ ਕੀ ਬੁਰਾ ਹੈ?
ਯੂਨੈਸਕੋ ਨੂੰ ਇਸ ਤਰ੍ਹਾਂ ਦੇ ਰਵੱਈਏ ਤੋਂ ਇਤਾਰਜ਼ ਹੈ। ਉਸਦਾ ਕਹਿਣਾ ਹੈ ਕਿ ਡਿਜੀਟਲ ਅਸਿਸਟੈਂਟ ਦੇ ਤੌਰ 'ਤੇ ਮਹਿਲਾ ਜੈਂਡਰ ਦਾ ਇਸਤੇਮਾਲ ਕਰਨ ਨਾਲ ਲਿੰਗ ਦੇ ਅਧਾਰ 'ਤੇ ਹੋਣ ਵਾਲੇ ਭੇਦਭਾਵ ਨੂੰ ਬਹੁਤ ਹੀ ਮਜ਼ਬੂਤੀ ਮਿਲਦੀ ਹੈ। ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਇੱਕ ਬਟਨ ਦੱਬਣ ਨਾਲ ਹੀ ਮਹਿਲਾਵਾਂ, ਕਿਸੇ ਨੂੰ ਵੀ ਖੁਸ਼ ਕਰਨ ਲਈ ਤਿਆਰ ਹੋ ਜਾਂਦੀਆਂ ਹਨ।
 
ਅਸਲ 'ਚ ਪਹਿਲਾਂ ਇਹ ਸਭ ਮਨੁੱਖਾਂ ਦੀ ਆਮ ਦੀ ਰੋਜ਼ਾਨਾ ਜ਼ਿੰਦਗੀ 'ਚ ਹੁੰਦਾ ਸੀ, ਪਰ ਹੁਣ ਟੈਕਨੋਲਾਜੀ ਵਿੱਚ ਵੀ ਇਸ ਤਰ੍ਹਾਂ ਦਾ ਐਟੀਚਿਊਡ ਕਾਫੀ ਹੈਰਾਨ ਕਰਨ ਵਾਲਾ ਹੈ। ਅਸਲ 'ਚ ਸਹਾਇਕ ਦੀ ਆਪਣੀ ਕੋਈ ਏਜੰਸੀ ਨਹੀਂ ਹੁੰਦੀ, ਉਹ ਤਾਂ ਬਸ ਕਮਾਂਡਰ ਦੀ ਹੀ ਸੁਣਦੀ ਹੈ।
 
ਇਸ ਲਈ ਦੁਨੀਆ ਭਰ ਦੇ ਜ਼ਿਆਦਾਤਰ ਸਮਾਜਾਂ 'ਚ ਇੱਸ ਗੱਲ ਨੂੰ ਬਲ ਮਿਲਦਾ ਹੈ ਕਿ ਮਹਿਲਾਵਾਂ ਮਰਦਾਂ ਦੇ ਅਧੀਨ ਹੁੰਦੀਆਂ ਹਨ ਤੇ ਖਰਾਬ ਵਤੀਰੇ ਨੂੰ ਵੀ ਬਰਦਾਸ਼ਤ ਕਰ ਸਕਦੀਆਂ ਹਨ। ਇਸ ਲਈ ਯੂਨੈਸਕੋ ਨੇ ਦੁਨੀਆ ਭਰ ਦੇ ਕੰਪਿਊਟਰ ਇੰਜੀਨੀਅਰਾਂ ਨੂੰ ਅਪੀਲ ਕੀਤੀ ਹੈ ਕਿ ਡਿਜੀਟਲ ਅਸਿਸਟੈਂਟ ਨੂੰ ਬਾਇ ਡਿਫਾਲਟ ਮਹਿਲਾ ਨਾ ਬਣਾਇਆ ਜਾਵੇ ਤੇ ਇੱਕ ਜੈਂਡਰ ਨਿਊਟ੍ਰਲ ਮਸ਼ੀਨ 'ਤੇ ਕੰਮ ਕੀਤਾ ਜਾਵੇ।
 
ਕੋਈ ਵੀ ਕੰਮ ਲਿੰਗ ਦੇ ਅਧਾਰ 'ਤੇ ਕਿਉਂ ਹੋਵੇ?
ਸਾਲਾਂ ਤੋਂ ਭਵਿੱਖ 'ਚ ਅਜਿਹੀ ਦੁਨੀਆ ਦੀ ਕਲਪਨਾ ਕੀਤੀ ਜਾ ਰਹੀ ਹੈ, ਜਦੋਂ ਤਕਨੀਕ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦੇਵੇਗੀ, ਪਰ ਉਸ ਦੁਨੀਆ 'ਚ ਵੀ ਮਹਿਲਾਵਾਂ ਦੀ ਭੁਮਿਕਾ ਤੈਅ ਹੋਵੇਗੀ। ਮਰਦ ਮਾਲਕ ਹੋਣਗੇ ਤੇ ਮਹਿਲਾਵਾਂ ਅਪ੍ਰੇਨ, ਜੋ ਉਨ੍ਹਾਂ ਦੇ ਅਧੀਨ ਕੰਮ ਕਰਦੀਆਂ ਹੋਣਗੀਆਂ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਮੌਜੂਦਾ ਸਮੇਂ ਹੋ ਰਿਹਾ ਹੈ।
 
ਹੇਨਾ ਬਾਰਬਰਾ ਦੇ ਮਸ਼ਹੂਰ ਐਨੀਮੇਸ਼ਨ ਜੇਟਸਨਸ ਵਾਂਗ ਜਿਸ 'ਚ ਆਰਬਿਟ ਸਿਟੀ 'ਚ ਰਹਿਣ ਦੇ ਬਾਵਜੂਦ ਜੇਟਸਨ ਪਰਿਵਾਰ ਹਾਊਸ ਹੈਲਪਰ ਰੋਜ਼ੀ ਇੱਕ ਮਹਿਲਾ ਰੋਬੋਟ ਹੀ ਹੈ। ਬੇਸ਼ੱਕ ਮਹਿਲਾਵਾਂ ਲਈ ਤਕਨੀਕੀ ਤੌਰ 'ਤੇ ਆਦਰਸ਼ ਸਮਾਂ ਤਾਂ ਉਹੀ ਹੋਵੇਗਾ, ਜਦੋਂ ਵਰਚੂਅਲ ਸਹਾਇਤਾ ਦਾ ਕੰਮ ਲਿੰਗ ਦੇ ਵਿਸ਼ੇਸ਼ ਨਾਲ ਜੁੜਿਆ ਹੋਇਆ ਨਹੀਂ ਹੋਵੇਗਾ। ਵੈਸੇ ਵੀ ਕੋਈ ਕੰਮ ਲਿੰਗ ਵਿਸ਼ੇਸ਼ ਤੱਕ ਸੀਮਤ ਕਿਉਂ ਹੋਵੇ।
-ਮਾਸ਼ਾ

Comments

Leave a Reply