Wed,Jun 03,2020 | 09:07:30pm
HEADLINES:

Social

ਦਲਿਤ ਮਹਿਲਾਵਾਂ 'ਤੇ ਅੱਤਿਆਚਾਰ ਕਰਨ 'ਚ ਪਿੱਛੇ ਨਹੀਂ ਰਹਿੰਦੀਆਂ ਉੱਚ ਜਾਤੀ ਦੀਆਂ ਔਰਤਾਂ

ਦਲਿਤ ਮਹਿਲਾਵਾਂ 'ਤੇ ਅੱਤਿਆਚਾਰ ਕਰਨ 'ਚ ਪਿੱਛੇ ਨਹੀਂ ਰਹਿੰਦੀਆਂ ਉੱਚ ਜਾਤੀ ਦੀਆਂ ਔਰਤਾਂ

ਅਜਿਹਾ ਸ਼ਾਇਦ ਕਦੇ ਨਹੀਂ ਹੋਇਆ ਕਿ ਉੱਚ ਜਾਤੀ ਦੀਆਂ ਮਹਿਲਾਵਾਂ ਨੇ ਆਪਣੇ ਪਰਿਵਾਰ ਦੇ ਉਨ੍ਹਾਂ ਮਰਦਾਂ ਦਾ ਬਾਈਕਾਟ ਕਰ ਦਿੱਤਾ ਹੋਵੇ, ਜਿਨ੍ਹਾਂ ਨੇ ਦਲਿਤ ਮਹਿਲਾਵਾਂ ਦਾ ਯੌਨ ਸ਼ੋਸ਼ਣ ਜਾਂ ਬਲਾਤਕਾਰ ਕੀਤਾ ਹੋਵੇ। ਸਗੋਂ ਉਹ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੀਆਂ ਹਨ।

ਆਜ਼ਾਦੀ ਦੇ 70 ਸਾਲ ਲੰਘ ਜਾਣ ਦੇ ਬਾਵਜੂਦ ਦਲਿਤਾਂ-ਪੱਛੜਿਆਂ-ਆਦੀਵਾਸੀਆਂ ਦੀ ਰਾਜਕਾਜ, ਸਿੱਖਿਆ ਤੇ ਆਰਥਿਕ ਸਰਗਰਮੀਆਂ 'ਚ ਹਿੱਸੇਦਾਰੀ ਬਿਨਾਂ ਸ਼ੱਕ ਵਧੀ ਹੈ, ਪਰ ਇਸ ਕ੍ਰਮ 'ਚ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਇੰਨੇ ਸਾਰੇ ਵਰਗ ਇੱਕ ਦੂਜੇ ਦੇ ਸੰਪਰਕ 'ਚ ਆਏ ਹਨ। ਕੁਝ ਸਮਾਂ ਪਹਿਲਾਂ ਤੱਕ ਅਜਿਹਾ ਘੱਟ ਹੀ ਹੁੰਦਾ ਸੀ ਕਿ ਦਲਿਤ ਸਮਾਜ ਦਾ ਇੱਕ ਵਿਅਕਤੀ ਉਸੇ ਥਾਂ 'ਤੇ ਰਹੇ ਜਿਥੇ ਉੱਚ ਜਾਤੀ ਦੇ ਲੋਕ ਰਹਿੰਦੇ ਹਨ, ਜਾਂ ਦੋਵੇਂ ਨਾਲ ਰਹਿਣ, ਨਾਲ ਨੌਕਰੀ ਕਰਨ, ਨਾਲ ਯਾਤਰਾ ਕਰਨ, ਇੱਕ ਹੀ ਰੈਸਟੋਰੈਂਟ 'ਚ ਖਾਣਾ ਖਾਣ।

ਆਧੁਨਿਕਤਾ, ਲੋਕਤੰਤਰ, ਸ਼ਹਿਰੀਕਰਨ ਤੇ ਬਾਜ਼ਾਰ ਦੇ ਚੌਤਰਫਾ ਦਬਾਅ 'ਚ ਜਾਤੀਆਂ ਨੂੰ ਨਾਲ ਨਾਲ ਕਾਫੀ ਕੁਝ ਕਰਨਾ-ਰਹਿਣਾ ਪੈ ਰਿਹਾ ਹੈ। ਪਰਛਾਵਾਂ ਪੈਣ 'ਤੇ ਅਸ਼ੁੱਧ ਹੋ ਜਾਣ ਦੀ ਸੁਵਿਧਾ ਦਾ ਉਪਭੋਗ ਕਰ ਸਕਣਾ ਹੁਣ ਮੁਸ਼ਕਲ ਹੋ ਗਿਆ ਹੈ। ਭਾਵੇਂ ਹੁਣ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ, ਪਰ ਫਿਰ ਵੀ ਅਜੇ ਬਹੁਤ ਕੁਝ ਹੋਣਾ ਬਾਕੀ ਹੈ। ਹੁਣ ਇਸ ਕਾਰਨ ਜਿਥੇ ਇੱਕ ਪਾਸੇ ਕੁਝ ਜਾਤੀਆਂ ਕਮਜ਼ੋਰ ਪੈ ਗਈਆਂ ਹਨ। ਨਾਲ ਖਾਣਾ ਪੀਣਾ ਸ਼ੁਰੂ ਹੋਇਆ ਹੈ। ਅੰਤਰਜਾਤੀ ਵਿਆਹ ਹੋ ਰਹੇ ਹਨ, ਉਥੇ ਹੀ ਜਾਤੀ ਅਧਾਰਤ ਅੱਤਿਆਚਾਰਾਂ 'ਚ ਵੀ ਕਾਫੀ ਵਾਧਾ ਹੋ ਰਿਹਾ ਹੈ।

ਵੱਖ ਵੱਖ ਰਹਿਣ ਨਾਲ, ਜੀਣ ਨਾਲ ਜੋ ਜਾਤੀ ਟਕਰਾਅ ਨਹੀਂ ਹੁੰਦੇ ਸਨ, ਉਹ ਹੁਣ ਹੋ ਰਹੇ ਹਨ। ਜਾਤੀਆਂ ਨਾਲ ਨਾਲ ਆਈਆਂ ਹਨ ਤਾਂ ਉਨ੍ਹਾਂ ਵਿਚਾਲੇ ਟਕਰਾਅ ਤੇ ਮਨ ਮੁਟਾਅ ਵੀ ਸ਼ੁਰੂ ਹੋਇਆ ਹੈ। ਇਸ ਸੰਦਰਭ 'ਚ ਇਹ ਮਹੱਤਵਪੂਰਨ ਹੈ ਕਿ ਜਾਤ ਅਧਾਰਤ ਅੱਤਿਆਚਾਰ ਦੀਆਂ ਘਟਨਾਵਾਂ 'ਚ ਮਰਦਾਂ ਦੇ ਨਾਲ ਨਾਲ ਮਹਿਲਾਵਾਂ ਵੀ ਹਿੱਸਾ ਲੈ ਰਹੀਆਂ ਹਨ। ਉੱਚ ਜਾਤੀ ਦੀਆਂ ਮਹਿਲਾਵਾਂ ਦਲਿਤ ਮਹਿਲਾਵਾਂ ਨਾਲ ਅੱਤਿਆਚਾਰਾਂ ਦੇ ਮਾਮਲੇ 'ਚ ਵਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਇਸ ਬਾਰੇ ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਕਿ ਕਿਸ ਤਰ੍ਹਾਂ ਉੱਚ ਜਾਤੀ ਦੀਆਂ ਵਿਦਿਆਰਥਣਾਂ ਦਲਿਤ ਵਿਦਿਆਰਥਣਾਂ ਨਾਲ ਜਾਤ ਅਧਾਰਤ ਭੇਦਭਾਵ ਕਰਦੀਆਂ ਹਨ।

ਆਮ ਤੌਰ 'ਤੇ ਜੇਕਰ ਕਿਸੇ ਉੱਚ ਜਾਤੀ ਪਰਿਵਾਰ ਦਾ ਮਰ ਕਿਸੇ ਦਲਿਤ ਜਾਂ ਆਦਿਵਾਸੀ ਮਹਿਲਾ ਨਾਲ ਜਾਤ ਅਧਾਰਤ ਅੱਤਿਆਚਾਰ ਕਰਦਾ ਹੈ ਤਾਂ ਉਸ ਉੱਚ ਜਾਤੀ ਪਰਿਵਾਰ ਦੀਆਂ ਮਹਿਲਾਵਾਂ ਆਪਣੀ ਲੈਂਗਿਕ ਪਛਾਣ ਦੇ ਕਾਰਨ ਦਲਿਤ ਜਾਂ ਆਦਿਵਾਸੀ ਮਹਿਲਾ ਨਾਲ ਖੜ੍ਹੀਆਂ ਨਹੀਂ ਹੁੰਦੀਆਂ, ਸਗੋਂ ਪੂਰੀ ਤਾਕਤ ਨਾਲ ਪਰਿਵਾਰ ਦੇ ਮਰਦਾਂ ਦਾ ਸਾਥ ਦਿੰਦੀਆਂ ਹਨ।

ਇਥੇ ਮਹਿਲਾ ਤੇ ਮਰਦ ਦਾ ਦਵੇਤ ਯਾਨੀ ਬਾਈਨਰੀ ਟੁੱਟ ਜਾਂਦੀ ਹੈ ਤੇ ਪ੍ਰਸਿੱਧ ਯੂਰਪੀਅਨ ਨਾਰੀਵਾਦੀ ਸਿਮੋਨ ਦ ਬੂਆ ਦਾ ਮਹਿਲਾਵਾਂ ਦੇ ਬਾਰੇ ਵਿੱਚ 'ਦ ਅਦਰ' ਕਹਿਣਾ ਇੱਕ ਅਭਾਰਤੀ ਤੱਥ ਬਣ ਜਾਂਦਾ ਹੈ। ਮਹਿਲਾ ਹੋਵੇ ਤਾਂ ਮਹਿਲਾ ਦਾ ਦੁੱਖ ਸਮਝੇਗੀ, ਵਰਗੀ ਗੱਲ ਇਥੇ ਬੇਈਮਾਨੀ ਹੋ ਜਾਂਦੀ ਹੈ। ਮਹੱਤਵਪੂਰਨ ਸਵਾਲ ਇਹ ਹੈ ਕਿ ਜਾਤ ਅਧਾਰਤ ਅੱਤਿਆਚਾਰ ਦੀਆਂ ਘਟਨਾਵਾਂ 'ਚ ਮਹਿਲਾਵਾਂ ਦੀ ਭਾਗੀਦਾਰੀ ਕਿਉਂ ਹੁੰਦੀ ਹੈ?

ਕੀ ਉਨ੍ਹਾਂ ਨੂੰ ਆਪਣੇ ਉੱਚ ਜਾਤੀ ਦੇ ਮਰਦਾਂ ਨੂੰ ਇਹ ਦੱਸਣਾ ਹੁੰਦਾ ਹੈ ਕਿ ਅਸੀਂ ਕਿਸੇ ਵੀ ਮਾਮਲੇ 'ਚ ਤੁਹਾਡੇ ਤੋਂ ਘੱਟ ਨਹੀਂ? ਕੀ ਲਿੰਗ ਅਧਾਰਤ ਸਮਾਨਤਾ ਦੀ ਲੜਾਈ 'ਚ ਮਹਿਲਾਵਾਂ ਆਪਣੇ ਉਚ ਜਾਤੀ ਦੇ ਮਰਦਾਂ ਨਾਲ ਜਾਤੀ ਅਧਾਰਤ ਭੇਦਭਾਵ ਦੇ ਖੇਤਰ 'ਚ ਮੁਕਾਬਲਾ ਕਰ ਰਹੀਆਂ ਹਨ ਜਾਂ ਫਿਰ ਉੱਚ ਜਾਤੀ ਦੀਆਂ ਮਹਿਲਾਵਾਂ ਆਪਣੀ ਜਾਤੀ ਪਰਵਰਿਸ਼ ਦਾ ਸ਼ਿਕਾਰ ਹੁੰਦੀਆਂ ਹਨ, ਜੋ ਉਨ੍ਹਾਂ ਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ।

ਇਹ ਮੁਮਕਿਨ ਹੈ ਕਿ ਮੁੱਢਲੇ ਸਮਾਜੀਕਰਨ ਯਾਨੀ ਪ੍ਰਾਇਮਰੀ ਸੋਸ਼ਲਾਈਜ਼ੇਸ਼ਨ ਦੀ ਲੜੀ 'ਚ ਬੱਚੀਆਂ ਵੀ ਉਹੀ ਸਿੱਖ ਰਹੀਆਂ ਹਨ, ਜੋ ਬੱਚੇ ਸਿੱਖਦੇ ਹਨ। ਕਿਸੇ ਸਮਾਜ ਨੂੰ ਨੀਵਾਂ ਸਮਝਣਾ ਹੈ ਤੇ ਉਸ ਨਾਲ ਨਫਰਤ ਕਰਨੀ ਹੈ ਜਾਂ ਫਿਰ ਉਨ੍ਹਾਂ ਦੀ ਸਮਰੱਥਾ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਹੈ, ਵਰਗੀ ਸਿੱਖਿਆ ਉਨ੍ਹਾਂ ਨੂੰ ਬਚਪਨ ਤੋਂ ਹੀ ਮਿਲ ਜਾਂਦੀ ਹੈ। ਅਜਿਹੀ ਸਿੱਖਿਆ ਜ਼ਰੂਰੀ ਨਹੀਂ ਹੈ ਕਿ ਪਰਿਵਾਰ ਦੇ ਮਰਦ ਮੈਂਬਰ ਹੀ ਦੇਣ। ਮਾਂ, ਦਾਦੀ, ਨਾਨੀ ਵੀ ਕਿੱਸੇ ਕਹਾਣੀਆਂ ਜਾਂ ਝਿੜਕਾਂ, ਭਾਸ਼ਾ ਜਾਂ ਫਿਰ ਮੁਹਾਵਰਿਆਂ ਜ਼ਰੀਏ ਦਿੰਦੀਆਂ ਹਨ।

'ਮੈਂ ਕਿਸੇ ਤੋਂ ਨਹੀਂ ਡਰਦੀ, ਚਮਾਰਾਂ ਦੀ ਕੋਈ ਔਕਾਤ ਨਹੀਂ ਹੁੰਦੀ, ਚਮਾਰ ਚਮਾਰ ਹੁੰਦੇ ਹਨ' ਆਪਣੇ ਮਰਦ ਸਾਥੀਆਂ ਵਿਚਾਲੇ ਬੋਲਣ ਵਾਲੀ ਲੜਕੀ, ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਦੀ ਮੰਸ਼ਾ ਕੀ ਰਹੀ ਹੋਵੇਗੀ। ਅਲਵਰ, ਰਾਜਸਥਾਨ 'ਚ ਇੱਕ ਦਲਿਤ ਲੜਕੀ ਦੇ ਸਮੂਹਿਕ ਬਲਾਤਕਾਰ ਵਾਲੀ ਪੂਰੀ ਘਟਨਾ ਦੀ ਸ਼ੁਰੂਆਤ ਹੀ ਇਹ ਜਾਣ ਕੇ ਹੁੰਦੀ ਹੈ ਕਿ 'ਦਲਿਤ ਹਨ, ਇਹ ਕੁਝ ਨਹੀਂ ਕਰ ਸਕਣਗੇ।'

ਇਸ ਮਾਮਲੇ 'ਚ ਭਾਰਤੀ ਮਹਿਲਾਵਾਂ ਦੀ ਪ੍ਰਤੀਕਿਰਿਆ ਲਗਭਗ ਜ਼ੀਰੋ ਰਹੀ ਹੈ। ਅਜਿਹਾ ਸ਼ਾਇਦ ਕਦੇ ਨਹੀਂ ਹੋਇਆ ਹੋਵੇਗਾ ਕਿ ਉੱਚ ਜਾਤੀ ਦੀਆਂ ਮਹਿਲਾਵਾਂ ਨੇ ਆਪਣੇ ਪਰਿਵਾਰ ਦੇ ਉਨ੍ਹਾਂ ਮਰਦਾਂ ਦਾ ਬਾਈਕਾਟ ਕਰ ਦਿੱਤਾ ਹੋਵੇ, ਜਿਨ੍ਹਾਂ ਨੇ ਦਲਿਤ ਮਹਿਲਾਵਾਂ ਦਾ ਯੌਨ ਸ਼ੋਸ਼ਣ ਜਾਂ ਬਲਾਤਕਾਰ ਕੀਤਾ ਹੋਵੇ। ਮਹਿਲਾਵਾਂ ਦੇ ਜਾਤੀ ਚਰਿੱਤਰ ਦੀ ਇਹ ਕੋਈ ਪਹਿਲੀ ਤੇ ਆਖਰੀ ਝਲਕ ਨਹੀਂ ਹੈ।

ਉਮਾ ਚੱਕਰਵਰਤੀ ਆਪਣੀ ਕਿਤਾਬ 'ਜੈਂਡਰਿੰਗ ਕਾਸਟ ਥਰੂ ਏ ਫੈਮੀਨਿਸਟ ਲੈਂਸ' 'ਚ ਦਿੱਲੀ ਯੂਨੀਵਰਸਿਟੀ ਦੇ 'ਉੱਚ' ਜਾਤੀ ਦੇ ਵਿਦਿਆਰਥੀਆਂ ਤੇ ਪ੍ਰਮੁੱਖ ਸਮਾਜਸ਼ਾਸਤਰੀਆਂ ਦੁਆਰਾ ਮੰਡਲ ਕਮਿਸ਼ਨ ਦੇ ਵਿਰੋਧ ਦਾ ਜ਼ਿਕਰ ਕਰਦੀ ਹੈ। ਉਹ ਲਿਖਦੀ ਹੈ ਕਿ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਨੇ ਇੱਕ ਵਿਰੋਧ ਦੌਰਾਨ ਪਲੇਅ ਕਾਰਡ ਲਿਆ ਹੋਇਆ ਸੀ, ਜਿਸ 'ਤੇ ਲਿਖਿਆ ਹੋਇਆ ਸੀ, 'ਸਾਨੂੰ ਬੇਰੁਜ਼ਗਾਰ ਪਤੀ ਨਹੀਂ ਚਾਹੀਦੇ।' ਯਕੀਨੀ ਤੌਰ 'ਤੇ ਉੱਚ ਜਾਤੀ ਵਰਗ ਦੀਆਂ ਵਿਦਿਆਰਥਣਾਂ ਵੱਲੋਂ ਮੰਡਲ ਕਮਿਸ਼ਨ ਦਾ ਵਿਰੋਧ ਕੀਤਾ ਗਿਆ, ਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਵਿਰੋਧ ਖੁਦ ਦੇ ਅਧਿਕਾਰਾਂ ਲਈ ਨਹੀਂ ਸੀ, ਸਗੋਂ ਆਪਣੇ ਹੋਣ ਵਾਲੇ 'ਸੰਭਾਵੀ ਪਤੀਆਂ' ਲਈ ਕੀਤਾ ਗਿਆ ਸੀ।

ਪਲੇਅਕਾਰਡਸ ਸਪੱਸ਼ਟ ਤੌਰ 'ਤੇ ਇਹ ਇਸ਼ਾਰਾ ਕਰ ਰਹੇ ਸਨ ਕਿ ਓਬੀਸੀ ਰਾਖਵਾਂਕਰਨ ਕਾਰਨ 'ਉੱਚ ਜਾਤੀ ਲੜਕੀਆਂ' ਸੰਭਾਵਿਤ 'ਉੱਚ ਜਾਤੀ ਆਈਏਐੱਸ/ਆਈਪੀਐੱਸ ਪਤੀਆਂ ਤੋਂ ਵਾਂਝੀਆਂ ਰਹਿ ਜਾਣਗੀਆਂ। ਹਾਲਾਂਕਿ ਇਨ੍ਹਾਂ ਘਟਨਾਵਾਂ ਵਿੱਚ ਇੱਕ ਲੰਮੇ ਸਮੇਂ ਦਾ ਵਕਫਾ ਹੈ। ਮੰਡਲ ਕਮਿਸ਼ਨ ਨੂੰ ਲਾਗੂ ਕਰਨ ਦੇ ਐਲਾਨ ਦੇ ਤਿੰਨ ਦਹਾਕੇ ਪੂਰੇ ਹੋਣ ਨੂੰ ਹੈ, ਪਰ ਮਾਨਸਿਕਤਾਵਾਂ ਨੂੰ ਸਮਝਣ ਲਈ ਇੱਕ ਲੰਮੇ ਸਮੇਂ ਵਿੱਚ ਘਟੀਆਂ ਮਹੱਤਵਪੂਰਨ ਘਟਨਾਵਾਂ ਦੀ ਸਮੀਖਿਆ ਜ਼ਰੂਰੀ ਹੈ।

ਇੱਕ ਪਾਸੇ ਮੰਡਲ ਕਮਿਸ਼ਨ ਦਾ ਲਾਗੂ ਹੋਣਾ ਭਾਰਤੀ ਸਿਆਸੀ, ਸਮਾਜਿਕ ਤੇ ਸੰਸਕ੍ਰਿਤਕ ਮਾਨਸਿਕਤਾਵਾਂ ਨੂੰ ਵੰਡਣ ਵਾਲੀ ਲਕੀਰ ਹੈ, ਦੂਜੇ ਪਾਸੇ 21ਵੀਂ ਸਦੀ 'ਚ ਦਲਿਤਾਂ 'ਤੇ ਅੱਤਿਆਚਾਰ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧੀਆਂ ਹਨ। ਮਹਿਲਾ ਹੋਣਾ ਇੱਕ ਸਰੀਰਕ ਸਥਿਤੀ ਹੈ, ਪਰ ਮਹਿਲਾ ਹੋਣ ਦੇ ਨਾਤੇ ਪੁਸ਼ਤਾਨੀ ਤੌਰ 'ਤੇ ਪੀੜਤ ਹੋਣ ਦੀ ਚੇਤਨਾ ਤੇ ਇਸ ਕਾਰਨ ਬਾਕੀ ਪੀੜਤਾਂ ਪ੍ਰਤੀ ਹਮਦਰਦੀ ਰੱਖਣਾ ਜਾਂ ਉਨ੍ਹਾਂ ਦੇ ਦੁੱਖ 'ਚ ਦੁਖੀ ਹੋਣਾ ਇੱਕ ਸਮਾਜਿਕ ਤੇ ਮਨੋਵਿਗਿਆਨਕ ਸਥਿਤੀ ਹੈ।

ਜਾਤੀ ਨੂੰ ਲੈ ਕੇ ਕਿਸੇ ਨੂੰ ਪਰੇਸ਼ਾਨ ਕਰਨ 'ਚ ਉੱਚ ਜਾਤੀ ਮਹਿਲਾਵਾਂ ਦੀ ਹਿੱਸੇਦਾਰੀ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਪੁਸ਼ਤੈਨੀ ਤੌਰ 'ਤੇ ਪੀੜਤ ਜ਼ਰੂਰ ਹਨ, ਪਰ ਉਨ੍ਹਾਂ 'ਚ ਪੀੜਤ ਹੋਣ ਦੀ ਚੇਤਨਾ ਦੀ ਘਾਟ ਹੈ। ਇਸ ਲਈ ਉਹ ਦੇਸ਼ ਦੀਆਂ ਸਾਰੀਆਂ ਮਹਿਲਾਵਾਂ ਦੇ ਦੁੱਖ 'ਚ ਵੀ ਦੁਖੀ ਨਹੀਂ ਹੋ ਪਾਉਂਦੀਆਂ, ਕਿਉਂਕਿ ਕਿਤੇ ਉਨ੍ਹਾਂ ਦੀ ਧਾਰਮਿਕ ਤਾਂ ਕਿਤੇ ਜਾਤ ਅਧਾਰਤ ਪਛਾਣ ਬਾਕੀ ਚੀਜ਼ਾਂ 'ਤੇ ਹਾਵੀ ਹੋ ਜਾਂਦੀ ਹੈ।

ਇਸ ਲਈ ਭਾਰਤ 'ਚ ਸੰਪੂਰਨ ਮਹਿਲਾਵਾਂ ਨੂੰ ਇੱਕ ਵਰਗ ਦੇ ਤੌਰ 'ਤੇ ਦੇਖਣਾ ਨਾ ਸਿਰਫ ਗਲਤ ਸਗੋਂ ਅਨਿਆਂਪੂਰਨ ਹੈ, ਕਿਉਂਕਿ ਸਿਰਫ ਮਹਿਲਾ ਹੋਣ ਦੇ ਨਾਤੇ ਜੇਕਰ ਕਿਸੇ ਤਰ੍ਹਾਂ ਦਾ ਵਿਸ਼ੇਸ਼ ਮੌਕਾ ਉਨ੍ਹਾਂ ਨੂੰ ਮਿਲਿਆ ਤਾਂ ਇਸਦਾ ਵੀ ਜ਼ਿਆਦਾ ਲਾਭ ਉੱਚ ਜਾਤੀ ਦੀਆਂ ਮਹਿਲਾਵਾਂ ਲੈ ਜਾਣਗੀਆਂ, ਕਿਉਂਕਿ ਵਾਂਝੇ ਸਮਾਜ ਦੀਆਂ ਮਹਿਲਾਵਾਂ 'ਚ ਉਹ ਸੰਸਕ੍ਰਿਤਕ ਤੇ ਸਮਾਜਿਕ ਪੂੰਜੀ, ਸੰਪਰਕਾਂ ਦਾ ਉਹ ਤੰਤਰ ਹੈ ਹੀ ਨਹੀਂ, ਜਿਸਦੇ ਦਮ 'ਤੇ ਉਹ  ਸਫਲ ਹੋ ਸਕਣ।

-ਕੁੰਦਨ ਰਾਜ

Comments

Leave a Reply