Thu,Jul 16,2020 | 09:14:19pm
HEADLINES:

Social

ਅੰਗਰੇਜ਼ਾਂ ਲਈ ਨਹੀਂ, ਆਪਣੇ ਮਾਣ-ਸਨਮਾਨ ਲਈ ਲੜੇ ਮਹਾਰ

ਅੰਗਰੇਜ਼ਾਂ ਲਈ ਨਹੀਂ, ਆਪਣੇ ਮਾਣ-ਸਨਮਾਨ ਲਈ ਲੜੇ ਮਹਾਰ

ਅੱਜ ਤੋਂ 200 ਸਾਲ ਪਹਿਲਾਂ ਹੋਏ ਭੀਮਾ ਕੋਰੇਗਾਓਂ ਯੁੱਧ ਨੂੰ ਕੁਝ ਲੋਕਾਂ ਵੱਲੋਂ ਅਲੱਗ ਨਜ਼ਰੀਏ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਈਸਟ ਇੰਡੀਆ ਕੰਪਨੀ ਵੱਲੋਂ 500 ਮਹਾਰਾਂ ਦੇ ਪੇਸ਼ਵਿਆਂ ਖਿਲਾਫ ਯੁੱਧ ਨੂੰ 'ਦੇਸ਼ ਧਰੋਹ' ਕਹਿ ਕੇ ਇਸ ਇਤਿਹਾਸਕ ਘਟਨਾ ਨੂੰ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਘਟਨਾ ਨੂੰ ਸਹੀ ਢੰਗ ਨਾਲ ਸਮਝਣ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਪੇਸ਼ਵਾ ਸ਼ਾਸਕ ਵਰਣ ਵਿਵਸਥਾ ਤਹਿਤ ਸਭ ਤੋਂ ਹੇਠਲੇ ਦਰਜੇ 'ਤੇ ਰੱਖੀਆਂ ਜਾਤਾਂ 'ਚੋਂ ਮਹਾਰਾਂ ਬਾਰੇ ਕੀ ਸੋਚਦੇ ਸਨ ਅਤੇ ਕਿਵੇਂ ਉਨ੍ਹਾਂ ਨੇ ਮਹਾਰਾਂ ਦੀ ਸਮਾਜਿਕ ਤੇ ਆਰਥਿਕ ਬਦਹਾਲੀ ਲਈ ਜ਼ਿੰਮੇਵਾਰ ਸਮਾਜਿਕ ਵਿਵਸਥਾ ਨੂੰ ਬਣਾਏ ਰੱਖਣ ਲਈ ਜਾਤੀ ਭੇਦਭਾਵ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ।

ਭੀਮਾ ਕੋਰੇਗਾਓਂ ਉਹ ਜਗ੍ਹਾ ਹੈ, ਜਿੱਥੇ 202 ਸਾਲ ਪਹਿਲਾਂ 1 ਜਨਵਰੀ 1818 ਨੂੰ ਅਛੂਤ ਕਹੇ ਜਾਣ ਵਾਲੇ ਸਿਰਫ 500 ਮਹਾਰਾਂ ਨੇ ਬ੍ਰਾਹਮਣ ਪੇਸ਼ਵਾ ਬਾਜੀਰਾਓ-2 ਦੇ 28 ਹਜ਼ਾਰ ਸੈਨਿਕਾਂ ਦੇ ਗੋਡੇ ਟਿਕਾ ਦਿੱਤੇ ਸਨ। ਇਹ ਮਹਾਰ ਸੈਨਿਕ ਈਸਟ ਇੰਡੀਆ ਕੰਪਨੀ ਵੱਲੋਂ ਲੜੇ ਸਨ ਅਤੇ ਇਸੇ ਯੁੱਧ ਤੋਂ ਬਾਅਦ ਪੇਸ਼ਵਿਆਂ ਦੇ ਰਾਜ ਦਾ ਅੰਤ ਹੋਇਆ ਸੀ। ਬਾਜੀਰਾਓ-2 ਅੱਠਵੇਂ ਤੇ ਅੰਤਮ ਪੇਸ਼ਵਾ (1796-1818) ਸਨ। ਸਵਾਲ ਉੱਠਦਾ ਹੈ ਕਿ ਮਹਾਰ ਆਖਰ ਅੰਗਰੇਜ਼ਾਂ ਦੇ ਨਾਲ ਮਿਲ ਕੇ ਬ੍ਰਾਹਮਣ ਪੇਸ਼ਵਿਆਂ ਖਿਲਾਫ ਕਿਉਂ ਲੜੇ।

ਮਹਾਰਾਂ ਲਈ ਇਹ ਅੰਗਰੇਜ਼ਾਂ ਦੀ ਨਹੀਂ, ਸਗੋਂ ਆਪਣੇ ਵਜੂਦ ਦੀ ਲੜਾਈ ਸੀ। ਇਹ ਉਨ੍ਹਾਂ ਲਈ ਬ੍ਰਾਹਮਣਵਾਦੀ ਵਿਵਸਥਾ ਤੋਂ ਬਦਲਾ ਲੈਣ ਦਾ ਇੱਕ ਮੌਕਾ ਸੀ, ਕਿਉਂਕਿ ਪੇਸ਼ਵਾ ਸ਼ਾਸਕਾਂ ਨੇ ਮਹਾਰਾਂ ਨੂੰ ਜਾਨਵਰਾਂ ਤੋਂ ਵੀ ਹੇਠਲੇ ਦਰਜੇ 'ਤੇ ਰੱਖਿਆ ਸੀ। ਅਛੂਤਾਂ ਨਾਲ ਜਿਹੜਾ ਵਿਵਹਾਰ ਪੁਰਾਣੇ ਭਾਰਤ 'ਚ ਹੁੰਦਾ ਸੀ, ਉਹੀ ਵਿਵਹਾਰ ਪੇਸ਼ਵਾ ਸ਼ਾਸਕਾਂ ਨੇ ਮਹਾਰਾਂ ਨਾਲ ਕੀਤਾ।

ਇਤਿਹਾਸਕਾਰਾਂ ਨੇ ਕਈ ਜਗ੍ਹਾ ਦੱਸਿਆ ਹੈ ਕਿ ਨਗਰ ਵਿੱਚ ਦਾਖਲ ਹੁੰਦੇ ਸਮੇਂ ਮਹਾਰਾਂ ਨੂੰ ਆਪਣੀ ਕਮਰ ਨਾਲ ਝਾੜੂ ਬੰਨ ਕੇ ਚੱਲਣਾ ਹੁੰਦਾ ਸੀ, ਤਾਂਕਿ ਉਨ੍ਹਾਂ ਦੇ ਅਪਵਿੱਤਰ ਪੈਰਾਂ ਦੇ ਨਿਸ਼ਾਨ ਉਨ੍ਹਾਂ ਪਿੱਛੇ ਲੱਗੇ ਝਾੜੂ ਨਾਲ ਮਿਟਦੇ ਚਲੇ ਜਾਣ। ਉਨ੍ਹਾਂ ਨੂੰ ਆਪਣੇ ਗਲ੍ਹ ਵਿੱਚ ਇੱਕ ਕੁੱਜਾ ਵੀ ਲਟਕਾਉਣਾ ਹੁੰਦਾ ਸੀ, ਤਾਂਕਿ ਉਹ ਉਸ ਵਿੱਚ ਥੁੱਕ ਸਕਣ ਅਤੇ ਉਨ੍ਹਾਂ ਦੇ ਥੁੱਕ ਨਾਲ ਕੋਈ ਉੱਚੀ ਜਾਤ ਵਾਲਾ 'ਪ੍ਰਦੂਸ਼ਿਤ ਜਾਂ ਅਪਵਿੱਤਰ' ਨਾ ਹੋ ਜਾਵੇ। ਉਹ ਉੱਚੀ ਜਾਤੀ ਦੇ ਖੂਹਾਂ ਤੋਂ ਪਾਣੀ ਲੈਣ ਬਾਰੇ ਸੋਚ ਵੀ ਨਹੀਂ ਸਕਦੇ ਸਨ।

ਇਹ ਪਹਿਲਾਂ ਤੋਂ ਚੱਲੇ ਆ ਰਹੇ ਉਹ ਨਿਯਮ ਸਨ, ਜਿਨ੍ਹਾਂ ਖਿਲਾਫ ਬੋਧ, ਜੈਨ ਤੇ ਹੋਰ ਸਮਾਜ ਦੇ ਲੋਕ ਵਿਦਰੋਹ ਕਰਦੇ ਰਹੇ, ਪਰ ਹਰ ਵਾਰ ਇਨ੍ਹਾਂ ਦਲਿਤ ਵਿਰੋਧੀ ਵਿਵਸਥਾਵਾਂ ਨੂੰ ਮੁੜ ਤੋਂ ਸਥਾਪਿਤ ਕੀਤਾ ਗਿਆ। ਅਜਿਹੀ ਵਿਵਸਥਾ ਵਿੱਚ ਰਹਿਣ ਵਾਲੇ ਮਹਾਰ ਦਲਿਤ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫੌਜ ਵਿੱਚ ਸ਼ਾਮਲ ਹੋ ਕੇ ਲੜੇ ਤਾਂ ਉਹ ਪੇਸ਼ਵਾ ਦੇ ਸੈਨਿਕਾਂ ਦੇ ਨਾਲ-ਨਾਲ ਬ੍ਰਾਹਮਣ ਸ਼ਾਸਕਾਂ ਦੀ ਅਣਮਨੁੱਖੀ ਵਿਵਸਥਾ ਖਿਲਾਫ ਬਦਲਾ ਵੀ ਲੈ ਰਹੇ ਸਨ।

ਅੱਜ ਦੇ ਸਮੇਂ ਵਿੱਚ ਜਦੋਂ ਲੱਖਾਂ ਦਲਿਤ ਭੀਮਾ ਕੋਰੇਗਾਓਂ ਵਿੱਚ ਇਕੱਠੇ ਹੁੰਦੇ ਹਨ ਤਾਂ ਉਹ ਈਸਟ ਇੰਡੀਆ ਕੰਪਨੀ ਦੀ ਨਹੀਂ, ਸਗੋਂ ਭੇਦਭਾਵ 'ਤੇ ਆਧਾਰਿਤ ਬ੍ਰਾਹਮਣਵਾਦੀ ਪੇਸ਼ਵਾ ਵਿਵਸਥਾ ਖਿਲਾਫ ਦਲਿਤਾਂ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਨ।

Comments

Leave a Reply