Tue,May 26,2020 | 11:14:55am
HEADLINES:

Social

'ਆਰਟੀਕਲ-15' ਵਿੱਚ ਹੀਰੋ ਦੀ ਜਾਤ ਹੈ, 'ਸੁਪਰ-30' ਵਿੱਚ ਕਿਉਂ ਨਹੀਂ?

'ਆਰਟੀਕਲ-15' ਵਿੱਚ ਹੀਰੋ ਦੀ ਜਾਤ ਹੈ, 'ਸੁਪਰ-30' ਵਿੱਚ ਕਿਉਂ ਨਹੀਂ?

ਆਰਟੀਕਲ-15 ਦੇ ਹੀਰੋ ਆਈਪੀਐੱਸ ਅਫਸਰ ਦੀ ਜਾਤੀ ਕਿਉਂ ਬ੍ਰਾਹਮਣ ਦੱਸੀ ਗਈ ਹੈ, ਇਸ ਬਾਰੇ ਫਿਲਮ ਦੇ ਡਾਇਰੈਕਟਰ ਅਨੁਭਵ ਸਿਨਹਾ ਦਾ ਬਿਆਨ ਆ ਚੁੱਕਾ ਹੈ। ਉਨ੍ਹਾਂ ਮੁਤਾਬਕ, ਉਹ ਚਾਹੁੰਦੇ ਸਨ ਕਿ ਜੇਕਰ ਕੋਈ ਵਿਅਕਤੀ ਜਾਤੀ ਦੇ ਵਿਸ਼ੇਸ਼ ਅਧਿਕਾਰ ਨੂੰ ਤੋੜ ਕੇ ਜਾਤੀ ਭੇਦ ਦੇ ਖਿਲਾਫ ਕੁਝ ਕਰਦਾ ਹੈ ਤਾਂ ਉਸਦਾ ਜਸ਼ਨ ਕਿਉਂ ਨਾ ਮਨਾਇਆ ਜਾਵੇ। 

ਅਨੁਭਵ ਸਿਨਹਾ ਮੁਤਾਬਕ, ਉਨ੍ਹਾਂ ਨੇ ਹੀਰੋ ਨੂੰ ਬ੍ਰਾਹਮਣ ਇਸ ਲਈ ਦਿਖਾਇਆ ਹੈ, ਤਾਂਕਿ ਜਾਤੀ ਨਾਲ ਲੜਨ ਵਿੱਚ ਉੱਚ ਜਾਤੀ ਵਾਲਿਆਂ ਦੀ ਭੂਮਿਕਾ ਬਾਰੇ ਉੱਚ ਜਾਤੀਆਂ ਨੂੰ ਪਤਾ ਲੱਗ ਸਕੇ, ਪਰ ਇਸੇ ਤਰਕ ਨਾਲ ਕੀ ਅਸੀਂ ਇਹ ਨਹੀਂ ਜਾਨਣਾ ਚਾਹੁੰਦੇ ਕਿ ਫਿਲਮ 'ਸੁਪਰ-30' ਵਿੱਚ ਰਿਤਿਕ ਰੌਸ਼ਨ ਨੇ ਜਿਸ ਟੀਚਰ ਆਨੰਦ ਕੁਮਾਰ ਦਾ ਕਿਰਦਾਰ ਨਿਭਾਇਆ ਹੈ, ਉਨ੍ਹਾਂ ਦੀ ਜਾਤੀ ਕੀ ਹੈ?

'ਸੁਪਰ 30' ਬਿਹਾਰ ਦੇ ਪਿਛੋਕੜ 'ਤੇ ਬਣੀ ਫਿਲਮ ਹੈ, ਜਿੱਥੇ ਬਿਨਾਂ ਜਾਤੀ ਜਾਣੇ ਟ੍ਰੇਨ ਅਤੇ ਬੱਸਾਂ ਵਿੱਚ ਗੱਲਬਾਤ ਤੱਕ ਅੱਗੇ ਨਹੀਂ ਵਧਦੀ। ਹਾਲਾਂਕਿ ਇਹ ਬਿਮਾਰੀ ਬਿਹਾਰ ਤੋਂ ਬਾਹਰ ਵੀ ਹੈ। ਬਿਹਾਰ ਦੇ ਜਾਤੀ ਦਬਦਬੇ ਵਿਰੋਧੀ ਸੰਘਰਸ਼ਾਂ ਨੂੰ ਜਾਤੀਵਾਦ ਦੇ ਰੂਪ ਵਿੱਚ ਬਦਨਾਮ ਕਰਨ ਦੀ ਮੀਡੀਆ ਅਤੇ ਐਕੇਡੇਮਿਕਸ ਵਿੱਚ ਪਰੰਪਰਾ ਵੀ ਰਹੀ ਹੈ। ਫਿਰ ਇਹ ਕਿਵੇਂ ਹੋ ਗਿਆ ਕਿ ਬਿਹਾਰ ਦੇ ਇੱਕ ਕਿਰਦਾਰ 'ਤੇ ਪਟਨਾ ਦੇ ਪਿਛੋਕੜ ਵਿੱਚ ਇੱਕ ਫਿਲਮ ਬਣ ਗਈ ਅਤੇ ਨਾ ਹੀਰੋ ਦੀ ਜਾਤੀ ਪਤਾ ਚੱਲੀ, ਨਾ ਵਿਲੇਨ ਦੀ?

ਬਿਹਾਰ ਦੇ ਪਿਛੋਕੜ 'ਤੇ ਬਣਨ ਵਾਲੀਆਂ ਫਿਲਮਾਂ ਵਿੱਚ ਜਾਤੀ ਦੀ ਪਰੰਪਰਾ ਰਹੀ ਹੈ। ਮਿਸਾਲ ਦੇ ਤੌਰ 'ਤੇ ਉੱਤਰ ਬਿਹਾਰ ਦੇ ਪਿਛੋਕੜ 'ਤੇ ਆਧਾਰਤ ਰਾਮ ਗੋਪਾਲ ਵਰਮਾ ਦੀ ਫਿਲਮ 'ਸ਼ੂਲ' (1999) ਵਿੱਚ ਹੀਰੋ ਦਾ ਨਾਂ ਸਮਰ ਪ੍ਰਤਾਪ ਸਿੰਘ ਅਤੇ ਵਿਲੇਨ ਦਾ ਨਾਂ ਬੱਚੂ ਯਾਦਵ ਹੈ।

ਇਸ ਫਿਲਮ ਦੇ ਆਖਰੀ ਸੀਨ ਵਿੱਚ ਸਮਰ ਪ੍ਰਤਾਪ ਸਿੰਘ ਅਸੈਂਬਲੀ ਅੰਦਰ ਬੱਚੂ ਯਾਦਵ ਨੂੰ ਗੋਲੀ ਮਾਰ ਦਿੰਦਾ ਹੈ ਅਤੇ ਪਬਲਿਕ ਤਾੜੀਆਂ ਵਜਾਉਂਦੀ ਹੈ। ਪ੍ਰਕਾਸ਼ ਝਾਅ ਦੀ ਬਿਹਾਰ ਦੇ ਪਿਛੋਕੜ 'ਤੇ ਬਣੀ ਫਿਲਮ 'ਮ੍ਰਿਤਯੂਦੰਡ' (1997) ਵਿੱਚ ਵਿਲੇਨ ਦਾ ਨਾਂ ਤਿਰਪਤ ਸਿੰਘ ਹੈ। ਪ੍ਰਕਾਸ਼ ਝਾਅ ਦੀ ਹੀ ਫਿਲਮ ਗੰਗਾਜਲ (2003) ਵਿੱਚ ਵਿਲੇਨ ਦੇ ਨਾਂ ਸਾਧੂ ਯਾਦਵ, ਬੱਚਾ ਯਾਦਵ ਅਤੇ ਸੁੰਦਰ ਯਾਦਵ ਹਨ।

ਉਨ੍ਹਾਂ ਦੀ ਅਗਲੀ ਫਿਲਮ 'ਅਪਹਰਣ' (2005) ਵਿੱਚ ਵਿਲੇਨ ਬਣੇ ਹਨ ਤਬਰੇਜ਼ ਆਲਮ ਅਤੇ ਹੀਰੋ ਹਨ ਅਜੈ ਸ਼ਾਸਤਰੀ। 'ਹਾਫ ਗਰਲਫਰੈਂਡ' (2017) ਵਿੱਚ ਬਿਹਾਰੀ ਹੀਰੋ ਦਾ ਨਾਂ ਮਾਧਵ ਝਾਅ ਹੈ। ਇਨ੍ਹਾਂ ਵਿੱਚੋਂ ਕੋਈ ਵੀ ਫਿਲਮ ਜਾਤੀ ਜਾਂ ਜਾਤੀਵਾਦ 'ਤੇ ਨਹੀਂ ਬਣੀ, ਪਰ ਹੀਰੋ ਅਤੇ ਵਿਲੇਨ ਦੇ ਨਾਂ ਆਮ ਤੌਰ 'ਤੇ ਇਸ ਤਰ੍ਹਾਂ ਰੱਖੇ ਗਏ ਹਨ ਕਿ ਉਨ੍ਹਾਂ ਦੀ ਜਾਤੀ ਸਾਫ ਹੋ ਜਾਂਦੀ ਹੈ।

ਫਿਰ 'ਸੁਪਰ-30' ਦੇ ਹੀਰੋ ਦੀ ਜਾਤੀ ਕਿਉਂ ਨਹੀਂ ਪਤਾ ਚੱਲਦੀ? ਅਜਿਹਾ ਵੀ ਨਹੀਂ ਹੈ ਕਿ ਆਨੰਦ ਕੁਮਾਰ ਦੀ ਜਾਤੀ ਜਾਨਣਾ ਮੁਸ਼ਕਿਲ ਰਿਹਾ ਹੋਵੇਗਾ। ਬਿਹਾਰ ਵਿੱਚ ਹੀ ਕਿਉਂ, ਦੇਸ਼ ਵਿੱਚ ਕਿਸਦੀ ਜਾਤੀ ਲੁਕੀ ਹੈ? ਸ਼ਹਿਰ ਵਿੱਚ ਨਾ ਪਤਾ ਲੱਗੇ, ਤਾਂ ਪਿੰਡ ਤੱਕ ਪਹੁੰਚ ਕੇ ਅਤੇ ਕਿਸੇ ਦੇ ਨਾਂ ਤੋਂ ਪਤਾ ਨਾ ਚੱਲੇ ਤਾਂ ਪਿਤਾ ਦਾ ਨਾਂ ਪੁੱਛ ਕੇ ਪਤਾ ਕਰ ਲੈਂਦੇ ਹਨ ਲੋਕ। 

ਮਤਲਬ ਇਹੀ ਹੈ ਕਿ 'ਸੁਪਰ-30' ਦੇ ਹੀਰੋ ਦੀ ਜਾਤੀ ਅਸੀਂ ਇਸ ਲਈ ਨਹੀਂ ਜਾਣਦੇ, ਕਿਉਂਕਿ ਫਿਲਮ ਬਣਾਉਣ ਅਤੇ ਲਿਖਣ ਵਾਲੇ ਨਹੀਂ ਚਾਹੁੰਦੇ ਕਿ ਇਹ ਗੱਲ ਪਤਾ ਲੱਗੇ।

ਆਖਰ 'ਆਰਟੀਕਲ-15' ਵੀ ਤਾਂ ਇੱਕ ਕ੍ਰਾਈਮ ਥ੍ਰਿਲਰ ਹੋ ਸਕਦੀ ਸੀ। ਮਰਡਰ ਮਿਸਟਰੀ, ਪਰ ਡਾਇਰੈਕਟਰ ਨੇ ਚਾਹਿਆ ਤਾਂ ਇਸ ਵਿੱਚ ਜਾਤੀ ਦਾ ਪੱਖ ਪਾ ਦਿੱਤਾ ਅਤੇ ਇੱਕ ਬ੍ਰਾਹਮਣ ਰੱਖਿਅਕ ਖੜਾ ਕਰ ਦਿੱਤਾ। ਫਿਰ 'ਸੁਪਰ-30' ਵਿੱਚ ਅਜਿਹਾ ਕਿਉਂ ਨਹੀਂ?

ਕਿਸ ਜਾਤੀ ਦੇ ਹਨ ਆਨੰਦ ਕੁਮਾਰ
ਬਿਹਾਰ ਦੇ ਬਾਹਰ ਦੇ ਲੋਕਾਂ ਨੂੰ ਦੱਸ ਦਿੱਤਾ ਜਾਵੇ ਕਿ ਆਨੰਦ ਕੁਮਾਰ ਬਿਹਾਰਦੀ ਇੱਕ ਅਤਿ ਪੱਛੜੀ ਜਾਤੀ ਕਹਾਰ ਵਿੱਚੋਂ ਆਉਂਦੇ ਹਨ। ਇਸ ਜਾਤੀ ਦਾ ਸ਼ਾਸਤਰ ਨਿਰਧਾਰਿਤ ਪੇਸ਼ਾ ਪਾਲਕੀ ਚੁੱਕਣਾ ਸੀ। ਆਨੰਦ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਤਕਲੀਫਾਂ ਅਤੇ ਸਮੱਸਿਆਵਾਂ ਆਪਣੀ ਜਾਤੀ ਕਾਰਨ ਵੀ ਆਈਆਂ ਹਨ। ਉਨ੍ਹਾਂ ਨੂੰ ਪੈਰ-ਪੈਰ 'ਤੇ ਜੋ ਅਪਮਾਨ ਸਹਿਣਾ ਪਿਆ ਹੈ, ਉਸਦਾ ਇੱਕ ਕਾਰਨ ਉਨ੍ਹਾਂ ਦੀ ਜਾਤੀ ਵੀ ਹੈ।

ਉਨ੍ਹਾਂ ਦੇ ਟੈਲੇਂਟ ਨੂੰ ਦੇਰ ਨਾਲ ਸਵੀਕਾਰਤਾ ਮਿਲਣ ਦਾ ਇਹ ਵੀ ਇੱਕ ਕਾਰਨ ਸੀ। ਉਨ੍ਹਾਂ ਨੂੰ ਭੂਮਿਹਾਰ ਜਾਤੀ ਦੀ ਇੱਕ ਲੜਕੀ ਨਾਲ ਪਿਆਰ ਹੋਇਆ ਅਤੇ ਉਨ੍ਹਾਂ ਨੂੰ ਵਿਆਹ ਵਿੱਚ ਕਾਫੀ ਸਮੱਸਿਆਵਾਂ ਆਈਆਂ। ਇਸਦਾ ਕਾਰਨ ਵੀ ਉਨ੍ਹਾਂ ਦੀ ਜਾਤੀ ਹੀ ਹੈ।

ਉਨ੍ਹਾਂ ਨੂੰ ਕੋਚਿੰਗ ਦੇ ਕੰਮ 'ਤੋਂ ਉਖਾੜਨ ਦੀਆਂ ਘੱਟ ਕੋਸ਼ਿਸ਼ਾਂ ਨਹੀਂ ਹੋਈਆਂ। ਬਿਹਾਰ ਦੇ ਉੱਚ ਜਾਤੀ ਵਾਲੇ ਸਾਮੰਤਵਾਦੀ ਵਿਚਾਰਾਂ ਦੇ ਲੋਕ ਇਹ ਆਰਾਮ ਨਾਲ ਸਵੀਕਾਰ ਨਹੀਂ ਕਰ ਸਕੇ ਕਿ ਕਹਾਰ ਜਾਤੀ ਦਾ ਇੱਕ ਨੌਜਵਾਨ ਪੂਰੇ ਦੇਸ਼ ਅਤੇ ਦੁਨੀਆ ਵਿੱਚ ਸੁਪਰ ਸਟਾਰ ਬਣ ਗਿਆ।

ਉਨ੍ਹਾਂ ਦੇ ਚਰਿੱਤਰ ਨੂੰ ਨੁਕਸਾਨ ਪਹੁੰਚਾਉਣ ਅਤੇ ਉਨ੍ਹਾਂ ਨੂੰ ਫਰਾਡ ਦੱਸਣ ਦੀ ਪਟਨਾ ਮੀਡੀਆ ਨੇ ਕਈ ਕੋਸ਼ਿਸ਼ਾਂ ਕੀਤੀਆਂ ਹਨ। ਦੇਸ਼ ਦੇ ਸਭ ਤੋਂ ਵੱਡੇ ਅਖਬਾਰ ਗਰੁੱਪਾਂ ਵਿੱਚੋਂ ਇੱਕ ਦੇ ਪਟਨਾ ਐਡੀਸ਼ਨ ਨੇ ਆਨੰਦ ਕੁਮਾਰ ਨੂੰ ਫਰਾਡ ਦੱਸਦੇ ਹੋਏ ਕਈ ਦਿਨ ਪੂਰੇ ਪੇਜ ਦੀ ਕਵਰੇਜ ਕੀਤੀ। 'ਸੁਪਰ-30' ਖਿਲਾਫ ਮੁਹਿੰਮ ਚਲਾਉਣ ਵਾਲੇ ਵੀ ਉੱਚ ਜਾਤੀ ਵਿੱਚੋਂ ਹੀ ਹਨ। ਇਸ ਤਰ੍ਹਾਂ ਦੇ ਹਮਲਿਆਂ ਤੋਂ ਬਚਣ ਲਈ ਆਨੰਦ ਕੁਮਾਰ ਕਦੇ ਜੇਡੀਯੂ ਨੇਤਾ ਨੀਤੀਸ਼ ਕੁਮਾਰ ਤੇ ਕਦੇ ਆਰਜੇਡੀ ਨੇਤਾ ਤੇਜਸਵੀ ਯਾਦਵ ਦੇ ਨਾਲ ਦਿਖਾਈ ਦਿੰਦੇ ਰਹੇ।

ਇਨ੍ਹਾਂ ਵਿੱਚੋਂ ਬਹੁਤ ਕੁਝ 'ਸੁਪਰ 30' ਫਿਲਮ ਵਿੱਚ ਕਹਾਣੀ ਦੀ ਸ਼ਕਲ ਵਿੱਚ ਹੈ। ਕਾਫੀ ਕੁਝ ਨਹੀਂ ਵੀ ਹੈ। ਜੋ ਇੱਕ ਚੀਜ਼ ਪੂਰੀ ਤਰ੍ਹਾਂ ਲੁਕਾ ਲਈ ਗਈ ਹੈ, ਉਹ ਹੈ ਜਾਤੀ। ਇਹ ਚੰਗਾ ਹੈ ਜਾਂ ਬੁਰਾ, ਇਹ ਕਹਿ ਪਾਉਣਾ ਮੁਸ਼ਕਿਲ ਹੈ, ਪਰ ਆਰਟੀਕਲ 15 ਵਿੱਚ ਜਿਨ੍ਹਾਂ ਲੋਕਾਂ ਨੂੰ ਹੀਰੋ ਨੂੰ ਬ੍ਰਾਹਮਣ ਦਿਖਾਏ ਜਾਣ 'ਤੇ ਇਤਰਾਜ਼ ਨਹੀਂ ਹੋਇਆ, ਉਨ੍ਹਾਂ ਨੂੰ ਨੈਤਿਕਤਾ ਖਾਤਰ 'ਸੁਪਰ-30' ਦੇ ਡਾਇਰੈਕਟਰ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਆਨੰਦ ਕੁਮਾਰ ਦੀ ਜਾਤੀ ਕਿਉਂ ਲੁਕੋਈ? ਆਖਰ ਜਾਤ ਦੱਸਣ ਅਤੇ ਲੁਕਾਉਣ ਦੇ ਪਿੱਛੇ ਨੈਤਿਕਤਾ ਦੇ ਪੈਮਾਨੇ ਇੱਕੋ ਜਿਹੇ ਹੋਣੇ ਚਾਹੀਦੇ ਹਨ।

ਕੀ ਆਨੰਦ ਕੁਮਾਰ ਦੀ ਜਾਤੀ ਇਸ ਲਈ ਲੁਕੋਈ ਗਈ ਕਿ ਇਹ ਦੱਸਣਾ ਕਿ ਦੇਸ਼ ਦਾ ਸਭ ਤੋਂ ਲੋਕਪ੍ਰਿਅ ਟੀਚਰ ਕਹਾਰ ਜਾਤੀ ਵਿੱਚੋਂ ਹੈ, ਜਿਸਦੇ ਪੁਰਖੇ ਪਾਲਕੀ ਚੁੱਕਦੇ ਸਨ। ਮਲਟੀਪਲੈਕਸ ਵਿੱਚ ਬੈਠ ਕੇ ਪੋਪ ਕਾਰਨ ਖਾਂਦੇ ਹੋਏ ਫਿਲਮ ਦੇਖਣ ਵਾਲੇ ਦਰਸ਼ਕਾਂ ਦੇ ਮੂੰਹ ਦਾ ਜ਼ਾਇਕਾ ਖਰਾਬ ਹੋ ਜਾਵੇਗਾ।

ਆਨੰਦ ਕੁਮਾਰ ਦਾ ਜੀਵਨ ਸੰਘਰਸ਼ ਤੇ ਸਮਰਪਣ
ਆਨੰਦ ਕੁਮਾਰ ਨੂੰ ਪ੍ਰਸਿੱਧੀ 'ਸੁਪਰ-30' ਪ੍ਰੋਗਰਾਮ ਕਾਰਨ ਮਿਲੀ, ਜੋ ਕਿ ਉਨ੍ਹਾਂ ਨੇ ਪਟਨਾ, ਬਿਹਾਰ ਤੋਂ 2002 ਵਿੱਚ ਸ਼ੁਰੂ ਕੀਤਾ। ਇਸਦੇ ਤਹਿਤ ਆਰਥਿਕ ਤੌਰ 'ਤੇ ਪੱਛੜੇ ਵਿਦਿਆਰਥੀਆਂ ਨੂੰ ਆਈਆਈਟੀ ਸੰਯੁਕਤ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ। 2018 ਦੇ ਅੰਕੜਿਆਂ ਮੁਤਾਬਕ, ਆਨੰਦ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ 480 ਵਿੱਚੋਂ 422 ਵਿਦਿਆਰਥੀਆਂ ਦੀ ਆਈਆਈਟੀ ਲਈ ਚੋਣ ਹੋ ਚੁੱਕੀ ਹੈ। ਡਿਸਕਵਰੀ ਚੈਨਲ ਨੇ ਵੀ ਆਨੰਦ ਦੇ ਜੀਵਨ 'ਤੇ ਡਾਕਿਊਮੈਂਟਰੀ ਫਿਲਮ ਬਣਾਈ ਹੈ।

ਆਨੰਦ ਦਾ ਜੀਵਨ ਸੰਘਰਸ਼ ਦੇ ਦੌਰ ਵਿੱਚੋਂ ਲੰਘਿਆ। ਉਨ੍ਹਾਂ ਦੀ ਪੜ੍ਹਾਈ ਦੌਰਾਨ ਹੀ ਪਿਤਾ ਦੀ ਮੌਤ ਹੋਣ ਤੇ ਘਰ ਦੀ ਆਰਥਿਕ ਹਾਲਤ ਖਰਾਬ ਹੋਣ ਕਾਰਨ ਆਨੰਦ ਕੁਮਾਰ ਨੂੰ ਪਾਪੜ ਵੀ ਵੇਚਣੇ ਪਏ। ਆਨੰਦ ਨੇ ਗਰੀਬ ਵਿਦਿਆਰਥੀਆਂ ਨੂੰ ਮੁਫਤ ਵਿੱਚ ਸਿੱਖਿਆ ਦੇ ਕੇ ਉਨ੍ਹਾਂ ਦੇ ਹੁਨਰ ਨੂੰ ਸਮਝਿਆ। ਉਨ੍ਹਾਂ ਦਾ ਮੁੱਖ ਉਦੇਸ਼ ਗਰੀਬ ਵਿਦਿਆਰਥੀਆਂ ਨੂੰ ਆਈਆਈਟੀ ਜੇਈਈ 'ਚ ਦਾਖਲੇ ਲਈ ਤਿਆਰ ਕਰਨਾ ਹੈ। ਗਰੀਬ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਨੰਦ ਕੁਮਾਰ ਸੁਪਰ-30 ਪ੍ਰੋਗਰਾਮ ਤਹਿਤ ਮੁਫਤ ਸਿੱਖਿਆ ਦਿੰਦੇ ਹਨ।

-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ)

Comments

Leave a Reply