Mon,Apr 22,2019 | 08:25:49am
HEADLINES:

Social

ਜੋਤੀਬਾ ਫੂਲੇ ਤੋਂ ਲੈ ਕੇ ਮਾਇਆਵਤੀ ਤੱਕ, ਬੇਮਿਸਾਲ ਹੈ ਬਹੁਜਨ ਨਾਇਕਾਂ ਦਾ ਸੰਘਰਸ਼

ਜੋਤੀਬਾ ਫੂਲੇ ਤੋਂ ਲੈ ਕੇ ਮਾਇਆਵਤੀ ਤੱਕ, ਬੇਮਿਸਾਲ ਹੈ ਬਹੁਜਨ ਨਾਇਕਾਂ ਦਾ ਸੰਘਰਸ਼

ਕਾਨੂੰਨ ਦੇ ਅਮਲ ਦੇ ਮਾਮਲੇ ਵਿੱਚ ਸਾਡਾ ਅਨੁਭਵ ਬਹੁਤ ਹੀ ਮਾੜਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਕਾਨੂੰਨ ਦਾ ਉਪਯੋਗ ਪੱਛੜੀਆਂ ਜਾਤਾਂ ਦੇ ਲੋਕਾਂ ਖਿਲਾਫ ਹੋਇਆ ਹੈ। ਉੱਚ ਜਾਤੀ ਵਾਲੇ ਹੇਠਲੀਆਂ ਜਾਤਾਂ ਦੇ ਲੋਕਾਂ ਨੂੰ ਗੰਦਾ ਕੰਮ ਕਰਨ ਲਈ ਮਜਬੂਰ ਕਰਦੇ ਹਨ, ਉਹ ਸੋਚਦੇ ਹਨ ਕਿ ਜੇਕਰ ਅਛੂਤ ਇਹ ਕੰਮ ਕਰਨਾ ਛੱਡ ਦੇਣਗੇ ਤਾਂ ਉਨ੍ਹਾਂ ਦਾ ਜੀਵਨ ਪੱਧਰ ਸੁਧਰਨ ਲੱਗੇਗਾ ਅਤੇ ਉਹ ਉੱਚ ਜਾਤੀਆਂ ਦੀ ਹਰ ਪੱਧਰ 'ਤੇ ਬਰਾਬਰੀ ਕਰਨਗੇ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਇਹ ਸ਼ਬਦ ਦੱਬੇ ਕੁਚਲੇ ਸਮਾਜ ਦੇ ਸ਼ੋਸ਼ਣ ਦੀ ਕਹਾਣੀ ਕਹਿ ਰਹੇ ਹਨ।

ਇਹ ਸੰਘਰਸ਼ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਲੜਾਈ ਹੁਣ ਵੀ ਜਾਰੀ ਹੈ। ਇਨਸਾਨ-ਇਨਸਾਨ ਵਿੱਚ ਫਰਕ ਕਰਨ ਵਾਲੀ ਸਮਾਜਿਕ ਬਣਤਰ ਤਿਆਰ ਹੁੰਦੇ ਹੀ ਇੱਕ ਵਰਗ ਹਾਸ਼ੀਏ 'ਤੇ ਧੱਕ ਦਿੱਤਾ ਗਿਆ। ਉਦੋਂ ਇਨ੍ਹਾਂ ਨੂੰ ਅਛੂਤ ਕਿਹਾ ਜਾਂਦਾ ਸੀ ਤੇ ਹੁਣ ਦਲਿਤ। ਅੱਜ ਦਲਿਤ ਸੜਕਾਂ 'ਤੇ ਉੱਤਰ ਕੇ ਆਪਣੀ ਤਾਕਤ ਦਾ ਅਹਿਸਾਸ ਕਰਾ ਰਹੇ ਹਨ, ਪਰ ਸੰਘਰਸ਼ ਦੀ ਇਹ ਕਹਾਣੀ ਤਾਂ ਉਸ ਦੌਰ ਤੋਂ ਸ਼ੁਰੂ ਹੁੰਦੀ ਹੈ, ਜਦੋਂ ਦਲਿਤਾਂ ਨੂੰ ਉਨ੍ਹਾਂ ਰਾਹਾਂ ਤੋਂ ਲੰਘਣ ਦੀ ਮਨਜ਼ੂਰੀ ਨਹੀਂ ਸੀ, ਜਿਨ੍ਹਾਂ 'ਚੋਂ ਉੱਚ ਜਾਤੀਆਂ ਦੇ ਲੋਕ ਲੰਘਦੇ ਸਨ।

1873 ਵਿੱਚ ਸਤੱਯਸ਼ੋਧਕ ਸਮਾਜ ਦੀ ਸਥਾਪਨਾ ਕਰਨ ਵਾਲੇ ਪੁਣੇ ਦੇ ਜੋਤੀਬਾ ਫੂਲੇ ਨੇ ਦੱਬੇ ਕੁਚਲੇ ਸਮਾਜ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੂੰ ਸਿੱਖਿਅਤ ਕਰਨ 'ਤੇ ਜ਼ੋਰ ਦਿੱਤਾ। ਇਹ ਗੱਲ ਅੱਜ ਬੇਸ਼ੱਕ ਹੀ ਛੋਟੀ ਲੱਗੇ, ਪਰ ਜਿਸ ਸਮੇਂ ਜੋਤੀਬਾ ਫੂਲੇ ਨੇ ਇਹ ਲੜਾਈ ਸ਼ੁਰੂ ਕੀਤੀ ਸੀ, ਉਦੋਂ ਉਨ੍ਹਾਂ ਨੂੰ ਉੱਚ ਜਾਤੀਆਂ ਤੋਂ ਇਲਾਵਾ ਆਪਣੇ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਜੋਤੀਬਾ ਫੂਲੇ ਨੇ ਕਿਤਾਬਾਂ ਨੂੰ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਪਹੁੰਚਾਉਣ ਦੀ ਹਿੰਮਤ ਦਿਖਾਈ ਸੀ, ਜਿਨ੍ਹਾਂ ਨੂੰ ਸਿਰਫ ਮਜ਼ਦੂਰੀ ਕਰਨ, ਗੰਦਗੀ ਢੋਹਣ ਅਤੇ ਉੱਚ ਜਾਤੀ ਦੇ ਲੋਕਾਂ ਦੀ ਸੇਵਾ ਕਰਨ ਲਈ ਜਾਣਿਆ ਜਾਂਦਾ ਸੀ।

ਛੋਟੀ ਜਾਤ ਦੀਆਂ ਮਹਿਲਾਵਾਂ ਲਈ ਸਕੂਲ ਖੋਲੇ ਜਾਣ ਦੇ ਮੌਕੇ ਜਯੋਤੀਬਾ ਫੂਲੇ ਨੇ ਕਿਹਾ ਸੀ, ''ਸਾਨੂੰ ਆਤਮਸਨਮਾਨ ਪਾਉਣ ਦੀ ਖਾਤਰ ਸੰਘਰਸ਼ ਕਰਨਾ ਹੋਵੇਗਾ। ਇਸ ਸੰਘਰਸ਼ ਲਈ ਸਾਨੂੰ ਆਪਣੇ ਪੈਰਾਂ 'ਤੇ ਖੜਾ ਰਹਿਣਾ ਹੋਵੇਗਾ। ਸਾਨੂੰ ਹਥਿਆਰ ਚੁੱਕਣੇ ਪੈਣਗੇ, ਪਰ ਲਾਠੀ ਨਹੀਂ, ਤਲਵਾਰ ਨਹੀਂ, ਤੋਪਾਂ ਨਹੀਂ, ਸਗੋਂ ਗਿਆਨ, ਵਿਚਾਰ ਤੇ ਸਹੀ ਸ਼ਬਦ। ਅਤੇ ਗਿਆਨ, ਵਿਚਾਰ ਤੇ ਸਹੀ ਸ਼ਬਦ ਸਿੱਖਿਆ ਦੇ ਦਮ 'ਤੇ ਹੀ ਮਿਲ ਸਕਦੇ ਹਨ। ਕੀ ਇਹ ਪੰਡਤ ਸਾਨੂੰ ਸਿੱਖਿਆ ਦੇਣਗੇ, ਨਹੀਂ ਦੇਣਗੇ...ਕਿਉਂਕਿ ਉਹ ਆਪਣੇ ਹੱਥੀਂ ਸਾਨੂੰ ਅਜਿਹਾ ਹਥਿਆਰ ਨਹੀਂ ਸੌਂਪਣਗੇ। ਇਸ ਲਈ ਸਾਨੂੰ ਖੁਦ ਨੂੰ ਸਿੱਖਿਅਤ ਕਰਨਾ ਪਵੇਗਾ।'' (ਭਾਰਤ ਇੱਕ ਖੋਜ ਐਪੀਸੋਡ 'ਚੋਂ)

ਜੋਤੀਬਾ ਫੂਲੇ ਨੇ ਸਿਰਫ ਸਮਾਜ ਦੇ ਕਮਜ਼ੋਰ, ਸ਼ੋਸ਼ਿਤਾਂ ਤੇ ਮਜ਼ਦੂਰਾਂ ਨੂੰ ਪੜ੍ਹਾਉਣ 'ਤੇ ਹੀ ਜ਼ੋਰ ਨਹੀਂ ਦਿੱਤਾ, ਸਗੋਂ ਆਪਣੇ ਪਤਨੀ ਸਾਵਿੱਤਰੀ ਬਾਈ ਫੂਲੇ ਦੇ ਨਾਲ ਮਿਲ ਕੇ ਲੜਕੀਆਂ ਨੂੰ ਵੀ ਸਕੂਲ ਤੱਕ ਆਉਣ ਪ੍ਰਤੀ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਮਹਿਲਾਵਾਂ ਲਈ ਪਹਿਲਾ ਸਕੂਲ ਖੋਲਿਆ, ਜੋ ਕਿ ਭਾਰਤ ਵਿੱਚ ਵੀ ਮਹਿਲਾਵਾਂ ਦਾ ਪਹਿਲਾ ਸਕੂਲ ਸੀ। ਸਾਵਿੱਤਰੀ ਬਾਈ ਫੂਲੇ ਘਰ ਤੋਂ ਬਾਹਰ ਨਿੱਕਲ ਕੇ ਪੜ੍ਹਾਉਣ ਵਾਲੇ ਪਹਿਲੇ ਮਹਿਲਾ ਸਨ।

ਜੋਤੀਬਾ ਫੂਲੇ ਨੇ ਜੇਕਰ ਸ਼ੋਸ਼ਿਤਾਂ ਨੂੰ ਉਨ੍ਹਾਂ ਦੇ ਅਧਿਕਾਰ ਦਾ ਅਹਿਸਾਸ ਕਰਾਇਆ ਤਾਂ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦਾ ਕੰਮ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਕੀਤਾ। ਅਸਲ ਵਿੱਚ ਜਿਸ ਸਮਾਜ ਵਿੱਚ ਬਾਬਾ ਸਾਹਿਬ ਅੰਬੇਡਕਰ ਨੇ ਜਨਮ ਲਿਆ ਸੀ, ਉੱਥੇ ਅਛੂਤਾਂ ਨਾਲ ਭੇਦਭਾਵ ਨੂੰ ਦੇਖਦੇ ਹੋਏ ਉਹ ਵੱਡੇ ਹੋਏ ਸਨ। ਇਹ ਉਹ ਦੌਰ ਸੀ, ਜਦੋਂ ਅਛੂਤਾਂ ਨੂੰ ਪਿੰਡ ਦੇ ਸਭ ਤੋਂ ਅਖੀਰਲੇ ਕੰਢੇ 'ਤੇ ਹੀ ਆਪਣਾ ਘਰ ਬਣਾਉਣ ਦੀ ਮਨਜ਼ੂਰੀ ਸੀ। ਉਹ ਪੀਣ ਲਈ ਉਸ ਖੂਹ ਤੋਂ ਪਾਣੀ ਨਹੀਂ ਲੈ ਸਕਦੇ ਸਨ, ਜਿੱਥੋਂ ਉੱਚ ਜਾਤੀਆਂ ਦੇ ਲੋਕ ਪਾਣੀ ਪੀਂਦੇ ਸਨ। ਮਹਿਲਾਵਾਂ ਉੱਚ ਜਾਤੀਆਂ ਦੇ ਘਰਾਂ ਵਿੱਚ ਸਫਾਈ ਦਾ ਕੰਮ ਕਰਦੀਆਂ ਸਨ।

ਅਛੂਤਾਂ ਨੂੰ ਉਦੋਂ ਆਪਣੀ ਕਮਰ ਪਿੱਛੇ ਝਾੜੂ ਬੰਨ੍ਹ ਕੇ ਚੱਲਣਾ ਪੈਂਦਾ ਸੀ, ਤਾਂਕਿ ਰਾਹ ਤੋਂ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਮਿਟ ਜਾਣ ਅਤੇ ਉਹ ਮੁੜ ਤੋਂ ਉੱਚ ਜਾਤੀਆਂ ਦੇ ਚੱਲਣ ਯੋਗ ਹੋ ਜਾਣ। ਛੂਆਛਾਤ ਤੇ ਭੇਦਭਾਵ ਦੇ ਇਸ ਮਾਹੌਲ ਵਿੱਚ ਅਛੂਤਾਂ ਨੂੰ ਬਰਾਬਰੀ ਦਾ ਹੱਕ ਦਿਵਾਉਣ ਲਈ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ 1924 ਵਿੱਚ ਮਹਾੜ ਅੰਦੋਲਨ ਦੀ ਸ਼ੁਰੂਆਤ ਕੀਤੀ। ਜੋਤੀਬਾ ਫੂਲੇ ਤੋਂ ਇੱਕ ਕਦਮ ਅੱਗੇ ਵਧਦੇ ਹੋਏ ਉਨ੍ਹਾਂ ਨੇ ਦੇਸ਼ ਵਿੱਚ ਸਭ ਤੋਂ ਪਹਿਲਾਂ ਅਛੂਤਾਂ ਲਈ ਸਮਾਜਿਕ, ਰਾਜਨੀਤਕ ਤੇ ਆਰਥਿਕ ਅਧਿਕਾਰਾਂ ਦੀ ਵਕਾਲਤ ਕੀਤੀ। ਇਸ ਦੇ ਲਈ ਬਾਬਾ ਸਾਹਿਬ ਅੰਬੇਡਕਰ ਨੇ 1924 ਵਿੱਚ ਵਾਂਝੇ ਵਰਗਾਂ ਦੇ ਸੰਸਥਾਨ ਦੀ ਸਥਾਪਨਾ ਕੀਤੀ।

1927 ਵਿੱਚ 'ਬਹਿਸ਼ਕ੍ਰਿਤ ਭਾਰਤ' ਨਾਂ ਦੀ ਮਰਾਠੀ ਪੱਤ੍ਰਿਕਾ ਕੱਢਣੀ ਸ਼ੁਰੂ ਕੀਤੀ। 1956 ਵਿੱਚ ਰੀਪਬਲਿਕਨ ਪਾਰਟੀ ਆਫ ਇੰਡੀਆ ਦੀ ਸਥਾਪਨਾ ਕੀਤੀ। ਬਾਬਾ ਸਾਹਿਬ ਅੰਬੇਡਕਰ ਨੇ ਦੱਬੇ-ਕੁਚਲੇ ਸਮਾਜ ਲਈ ਨੁਮਾਇੰਦਗੀ (ਰਾਖਵੇਂਕਰਨ) ਦੀ ਵਿਵਸਥਾ ਕੀਤੀ, ਤਾਂਕਿ ਸਦੀਆਂ ਤੋਂ ਸ਼ੋਸ਼ਿਤ ਇਸ ਸਮਾਜ ਨੂੰ ਵੀ ਅੱਗੇ ਵਧਣ ਲਈ ਬਰਾਬਰ ਮੌਕੇ ਮਿਲ ਸਕਣ।

ਬਾਬਾ ਸਾਹਿਬ ਅੰਬੇਡਕਰ ਤੋਂ ਬਾਅਦ ਉਨ੍ਹਾਂ ਦੇ ਅੰਦੋਲਨ ਨੂੰ ਅੱਗੇ ਵਧਾਉਣ ਦਾ ਕੰਮ ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਨੇ ਕੀਤਾ। ਉਨ੍ਹਾਂ ਨੇ ਬਹੁਜਨ ਸਮਾਜ ਦੇ ਵਿਚਾਰ ਨੂੰ ਅੱਗੇ ਵਧਾਇਆ ਅਤੇ ਦਲਿਤਾਂ, ਪੱਛੜਿਆਂ ਤੇ ਧਾਰਮਿਕ ਘੱਟ ਗਿਣਤੀਆਂ ਨੂੰ ਇੱਕਮੁੱਠ ਹੋਣ ਪ੍ਰਤੀ ਉਤਸ਼ਾਹਿਤ ਕੀਤਾ। ਸਾਹਿਬ ਕਾਂਸ਼ੀਰਾਮ ਬਹੁਜਨ ਸਮਾਜ ਦੇ ਲੋਕਾਂ ਦੇ ਮਨਾਂ 'ਚ ਇਹ ਗੱਲ ਬਿਠਾਉਣ 'ਚ ਸਫਲ ਰਹੇ ਕਿ ਹੱਕ ਮੰਗਣ ਨਾਲ ਨਹੀਂ ਮਿਲਣੇ, ਹੱਕ ਲੜਨ ਨਾਲ (ਸੰਘਰਸ਼ ਨਾਲ) ਮਿਲਦੇ ਹਨ।

ਸਾਹਿਬ ਕਾਂਸ਼ੀਰਾਮ ਨੇ 1978 'ਚ ਦਲਿਤਾਂ, ਪੱਛੜਿਆਂ ਤੇ ਧਾਰਮਿਕ ਘੱਟ ਗਿਣਤੀ ਕਰਮਚਾਰੀਆਂ ਦੇ ਸੰਗਠਨ ਬਾਮਸੇਫ ਦੀ ਸਥਾਪਨਾ ਕੀਤੀ। ਸਾਹਿਬ ਕਾਂਸ਼ੀਰਾਮ ਮੰਨਦੇ ਸਨ ਕਿ ਮਨੂੰਵਾਦੀ ਵਿਵਸਥਾ ਨੂੰ ਤੋੜਨ ਲਈ ਬਹੁਜਨ ਸਮਾਜ ਨੂੰ ਇਕੱਠੇ ਹੋਣਾ ਚਾਹੀਦਾ ਹੈ। ਇਸੇ ਮਿਸ਼ਨ ਤਹਿਤ ਉਨ੍ਹਾਂ ਨੇ 1981 'ਚ ਡੀਐੱਸ4 ਦੀ ਸਥਾਪਨਾ ਕੀਤੀ। ਡੀਐੱਸ4 ਦਾ ਮਤਲਬ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸੰਮਤੀ ਸੀ, ਜਿਸਦਾ ਮੁੱਖ ਨਾਰਾ ਸੀ, 'ਠਾਕੁਰ, ਬ੍ਰਾਹਮਣ ਬਣਿਆ ਛੋੜ, ਬਾਕੀ ਸਭ ਡੀਐੱਸ4'।

ਡੀਐੱਸ4 ਕੋਈ ਰਾਜਨੀਤਕ ਮੰਚ ਨਹੀਂ ਸੀ, ਪਰ ਇਸਦੇ ਰਾਹੀਂ ਸਾਹਿਬ ਕਾਂਸ਼ੀਰਾਮ ਨੇ ਦਲਿਤਾਂ, ਪੱਛੜਿਆਂ ਤੇ ਧਾਰਮਿਕ ਘੱਟ ਗਿਣਤੀਆਂ ਦੀ ਰਾਜਨੀਤਕ ਗੋਲਬੰਦੀ ਸ਼ੁਰੂ ਕਰ ਦਿੱਤੀ। ਡੀਐੱਸ4 ਤਹਿਤ ਸਾਹਿਬ ਕਾਂਸ਼ੀਰਾਮ ਨੇ ਵੱਡੇ ਪੱਧਰ 'ਤੇ ਜਨਸੰਪਰਕ ਮੁਹਿੰਮ ਚਲਾਈ, ਜਿਸ ਵਿੱਚ ਕੁਮਾਰੀ ਮਾਇਆਵਤੀ ਨੇ ਵੱਧ-ਚੜ੍ਹ ਕੇ ਸਾਥ ਦਿੱਤਾ। ਕੁਮਾਰੀ ਮਾਇਆਵਤੀ ਨੇ 20 ਸਾਲ ਦੀ ਉਮਰ 'ਚ ਹੀ ਇਸ ਅੰਦੋਲਨ ਲਈ ਆਪਣਾ ਘਰ ਛੱਡ ਦਿੱਤਾ, ਆਈਏਐਸ ਅਫਸਰ ਬਣਨ ਦਾ ਸੁਪਨਾ ਤਿਆਗ ਦਿੱਤਾ ਤੇ ਅੰਦੋਲਨ ਨੂੰ ਅੱਗੇ ਵਧਾਉਣ ਲਈ ਉਹ ਜੁਟ ਗਏ।

ਇਸਦੇ ਬਾਅਦ 14 ਅਪ੍ਰੈਲ 1984 ਨੂੰ ਸਾਹਿਬ ਕਾਂਸ਼ੀਰਾਮ ਨੇ ਰਾਜਨੀਤਕ ਸੰਗਠਨ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ। 2001 ਵਿੱਚ ਸਾਹਿਬ ਕਾਂਸ਼ੀਰਾਮ ਨੇ ਕੁਮਾਰੀ ਮਾਇਆਵਤੀ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ। ਕੁਮਾਰੀ ਮਾਇਆਵਤੀ ਨੇ ਸਾਹਿਬ ਕਾਂਸ਼ੀਰਾਮ ਦੀ ਰਾਜਨੀਤਕ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਬਹੁਜਨ ਸਮਾਜ ਦੇ ਨਾਲ-ਨਾਲ ਉੱਚ ਜਾਤੀਆਂ ਦੇ ਗਰੀਬਾਂ ਨੂੰ ਵੀ ਆਪਣੇ ਨਾਲ ਜੋੜ ਕੇ ਭਾਰਤ ਦੀ ਰਾਜਨੀਤੀ ਵਿੱਚ ਸੋਸ਼ਲ ਇੰਜੀਨਿਅਰਿੰਗ ਦਾ ਸਫਲ ਫਾਰਮੂਲਾ ਘੜਿਆ ਅਤੇ ਦੂਜੀਆਂ ਪਾਰਟੀਆਂ ਨੂੰ ਵੀ ਆਪਣੀ ਰਾਜਨੀਤਕ ਜੋੜ-ਤੋੜ ਵਿੱਚ ਦਲਿਤ ਵੋਟਾਂ ਦੀ ਚਿੰਤਾ ਕਰਨ 'ਤੇ ਮਜ਼ਬੂਰ ਕਰ ਦਿੱਤਾ।

ਜੇਕਰ ਉੱਤਰ ਵਿੱਚ ਅੱਜ ਸਮਾਜਿਕ ਅੰਦੋਲਨਾਂ ਤੋਂ ਪੈਦਾ ਹੋਈ ਰਾਜਨੀਤਕ ਵਿਵਸਥਾ ਆਪਣੀ ਜੜ੍ਹਾਂ ਜਮ੍ਹਾ ਰਹੀ ਹੈ ਤਾਂ ਦੱਖਣ ਵਿੱਚ ਵੀ ਮੌਜੂਦਾ ਰਾਜਨੀਤੀ, ਸੁਧਾਰਵਾਦੀ ਅੰਦੋਲਨਾਂ ਤੋਂ ਪੈਦਾ ਸੋਚ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਇਹੀ ਕਾਰਨ ਹੈ ਕਿ ਦੱਖਣ ਭਾਰਤ ਵਿੱਚ ਸੁਧਾਰਵਾਦੀ ਅੰਦੋਲਨ ਚਲਾਉਣ ਵਾਲੇ ਪੈਰੀਆਰ ਹੁਣ ਵੀ ਰਾਜਨੀਤੀ ਦੇ ਕੇਂਦਰ ਵਿੱਚ ਬਣੇ ਹੋਏ ਹਨ। ਦੱਖਣ ਭਾਰਤ ਵਿੱਚ ਰਾਮਾਸਾਮੀ ਪੈਰੀਆਰ ਨੂੰ ਦੱਬੇ ਕੁਚਲੇ ਸਮਾਜ ਦੇ ਮਸੀਹਾ ਦਾ ਦਰਜਾ ਦਿੱਤਾ ਜਾਂਦਾ ਹੈ।

ਪੈਰੀਆਰ ਨੂੰ ਦ੍ਰਵਿੜ ਰਾਜਨੀਤੀ ਦਾ ਜਨਮਦਾਤਾ ਕਿਹਾ ਜਾਂਦਾ ਹੈ। ਪੈਰੀਆਰ ਨੇ ਬ੍ਰਾਹਮਣਵਾਦ ਖਿਲਾਫ ਅੰਦੋਲਨ ਦੀ ਨੀਂਹ ਰੱਖੀ। ਫਿਲਹਾਲ ਉੱਤਰ ਤੋਂ ਲੈ ਕੇ ਦੱਖਣ ਤੱਕ ਦੇਸ਼ ਵਿੱਚ ਦਲਿਤਾਂ ਦੇ ਨਾਂ 'ਤੇ ਪ੍ਰਤੀਕਾਂ ਦੀ ਰਾਜਨੀਤੀ ਜ਼ੋਰ ਫੜ ਰਹੀ ਹੈ। ਕੋਈ ਦਲਿਤਾਂ ਦੇ ਘਰ ਭੋਜਨ ਕਰਕੇ ਸਮਾਜਿਕ ਬਰਾਬਰੀ ਦਾ ਸੰਦੇਸ਼ ਦੇਣ 'ਚ ਲੱਗਾ ਹੈ ਤਾਂ ਕੋਈ ਮੂਰਤੀਆਂ ਨੂੰ ਨੁਕਸਾਨ ਪਹੁੰਚਾ ਕੇ ਦਲਿਤਾਂ ਨੂੰ ਲੈ ਕੇ ਸਦੀਆਂ ਤੋਂ ਚੱਲੀ ਆ ਰਹੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਿਹਾ ਹੈ।
-ਅਮਿਤ

Comments

Leave a Reply