Wed,Apr 01,2020 | 07:54:05am
HEADLINES:

Social

ਯੌਨ ਸ਼ੋਸ਼ਣ ਤੋਂ ਡਰੀਆਂ ਲੜਕੀਆਂ ਕਿਵੇਂ ਮੈਡਲ ਲਿਆਉਣਗੀਆਂ?

ਯੌਨ ਸ਼ੋਸ਼ਣ ਤੋਂ ਡਰੀਆਂ ਲੜਕੀਆਂ ਕਿਵੇਂ ਮੈਡਲ ਲਿਆਉਣਗੀਆਂ?

ਸਾਲ 2016 'ਚ ਬੇਂਗਲੁਰੂ ਦੇ ਕਾਂਤੀਰਵਾ ਸਟੇਡੀਅਮ ਦੇ ਰੈਸਟ ਰੂਮ 'ਚ ਲੱਗੇ ਇੱਕ ਅਸ਼ਲੀਲ ਸੰਦੇਸ਼ ਨੇ ਮਹਿਲਾ ਐਥਲੀਟਸ ਨੂੰ ਹੈਰਾਨੀ 'ਚ ਪਾ ਦਿੱਤਾ ਸੀ। ਇਹ ਸੰਦੇਸ਼ ਸੀ, 'ਪ੍ਰੈਕਟਿਸ ਤੋਂ ਪਹਿਲਾਂ ਫਿੰਗਰਿੰਗ' (ਮਾਸਟਰਬੇਸ਼ਨ) ਜ਼ਰੂਰ ਕਰੋ। ਇਸ ਨਾਲ ਤੁਹਾਨੂੰ ਖੇਡਣ ਵੇਲੇ ਥਕਾਵਟ ਨਹੀਂ ਹੋਵੇਗੀ।

ਨਾਲ ਹੀ ਗ੍ਰਾਫਿਕ ਨਿਰਦੇਸ਼ ਵੀ ਦਿੱਤੇ ਗਏ ਸਨ। ਦੁੱਖਦਾਇਕ ਪੱਖ ਇਹ ਸੀ ਕਿ ਇਹ ਕਿਸੇ ਸ਼ਰਾਰਤੀ ਅਨਸਰ ਦੀ ਸ਼ਰਾਰਤ ਨਹੀਂ ਸੀ, ਸਗੋਂ ਸਪੋਰਟਸ ਅਥਾਰਿਟੀ ਦਾ ਕੀਤਾ ਕਰਾਇਆ ਸੀ, ਪਰ ਕਿਸੇ ਨੇ ਅਥਾਰਿਟੀ ਤੋਂ ਸਵਾਲ ਨਹੀਂ ਕੀਤੇ। ਹਾਲ ਹੀ 'ਚ ਆਰਟੀਆਈ ਤੋਂ ਪਤਾ ਲੱਗਾ ਹੈ ਕਿ ਸਪੋਰਟਸ ਅਥਾਰਿਟੀ ਆਫ ਇੰਡੀਆ, ਮਤਲਬ ਐੱਸਏਆਈ ਤਹਿਤ ਆਉਣ ਵਾਲੀਆਂ 24 ਸੰਸਥਾਵਾਂ 'ਚ ਪਿਛਲੇ 10 ਸਾਲਾਂ 'ਚ ਯੌਨ ਸ਼ੋਸ਼ਣ ਦੇ 45 ਮਾਮਲੇ ਸਾਹਮਣੇ ਆਏ ਹਨ। ਇਸ ਖਬਰ ਨਾਲ 4 ਸਾਲ ਪੁਰਾਣੀ ਇਹ ਘਟਨਾ ਯਾਦ ਆ ਗਈ।

ਉਂਜ ਆਰਟੀਆਈ ਦੇ ਖੁਲਾਸੇ ਤੋਂ ਬਾਅਦ ਐੱਸਏਆਈ ਦੀ ਸਾਬਕਾ ਡਾਇਰੈਕਟਰ ਜਨਰਲ ਨੇ ਕਿਹਾ ਹੈ ਕਿ ਇਹ ਸੰਖਿਆ ਬਹੁਤ ਜ਼ਿਆਦਾ ਹੋ ਸਕਦੀ ਹੈ, ਕਿਉਂਕਿ ਬਹੁਤ ਸਾਰੀਆਂ ਲੜਕੀਆਂ ਸ਼ਿਕਾਇਤ ਕਰਦੀਆਂ ਹੀ ਨਹੀਂ। ਸ਼ਿਕਾਇਤ ਕਰਦੀਆਂ ਹਨ ਤਾਂ ਉਸਨੂੰ ਵਾਪਸ ਲੈ ਲੈਂਦੀਆਂ ਹਨ ਜਾਂ ਆਪਣੇ ਬਿਆਨ ਨੂੰ ਬਦਲ ਦਿੰਦੀਆਂ ਹਨ। ਉਨ੍ਹਾਂ ਨੂੰ ਆਪਣੇ ਕੈਰੀਅਰ ਦੀ ਫਿਕਰ ਹੁੰਦੀ ਹੈ। ਖਾਸ ਗੱਲ ਇਹ ਹੈ ਕਿ 45 'ਚੋਂ 29 ਸ਼ਿਕਾਇਤਾਂ ਤਾਂ ਕੋਚ ਖਿਲਾਫ ਹੀ ਕੀਤੀਆਂ ਗਈਆਂ ਹਨ। 2010 'ਚ ਹਾਕੀ ਦੇ ਮਸ਼ਹੂਰ ਖਿਡਾਰੀ ਐੱਮਕੇ ਕੌਸ਼ਿਕ ਖਿਲਾਫ ਹਾਕੀ ਟੀਮ ਦੀਆਂ 31 ਮੈਂਬਰਾਂ ਨੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ।

ਕੌਸ਼ਿਕ ਨੂੰ ਅਸਤੀਫਾ ਦੇਣਾ ਪਿਆ ਸੀ, ਪਰ ਅਜਿਹੇ ਜ਼ਿਆਦਾਤਰ ਮਾਮਲਿਆਂ 'ਚ ਕਾਰਵਾਈ ਹੁੰਦੀ ਨਹੀਂ। ਲੜਕੀਆਂ ਘਬਰਾ ਜਾਂਦੀਆਂ ਹਨ। ਖੇਡ ਦੀ ਦੁਨੀਆ ਦੇ ਸ਼ਕਤੀਸ਼ਾਲੀ ਨਿਜ਼ਾਮ ਦੇ ਸਾਹਮਣੇ ਹਾਰ ਜਾਂਦੀਆਂ ਹਨ। ਯੌਨ ਹਿੰਸਾ ਦਾ ਸਭ ਤੋਂ ਜ਼ਿਆਦਾ, ਸਭ ਤੋਂ ਤਾਕਤਵਰ ਹਥਿਆਰ ਕਿਸਦੇ ਕੋਲ ਹੈ, ਕਿਸਦੇ ਕੋਲ ਇੱਕ ਸੰਗਠਿਤ ਸ਼ਕਤੀ ਹੈ, ਜੋ ਵੈਧ ਢੰਗ ਨਾਲ ਹਿੰਸਾ ਕਰ ਪਾਉਂਦੀ ਹੈ। ਬੇਸ਼ੱਕ, ਇਹ ਸੰਭਵ ਨਹੀਂ ਕਿ ਡਰੀਆਂ ਲੜਕੀਆਂ ਖੁੱਲ ਕੇ ਖੇਡਣ। ਮੈਡਲ ਜਿੱਤ ਕੇ ਲਿਆਉਣ।

ਮਈ 2015 'ਚ ਕੇਰਲ ਦੇ ਅਲਪੁਜਾ 'ਚ 15 ਸਾਲ ਦੀ ਇੱਕ ਮਹਿਲਾ ਐਥਲੀਟ ਨੇ ਖੁਦਕੁਸ਼ੀ ਕਰ ਲਈ ਸੀ। ਉਸਨੇ ਆਪਣੇ ਸੀਨੀਅਰ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲਗਾਏ ਸਨ। 3 ਦੂਜੀਆਂ ਲੜਕੀਆਂ ਨੇ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਜਿਹਾ ਇੱਕ ਮਾਮਲਾ 2009 'ਚ ਵੀ ਹੋਇਆ ਸੀ, ਜਦੋਂ 21 ਸਾਲ ਦੀ ਬਾਕਸਰ ਏ. ਅਮਰਾਵਤੀ ਨੇ ਹੈਦਰਾਬਾਦ 'ਚ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ ਸੀ, ਕਿਉਂਕਿ ਉਸਦਾ ਕੋਚ ਲਗਾਤਾਰ ਉਸਦਾ ਸ਼ੋਸ਼ਣ ਕਰਦਾ ਸੀ। ਬਾਅਦ 'ਚ ਉਸ ਕੇਸ ਨੂੰ ਇਹ ਕਹਿ ਕੇ ਖਤਮ ਕਰ ਦਿੱਤਾ ਗਿਆ ਸੀ ਕਿ ਲੜਕੀ ਆਤਮਵਿਸ਼ਵਾਸ ਦੀ ਕਮੀ ਦਾ ਸਾਹਮਣਾ ਕਰ ਰਹੀ ਸੀ।

ਹਾਲ ਫਿਲਹਾਲ ਦੀ ਆਰਟੀਆਈ 'ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਯੌਨ ਸ਼ੋਸ਼ਣ ਦੇ ਮਾਮਲਿਆਂ ਦੀ ਜਾਂਚ ਲੰਮੇ ਸਮੇਂ ਤੱਕ ਲਟਕੀ ਰਹਿੰਦੀ ਹੈ ਅਤੇ ਕੋਈ ਨਤੀਜਾ ਨਹੀਂ ਨਿਕਲਦਾ। ਅਜਿਹੇ 'ਚ ਉਨ੍ਹਾਂ ਲੜਕੀਆਂ ਦਾ ਕੀ, ਜੋ ਪਹਿਲਾਂ ਹੀ ਕਈ ਤਰ੍ਹਾਂ ਦੇ ਲਿੰਗ ਆਧਾਰਿਤ ਭੇਦਭਾਵ 'ਚੋਂ ਕਿਸੇ ਤਰ੍ਹਾਂ ਬਾਹਰ ਆ ਕੇ ਇੱਥੇ ਤੱਕ ਪਹੁੰਚਦੀਆਂ ਹਨ।

ਜ਼ਿਆਦਾਤਰ ਲਈ ਗਰੀਬੀ 'ਚੋਂ ਨਿਕਲਣ ਦਾ ਇੱਕੋ ਇੱਕ ਰਾਹ ਇਹੀ ਹੁੰਦਾ ਹੈ ਕਿ ਉਹ ਖੇਡਾਂ ਦੀ ਦੁਨੀਆ 'ਚ ਥੋੜਾ ਬਹੁਤ ਨਾਂ ਕਮਾਉਣ ਅਤੇ ਇੱਕ ਸਰਕਾਰੀ ਨੌਕਰੀ ਆਪਣੇ ਨਾਂ ਕਰ ਲੈਣ। ਇਸ ਲਈ ਚੁੱਪ ਚਾਪ ਸ਼ੋਸ਼ਣ ਨੂੰ ਬਰਦਾਸ਼ਤ ਕਰਦੀਆਂ ਰਹਿੰਦੀਆਂ ਹਨ। ਐੱਸਏਆਈ ਦੇ ਸਾਬਕਾ ਡਾਇਰੈਕਟਰ ਦਾ ਖੁਦ ਇਹੀ ਕਹਿਣਾ ਹੈ।

ਸ਼ੋਸ਼ਣ ਤੋਂ ਬਚ ਵੀ ਗਏ ਤਾਂ ਲਿੰਗ ਅਧਾਰਿਤ ਭੇਦਭਾਵ ਤੋਂ ਕਿਵੇਂ ਬਚਣਗੇ
ਖੇਡਾਂ ਦੀ ਦੁਨੀਆ 'ਚ ਸਿਰਫ ਯੌਨ ਸ਼ੋਸ਼ਣ ਇੱਕ ਸਮੱਸਿਆ ਨਹੀਂ ਹੈ। ਜ਼ਿਆਦਾਤਰ ਮਹਿਲਾ ਖਿਡਾਰੀਆਂ ਨੂੰ ਹਰ ਮੋਰਚੇ 'ਤੇ ਲਿੰਗ ਆਧਾਰਿਤ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਕਮੇਟੀਆਂ 'ਚ ਉਨ੍ਹਾਂ ਨੂੰ ਨੁਮਾਇੰਦਗੀ ਨਹੀਂ ਮਿਲਦੀ। ਜਿਵੇਂ ਭਾਰਤ 'ਚ ਨੈਸ਼ਨਲ ਓਲੰਪਿਕ ਕਮੇਟੀ 'ਚ ਮਹਿਲਾਵਾਂ ਦੀ ਨੁਮਾਇੰਦਗੀ ਸਿਰਫ 3.5 ਫੀਸਦੀ ਹੈ। ਸਵੀਮਿੰਗ ਫੈੱਡਰੇਸ਼ਨ ਆਫ ਇੰਡੀਆ, ਵਾਲੀਬਾਲ ਫੈੱਡਰੇਸ਼ਨ ਆਫ ਇੰਡੀਆ, ਇੰਡੀਆ ਰਗਬੀ ਯੂਨੀਅਨ ਵਰਗੇ 8 ਰਾਸ਼ਟਰੀ ਖੇਡ ਫੈਡਰੇਸ਼ਨਾਂ 'ਚ ਇੱਕ ਵੀ ਮਹਿਲਾ ਮੈਂਬਰ ਨਹੀਂ ਹੈ। ਬਾਕੀ ਦੇ ਫੈਡਰੇਸ਼ਨਾਂ 'ਚ ਮਹਿਲਾਵਾਂ ਦੀ ਨੁਮਾਇੰਦਗੀ 2 ਤੋਂ 8 ਫੀਸਦੀ ਵਿਚਕਾਰ ਹੈ।

ਸਭ ਤੋਂ ਜ਼ਿਆਦਾ ਨੁਮਾਇੰਦਗੀ ਹਾਕੀ ਫੈਡਰੇਸ਼ਨ 'ਚ ਹੈ, ਜੋ ਕਿ 34 ਫੀਸਦੀ ਹੈ। ਇਸ ਤੋਂ ਇਲਾਵਾ ਮਹਿਲਾ ਖਿਡਾਰੀਆਂ ਨੂੰ ਪੁਰਸ਼ ਖਿਡਾਰੀਆਂ ਤੋਂ ਘੱਟ ਮੇਹਨਤਾਨਾ ਤੇ ਐਵਾਰਡ ਰਕਮ ਵੀ ਦਿੱਤੀ ਜਾਂਦੀ ਹੈ। ਦੇਸ਼ 'ਚ ਏ ਪਲੱਸ ਕੈਟੇਗਰੀ ਦੇ ਪੁਰਸ਼ ਕ੍ਰਿਕਟਰਾਂ ਨੂੰ ਬੀਸੀਸੀਆਈ 7 ਕਰੋੜ ਰੁਪਏ ਸਲਾਨਾ ਦਿੰਦਾ ਹੈ ਅਤੇ ਇਸੇ ਸ਼੍ਰੇਣੀ ਦੀਆਂ ਮਹਿਲਾ ਕ੍ਰਿਕਟਰਾਂ 50 ਲੱਖ ਰੁਪਏ ਸਲਾਨਾ ਮਿਲਦੇ ਹਨ।

ਪ੍ਰਾਈਜ਼ ਮਨੀ ਵੀ ਅਲੱਗ-ਅਲੱਗ ਹੁੰਦੀ ਹੈ। ਕਈ ਸਾਲ ਪਹਿਲਾਂ ਦੀਪੀਕਾ ਪੱਲੀਕਲ ਦੇ ਪ੍ਰਾਈਜ਼ ਮਨੀ ਦੇ ਮੁੱਦੇ 'ਤੇ 5 ਸਾਲ ਤੱਕ ਨੈਸ਼ਨਲ ਸਕਵਾਸ਼ ਚੈਂਪੀਅਨਸ਼ਿਪ ਦਾ ਬਾਇਕਾਟ ਕੀਤਾ ਗਿਆ ਸੀ। ਜਦੋਂ ਪ੍ਰਾਈਜ਼ ਮਨੀ ਬਰਾਬਰ ਹੋਈ, ਉਦੋਂ 2016 'ਚ ਉਨ੍ਹਾਂ ਨੇ ਜੋਸ਼ਨਾ ਨੂੰ ਹਰਾ ਕੇ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ।

ਯੌਨ ਸ਼ੋਸ਼ਣ ਦਾ ਜਵਾਬ ਕੀ ਹੈ
ਮੁੱਦਾ ਫਿਰ ਉਹੀ ਹੈ। ਮਹਿਲਾ ਖਿਡਾਰੀਆਂ ਨੂੰ ਅੱਤਿਆਚਾਰ ਦਾ ਸਾਹਮਣਾ ਕਦੋਂ ਤੱਕ ਕਰਨਾ ਹੋਵੇਗਾ। ਜਵਾਬ ਵੀ ਮੁਸ਼ਕਿਲ ਹੈ, ਪਰ ਪਹਿਲ ਕੀਤੀ ਜਾ ਸਕਦੀ ਹੈ। ਸਥਿਤੀਆਂ 'ਚ ਸੁਧਾਰ ਕੀਤਾ ਜਾ ਸਕਦਾ ਹੈ। ਫੈਡਰੇਸ਼ਨਾਂ 'ਚ ਇੰਟਰਨਲ ਕੰਪਲੇਨ ਕਮੇਟੀ ਦੇ ਨਾਲ-ਨਾਲ ਸੈਂਟਰਲ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਜਾਂਚ 'ਚ ਤੇਜ਼ੀ ਲਿਆਂਦੀ ਜਾ ਸਕਦੀ ਹੈ। ਆਮ ਤੌਰ 'ਤੇ ਯੌਨ ਸ਼ੋਸ਼ਣ ਦੇ ਮਾਮਲਿਆਂ 'ਚ ਜਿਸ ਇੱਕ ਅਸੂਲ ਨੂੰ ਠੋਕਰ ਮਾਰੀ ਜਾਂਦੀ ਹੈ, ਉਹ ਬਰਾਬਰੀ ਦਾ ਅਸੂਲ ਹੁੰਦਾ ਹੈ। ਐੱਸਏਆਈ ਨੂੰ ਵੀ ਇਸ ਬਰਾਬਰੀ ਦੇ ਅਸੂਲ ਨੂੰ ਯਾਦ ਰੱਖਣਾ ਚਾਹੀਦਾ ਹੈ।
-ਮਾਸ਼ਾ

Comments

Leave a Reply