Mon,Jan 21,2019 | 02:18:05pm
HEADLINES:

Social

ਸਮਾਨਤਾ, ਸੁਤੰਤਰਤਾ, ਭਾਈਚਾਰੇ ਤੇ ਖੁਸ਼ਹਾਲੀ ਦਾ ਰਾਹ ਦਿਖਾਉਂਦਾ 'ਬੇਗਮਪੁਰਾ'

ਸਮਾਨਤਾ, ਸੁਤੰਤਰਤਾ, ਭਾਈਚਾਰੇ ਤੇ ਖੁਸ਼ਹਾਲੀ ਦਾ ਰਾਹ ਦਿਖਾਉਂਦਾ 'ਬੇਗਮਪੁਰਾ'

ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਜੀਵਨ ਅਤੇ ਮਿਸ਼ਨ ਉਨ੍ਹਾਂ ਲੋਕਾਂ ਦੇ ਲੇਖੇ ਸੀ, ਜਿਨ੍ਹਾਂ ਨੂੰ ਇਸ ਸਮਾਜ ਦੇ ਠੇਕੇਦਾਰ ਲੰਬੇ ਅਰਸੇ ਤੋਂ ਕੋਹ-ਕੋਹ ਕੇ ਤਰ੍ਹਾਂ-ਤਰ੍ਹਾਂ ਦੀਆਂ ਯਾਤਨਾਵਾਂ ਦੇ ਕੇ ਉਨ੍ਹਾਂ ਤੋਂ ਕੰਮ ਵੀ ਲੈਂਦੇ ਆ ਰਹੇ ਸਨ ਅਤੇ ਬਦਲੇ ਵਿਚ ਰੋਟੀ ਅਤੇ ਕੱਪੜੇ ਦੀ ਬਜਾਏ ਭੁੱਖ ਅਤੇ ਗਰੀਬੀ ਵੀ ਦੇ ਰਹੇ ਸਨ। ਉਨ੍ਹਾਂ ਦਾ ਕੋਈ ਵਾਲੀ-ਵਾਰਸ ਨਹੀਂ ਸੀ, ਕੋਈ ਬਾਂਹ ਫੜਨ ਵਾਲਾ ਨਹੀਂ ਸੀ।

ਉਨ੍ਹਾਂ ਦੀ ਇਸ ਲਾਚਾਰੀ ਦੀ ਹਾਲਤ ਵਿਚ ਗੁਰੂ ਜੀ ਨੇ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਸਮਾਜ ਵਲੋਂ ਕੀਤੀਆਂ ਜਾ ਰਹੀਆਂ ਘੋਰ ਬੇਇਨਸਾਫੀਆਂ ਵਿਰੁੱਧ ਇੱਕ ਬਗਾਵਤ ਖੜ੍ਹੀ ਕਰ ਦਿੱਤੀ। ਗੁਰੂ ਸਾਹਿਬ ਦੀ ਸਮੁੱਚੀ ਬਾਣੀ ਇਨ੍ਹਾਂ ਨਾਲ ਹੀ ਸਬੰਧਤ ਵਿਚਾਰਾਂ ਨਾਲ ਲਬਰੇਜ਼ ਹੈ। ਉਹ ਇਸ ਤਰ੍ਹਾਂ ਦੀ ਘਟੀਆ ਸਮਾਜਿਕ ਵਿਵਸਥਾ ਨੂੰ ਬਦਲਣਾ ਚਾਹੁੰਦੇ ਸਨ, ਨਿਤਾਣਿਆਂ ਨੂੰ ਤਾਣ ਅਤੇ ਨਿਆਸਰਿਆਂ ਨੂੰ ਆਸਰਾ ਪ੍ਰਦਾਨ ਕਰਨਾ ਚਾਹੁੰਦੇ ਸਨ। ਇਸ ਸੰਦਰਭ ਵਿੱਚ ਉਨ੍ਹਾਂ ਦੇ 'ਬੇਗਮਪੁਰੇ' ਦੇ ਸੰਕਲਪ ਦੀ ਖਾਸ ਮਹੱਤਤਾ ਬਣਦੀ ਹੈ।

ਸ੍ਰੀ ਗੁਰੂ ਰਵਿਦਾਸ ਜੀ ਦੇ ਫਲਸਫੇ ਵਿੱਚ ਆਇਆ ਇਹ 'ਬੇਗਮਪੁਰੇ' ਦਾ ਵਿਚਾਰ ਆਮ ਕਰਕੇ ਦੋ ਤਰ੍ਹਾਂ ਨਾਲ ਲਿਆ ਜਾਂਦਾ ਹੈ। ਪਹਿਲੀ ਸ਼੍ਰੇਣੀ ਦੇ ਨਿਰੋਲ ਧਾਰਮਿਕ ਵਿਚਾਰਾਂ ਵਾਲੇ ਇਸਨੂੰ ਬਹੁਤ ਉੱਚੀ ਮਾਨਸਿਕ ਅਵਸਥਾ ਮੰਨਦੇ ਹਨ, ਜਿੱਥੇ ਪਹੁੰਚ ਕੇ ਮਨੁੱਖ ਦੁੱਖਾਂ ਅਤੇ ਗਮਾਂ ਤੋਂ ਰਹਿਤ ਹੋ ਜਾਂਦਾ ਹੈ। ਦੂਜੀ ਸ਼੍ਰੇਣੀ ਦੇ ਲੋਕ ਇਸਨੂੰ ਸਮਾਜ ਦੀ ਉਹ ਅਵਸਥਾ ਮੰਨਦੇ ਹਨ, ਜਿਸ ਵਿਚ ਸਭ ਪਾਸਿਆਂ ਤੋਂ ਬਰਾਬਰਤਾ ਦਾ ਪਸਾਰ ਹੁੰਦਾ ਹੋਵੇ ਤੇ ਜਿਸ ਨਾਲ ਇੱਕ ਆਦਰਸ਼ ਸਮਾਜ ਦੀ ਸਿਰਜਣਾ ਹੁੰਦੀ ਹੋਵੇ।

ਬੇਗਮਪੁਰੇ ਦੀਆਂ ਇਹ ਦੋਵੇਂ ਅਵਸਥਾਵਾਂ ਆਦਰਸ਼ਕ ਹਨ। ਇੱਕ ਆਦਰਸ਼ ਵਿਅਕਤੀ ਸਿਰਜਦੀ ਹੈ ਤੇ ਦੂਜੀ ਆਦਰਸ਼ ਸਮਾਜ। ਦੋਵੇਂ ਇਕ-ਦੂਜੇ ਨਾਲ ਰਲਦਾ-ਮਿਲਦਾ ਮੰਤਵ ਪੈਦਾ ਕਰਦੇ ਹਨ। ਆਦਰਸ਼ ਵਿਅਕਤੀਆਂ ਦਾ ਜੋੜ ਜਮ੍ਹਾਂ ਹੀ ਵਧੀਆ ਸਮਾਜ ਸਿਰਜਦਾ ਹੈ ਅਤੇ ਵਧੀਆ ਸਮਾਜ ਹੀ ਆਦਰਸ਼ ਵਿਅਕਤੀ ਪੈਦਾ ਕਰੇਗਾ।

ਦੋਹਾਂ ਦਾ ਆਖਰੀ ਮੰਤਵ ਤਾਂ ਮਨੁੱਖਤਾ ਦੀ ਭਲਾਈ ਹੈ। ਉਂਝ ਤਾਂ ਸ੍ਰੀ ਗੁਰੂ ਰਵਿਦਾਸ ਜੀ ਦਾ ਫਲਸਫਾ ਹੀ ਮਨੁੱਖ ਮਾਤਰ ਦੀ ਸਮੁੱਚੀ ਭਲਾਈ ਨੂੰ ਸਮਰਪਿਤ ਹੈ, ਪਰ ਉਨ੍ਹਾਂ ਦਾ ਇਹ 'ਬੇਗਮਪੁਰੇ' ਦਾ ਸੰਕਲਪ ਇੱਕ ਵੱਖਰੀ ਪਛਾਣ ਵਾਲਾ ਹੈ, ਜੋ ਗੁਰੂ ਜੀ ਨੂੰ ਇੱਕ ਮਹਾਨ ਸਮਾਜਵਾਦੀ ਚਿੰਤਕ ਦੀ ਸ਼ਖਸੀਅਤ ਵਜੋਂ ਉਘਾੜਦਾ ਹੈ। ਉਨ੍ਹਾਂ ਦਾ ਸਮਾਂ ਇਤਿਹਾਸ ਦਾ ਉਹ ਭਿਆਨਕ ਦੌਰ ਸੀ, ਜਿਸ ਵਿੱਚ ਸਮਾਜ ਦਾ ਵੱਡਾ ਹਿੱਸਾ ਮਨੁੱਖਤਾ ਦੇ ਪੱਧਰ ਤੋਂ ਹੇਠਾਂ ਗਿਰਾਇਆ ਗਿਆ, ਅਛੂਤ ਸ਼ੂਦਰ ਦੇ ਰੂਪ ਵਿੱਚ ਤਰ੍ਹਾਂ-ਤਰ੍ਹਾਂ ਦੇ ਸੰਤਾਪ ਭੋਗ ਰਿਹਾ ਸੀ। 

ਮਨੁੱਖਾਂ ਤੋਂ ਹੇਠਲੀ ਪੱਧਰ ਜਾਨਵਰਾਂ ਦੀ ਹੁੰਦੀ ਹੈ, ਪਰ ਇਹ ਅਛੂਤ ਮਨੁੱਖ ਅਜਿਹਾ ਜਾਨਵਰ ਸੀ, ਜੋ ਜਾਨਵਰਾਂ ਤੋਂ ਵੀ ਹੇਠਲੀ ਪੱਧਰ 'ਤੇ ਜਿਊਣ ਲਈ ਮਜਬੂਰ ਸੀ। ਅਛੂਤ ਨੂੰ ਛੂਹਣਾ ਤੇ ਪਿਆਰ ਕਰਨਾ ਤਾਂ ਦੂਰ ਦੀ ਗੱਲ, ਉਸਦੇ ਪਰਛਾਵੇਂ ਤੋਂ ਵੀ ਉੱਚ ਜਾਤੀਆਂ ਨੂੰ ਭਿੱਟ ਚੜ੍ਹਦੀ ਸੀ ਤੇ ਉਸ ਤੋਂ ਦੂਰ ਹੋ ਕੇ ਲੰਘਿਆ ਜਾਂਦਾ ਸੀ। ਪਾਲਤੂ ਜਾਨਵਰ ਨੂੰ ਜਿੱਥੇ ਲਾਡ ਪਿਆਰ ਦੇ ਨਾਲ-ਨਾਲ ਖਾਣ ਨੂੰ ਵੀ ਵਧੀਆ ਦਿੱਤਾ ਜਾਂਦਾ ਸੀ ਤੇ ਦੇਖਭਾਲ ਵੀ ਪੂਰੀ ਕੀਤੀ ਜਾਂਦੀ ਸੀ, ਪਰ ਇਸ ਘਟੀਆ ਅਤੇ ਨੀਚ ਬਣਾਏ ਜਾਨਵਰ ਰੂਪੀ ਮਨੁੱਖ ਨੂੰ ਤਾਂ ਬਚੀ ਖੁਚੀ ਤੇ ਗੰਦੀ-ਮੰਦੀ ਜੂਠ ਜਾਂ ਮਰੇ ਡੰਗਰ ਦਾ ਬੀਮਾਰ ਮਾਸ ਅਤੇ ਫਟੀ ਪੁਰਾਣੀ ਉਤਰਣ ਦੇਣ ਉਪਰੰਤ ਵੀ ਉਸਨੂੰ ਫਿਟਕਾਰਾਂ, ਗਾਲ੍ਹਾਂ, ਲਾਹਣਤਾਂ ਤੇ ਕੁੱਟਮਾਰ ਨਾਲ ਨਿਵਾਜਿਆ ਜਾਂਦਾ ਸੀ।

ਇਹੋ ਜਿਹੀ ਗੈਰ-ਮਨੁੱਖੀ ਸਮਾਜਿਕ ਵਿਵਸਥਾ ਦੇ ਵਿਰੁੱਧ ਇੱਕ ਬੁਲੰਦ ਆਵਾਜ਼ ਸੀ ਗੁਰੂ ਜੀ ਦਾ ਇਹ ਸੰਕਲਪ। ਮਾਨਵ ਵਿਰੋਧੀਆਂ ਵਲੋਂ ਪੈਦਾ ਕੀਤੀ ਗਈ ਵਰਣ ਵਿਵਸਥਾ, ਜਾਤ-ਪਾਤ, ਊਚ-ਨੀਚ, ਘਿਰਣਾ-ਨਫਰਤ ਵਾਲੇ ਸਮਾਜ ਵਿੱਚ ਬੁਰੀ ਤਰ੍ਹਾਂ ਠੋਕਰਾਂ ਖਾ ਰਹੇ ਤੇ ਨਿੱਤ ਸੂਲੀ ਚੜ੍ਹ ਰਹੇ ਅਛੂਤ ਨੂੰ ਜਗਾਕੇ ਉਸਨੂੰ ਮਨੁੱਖਾਂ ਵਾਲਾ ਦਰਜਾ ਦੁਆਕੇ ਇੱਕ ਸਮਾਨਤਾ ਸੁਤੰਤਰਤਾ ਤੇ ਭਾਈਚਾਰੇ ਵਾਲਾ ਸਮਾਜ ਸਿਰਜਣ ਦਾ ਸੁਪਨਾ ਸੀ ਸ੍ਰੀ ਗੁਰੂ ਰਵਿਦਾਸ ਜੀ ਦਾ। ਜਿਸ ਸਮਾਜ ਵਿੱਚ ਨਾ ਟੋਏ ਟਿੱਬੇ ਰਹਿਣ, ਨਾ ਛੋਟਾ-ਵੱਡਾ ਰਹੇ, ਨਾ ਮਾਲਕ-ਗੁਲਾਮ ਰਹੇ। ਇਸ ਸਾਰੇ ਸੰਕਲਪ ਨੂੰ ਇੰਝ ਵਿਚਾਰਿਆ ਤੇ ਉਤਾਰਿਆ ਹੈ ਬੇਗਮਪੁਰੇ ਵਿੱਚ ਗੁਰੂ ਜੀ ਨੇ-
ਬੇਗਮਪੁਰਾ ਸਹਰ ਕੋ ਨਾਉ।
ਦੂਖੁ ਅੰਦੋਹ ਨਹੀ ਤਿਹਿ ਠਾਉ।
ਇਕ ਅਜਿਹੇ ਸ਼ਹਿਰ ਜਾਂ ਦੇਸ਼ ਦੀ ਕਲਪਨਾ ਕੀਤੀ, ਜਿਸ 'ਚ ਕੋਈ ਗਮ ਨਾ ਹੋਵੇ, ਦੁੱਖ-ਦਰਦ ਜਾਂ ਸੰਤਾਪ ਨਾ ਹੰਢਾਉਣਾ ਪਵੇ। ਇਹ ਸਾਰੀਆਂ ਅਲਾਮਤਾਂ ਅਛੂਤਾਂ ਨੂੰ ਹੀ ਚਿੰਬੜੀਆਂ ਹੋਈਆਂ ਸਨ, ਜਿਨ੍ਹਾਂ ਤੋਂ ਅਵਾਜ਼ਾਰ ਹੋਇਆ ਗੁਰੂ ਜੀ ਦਾ ਦਿਲ ਇਕ ਸੁਪਨਮਈ ਨਗਰੀ ਵਸਾਉਣਾ ਲੋਚਦਾ ਹੈ, ਜਿਸ 'ਚ ਉਹ ਦੁੱਖਾਂ ਮਾਰੇ ਇਨਸਾਨ ਲਈ ਸੁੱਖ ਦਾ ਸਾਹ ਲੈ ਸਕਣ। 
ਨਾਂ ਤਸਵੀਸ ਖਿਰਾਜੁ ਨਾ ਮਾਲੁ।
ਖਉਫ ਨ ਪਤਾ ਨਾ ਤਰਸੁ ਜਵਾਲ।
ਉਹ ਖਿਆਲ ਕਰਦੇ ਹਨ ਕਿ ਉਸ ਨਗਰੀ ਵਿਚ ਨਾ ਕੋਈ ਫਿਕਰ (ਤਸਵੀਸ) ਹੋਵੇਗਾ, ਨਾ ਕਿਸੇ ਦੇ ਅਸਬਾਬ (ਮਾਲ) ਤੇ ਮਸੂਲ (ਖਿਰਾਜ) ਹੋਵੇਗਾ। ਨਾ ਡਰ (ਖਉਫ) ਹੋਵੇਗਾ, ਨਾ ਫਿਰ ਕੋਈ ਗਲਤੀ (ਖਤਾ) ਕਰੇਗਾ। ਨਾ ਫਿਰ ਕਿਸੇ ਦੀ ਤਰਸਯੋਗ ਹਾਲਤ ਹੋਣ ਨਾਲ ਉਸਦਾ ਮਾਣ ਸਤਿਕਾਰ ਢਹਿੰਦੀਆਂ ਕਲਾਂ ਵਿਚ ਜਾਵੇਗਾ। ਆਮ ਤੌਰ 'ਤੇ ਬਹੁਤੀਆਂ ਗਲਤੀਆਂ ਜ਼ਿਆਦਾ ਡਰ ਨਾਲ ਵੀ ਹੋ ਜਾਂਦੀਆਂ ਹਨ ਤੇ ਉਨ੍ਹਾਂ ਦੀਆਂ ਸਜ਼ਾਵਾਂ ਭੁਗਤਦਿਆਂ ਬੜੀ ਤਰਸਯੋਗ ਹਾਲਤ ਬਣ ਜਾਂਦੀ ਹੈ, ਜਿਵੇਂ ਕਿ ਅਛੂਤਾਂ ਨਾਲ ਹੁੰਦਾ ਰਿਹਾ ਹੈ। ਉਨ੍ਹਾਂ ਉੱਤੇ ਇੰਨੀਆਂ ਪਾਬੰਦੀਆਂ ਦਾ ਡਰ ਭੈਅ ਸੀ ਕਿ ਉਹ ਡਰ-ਡਰ ਕੇ ਚਲਦਿਆਂ ਵੀ ਸਜ਼ਾ ਦੇ ਭਾਗੀ ਬਣ ਜਾਂਦੇ ਸਨ।

ਸਜ਼ਾ ਵੀ ਗਾਲ੍ਹਾਂ, ਲੱਤਾਂ, ਠੇਡਿਆਂ ਦੀ ਤਾਂ ਆਮ ਹੈ ਹੀ ਸੀ, ਪਰ ਕਈ ਵਾਰੀ ਕੰਨਾਂ ਵਿਚ ਗਰਮ-ਗਰਮ ਤੇਲ ਜਾਂ ਢਾਲਿਆ ਸਿੱਕਾ ਪਾ ਕੇ ਸਦਾ ਲਈ ਬੋਲੇ ਕਰ ਦੇਣਾ ਜਾਂ ਜੀਭ ਕੱਟਕੇ ਗੂੰਗਾ ਬਣਾ ਦੇਣਾ ਵੀ ਸ਼ਾਮਲ ਹੋ ਜਾਂਦਾ ਸੀ। ਇਹੋ ਜਿਹੀ ਹਾਲਤ ਤਰਸਯੋਗ ਹੀ ਨਹੀਂ ਜ਼ਾਰੋਜਾਰ ਰੋਣ ਵਾਲੀ ਵੀ ਬਣਦੀ ਸੀ। ਉਹ ਜੀਵੇ ਤਾਂ ਸਹੀ, ਪਰ ਨਾ ਕੁਝ ਕਹਿ ਸਕੇ ਤੇ ਨਾ ਸੁਣ ਸਕੇ, ਬਸ ਜ਼ੁਲਮ ਸਹਿੰਦਾ ਰਹੇ, ਵਗਾਰਾਂ ਕਰਦਾ ਰਹੇ ਇਕ ਸੀਲ ਜਾਨਵਰ ਦੀ ਤਰ੍ਹਾਂ। ਅੱਗੇ ਆਖਦੇ ਹਨ-
ਕਾਇਮੁ ਦਾਇਮੁ ਸਦਾ ਪਾਤਸਾਹੀ, 
ਦੋਮ ਨ ਸੇਮ ਏੇਕ ਸੋ ਆਹੀ
ਗੁਰੂ ਜੀ ਤਸੱਵਰ ਕਰਦੇ ਹਨ ਕਿ ਉਸ ਨਗਰੀ ਵਿੱਚ ਸਦਾ ਇੱਕ ਹੀ ਪਾਤਸ਼ਾਹੀ ਹੋਵੇਗੀ। ਕੋਈ ਦੂਜੀ (ਦੋਮ) ਜਾਂ ਤੀਜੀ (ਸੋਮ) ਦਾ ਰੌਲਾ ਨਹੀਂ ਹੋਵੇਗਾ। ਅੱਜ ਦਾ ਅਛੂਤ ਵੀ ਦੂਜੇ, ਤੀਜੇ ਦਰਜੇ ਦਾ ਗਿਣਿਆ ਜਾਂਦਾ ਹੈ। ਅੱਜ ਵੀ ਉਸਨੂੰ ਤਰ੍ਹਾਂ-ਤਰ੍ਹਾਂ ਦੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਗਿਣਤੀ ਤਾਂ ਅੱਜ ਵੀ ਗਰੀਬੀ ਤੇ ਭੁੱਖਮਰੀ ਨਾਲ ਜੂਝ ਰਹੀ ਹੈ।
ਆਬਾਦਾਨੁ ਸਦਾ ਮਸਹੂਰ, 
ਊਹਾਂ ਗਨੀ ਬਸਹਿ ਮਾਮੂਰ
ਇਹ ਨਗਰੀ ਸਦਾ ਆਬਾਦ (ਆਬਾਦਾਨ) ਰਹੇਗੀ ਅਤੇ ਮਸ਼ਹੂਰ ਰਹੇਗੀ, ਕਿਉਂਕਿ ਇਸ ਵਿੱਚ ਰਹਿਣ ਵਾਲੇ ਸਾਰੇ ਲੋਕ ਸਰਬ ਸੰਪੰਨ ਅਮੀਰ (ਗਨੀ) ਹੋਣਗੇ, ਕੋਈ ਗਰੀਬ ਨਹੀਂ ਹੋਵੇਗਾ। ਅਮੀਰੀ ਨਾਲ ਹੀ ਭਰਪੂਰ (ਮਾਮੂਰ) ਇਹ ਨਗਰੀ ਰਹੇਗੀ।
ਤਿਉ ਤਿਉ ਸੈਲ ਕਰਹਿ ਜਿਉ ਭਾਵੈ।
ਮਹਰਮ ਮਹਲ ਨ ਕੋ ਅਟਕਾਵੈ।
ਬੇਗਮਪੁਰੇ ਵਿੱਚ ਇਹ ਸਭ ਨੂੰ ਸਹੂਲਤ ਹੋਵੇਗੀ ਕਿ ਉਹ ਜਿੱਥੇ ਚਾਹੁਣ ਜਾ ਸਕਦੇ ਹਨ, ਘੁੰਮ ਫਿਰ ਸਕਦੇ ਹਨ। ਵੇਖਣ ਨੂੰ ਭਾਵੇਂ ਇਹ ਘੁੰਮਣ ਫਿਰਨ ਦੀ ਗੱਲ ਸਾਧਾਰਣ ਜਾਪਦੀ ਹੈ, ਪਰ ਗੁਰੂ ਜੀ ਦੇ ਹਰ ਵਿਚਾਰ ਵਿੱਚ ਇੱਕ ਸਮਾਜਿਕ ਇਤਿਹਾਸ ਛੁਪਿਆ ਹੋਇਆ ਹੈ। ਇਸਦਾ ਪਿਛੋਕੜ ਇਹ ਹੈ ਕਿ ਉਸ ਵੇਲੇ ਹਰ ਕਿਸੇ ਨੂੰ ਹਰ ਥਾਂ ਜਾਣ ਦੀ ਆਜ਼ਾਦੀ ਨਹੀਂ ਸੀ। ਇਹ ਅਛੂਤ ਹੀ ਸੀ, ਜਿਸਦੇ ਖਾਣ-ਪੀਣ ਅਤੇ ਪਹਿਨਣ 'ਤੇ ਤਾਂ ਪਾਬੰਦੀਆਂ ਹੈ ਹੀ ਸਨ, ਉਸਦੇ ਕਈ ਥਾਵਾਂ 'ਤੇ ਦਾਖਲੇ ਵੀ ਬੰਦ ਸਨ। ਖੂਹ, ਤਲਾਬਾਂ 'ਤੇ ਉਹ ਨਹੀਂ ਸੀ ਜਾ ਸਕਦਾ, ਮੰਦਰ ਜਾਂ ਕਿਸੇ ਧਾਰਮਿਕ ਸਥਾਨ ਦੇ ਨੇੜੇ ਨਹੀਂ ਸੀ ਫਟਕਣ ਦਿੱਤਾ ਜਾਂਦਾ। ਗਲੀਆਂ ਬਜ਼ਾਰਾਂ 'ਚ ਦਾਖਲਾ ਬੰਦ। ਜੇ ਬਾਹਰ ਨਿਕਲਣਾ ਹੀ ਹੈ ਤਾਂ ਸਿਖਰ ਦੁਪਹਿਰ ਵੇਲੇ ਜਦੋਂ ਪਰਛਾਵਾਂ ਸਭ ਤੋਂ ਛੋਟਾ ਹੁੰਦਾ ਹੈ, ਉਸ ਵੇਲੇ ਨਿਕਲਣ ਦੀ ਆਗਿਆ ਸੀ ਤਾਂ ਜੋ ਇਸ ਨੀਚ ਦਾ ਪਰਛਾਵਾਂ ਕਿਸੇ ਊਚ ਨੂੰ ਭਿੱਟ ਨਾ ਸਕੇ। ਸ੍ਰੀ ਗੁਰੂ ਰਵਿਦਾਸ ਜੀ ਦਾ ਟੀਚਾ ਸਾਫ ਸੀ-
ਐਸਾ ਚਾਹੂੰ ਰਾਜ ਮੈਂ, 
ਜਹਾਂ ਮਿਲੇ ਸਭਨ ਕੋ ਅੰਨ।
ਛੋਟ ਬੜੇ ਸਭ ਸਮ ਵਸੇ, 
ਰਵਿਦਾਸ ਰਹੇ ਪ੍ਰਸੰਨ।
ਸ੍ਰੀ ਗੁਰੂ ਰਵਿਦਾਸ ਜੀ ਨੇ ਛੇ ਸਦੀਆਂ ਪਹਿਲਾਂ ਕਿੰਨੇ ਸੋਹਣੇ ਸਮਰੱਥ ਲੋਕ ਰਾਜ, ਸਮਾਜਵਾਦ ਅਤੇ ਖੁਸ਼ਹਾਲ ਰਾਜ ਦੀ ਕਲਪਨਾ ਕੀਤੀ। ਉਨ੍ਹਾਂ ਤੋਂ ਸਦੀਆਂ ਬਾਅਦ ਕਾਰਲ ਮਾਰਕਸ ਦਾ ਸਮਾਜਵਾਦ ਦਾ ਵਿਚਾਰ ਹੋਂਦ ਵਿਚ ਆਇਆ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਵੀ ਜਦੋਂ ਭਾਰਤੀ ਸਮਾਜ ਦਾ ਡੂੰਘਾ ਅਧਿਐਨ ਕੀਤਾ ਤਾਂ ਉਹ ਵੀ ਇਸੇ ਨਤੀਜੇ 'ਤੇ ਪਹੁੰਚੇ ਸਨ ਕਿ ਮਨੂੰਵਾਦ ਵਲੋਂ ਪੈਦਾ ਕੀਤੇ ਦੁੱਖਾਂ ਨਾਲ ਝੰਬੇ ਇਨ੍ਹਾਂ ਲੋਕਾਂ ਲਈ ਉਹ ਸੁੱਖ ਸੁਵਿਧਾਵਾਂ ਪੈਦਾ ਕੀਤੀਆਂ ਜਾਣ ਤੇ ਇਨ੍ਹਾਂ ਦੇ ਉਹ ਮਨੁੱਖੀ ਅਧਿਕਾਰ ਬਹਾਲ ਕਰਵਾਏ ਜਾਣ, ਜਿਨ੍ਹਾਂ ਤੋਂ ਇਨ੍ਹਾਂ ਲੋਕਾਂ ਨੂੰ ਇਕ ਲੰਬੇ ਸਮੇਂ ਤੋਂ ਜਾਣ ਬੁੱਝ ਕੇ ਮਰਹੂਮ ਕੀਤਾ ਹੋਇਆ ਹੈ। ਇਸ ਲਈ ਜਦੋਂ ਉਨ੍ਹਾਂ ਨੂੰ ਭਾਰਤ ਦਾ ਸੰਵਿਧਾਨ ਲਿਖਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਉਸ ਵੇਲੇ ਇਨ੍ਹਾਂ ਲੋਕਾਂ ਲਈ ਕੋਈ ਬੇਗਮਪੁਰੇ ਵਰਗੀ ਹੀ ਕਲਪਨਾ ਕੀਤੀ ਹੋਵੇਗੀ, ਕਿਉਂਕਿ ਭਾਰਤੀ ਸੰਵਿਧਾਨ ਦੀ ਰੂਪ ਰੇਖਾ ਵਿੱਚ ਬੇਗਮਪੁਰੇ ਦੀ ਛਵੀ ਹੀ ਉਭਰਦੀ ਜਾਪਦੀ ਹੈ।

ਬੇਗਮਪੁਰੇ ਵਿੱਚ ਉਨ੍ਹਾਂ ਸਾਰੇ ਮਨੁੱਖੀ ਅਧਿਕਾਰਾਂ ਦੇ ਸਭ ਨੂੰ ਬਰਾਬਰ ਮਿਲਣ ਦੀ ਗੱਲ ਕੀਤੀ ਗਈ ਹੈ, ਜੋ ਕਈਆਂ ਤੋਂ ਖੋਹ ਲਏ ਗਏ ਸਨ ਤੇ ਬਾਬਾ ਸਾਹਿਬ ਨੇ ਵੀ ਇਹੀ ਮਨੁੱਖੀ ਅਧਿਕਾਰ ਹਰ ਇੱਕ ਲਈ ਅਤਿਅੰਤ ਜ਼ਰੂਰੀ ਮੰਨ ਕੇ ਇਨ੍ਹਾਂ ਨੂੰ ਸੰਵਿਧਾਨ ਦੇ ਮੁੱਢਲੇ ਅਧਿਕਾਰਾਂ ਵਿੱਚ ਸ਼ਾਮਲ ਕਰ ਦਿੱਤਾ ਹੈ। ਸਭ ਨੂੰ ਬਿਨਾਂ ਜਾਤਪਾਤ, ਰੰਗ, ਨਸਲ, ਲਿੰਗ ਭੇਦ ਦੇ ਬਰਾਬਰੀ ਦਾ ਅਧਿਕਾਰ, ਪੜ੍ਹਨ ਲਿਖਣ ਦਾ ਅਧਿਕਾਰ, ਕੋਈ ਵੀ ਕਿੱਤਾ ਅਪਨਾਉਣ ਦਾ ਅਧਿਕਾਰ, ਸਾਰੇ ਦੇਸ਼ ਵਿੱਚ ਆਜ਼ਾਦੀ ਨਾਲ ਘੁੰਮਣ ਫਿਰਨ ਦਾ ਅਧਿਕਾਰ ਆਦਿ ਸਾਰੇ ਇਹ ਗੁਰੂ ਜੀ ਦੇ ਬੇਗਮਪੁਰੇ ਵੱਲ ਹੀ ਤਾਂ ਇਸ਼ਾਰਾ ਕਰ ਰਹੇ ਹਨ।

ਜੇ ਇਨ੍ਹਾਂ ਅਧਿਕਾਰਾਂ ਨੂੰ ਅੱਜ ਦੇ ਲੋਕ ਰਾਜ ਵਿੱਚ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ, ਆਦਰਸ਼ ਸਮਾਜ ਹੋਵੇਗਾ ਤੇ ਆਦਰਸ਼ ਸਮਾਜਵਾਦ ਹੋਵੇਗਾ। ਇਹੀ ਗੁਰੂ ਜੀ ਦਾ ਬੇਗਮਪੁਰਾ ਹੈ, ਜੋ ਬਾਬਾ ਸਾਹਿਬ ਦੇ ਸੰਵਿਧਾਨ ਵਿਚ ਉਲੀਕੇ ਸੰਭਾਵੀ ਲੋਕਰਾਜ ਨਾਲ ਮੇਲ ਖਾਂਦਾ ਹੈ।
ਹੁਣ ਉਸ ਸਦੀਆਂ ਲਤਾੜੇ ਸਮਾਜ ਨੇ ਇਹ ਵੇਖਣਾ ਹੈ, ਲੁੱਟੇ ਪੁੱਟੇ ਤੇ ਲੁੱਟ-ਪੁੱਟ ਰਹੇ ਸਮਾਜ ਨੇ ਵੇਖਣਾ ਹੈ, ਜਾਨਵਰਾਂ ਦੀ ਜੂਨੀ ਭੁਗਤ ਰਹੇ ਲੋਕਾਂ ਨੇ ਵੇਖਣਾ ਹੈ, ਗੈਰਬਰਾਬਰੀ ਤੇ ਭੁੱਖ ਨੰਗ ਨਾਲ ਲੜਦੇ ਆਏ ਤੇ ਲੜ ਰਹੇ ਲੋਕਾਂ ਨੇ ਵੇਖਣਾ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਬੇਗਮਪੁਰਾ ਕਿਵੇਂ ਵਸਾਉਣਾ ਹੈ ਤੇ ਕਦੋਂ ਵਸਾਉਣਾ ਹੈ। ਡਾ. ਅੰਬੇਡਕਰ ਦੇ ਵਰੋਸਾਏ ਕੁਝ ਸਾਧਨ ਸੰਪੰਨ ਲੋਕਾਂ ਨੇ ਵੀ ਆਪਣੇ ਆਪ ਨੂੰ ਹਲੂਣ ਕੇ ਪੁੱਛਣਾ ਹੈ ਕਿ ਬਾਬਾ ਸਾਹਿਬ ਨੇ ਬੇਗਮਪੁਰਾ ਵਸਾਉਣ ਲਈ ਇੱਕ ਸੇਧ ਵੀ ਦੇ ਦਿੱਤੀ ਹੈ, ਰਾਹ ਵੀ ਭਰ ਦਿੱਤੀ ਹੈ, ਫਿਰ ਹੁਣ ਕੀ ਵੇਖਣਾ ਬਾਕੀ ਰਹਿ ਗਿਆ ਹੈ?

ਬੱਸ ਵੇਖਣਾ ਇਹ ਰਹਿ ਗਿਆ ਹੈ ਕਿ ਹੁਣ ਸਮਾਂ ਕਿੰਨਾ ਲੱਗਦਾ ਹੈ ਕਿ ਇਹ ਪਛੜਿਆ ਸਮਾਜ ਆਪਣੇ ਗੁਰੂਆਂ ਅਤੇ ਮਹਾਂਪੁਰਖਾਂ ਦੀ ਆਵਾਜ਼ ਸੁਣੇ ਅਤੇ ਮੰਨੇ। ਨਹੀਂ ਤਾਂ ਸਮਾਂ ਇੰਤਜ਼ਾਰ ਨਹੀਂ ਕਰਦਾ ਤੇ ਇਤਿਹਾਸ ਵੀ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ। ਪਤਾ ਨਹੀਂ ਫਿਰ ਕਿਹੋ ਜਿਹੇ ਦਿਨ ਆਉਣ, ਕੀ ਸਮਾਂ ਆਵੇ।  

-ਫਤਿਹਜੰਗ ਸਿੰਘ 

Comments

Leave a Reply