Mon,Dec 18,2017 | 08:11:28pm
HEADLINES:

Social

ਬੇਟੀ ਤਦੇ ਬਚੇਗੀ, ਜੇ ਉਸਨੂੰ ਬਚਾਉਣ ਦਾ ਯਤਨ ਹੋਏਗਾ

ਬੇਟੀ ਤਦੇ ਬਚੇਗੀ, ਜੇ ਉਸਨੂੰ ਬਚਾਉਣ ਦਾ ਯਤਨ ਹੋਏਗਾ

ਬਨਾਰਸ ਹਿੰਦੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਆਪਣੀ  ਸੁਰੱਖਿਆ ਲਈ ਅੰਦੋਲਨ ਸ਼ੁਰੂ ਕੀਤਾ ਸੀ। ਕਾਰਨ ਸੀ ਕਿ ਨਾ ਸਿਰਫ਼ ਉਨ੍ਹਾਂ ਨੂੰ ਯੂਨੀਵਰਸਿਟੀ ਕੈਂਪਸ ਵਿਚ ਛੇੜਖਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਬਲਕਿ ਜਦੋਂ ਉਨ੍ਹਾਂ ਨੇ  ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਸ਼ਿਕਾਇਤ ਕੀਤੀ, ਤਾਂ ਉਨ੍ਹਾਂ ਕੋਈ ਧਿਆਨ ਹੀ ਨਹੀਂ ਦਿੱਤਾ।

ਜਦੋਂ ਲੜਕੀਆਂ ਦੀ ਨਹੀਂ ਸੁਣੀ ਗਈ, ਉਨ੍ਹਾਂ ਸ਼ਾਂਤੀ ਪੂਰਵਕ ਅੰਦੋਲਨ ਸ਼ੁਰੂ ਕੀਤਾ, ਪਰ ਯੂਨੀਵਰਸਿਟੀ ਦੇ ਪ੍ਰਸ਼ਾਸਕਾਂ ਦੀ ਮਿਲੀਭੁਗਤ ਨਾਲ ਸ਼ਾਂਤੀਮਈ ਅੰਦੋਲਨ ਕਰਦੀਆਂ ਲੜਕੀਆਂ ਨੂੰ ਬੁਰੀ ਤਰ੍ਹਾਂ  ਮਾਰਿਆ, ਕੁੱਟਿਆ ਝੰਬਿਆ ਗਿਆ। ਕੀ ਅੰਦੋਲਨ ਕਰਦੀਆਂ ਲੜਕੀਆਂ ਦੀ ਗੱਲ ਸੁਣਨਾ ਸ਼ਾਸਨ, ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਦਾ ਜ਼ਿੰਮਾ ਨਹੀਂ? ਐਡੇ ਕਿਹੜੇ ਸੰਕਟਕਾਲੀਨ ਹਾਲਾਤ ਬਣ ਗਏ ਸੀ ਕਿ ਅੰਦੋਲਨ ਨੂੰ ਸਾਂਭਣ ਲਈ ਲੇਡੀਜ਼ ਪੁਲਸ ਦੀ ਥਾਂ ਮਰਦ ਪੁਲਸ ਵਾਲਿਆਂ ਨੂੰ ਲਗਾ ਦਿੱਤਾ ਗਿਆ, ਜਿਨ੍ਹਾਂ ਮੌਕੇ 'ਤੇ ਪੂਰੀ ਬੇ-ਰਹਿਮੀ ਦਿਖਾਈ।

ਦੇਸ਼ ਵਿਚ ਨਿੱਤ-ਦਿਹਾੜੇ ਔਰਤਾਂ ਨਾਲ ਛੇੜਖਾਨੀ ਦੀਆਂ ਘਟਨਾਵਾਂ ਵਾਪਰਦੀਆਂ ਹਨ। ਹੁਣੇ ਜਿਹੇ ਕੁਸ਼ੀਨਗਰ ਵਿਚ ਇਕ ਲੜਕੇ ਦੀ ਛੇੜਖਾਨੀ ਤੋਂ ਤੰਗ ਆ ਕੇ ਇਕ ਲੜਕੀ ਨੇ ਜ਼ਹਿਰ ਖਾ ਲਿਆ, ਉਸਨੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ। ਸ਼ਾਇਦ ਉਹਦੀ ਸੁਣਨ ਵਾਲਾ ਕੋਈ ਨਹੀਂ ਹੋਏਗਾ। ਸਾਡੀਆਂ ਲੜਕੀਆਂ ਆਪਣੇ ਪਰਿਵਾਰਾਂ ਅਤੇ ਸਮਾਜ ਵਿਚ ਇੰਨੀਆਂ ਇਕੱਲੀਆਂ ਕਿਉਂ ਹਨ?ਪਿਛਲੇ ਦਿਨੀਂ ਅਲੀਗੜ੍ਹ 'ਚ ਭਾਜਪਾ ਦੀ ਇਕ ਨੇਤਾ ਨੇ ਇਕ ਲੜਕੀ ਨੂੰ ਇਸ ਕਰਕੇ ਕੁੱਟਿਆ ਕਿ ਉਸਦਾ ਦੋਸਤ ਕਿਸੇ ਹੋਰ ਧਰਮ ਨਾਲ ਸਬੰਧਤ ਸੀ।

ਉਹ ਨੇਤਾ ਸ਼ਰੇਆਮ ਪੂਰੇ ਮਾਣ ਨਾਲ ਕਹਿ ਰਹੀ ਸੀ ਕਿ ਉਹ ਅੱਗੋਂ ਵੀ ਇੰਝ ਕਰਦੀ ਰਹੇਗੀ। ਕੀ ਲਵ ਜੇਹਾਦ, ਪਾਰਕ 'ਚ ਬੈਠੇ ਲੜਕੇ-ਲੜਕੀਆਂ ਨੂੰ ਆਜ਼ਾਦੀ ਨਾਲ ਬੈਠਣ ਤੋਂ ਰੋਕਣਾ, ਕੁੱਟਮਾਰ ਕਰਨਾ, ਨਿੱਜਤਾ ਦੀ ਆਜ਼ਾਦੀ, ਜਿਸਨੂੰ ਭਾਰਤੀ ਸੰਵਿਧਾਨ 'ਚ ਮੌਲਿਕ ਅਧਿਕਾਰ ਗਿਣਿਆ ਜਾਂਦਾ ਹੈ, ਦਾ ਸਿੱਧਾ ਹਨਨ ਨਹੀਂ? ਲੱਖ, ਅਦਾਲਤਾਂ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਫੈਸਲੇ ਦਿੰਦੀਆਂ ਰਹਿਣ, ਅਧਿਕਾਰਾਂ ਦਾ ਹਨਨ ਕਰਨ ਵਾਲੇ ਖਲਨਾਇਕ, ਖਲਨਾਇਕਾਵਾਂ ਦੇਸ਼ 'ਚ ਹਰ ਥਾਂ ਮੌਜੂਦ ਹਨ, ਸ਼ਾਸਕਾਂ ਦੇ ਰੂਪ ਵਿਚ, ਕਥਿਤ ਸਮਾਜ ਸੁਧਾਰਕਾਂ ਦੇ ਰੂਪ 'ਚ, ਧੌਂਸ ਧੱਕੇ ਨਾਲ ਦੇਸ਼ ਸਮਾਜ ਨੂੰ ਚਲਾਉਣ ਵਾਲੇ ਕੱਟੜਪੰਥੀ ਲੋਕਾਂ ਦੇ ਰੂਪ 'ਚ ਵੀ।

ਦੇਸ਼ ਦੇ ਸਿਆਸੀ ਦਲ ਔਰਤਾਂ ਦੀ ਸੁਰੱਖਿਆ ਦੇ ਦਾਅਵੇ ਕਰਦੇ ਹਨ। ਉਨ੍ਹਾਂ ਦੇ ਹੱਕ 'ਚ ਘੋਸ਼ਨਾਵਾਂ ਕੀਤੀਆਂ ਜਾਂਦੀਆਂ ਹਨ। ਕਦੇ 33 ਫੀਸਦੀ ਅਤੇ ਕਦੇ 50 ਫੀਸਦੀ ਰਿਜ਼ਰਵੇਸ਼ਨ ਦੇ ਬਿੱਲ ਸੰਸਦ 'ਚ ਪੇਸ਼ ਕੀਤੇ ਜਾਂਦੇ ਹਨ, ਜੋ ਦਹਾਕੇ ਬੀਤਣ 'ਤੇ ਵੀ ਪਾਸ ਨਹੀਂ ਹੋਏ। 
ਦੇਸ਼ ਵਿਚ ਬਣਿਆ ਨਵਾਂ ਦੁਸ਼ਕਰਮ ਕਾਨੂੰਨ ਔਰਤ ਦਾ ਪਿੱਛਾ ਕਰਨ ਨੂੰ ਗੰਭੀਰ ਅਪਰਾਧ ਗਿਣਦਾ ਹੈ, ਪਰ ਗੁੰਡਾ ਅਨਸਰ ਕਾਲਜਾਂ, ਯੂਨੀਵਰਸਿਟੀਆਂ, ਪਬਲਿਕ ਸਥਾਨਾਂ ਦੇ ਬਾਹਰ ਦਨਦਨਾਉਂਦੇ ਫਿਰਦੇ ਹਨ। ਨਿੱਤ ਇਹੋ ਜਿਹੀਆਂ ਘਟਨਾਵਾਂ ਦੇਸ਼ ਦੇ ਕੋਨੇ-ਕੋਨੇ ਵਾਪਰਦੀਆਂ ਹਨ ਕਿ ਸ਼ਰਮ ਨਾਲ ਸਿਰ ਝੁਕਦਾ ਹੈ ਸਮਾਜ ਦਾ।

ਫਿਲਮੀ ਡਾਇਲਾਗ ਲੜਕੀਆਂ, ਔਰਤਾਂ, ਇਥੋਂ ਤੱਕ ਕਿ ਛੋਟੀਆਂ ਬੱਚੀਆਂ ਦਾ ਵੀ ਪਿੱਛਾ ਕਰਦੇ ਹਨ। ਬਲਾਤਕਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ। 2009-11 ਵਿਚ 68000 ਬਲਾਤਕਾਰ ਦੇ ਕੇਸ ਹੋਏ, ਹਾਲਾਂਕਿ ਬਹੁਤੀਆਂ ਨਾ ਮੀਡੀਆ ਸਾਹਮਣੇ ਆਉਂਦੀਆਂ ਹਨ, ਨਾ ਕਾਨੂੰਨ ਸਾਹਮਣੇ, ਕਿਉਂਕਿ ਖਾਸ ਕਰਕੇ ਇਲੈਕਟ੍ਰੋਨਿਕ ਮੀਡੀਆ ਇਹੋ ਜਿਹੀਆਂ ਘਟਨਾਵਾਂ ਨੂੰ ਸਹਿਜਤਾ ਅਤੇ ਸੁਹਿਰਦਤਾ ਨਾਲ ਪੇਸ਼ ਨਹੀਂ ਕਰਦਾ ਅਤੇ ਕਾਨੂੰਨ ਵਰ੍ਹਿਆਂ ਬੱਧੀ ਇਹੋ ਜਿਹੇ ਕੇਸਾਂ ਦਾ ਨਿਪਟਾਰਾ ਕਰਨ ਲਈ ਲਾ ਦਿੰਦਾ ਹੈ।

ਇਨ੍ਹਾਂ 68000 ਬਲਾਤਕਾਰ ਕੇਸਾਂ ਵਿਚ ਸਿਰਫ 16000 ਨੂੰ ਜੇਲ੍ਹ ਦੀ ਸਜ਼ਾ ਹੋਈ। ਕਿਹੋ ਜਿਹਾ ਵਰਤਾਰਾ ਹੈ ਇਹ ਕਿ ਅਸੀਂ ਲੜਕੀਆਂ, ਔਰਤਾਂ ਨੂੰ ਆਪੋ-ਆਪਣੇ ਵਾੜਿਆਂ ਵਿਚ ਕੈਦ ਰੱਖਣਾ ਚਾਹੁੰਦੇ ਹਾਂ?

ਵੀਸੀ ਬਨਾਰਸ ਯੂਨੀਵਰਸਿਟੀ ਦਾ ਇਹ ਹੁਕਮ ਕਿ ਉਹ ਸੱਤ ਵਜੇ ਤੱਕ ਹੋਸਟਲ ਪੁੱਜ ਜਾਇਆ ਕਰਨ, ਕਿਸ ਕਿਸਮ ਦੀ ਜਗੀਰੂ ਸੋਚ ਦੀ ਤਰਜ਼ਮਾਨੀ ਕਰਦਾ ਹੈ? ਅੱਜ ਜਦੋਂ ਇਕ ਪਾਸੇ ਬੇਟੀ  ਬਚਾਓ, ਬੇਟੀ ਪੜ੍ਹਾਓ ਦੇ 'ਗਗਨਚੁੰਬੀ' ਨਾਅਰੇ ਲੱਗ ਰਹੇ ਹਨ ਸਰਕਾਰ ਵਲੋਂ, ਉਥੇ ਲੜਕੀਆਂ ਨੂੰ ਬਲਗਣਾਂ 'ਚ ਕੈਦ ਰੱਖਣ ਦੇ ਯਤਨ ਕਿਉਂ ਹੋ ਰਹੇ ਹਨ? ਜੇਕਰ ਯੂਨੀਵਰਸਿਟੀਆਂ ਵਿਚ ਸਾਈਬਰ ਲਾਇਬ੍ਰੇਰੀ ਦਸ ਵਜੇ ਤੱਕ ਖੁੱਲ੍ਹਦੀ ਹੈ ਤਾਂ ਲੜਕੀਆਂ ਇਸ ਸਹੂਲਤ ਤੋਂ ਸੱਤ ਵਜੇ ਹੋਸਟਲ ਵਿਚ ਭੇਜਕੇ ਵਿਰਵੀਆਂ ਕਿਉਂ ਕੀਤੀਆਂ ਜਾ ਰਹੀਆਂ ਹਨ? ਇਸੇ ਸੋਚ ਦਾ ਵਿਰੋਧ ਲੈ ਕੇ ਬਨਾਰਸ ਯੂਨੀਵਰਸਿਟੀ ਦੀਆਂ ਲੜਕੀਆਂ ਅੰਦੋਲਨ ਦੇ ਰਾਹ ਪਈਆਂ- ''ਬੇਟੀ ਬਚੇਗੀ, ਤਦੇ ਪੜ੍ਹੇਗੀ ਅਤੇ ਤਾਲਾ ਨਹੀਂ ਰੋਸ਼ਨੀ ਚਾਹੀਦੀ ਹੈ।''।

ਸਾਡੇ ਖੋਜੀ ਵਿਦਵਾਨ ਇਹ ਮੰਨਦੇ ਹਨ ਕਿ ਹੋਰ ਹਲਕਿਆਂ 'ਚ ਤਾਂ ਔਰਤਾਂ ਨਾਲ ਸਮਾਜਿਕ ਅਤੇ ਆਰਥਿਕ ਤੌਰ 'ਤੇ ਭੇਦਭਾਵ ਹੁੰਦਾ ਹੀ ਹੈ, ਪੜ੍ਹਾਈ ਦੇ ਖੇਤਰ 'ਚ ਵੀ ਉਨ੍ਹਾਂ ਨਾਲ ਭੇਦਭਾਵ ਦੇਸ਼ ਦੇ ਹਰ ਕੋਨੇ 'ਚ ਵੇਖਣ ਨੂੰ ਮਿਲ ਰਿਹਾ ਹੈ। ਸੰਨ 2011 ਦੀ ਮਰਦਮਸ਼ੁਮਾਰੀ ਅਨੁਸਾਰ 7 ਸਾਲ ਤੋਂ ਉਪਰ ਦੇ ਮਰਦ, ਔਰਤਾਂ, ਮੁੰਡੇ, ਕੁੜੀਆਂ 'ਚ ਸਾਖ਼ਰਤਾ ਦਰ 'ਚ 17 ਫੀਸਦੀ ਦਾ ਫਰਕ ਹੈ।

ਪੜ੍ਹੇ ਮਰਦਾਂ ਦੀ ਸਾਖ਼ਰਤਾ ਦਰ 82.14 ਫੀਸਦੀ ਅਤੇ ਔਰਤਾਂ ਦੀ ਸਾਖ਼ਰਤਾ ਦਰ 65.46 ਫੀਸਦੀ ਦਰਜ ਹੋਈ। ਭਾਵੇਂ ਕਿ ਦੇਸ਼ ਦੀ ਰਾਸ਼ਟਰਪਤੀ ਔਰਤ ਰਹੀ, ਇਸ ਵੇਲੇ ਵਿਦੇਸ਼, ਸੂਚਨਾ, ਰੱਖਿਆ ਮੰਤਰੀ, ਸਪੀਕਰ ਲੋਕ ਸਭਾ ਦਾ ਅਹੁਦਾ ਔਰਤਾਂ ਹੱਥ ਹੈ, ਪਰ ਦੇਸ਼ ਦੀਆਂ ਔਰਤਾਂ ਬਲਾਤਕਾਰ, ਸਮੂਹਿਕ ਬਲਾਤਕਾਰ, ਤੇਜ਼ਾਬ ਦਾ ਸੁੱਟਣਾ, ਦਾਜ ਦਹੇਜ ਕਾਰਨ ਹੱਤਿਆਵਾਂ, ਮਾਣ ਹਿੱਤ ਹੱਤਿਆਵਾਂ ਅਤੇ ਜਬਰੀ ਵੇਸਵਾ ਕਿੱਤਾ ਜਿਹੀਆ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ। ਸਾਲ 2012 'ਚ ਥਾਮਸ ਰਿਊਟਰਜ਼ ਫਾਊਂਡੇਸ਼ਨ ਨੇ ਜੀ-20 ਦੇਸ਼ਾਂ 'ਚ ਭਾਰਤ ਦੀਆਂ ਔਰਤਾਂ ਦੀ ਹਾਲਤ ਸਭਨਾਂ ਜੀ-20 ਦੇਸ਼ਾਂ ਦੀਆਂ ਔਰਤਾਂ ਨਾਲੋਂ ਭੈੜੀ ਦਿਖਾਈ ਹੈ।

ਛੋਟੀ ਉਮਰੇ ਵਿਆਹ, ਸਤੀ, ਜੌਹਰ, ਪਰਦਾ, ਦੇਵਦਾਸੀ ਜਿਹੀਆਂ ਭੈੜੀਆਂ ਸਮਾਜਿਕ ਰਵਾਇਤਾਂ ਦਾ ਸ਼ਿਕਾਰ ਹੋ ਚੁੱਕੀ ਅਤੇ ਮਰਦ ਪ੍ਰਧਾਨ ਸਮਾਜ ਦਾ ਹੁਣ ਤੱਕ ਵੀ ਤ੍ਰਿਸਕਾਰ ਸਹਿੰਦੀ ਭਾਰਤੀ ਔਰਤ ਦੇ ਹਾਲਾਤ ਹਾਲੇ ਤੱਕ ਵੀ ਸੁਖਾਵੇਂ ਨਹੀਂ ਹੋ ਰਹੇ। ਭਾਵੇਂ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 14 ਅਨੁਸਾਰ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਹਨ, ਆਰਟੀਕਲ 15 (1) ਅਨੁਸਾਰ ਉਸ ਨਾਲ ਮਰਦਾਂ ਮੁਕਾਬਲੇ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ, ਆਰਟੀਕਲ 16 ਉਨ੍ਹਾਂ ਨੂੰ ਬਰਾਬਰ ਮੌਕਿਆਂ ਦਾ ਅਧਿਕਾਰ ਦਿੰਦਾ ਹੈ।

ਬਰਾਬਰ ਦਾ ਕੰਮ ਬਰਾਬਰ ਦੀ ਤਨਖਾਹ ਦਾ ਅਧਿਕਾਰ ਉਸ ਕੋਲ ਸੰਵਿਧਾਨ ਦੇ 39 (ਡੀ) ਅਧੀਨ ਹੈ, ਪਰ ਸਮਾਜਿਕ ਤੌਰ 'ਤੇ ਹਾਲਤ ਇਹ ਹਨ ਕਿ ਦੇਸ਼ ਦੀਆਂ ਦਸ ਫੀਸਦੀ ਤੋਂ ਵੀ ਘੱਟ ਔਰਤਾਂ ਘਰਾਂ ਦੀਆਂ ਮਾਲਕ ਹਨ। ਭਾਵੇਂ ਕਿ ਗਰੀਬੀ ਰੇਖਾ ਤੋਂ ਹੇਠ ਰਹਿਣ ਵਾਲੀਆਂ 35 ਫੀਸਦੀ ਔਰਤਾਂ ਨੂੰ ਸਰਕਾਰ ਵਲੋਂ ਘਰਾਂ ਦੀਆਂ ਮਾਲਕ ਗਿਣਿਆ ਗਿਆ ਹੈ।

ਬਹੁਤੇ ਭਾਰਤੀ ਪਰਿਵਾਰਾਂ 'ਚ ਔਰਤਾਂ ਨੂੰ ਉਨ੍ਹਾਂ ਦੇ ਨਾਮ ਉਤੇ ਜਾਇਦਾਦ ਦਿੱਤੇ ਜਾਣ ਦੀ ਰਵਾਇਤ ਨਹੀਂ। ਵੱਖੋ-ਵੱਖਰੇ ਧਰਮਾਂ, ਕਬੀਲਿਆਂ 'ਚ ਜਾਇਦਾਦਾਂ ਦੇ ਮਾਮਲੇ 'ਚ ਸਥਾਨਿਕ ਪਿਰਤਾਂ ਹਨ, ਜਿਨ੍ਹਾਂ ਤਹਿਤ ਔਰਤਾਂ, ਲੜਕੀਆਂ ਨਾਲ ਫਰਕ ਰੱਖਿਆ ਜਾਂਦਾ ਹੈ ਅਤੇ ਦੇਸ਼ ਦਾ ਕਾਨੂੰਨ, ਰਵਾਇਤਾਂ ਇਸ ਮਾਮਲੇ 'ਚ ਆਮ ਤੌਰ ਤੇ ਚੁੱਪੀ ਧਾਰੀ ਰੱਖਦੀਆਂ ਹਨ।

3.29 ਮਿਲੀਅਨ ਵਰਗ ਕਿਲੋਮੀਟਰ 'ਚ ਫੈਲੇ ਭਾਰਤ 'ਚ ਵੱਖੋ-ਵੱਖਰੇ ਸੱਭਿਆਚਾਰ, ਧਰਮ, ਰਵਾਇਤਾਂ ਹਨ। ਦੇਸ਼ ਦੇ ਕਈ ਹਿੱਸਿਆਂ 'ਚ ਔਰਤਾਂ ਜਿਵੇਂ ਕੇਰਲਾ 'ਚ ਨੇਅਰ, ਕੁਝ ਮਰਾਠਾ ਕਬੀਲਿਆਂ, ਬੰਗਾਲੀ ਪਰਿਵਾਰਾਂ 'ਚ ਮਰਦਾਂ ਦੀ ਥਾਂ, ਔਰਤਾਂ ਦੀ ਪ੍ਰਧਾਨਗੀ ਹੈ, ਪਰ ਭਾਰਤ 'ਚ ਔਰਤਾਂ ਦਾ ਵੱਡਾ ਹਿੱਸਾ ਪੈਦਾ ਹੋਣ ਤੋਂ ਪਹਿਲਾਂ ਪੇਟ ਵਿਚ ਹੀ, ਬੱਚੀ ਦੇ ਤੌਰ 'ਤੇ, ਵਿਆਹ ਉਪਰੰਤ ਤੇ ਵਿਧਵਾ ਹੋਣ ਦੀ ਹਾਲਤ 'ਚ ਬੁਰੀ ਤਰਾਂ੍ਹ ਔਖਿਆਈਆਂ ਦਾ ਸਾਹਮਣਾ ਕਰਦਾ ਹੈ।

ਪੇਟ 'ਚ ਬੱਚੀਆਂ ਮਾਰਨ ਦੀ ਸਥਿਤੀ ਇਹ ਹੈ ਕਿ ਦੇਸ਼ 'ਚ ਗਿਆਰਾਂ ਮਿਲੀਅਨ ਗਰਭਪਾਤ ਹੁੰਦੇ ਹਨ ਅਤੇ 20,000 ਔਰਤਾਂ ਹਰ ਸਾਲ ਇਸ ਦੌਰਾਨ ਮਰ ਜਾਂਦੀਆਂ ਹਨ। ਬਾਵਜੂਦ ਚਾਈਲਡ ਮੈਰਿਜ ਐਕਟ 2006 ਦੇ ਕਿ 18 ਸਾਲ ਦੀ ਉਮਰ ਤੋਂ ਪਹਿਲਾਂ ਲੜਕੀ ਅਤੇ 21 ਸਾਲ ਦੀ ਉਮਰ ਤੋਂ ਲੜਕੇ ਦਾ ਵਿਆਹ ਨਹੀਂ ਹੋ ਸਕਦਾ, ਯੂਨੀਸੈਫ ਦੀ ਸਟੇਟ ਆਫ ਦੀ ਵਰਲਡ ਚਾਈਲਡ 2009 ਦੀ ਰਿਪੋਰਟ ਅਨੁਸਾਰ 47 ਫੀਸਦੀ ਭਾਰਤੀ ਔਰਤਾਂ ਜਿਨ੍ਹਾਂ ਦੀ ਉਮਰ 20 ਤੋਂ 24 ਸਾਲ ਸੀ, ਉਨ੍ਹਾਂ ਦੀ ਸ਼ਾਦੀ 18 ਸਾਲ ਦੀ ਉਮਰ ਤੋਂ ਪਹਿਲਾਂ ਹੋਈ, ਅਤੇ ਇਨ੍ਹਾਂ ਵਿਚੋਂ 56 ਫੀਸਦੀ ਔਰਤਾਂ ਪੇਂਡੂ ਸਨ। ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ ਦੁਨੀਆਂ ਭਰ 'ਚ ਹੁੰਦੇ ਇਹੋ ਜਿਹੇ ਵਿਆਹਾਂ 'ਚ 40 ਫੀਸਦੀ ਭਾਰਤ 'ਚ ਹੁੰਦੇ ਹਨ।

ਦੇਸ਼ ਦਾ ਅੱਧ, ਔਰਤਾਂ ਨਾਲ ਵਿਤਕਰੇ, ਧੱਕੇ ਦੀਆਂ ਕਹਾਣੀਆਂ ਇਵੇਂ ਹੀ ਜਾਰੀ ਰਹਿੰਦੀਆਂ ਹਨ ਤਾਂ ਦੇਸ਼ ਤਰੱਕੀ ਨਹੀਂ ਕਰ ਸਕੇਗਾ। ਔਰਤਾਂ ਵਿਰੁੱਧ ਕੀਤੀ ਹਿੰਸਾ ਅਤੇ ਉਨ੍ਹਾਂ ਨੂੰ ਅਪਰਾਧ ਦਾ ਸ਼ਿਕਾਰ ਬਣਾਉਣ ਲਈ ਆਪਣੀ ਤਾਕਤ ਦੀ ਵਰਤੋਂ ਕਰਨਾ ਮਰਦਾਂ ਅਤੇ ਸਮਾਜ ਪ੍ਰਤੀ ਔਰਤਾਂ ਦੇ ਮਨਾਂ 'ਚ ਨਫਰਤ ਪੈਦਾ ਕਰਨ ਦਾ ਸਾਧਨ ਬਣ ਰਿਹਾ ਹੈ।

ਅੱਜ ਔਰਤ ਪਰੰਪਰਾਵਾਂ, ਵਰਣ ਵਿਵਸਥਾ, ਸੰਸਕਾਰਾਂ, ਆਰਥਿਕ, ਉਤਪੀੜਨ, ਨਿੱਜੀ ਸੰਪਤੀ ਦੀ ਬੁਨਿਆਦ ਨਾਲ ਬੁਰੀ ਤਰ੍ਹਾਂ ਪੀੜਤ ਹੈ। ਲੋੜ ਇਸ ਗੱਲ ਦੀ ਹੈ ਕਿ ਮਰਦ ਪ੍ਰਧਾਨ ਸਮਾਜ 'ਚ ਉਨ੍ਹਾਂ ਪ੍ਰਤੀ ਸੋਚ ਬਦਲੀ ਜਾਏ ਅਤੇ ਉਸ ਸੋਚ ਤੋਂ ਮੁਕਤੀ ਪਾਈ ਜਾਏ, ਜਿਸ ਤਹਿਤ ਉਨ੍ਹਾਂ ਨੂੰ ਹੀਣ ਸਮਝਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਹਰ ਖੇਤਰ 'ਚ ਤ੍ਰਿਸਕਾਰ ਕੀਤਾ ਜਾਂਦਾ ਹੈ। ਇੱਕ ਵਿਦਵਾਨ ਦਾ ਕਹਿਣਾ ਹੈ, “ਔਰਤਾਂ ਦਾ ਤ੍ਰਿਸਕਾਰ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਨੁਕਸਾਨ ਤਾਂ ਪਹੁੰਚਾ ਸਕਦਾ ਹੈ, ਪਰ ਉਨ੍ਹਾਂ ਦਾ ਮਨ ਨਹੀਂ ਜਿੱਤ ਸਕਦਾ।''।
-ਗੁਰਮੀਤ ਪਲਾਹੀ, ਲੇਖਕ
(ਮੋ. 9815802070)

Comments

Leave a Reply