Thu,Jan 21,2021 | 02:24:29pm
HEADLINES:

Social

ਗਰੀਬਾਂ-ਨਿਤਾਣਿਆਂ ਲਈ ਸੰਘਰਸ਼ ਕਰਨ ਵਾਲਾ ਹੀ ਅਸਲ ਯੋਧਾ

ਗਰੀਬਾਂ-ਨਿਤਾਣਿਆਂ ਲਈ ਸੰਘਰਸ਼ ਕਰਨ ਵਾਲਾ ਹੀ ਅਸਲ ਯੋਧਾ

ਸਤਿਗੁਰੂ ਕਬੀਰ ਜੀ ਮਹਾਰਾਜ ਆਪਣੇ ਸਮੇਂ ਦੇ ਇਕ ਮਹਾਨ ਦਾਰਸ਼ਨਿਕ ਤੇ ਇਨਕਲਾਬੀ ਮਹਾਪੁਰਖ ਹੋਏ ਹਨ। ਸਤਿਗੁਰੂ ਜੀ ਮੱਧਕਾਲੀਨ ਸੰਤ ਮਤ ਵਿਚਾਰ ਤੇ ਵਿਵਸਥਾ ਵਿਰੋਧੀ ਅੰਦੋਲਨ ਦੇ ਅਜਿਹੇ ਅਨੁਭਵੀ ਸੰਤ ਹਨ, ਜੋ ਨਿਮਨ ਕਹੇ ਗਏ ਵਰਗ ਵਿਚ ਪੈਦਾ ਹੋਏ, ਪਰ ਆਪਣੀ ਵਿਚਾਰਧਾਰਾ ਦੇ ਪ੍ਰਭਾਵ ਸਦਕਾ ਉਨ੍ਹਾਂ ਨੇ ਸਮਕਾਲੀਨ ਭਾਰਤੀ ਸਮਾਜ, ਭਾਰਤ ਦੀ ਦੁਖੀ, ਪੀੜਤ ਤੇ ਜ਼ੁਲਮਾਂ ਦੀ ਸ਼ਿਕਾਰ, ਲਤਾੜੀ ਅਤੇ ਸਤਾਈ ਹੋਈ ਜਨਤਾ ਨੂੰ ਨਵਾਂ ਜੀਵਨ-ਦਰਸ਼ਨ ਤੇ ਜੀਵਨ ਸੁਨੇਹਾ ਦਿੱਤਾ।

ਉਸ ਸਮੇਂ ਸ਼ੂਦਰਾਂ, ਵਿਸ਼ੇਸ਼ ਕਰਕੇ ਅਛੂਤਾਂ 'ਤੇ ਅਜਿਹੇ ਮਾਨਵਤਾ ਵਿਰੋਧੀ ਕਾਨੂੰਨ ਲਾਗੂ ਕਰ ਦਿੱਤੇ ਗਏ ਸਨ ਕਿ ਇਨ੍ਹਾਂ ਦਾ ਜੀਵਨ ਪਸ਼ੂਆਂ ਤੋਂ ਵੀ ਭੈੜਾ, ਨਰਕਮਈ ਬਣਾ ਦਿੱਤਾ ਗਿਆ। ਧਰਮ ਸ਼ਾਸਤਰਾਂ ਵਿਚ ਸ਼ੂਦਰ ਤੇ ਇਸਤਰੀ ਨੂੰ ਪਾਪਯੋਨੀ ਸਵੀਕ੍ਰਿਤ ਕੀਤਾ ਗਿਆ ਸੀ। ਸਤਿਗੁਰੂ ਕਬੀਰ ਨੇ ਅਖੌਤੀ ਧਰਮ ਅਚਾਰੀਆਂ ਤੇ ਮੁੱਲਾਂ ਮੌਲਾਣਿਆਂ ਵਲੋਂ ਫੈਲਾਈ ਜਾ ਰਹੀ ਆਪਸੀ ਨਫਰਤ, ਵੈਰ ਵਿਰੋਧ, ਈਰਖਾ, ਧਾਰਮਿਕ ਅਡੰਬਰ ਤੇ ਮਨੁੱਖਤਾ ਵਿਰੋਧੀ ਕਰਮ ਕਾਂਡਾਂ ਵਿਰੁੱਧ ਵਿਦਰੋਹ ਕੀਤਾ।

ਇਨਕਲਾਬੀ ਜਾਂ ਵਿਦਰੋਹੀ ਉਹ ਹੁੰਦਾ ਹੈ, ਜੋ ਸਥਾਪਿਤ ਵਿਵਸਥਾ ਅਰਥਾਤ ਮਨੁੱਖਤਾ ਵਿਰੋਧੀ ਸਿਸਟਮ ਵਿਰੁੱਧ ਬਗਾਵਤ ਕਰਕੇ ਇਕ ਨਵੀਂ ਸਮਾਜਿਕ, ਸੱਭਿਆਚਾਰਕ ਤੇ ਨੈਤਿਕ ਵਿਵਸਥਾ ਕਾਇਮ ਕਰਨ ਦਾ ਧਾਰਨੀ ਹੋਵੇ, ਅਜਿਹਾ ਵਿਅਕਤੀਤਵ ਕ੍ਰਾਂਤੀਕਾਰੀ, ਇਨਕਲਾਬੀ ਵਿਅਕਤੀਤਵ ਕਹਿਲਾਉਂਦਾ ਹੈ।

ਦੁਨੀਆਂ ਦਾ ਤਿਆਗ ਕਰਕੇ, ਜੰਗਲਾਂ, ਪਹਾੜਾਂ ਵਿਚ ਜਾ ਕੇ ਜਪ-ਤਪ ਕਰਨ, ਨਗਨ ਫਿਰਨ, ਵਰਤ ਰੱਖਣ, ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਨ, ਦੇਵੀ-ਦੇਵਤਿਆਂ ਦੀ ਅਰਾਧਨਾ ਕਰਨ ਵਰਗੇ ਕਰਮਾਂ ਦਾ ਖੰਡਨ ਕਰਦਿਆਂ ਸਤਿਗੁਰੂ ਕਬੀਰ ਜੀ ਮਹਾਰਾਜ ਨੇ - ਜੀਵਤ ਪਿਤਰ ਨਾ ਮਾਨੈ ਕੋਊ ਮੂਏ ਸਿਰਾਧ ਕਰਾਈ ਅਤੇ ਇਸਲਾਮ ਧਰਮ ਵਿਚ ਸੁੰਨਤਿ ਕੀਏ ਤੁਰਕੁ ਜੇ ਹੋਇਗਾ, ਅਉਰਤਿ ਕਾ ਕਿਆ ਕਰੀਐ ਕਹਿ ਕੇ ਵਿਅੰਗਾਤਮਕ ਤੇ ਤਰਕਸ਼ੀਲ ਢੰਗ ਨਾਲ ਅਜਿਹੇ ਬਾਹਰਮੁਖੀ ਕਰਮਕਾਂਡ ਦਾ ਜ਼ੋਰਦਾਰ ਖੰਡਨ ਕੀਤਾ।

ਸਤਿਗੁਰੂ ਕਬੀਰ ਜੀ ਨੇ ਮੋਕਸ਼ ਪ੍ਰਾਪਤੀ ਲਈ ਤੀਰਥਾਂ ਉੱਪਰ ਮੱਸਿਆ, ਪੁੰਨਿਆ, ਕੁੰਭ-ਕੁੰਭੀ ਜਾਂ ਕਿਸੇ ਵਿਸ਼ੇਸ਼ ਦਿਨ 'ਤੇ ਕੀਤੇ ਜਾਂਦੇ ਇਸ਼ਨਾਨ ਨੂੰ - ਜਲ ਕੈ ਮਜਨਿ ਜੇ  ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿ (ਪੰਨਾ 484) ਤੇ ਕੇਵਲ ਧਾਰਮਿਕ ਪੁਸਤਕਾਂ ਪੜ੍ਹਨ, ਪੜ੍ਹਾਉਣ ਅਥਵਾ ਪਾਠ ਕਰਨ-ਕਰਾਉਣ ਨੂੰ -ਬੇਦ ਪੜੇ ਪੜਿ ਪੰਡਤ ਮੂਏ (ਪੰਨਾ 654) ਕਹਿ ਕੇ ਇਸ ਰਵਾਇਤ ਨੂੰ ਵੀ ਨਕਾਰਿਆ। ਸਤਿਗੁਰੂ ਜੀ ਇਕ ਨਿਧੜਕ ਯੋਧੇ ਸਨ, ਜਿਨ੍ਹਾਂ ਨੇ ਮਾਨਵੀ ਦਮਨ ਤੇ ਅਪਮਾਨ ਵਿਰੁੱਧ ਰੋਹ ਭਰੀ ਆਵਾਜ਼ ਬੁਲੰਦ ਕੀਤੀ।

ਸਤਿਗੁਰੂ ਕਬੀਰ ਜੀ ਮਹਾਰਾਜ ਨੇ ਪੱਥਰਾਂ ਦੀਆਂ ਮੂਰਤੀਆਂ ਘੜ ਕੇ, ਇਨ੍ਹਾਂ ਵਿਚੋਂ ਦੇਵੀ-ਦੇਵਤਿਆਂ ਦੇ ਕਾਲਪਨਿਕ ਰੂਪ ਸਿਰਜ ਕੇ ਉਨ੍ਹਾਂ ਦੀ ਉਪਾਸਨਾ ਕਰਨ, ਆਰਤੀਆਂ ਉਤਾਰਨ ਤੇ ਇਸਤਰੀਆਂ ਵਿਚ ਕਈ ਪ੍ਰਕਾਰ ਦੇ ਵਰਤ ਰੱਖਣ ਦਾ ਵੀ ਪੁਰਜ਼ੋਰ ਖੰਡਨ ਕੀਤਾ। ਸਤਿਗੁਰੂ ਕਬੀਰ ਜੀ ਨੇ ਮਾਨਵ - ਧਰਮ ਸਮਾਜ ਕਾਇਮ ਕਰਨ ਲਈ ਛਲ ਕਪਟ ਤੇ ਪਾਖੰਡਵਾਦ ਦਾ ਵਿਰੋਧ ਕੀਤਾ।

ਸਤਿਗੁਰੂ ਜੀ ਨੇ ਸਮਾਨਤਾ ਆਧਾਰਤ ਮਾਨਵਵਾਦੀ ਭਾਰਤੀ ਸਮਾਜ ਦੀ ਸਥਾਪਤੀ ਲਈ ਸਵਾਰਥਵਾਦੀ ਜਾਂ ਪਦਾਰਥਵਾਦੀ ਰੁਚੀ ਅਧੀਨ ਦੂਸਰਿਆਂ ਉੱਪਰ ਜ਼ੁਲਮ ਕਰਨ ਦਾ ਵਿਰੋਧ ਕੀਤਾ। ਆਪ ਨੇ ਆਪਣੀ ਬਾਣੀ ਵਿਚ ਲੋਭ ਮੋਹ ਸਭ ਬੀਸਰਿ ਜਾਹੁ (ਪੰਨਾ 343), ਧਰਮ ਦਇਆ ਕਰ ਬਾੜੀ (ਪੰਨਾ 969), ਅਤੇ ਮਨ ਮੇਰੇ ਭੂਲੇ ਕਪਟੁ ਨ ਕੀਜੈ (ਪੰਨਾ 656) ਦਾ ਉਪਦੇਸ਼ ਦੇ ਕੇ ਸੁਚੱਜਾ ਮਨੁੱਖ ਸਿਰਜਣ ਦੀ ਪ੍ਰੇਰਨਾ ਦਿੱਤੀ।

ਆਪ ਦਾ ਸਪੱਸ਼ਟ ਮੱਤ ਸੀ ਕਿ ਗਰੀਬਾਂ, ਨਿਤਾਣਿਆ, ਨਿਮਾਣਿਆ ਲਈ ਸੰਘਰਸ਼ ਤੇ ਯੁੱਧ ਕਰਨ ਵਾਲਾ ਪੁਰਸ਼ ਹੀ ਅਸਲ ਵਿਚ ਸੂਰਵੀਰ, ਬਹਾਦਰ ਤੇ ਯੋਧਾ ਹੈ। ਉਨ੍ਹਾਂ ਦਾ ਜੀਵਨ ਤੇ ਉਪਦੇਸ਼ ਸਾਨੂੰ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਤੇ ਸਾਰੇ ਮਨੁੱਖਾਂ ਲਈ ਬਰਾਬਰੀ 'ਤੇ ਅਧਾਰਿਤ ਵਿਵਸਥਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦਾ ਹੈ।

ਅੱਜ ਦੇ ਸਮੇਂ ਵਿਚ ਜਦੋਂ ਭਾਰਤੀ ਜੀਵਨ ਵਿਚ ਭ੍ਰਿਸ਼ਟਾਚਾਰ, ਬੇਈਮਾਨੀ, ਧੋਖਾ, ਠਗੀ, ਚਰਿੱਤਰਹੀਨਤਾ, ਅਸਹਿਣਸ਼ੀਲਤਾ ਤੇ ਅਨੇਕ ਪ੍ਰਕਾਰ ਦੀਆਂ ਕੁਰੀਤੀਆਂ ਹਾਵੀ ਹੋ ਰਹੀਆਂ ਹਨ, ਸਤਿਗੁਰੂ ਕਬੀਰ ਜੀ ਮਹਾਰਾਜ ਦੀ ਇਨਕਲਾਬੀ ਵਿਚਾਰਧਾਰਾ ਦੀ ਮਹੱਤਤਾ ਤੇ ਸਾਰਥਕਤਾ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ।

ਉਨ੍ਹਾਂ ਦੁਆਰਾ ਦਰਸਾਏ ਮਾਰਗ ਉੱਪਰ ਵਾਸਤਵਿਕ ਰੂਪ ਵਿਚ ਚੱਲਕੇ, ਉਨ੍ਹਾਂ ਵਲੋਂ ਨਿਰਧਾਰਤ ਜੀਵਨ ਦਰਸ਼ਨ, ਜੀਵਨ ਮੁੱਲਾਂ ਤੇ ਕਦਰਾਂ-ਕੀਮਤਾਂ ਨੂੰ ਅਮਲੀ ਤੌਰ 'ਤੇ ਪ੍ਰੈਕਟਿਸ ਵਿਚ ਲਿਆ ਕੇ ਹੀ ਅਸੀਂ ਇਕ ਵਧੀਆ, ਖੁਸ਼ਹਾਲ ਤੇ ਕਲਿਆਣਕਾਰੀ ਭਾਰਤੀ ਸਮਾਜ ਦੀ ਸਥਾਪਨਾ ਕਰ ਸਕਦੇ ਹਾਂ, ਜੋ ਭਾਰਤੀ ਲੋਕਤੰਤਰ ਦਾ ਸਹੀ ਅਰਥਾਂ ਵਿਚ ਇਕ ਪ੍ਰਭਾਵਸ਼ਾਲੀ, ਸਿਧਾਂਤਕ ਤੇ ਸਾਕਾਰ ਰੂਪ ਹੋਵੇਗਾ।

Comments

Leave a Reply