Thu,Sep 20,2018 | 01:00:28am
HEADLINES:

Social

ਜਾਗੋ ਸਮਾਜ ਦੇ ਲੋਕੋ! ਔਰਤਾਂ ਦੀ ਸੁਰੱਖਿਆ ਤੇ ਆਰਥਿਕ ਆਜ਼ਾਦੀ ਦਾ ਉਪਰਾਲਾ ਕਰੋ

ਜਾਗੋ ਸਮਾਜ ਦੇ ਲੋਕੋ! ਔਰਤਾਂ ਦੀ ਸੁਰੱਖਿਆ ਤੇ ਆਰਥਿਕ ਆਜ਼ਾਦੀ ਦਾ ਉਪਰਾਲਾ ਕਰੋ

ਛੋਟੀ ਉਮਰ ਦੀਆਂ ਬੱਚੀਆਂ ਨਾਲ ਬਲਤਕਾਰ ਹੋ ਹਰੇ ਹਨ। ਬਲਾਤਕਾਰ ਉਪਰੰਤ ਲੜਕੀਆਂ, ਔਰਤਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਸਮਾਜ ਵਿੱਚ ਵੱਧ ਰਹੇ ਇਸ ਪਸ਼ੂ-ਪੁਣੇ ਦਾ ਇਸ ਤੋਂ ਵੱਡਾ ਕੋਈ ਹੋਰ ਸਬੂਤ ਹੋ ਸਕਦਾ ਹੈ? ਆਓ! ਬਲਾਤਕਾਰ ਦੇ ਅੰਕੜਿਆਂ 'ਤੇ ਇੱਕ ਝਾਤ ਮਾਰੀਏ। ਦੇਸ਼ ਵਿੱਚ ਸਲਾਨਾ 35 ਤੋਂ 36 ਹਜ਼ਾਰ ਦੇ ਲਗਭਗ ਬਲਾਤਕਾਰ ਹੁੰਦੇ ਹਨ। ਬਲਾਤਕਾਰ ਦਾ ਸ਼ਿਕਾਰ ਆਮ ਤੌਰ 'ਤੇ 18 ਤੋਂ 30 ਵਰ੍ਹਿਆਂ ਦੀਆਂ ਔਰਤਾਂ ਹੋ ਰਹੀਆਂ ਹਨ। 
 
ਔਰਤਾਂ ਵਿੱਚ ਅਸੁਰੱਖਿਆ ਦੀ ਭਾਵਨਾ ਵੱਧ ਰਹੀ ਹੈ। ਰਾਤ-ਬਰਾਤੇ ਔਰਤਾਂ ਘਰੋਂ ਬਾਹਰ ਜਾਣ ਤੋਂ ਸੰਕੋਚ ਕਰਦੀਆਂ ਹਨ, ਡਰਦੀਆਂ ਹਨ। ਕਈ ਹਾਲਤਾਂ ਵਿੱਚ ਤਾਂ ਇਕੱਲੀਆਂ ਲੜਕੀਆਂ, ਔਰਤਾਂ ਵੀ ਘਰ ਵਿੱਚ ਸੁਰੱਖਿਅਤ ਨਹੀਂ, ਉਨ੍ਹਾਂ ਨਾਲ ਛੇੜਛਾੜ, ਬਲਾਤਕਾਰ ਦੀਆਂ ਘਟਨਾਵਾਂ ਉਨ੍ਹਾਂ ਦੇ ਆਪਣੇ ਨਜ਼ਦੀਕੀ, ਜਾਣੂਆਂ, ਰਿਸ਼ਤੇਦਾਰਾਂ ਵਲੋਂ ਹੀ ਕੀਤੇ ਜਾਣ ਦੀਆਂ ਰਿਪੋਰਟਾਂ ਮਿਲਦੀਆਂ ਹਨ। ਇੱਕ ਰਿਪੋਰਟ ਅਨੁਸਾਰ ਬਲਾਤਕਾਰ ਦੀਆਂ ਘਟਨਾਵਾਂ 'ਚ ਲਿਪਤ ਮਰਦ 90 ਪ੍ਰਤੀਸ਼ਤ ਔਰਤਾਂ ਦੇ ਜਾਣੂ, ਰਿਸ਼ਤੇਦਾਰ ਜਾਂ ਨਜ਼ਦੀਕੀ ਪਾਏ ਗਏ ਹਨ। 
 
ਜੇਕਰ ਸਰਕਾਰੀ ਅੰਕੜਿਆਂ ਨੂੰ ਹੀ ਸਹੀ ਮੰਨ ਲਿਆ ਜਾਵੇ ਤਾਂ ਸਾਲ 2014 ਵਿੱਚ ਕੁਲ 3,29,243 ਅਤੇ 2016 ਵਿੱਚ 3,38,954 ਔਰਤਾਂ ਨਾਲ ਅਪਰਾਧ ਦੇ ਮਾਮਲੇ ਰਜਿਸਟਰਡ ਹੋਏ ਹਨ, ਪਰ ਔਰਤਾਂ ਨਾਲ ਅਪਰਾਧਾਂ ਦੇ ਮਾਮਲੇ ਦੇਸ਼ ਵਿੱਚ ਇਸ ਤੋਂ ਵੀ ਕਿਧਰੇ ਵੱਧ ਹਨ, ਕਿਉਂਕਿ ਬਹੁਤੀਆਂ, ਬਲਾਤਕਾਰ, ਜਿਨਸੀ ਛੇੜਛਾੜ ਦੀਆਂ ਘਟਨਾਵਾਂ ਤਾਂ ਪੁਲਸ ਥਾਣਿਆਂ 'ਚ ਰਜਿਸਟਰਡ ਹੀ ਨਹੀਂ ਹੁੰਦੀਆਂ।
 
ਇਸ ਵਿੱਚ ਬਹੁ-ਗਿਣਤੀ ਪੇਂਡੂ ਖੇਤਰ ਵਿੱਚ ਵਾਪਰੀਆਂ ਘਟਨਾਵਾਂ ਦੀ ਹੈ, ਜਿੱਥੇ ਪੇਂਡੂ ਔਰਤਾਂ, ਸ਼ਹਿਰੀ ਔਰਤਾਂ ਦੇ ਮੁਕਾਬਲੇ ਜਿਆਦਾ ਅਸੁਰੱਖਿਅਤ ਹਨ, ਜਿਨ੍ਹਾਂ ਦਾ ਯੌਨ ਸੋਸ਼ਣ ਤਾਂ ਹੁੰਦਾ ਹੀ ਹੈ, ਘਰੇਲੂ ਕੁੱਟਮਾਰ, ਔਰਤਾਂ ਨਾਲ ਵਿਤਕਰੇ ਦੀਆਂ ਘਟਨਾਵਾਂ ਵੀ ਵੱਧ ਹਨ।
 
ਜਿੱਥੇ ਉਨ੍ਹਾਂ ਦੇ ਨਾਲ ਪਤੀ, ਸਹੁਰੇ ਪਰਿਵਾਰ ਵਲੋਂ ਅਣਮਨੁੱਖੀ ਵਰਤਾਰੇ ਦੀਆਂ ਘਟਨਾਵਾਂ ਆਮ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਪੇਟ ਵਿੱਚ ਲੜਕੀਆਂ ਦਾ ਗਰਭਪਾਤ, ਦਾਜ-ਦਹੇਜ ਕਾਰਨ ਕੁੱਟਮਾਰ ਤੇ ਸਟੋਵ, ਗੈਸ ਨਾਲ ਉਨ੍ਹਾਂ ਨੂੰ ਸਾੜਨਾ ਅਤੇ ਸਮਾਜ ਵਿੱਚ ਲੜਕੀਆਂ ਨੂੰ ਲੜਕਿਆਂ ਅਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਕਿਸੇ ਵੀ ਤਰ੍ਹਾਂ ਦੇ ਹੱਕ ਨਾ ਦੇਣਾ ਸ਼ਾਮਲ ਹਨ। ਭੈੜੇ, ਕੋਝੇ, ਅਣਮਨੁੱਖੀ ਵਰਤਾਰੇ ਕਾਰਨ ਔਰਤ ਘਰ ਵਿੱਚ ਵੀ ਅਤੇ ਘਰੋਂ ਬਾਹਰ ਵੀ ਅਸੁਰੱਖਿਅਤ ਮਹਿਸੂਸ ਕਰਦੀ ਹੈ।
 
ਥਾਮਸਨ ਰੂਟਿਰਸ ਫਾਊਂਡੇਸ਼ਨ ਨੇ ਇੱਕ ਰਿਪੋਰਟ ਛਾਪੀ ਹੈ, ਜਿਸਦਾ ਭਾਰਤ ਸਰਕਾਰ ਨੇ ਖੰਡਨ ਕੀਤਾ ਹੈ। ਰਿਪੋਰਟ ਕਹਿੰਦੀ ਹੈ ਕਿ ਭਾਰਤ ਔਰਤਾਂ ਲਈ ਦੁਨੀਆ ਦਾ ਸਭ ਤੋਂ ਵੱਧ ਖਤਰਨਾਕ ਦੇਸ਼ ਹੈ, ਪਰ ਜਿਨ੍ਹਾਂ ਬਿੰਦੂਆਂ 'ਤੇ ਆਧਾਰਤ ਇਸ ਫਾਊਂਡੇਸ਼ਨ ਨੇ ਸਰਵੇ ਕੀਤਾ ਹੈ ਅਤੇ ਰਿਪੋਰਟ ਤਿਆਰ ਕੀਤੀ ਹੈ, ਉਸਨੂੰ ਅੱਖੋਂ-ਪਰੋਖੇ ਕਰਨਾ ਕੀ ਸੰਭਵ ਹੈ? ਰਿਪੋਰਟ ਵਿੱਚ ਪਹਿਲਾ ਬਿੰਦੂ ਜਿਸ ਬਾਰੇ ਸਰਵੇਖਣ ਕੀਤਾ ਗਿਆ ਹੈ ਕਿ ਭਾਰਤੀ ਸਮਾਜ ਵਿੱਚ ਔਰਤਾਂ ਦੀ ਸਿਹਤ ਕਿਹੋ ਜਿਹੀ ਹੈ?
 
ਸਿਹਤ ਦਾ ਮਨੁੱਖੀ ਜੀਵਨ ਪੱਧਰ ਨਾਲ ਗਹਿਰਾ ਰਿਸ਼ਤਾ ਹੈ। ਜੇਕਰ ਔਰਤਾਂ ਦੀ ਸਿਹਤ ਚੰਗੀ ਹੈ ਤਾਂ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਸਮਾਜ ਦਾ ਜੀਵਨ ਪੱਧਰ ਉੱਚਾ ਹੈ। ਬੇਹਤਰ ਜੀਵਨ ਸੱਤਰ ਅਪਰਾਧ ਨੂੰ ਘੱਟ ਕਰਦਾ ਹੈ। 
 
ਭਾਰਤ ਵਿੱਚ ਲੜਕੀਆਂ, ਔਰਤਾਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ। ਲੜਕੀ ਦੇ ਕੁੱਖਾਂ 'ਚ ਕਤਲ ਦੀਆਂ ਘਟਨਾਵਾਂ ਆਮ ਹਨ। ਪ੍ਰਸੂਤਾ ਔਰਤਾਂ ਨੂੰ ਸਹੀ ਖੁਰਾਕ ਨਾ ਮਿਲਣ ਕਾਰਨ ਗਰਭਪਾਤ ਦੀਆਂ ਘਟਨਾਵਾਂ ਵਾਪਰਦੀਆਂ ਹਨ। ਜੱਚਾ-ਬੱਚਾ ਲਈ ਸਰਕਾਰੀ ਸਕੀਮਾਂ ਤਾਂ ਬਹੁਤ ਹਨ, ਪਰ ਆਮ ਔਰਤਾਂ ਇਨ੍ਹਾਂ ਸਕੀਮਾਂ ਦੀ ਪਹੁੰਚ ਤੋਂ ਦੂਰ ਹਨ। ਇੱਕ ਸਰਕਾਰੀ ਰਿਪੋਰਟ ਅਨੁਸਾਰ 75 ਫੀਸਦੀ ਗਰਭਪਤੀ ਔਰਤਾਂ ਚੰਗੀ ਖੁਰਾਕ ਨਾ ਮਿਲਣ ਕਾਰਨ ਖੂਨ ਦੀ ਕਮੀ ਦਾ ਸ਼ਿਕਾਰ ਰਹਿੰਦੀਆਂ ਹਨ। ਏਡਜ਼ ਦੀ ਬੀਮਾਰੀ ਤੋਂ ਪੀੜ੍ਹਤ ਕੁੱਲ ਵਿਚੋਂ 40 ਫੀਸਦੀ ਤੋਂ ਵੱਧ ਔਰਤਾਂ ਹਨ। ਛਾਤੀ ਦਾ ਕੈਂਸਰ ਔਰਤਾਂ 'ਚ ਲਗਾਤਾਰ ਵੱਧ ਰਿਹਾ ਹੈ।
 
ਔਰਤਾਂ ਦੀ ਸੁਰੱਖਿਆ ਰਿਪੋਰਟ ਦਾ ਦੂਜਾ ਕੇਂਦਰ ਬਿੰਦੂ ਆਰਥਕ ਮਾਮਲਿਆਂ ਵਿੱਚ ਔਰਤਾਂ ਨਾਲ ਭੇਦਭਾਵ ਹੈ, ਵਿਤਕਰਾ ਹੈ।ਯੂਨਾਈਟਿਡ ਨੇਸ਼ਨਜ ਦੀ ਇੱਕ ਰਿਪੋਰਟ ਅਨੁਸਾਰ 187 ਦੇਸ਼ਾਂ ਵਿੱਚ ਔਰਤਾਂ ਨਾਲ ਆਰਥਿਕ ਮਾਮਲਿਆਂ 'ਚ ਭੇਦਭਾਵ 'ਚ ਭਾਰਤ ਦਾ 137ਵਾਂ ਥਾਂ ਹੈ। ਭਾਰਤ ਵਿੱਚ ਹਾਲੇ ਵੀ ਔਰਤਾਂ ਨੂੰ ਮਰਦਾਂ ਬਰਾਬਰ ਕਈ ਖੇਤਰਾਂ ਖਾਸ ਕਰਕੇ ਅਸੰਗਠਿਤ ਖੇਤਰਾਂ 'ਚ ਤਨਖਾਹ ਨਹੀਂ ਮਿਲਦੀ। ਘਰ ਦਾ ਮਾਲਕ ਆਮ ਤੌਰ 'ਤੇ ਮਰਦ ਨੂੰ ਗਿਣਿਆ ਜਾਂਦਾ ਹੈ। ਘਰ ਦੀ ਜ਼ਮੀਨ, ਜਾਇਦਾਦ ਉਸੇ ਦੇ ਨਾਂ ਰਹਿੰਦੀ ਹੈ। ਕਮਾਊ ਦੇ ਤੌਰ 'ਤੇ ਕਮਾਊ ਪੁੱਤ ਦਾ ਨਾਂ ਗਿਣਿਆ ਜਾਂਦਾ ਹੈ।
 
ਹਾਲਾਂਕਿ ਇਸ ਸਮੇਂ ਲੜਕੀਆਂ ਵੀ ਵੱਖੋ-ਵੱਖ ਖੇਤਰਾਂ 'ਚ ਨੌਕਰੀਆਂ ਕਰਨ ਲੱਗੀਆਂ ਹਨ, ਪਰ ਸਮਾਜ ਵਿਸ਼ੇਸ਼ ਦੀ ਰੀਤੀ-ਰਿਵਾਜਾਂ ਵਿੱਚ ਔਰਤਾਂ ਨੂੰ ਕਿੰਨੀ ਕੁ ਬਰਾਬਰੀ ਮਿਲੀ ਹੋਈ ਹੈ? ਰੀਤੀ-ਰਿਵਾਜ ਘਰ ਅਤੇ ਸਮਾਜਿਕ ਸੱਭਿਆਚਾਰ ਨੂੰ ਦਰਸਾਉਂਦੇ ਹਨ। ਭਰਾ ਦੇ ਗੁੱਟ ਤੇ ਬੰਨ੍ਹੀ ਰੱਖੜੀ ਪਿਆਰ ਨਾਲੋਂ ਵੱਧ ਭੈਣ ਵਲੋਂ ਭਰਾ ਤੋਂ ਸੁਰੱਖਿਆ ਮੰਗਣ ਦਾ ਸਾਧਨ ਮੰਨੀ ਜਾਂਦੀ ਹੈ। ਸਮਾਜ ਵਿੱਚ ਲੜਕੀ, ਲੜਕੇ ਜਾਂ ਔਰਤ ਨਾਲ ਘਰ ਜਾਂ ਸਮਾਜ ਵਿੱਚ ਵਿਤਕਰਾ ਵੇਖਣ ਨੂੰ ਮਿਲਦਾ ਹੈ। ਜੇਕਰ ਹੱਕ ਬਰਾਬਰ ਹੋਣ ਤਾਂ ਫਿਰ ਸਮਾਜ ਵਿੱਚ ਔਰਤ ਮਰਦ ਦੇ ਬਰਾਬਰ ਦਾ ਸਹਿਕਰਮੀ ਹੈ।
 
ਸਮਾਜ ਵਿੱਚ ਯੌਨ ਸੋਸ਼ਣ ਦੇ ਵੱਧ ਰਹੇ ਮਾਮਲੇ ਔਰਤਾਂ ਦੀ ਸੁਰੱਖਿਆ ਦੀ ਕੋਝੀ ਤਸਵੀਰ ਪੇਸ਼ ਕਰਦੇ ਹਨ। ਔਰਤਾਂ ਨਾਲ ਯੌਨ ਸੋਸ਼ਣ ਹੁੰਦਾ ਹੈ, ਬਲਾਤਕਾਰ ਹੁੰਦਾ ਹੈ, ਔਰਤਾਂ ਦਾ ਦੇਹ ਵਪਾਰ ਕੀਤਾ ਜਾਂਦਾ ਹੈ, ਉਨ੍ਹਾਂ ਦਾ ਅਪਹਰਣ ਕੀਤਾ ਜਾਂਦਾ ਹੈ। ਇਹ ਘਟਨਾਵਾਂ ਦੇਸ਼ ਵਿੱਚ ਲਗਾਤਾਰ ਵੱਧ ਰਹੀਆਂ ਹਨ।
 
ਛੋਟੀਆਂ ਬੱਚੀਆਂ ਨਾਲ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਨਾਲ ਦੇਸ਼ ਦਾ ਸਿਰ ਸ਼ਰਮ ਨਾਲ ਝੁਕਿਆ ਹੈ। ਦੁਨੀਆਂ ਵਿੱਚ ਦੇਸ਼ ਦਾ ਅਕਸ ਖਰਾਬ ਹੋਇਆ ਹੈ। ਇਹ ਘਟਨਾਵਾਂ ਕੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੱਥੇ ਉਤੇ ਕਲੰਕ ਨਹੀਂ ਹਨ?
 
ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਦੇਸ਼ ਦੇ ਸੱਭਿਅਕ ਨਾਗਰਿਕਾਂ ਲਈ ਚਿੰਤਾ ਦਾ ਵਿਸ਼ਾ ਹਨ। ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਗੈਰਬਰਾਬਰੀ ਦਾ ਜਿਸ ਕਿਸਮ ਦਾ ਸਮਾਜ ਬਣ ਰਿਹਾ ਹੈ, ਉਸ ਵਿੱਚ ਪਸ਼ੂਪੁਣੇ 'ਤੇ ਕਾਬੂ ਪਾਉਣ ਦੇ ਬੰਧਨ ਟੁੱਟ ਰਹੇ ਹਨ। ਪਿੰਡਾਂ ਦੇ ਥਾਣਿਆਂ ਵਿੱਚ ਕਾਨੂੰਨ ਦਾ ਪਾਲਣ ਘੱਟ ਹੋ ਰਿਹਾ ਹੈ ਅਤੇ ਉਥੇ ਪ੍ਰਭਾਵੀ ਲੋਕਾਂ ਦਾ 'ਚਲੋ ਛੱਡੋ, ਪਾਉ ਮਿੱਟੀ' ਵਾਲਾ ਕਾਰਕ ਅਸਰਦਾਇਕ ਹੋ ਰਿਹਾ ਹੈ। ਇਹੋ ਜਿਹੇ ਹਾਲਾਤਾਂ ਵਿੱਚ ਕੀ ਬਲਾਤਕਾਰ ਦੀਆਂ ਘਟਨਾਵਾਂ ਅਤੇ ਯੌਨ ਹਿੰਸਾ ਨੂੰ ਸਿਰਫ ਕਾਨੂੰਨ ਬਣਾਕੇ ਖਤਮ ਕੀਤਾ ਜਾ ਸਕਦਾ ਹੈ?
 
ਸਰਕਾਰ ਨੇ ਬਾਰਾਂ ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦੇਣ ਦਾ ਕਾਨੂੰਨ ਪਾਸ ਕਰ ਦਿੱਤਾ ਹੈ, ਪਰ ਕੀ ਸਖ਼ਤ ਸਜ਼ਾਵਾਂ ਨਾਲ ਬਲਾਤਕਾਰ ਰੁਕ ਸਕਣਗੇ? ਯੌਨ ਸੋਸ਼ਣ ਦਾ ਵਰਤਾਰਾ ਖਤਮ ਹੋ ਸਕੇਗਾ? ਸਰਕਾਰ ਨੂੰ ਇਹ ਗੱਲ ਮੰਨ ਕੇ ਚਲਣੀ ਹੋਵੇਗੀ ਕਿ ਦੇਸ਼ ਵਿੱਚ ਔਰਤਾਂ ਦੇ ਮਨਾਂ ਵਿੱਚ ਅਸੁਰੱਖਿਅਤ ਦੀ ਭਾਵਨਾ ਵੱਧ ਰਹੀ ਹੈ। ਬਿਲਕੁਲ ਉਵੇਂ ਹੀ ਜਿਵੇਂ ਦੇਸ਼ 'ਚ ਘੱਟ ਗਿਣਤੀ ਲੋਕਾਂ ਦੇ ਮਨਾਂ 'ਚ ਅਸੁਰੱਖਿਆ ਵੱਧ ਰਹੀ ਹੈ।
 
ਔਰਤਾਂ ਦੀ ਸੁਰੱਖਿਆ ਲਈ ਉਨ੍ਹਾਂ ਦੀ ਚੰਗੀ ਸਿਹਤ, ਬਰਾਬਰ ਦੇ ਹੱਕਾਂ, ਆਰਥਿਕ ਆਜ਼ਾਦੀ ਲਈ ਵਿਸ਼ੇਸ਼ ਉਪਰਾਲੇ ਕਰਨੇ ਹੀ ਪੈਣਗੇ। ਬਲਾਤਕਾਰਾਂ, ਯੌਨ ਸੋਸ਼ਣ, ਅਪਹਰਣ, ਦੇਹ ਵਪਾਰ ਦੇ ਵਰਤਾਰੇ ਨੂੰ ਸਿਰਫ ਸਰਕਾਰੀ ਯਤਨਾਂ 'ਤੇ ਨਹੀਂ ਛੱਡਿਆ ਜਾ ਸਕਦਾ, ਸਮਾਜ ਸੁਧਾਰਕਾਂ, ਬੁੱਧੀਜੀਵੀਆਂ ਤੇ ਸਾਹਿਤਕਾਰਾਂ ਨੂੰ ਸਿਰ ਜੋੜ ਕੇ ਇਸ ਸਮਾਜਕ ਵਿਚਾਰ ਨੂੰ ਖਤਮ ਕਰਨ ਲਈ ਯਤਨ ਕਰਨੇ ਪੈਣਗੇ, ਨਹੀਂ ਤਾਂ ਦੁਨੀਆਂ ਦੀ ਨਜ਼ਰ ਵਿੱਚ ਭਾਰਤ ਹੋਰ ਵੀ ਘਿਨਾਉਣਾ ਬਣਿਆ ਦਿਸੇਗਾ। 
-ਗੁਰਮੀਤ ਪਲਾਹੀ, ਲੇਖਕ
(ਸੰਪਰਕ : 9815802070)

Comments

Leave a Reply