Mon,Apr 22,2019 | 12:30:00am
HEADLINES:

Social

ਮਰੇ ਡੰਗਰ ਚੁੱਕਣ ਵਾਲਿਆਂ ਦੀ ਮਾੜੀ ਹਾਲਤ; ਨਾ ਚੰਗੀ ਜ਼ਿੰਦਗੀ, ਨਾ ਸਨਮਾਨ

ਮਰੇ ਡੰਗਰ ਚੁੱਕਣ ਵਾਲਿਆਂ ਦੀ ਮਾੜੀ ਹਾਲਤ; ਨਾ ਚੰਗੀ ਜ਼ਿੰਦਗੀ, ਨਾ ਸਨਮਾਨ

ਭਾਰਤ ਦੇ ਕਈ ਸੂਬਿਆਂ ਵਿੱਚ ਇੱਕ ਵਰਗ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਲੰਮੇ ਸਮੇਂ ਤੋਂ ਮਰੇ ਹੋਏ ਡੰਗਰਾਂ ਦੀਆਂ ਹੱਡੀਆਂ ਚੁੱਕਣ ਦੇ ਕੰਮ ਵਿੱਚ ਲੱਗਾ ਹੋਇਆ ਹੈ। ਇਨ੍ਹਾਂ ਹੱਡੀਆਂ ਨੂੰ ਕੁਝ ਫੈਕਟਰੀਆਂ ਵਿੱਚ ਪਹੁੰਚਾਇਆ ਜਾਂਦਾ ਹੈ, ਜਿੱਥੇ ਇਨ੍ਹਾਂ ਨੂੰ ਪੀਸਿਆ ਜਾਂਦਾ ਹੈ। ਇਸ ਤੋਂ ਬਾਅਦ ਇਨ੍ਹਾਂ ਹੱਡੀਆਂ ਦਾ ਚੂਰਾ ਕਈ ਕੈਮੀਕਲ ਨੂੰ ਬਣਾਉਣ ਦੇ ਕੰਮ ਆਉਂਦਾ ਹੈ। ਉੱਤਰ ਪ੍ਰਦੇਸ਼ ਵਿੱਚ ਲੋਕ ਬੀਤੇ ਕਈ ਸਾਲਾਂ ਤੋਂ ਸ਼ਾਂਤੀ ਨਾਲ ਆਪਣਾ ਕੰਮ ਕਰ ਰਹੇ ਸਨ, ਪਰ ਜਦੋਂ ਤੋਂ ਸੂਬੇ ਵਿੱਚ ਸਰਕਾਰ ਨੇ ਗਊ ਹੱਤਿਆ 'ਤੇ ਪਾਬੰਦੀ ਲਗਾਈ ਹੈ, ਉਦੋਂ ਤੋਂ ਇਨ੍ਹਾਂ ਲੋਕਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ।

ਬੀਤੇ ਸਾਲ ਇਹ ਕਾਨੂੰਨ ਪਾਸ ਹੋਣ ਤੋਂ ਬਾਅਦ ਕਈ ਲੋਕ ਗਊ ਹੱਤਿਆ ਦੇ ਸ਼ੱਕ ਵਿੱਚ ਹਮਲਿਆਂ ਦੇ ਸ਼ਿਕਾਰ ਹੋਏ ਹਨ। 55 ਸਾਲ ਦੇ ਬ੍ਰਿਜਵਾਸੀ ਲਾਲ ਕਹਿੰਦੇ ਹਨ ਕਿ ''ਪ੍ਰਤਾਪਗੜ ਵਿੱਚ ਉਨ੍ਹਾਂ ਨੂੰ ਕਦੇ-ਕਦੇ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਵੀ ਲੋਕ ਸਾਨੂੰ ਹੱਡੀਆਂ ਲੈ ਕੇ ਜਾਂਦੇ ਹੋਏ ਦੇਖਦੇ ਹਨ ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਅਸੀਂ ਕਸਾਈ ਦੇ ਕੋਲ ਕੰਮ ਕਰਦੇ ਹਾਂ। ਸਾਨੂੰ ਇੱਕ ਕਿੱਲੋ ਹੱਡੀਆਂ ਬਦਲੇ ਸਿਰਫ 3 ਤੋਂ 5 ਰੁਪਏ ਮਿਲਦੇ ਹਨ। ਇਹ ਕੋਈ ਸਨਮਾਨਜਨਕ ਕੰਮ ਨਹੀਂ ਹੈ, ਪਰ ਇਸ ਨਾਲ ਮੇਰੇ ਘਰ ਦਾ ਖਰਚਾ ਚੱਲਦਾ ਹੈ। ਹੁਣ ਸਾਡੇ ਕੰਮ 'ਤੇ ਬਹੁਤ ਅਸਰ ਹੈ। ਸਾਨੂੰ ਬਹੁਤ ਸਾਵਧਾਨ ਰਹਿਣਾ ਪੈਂਦਾ ਹੈ। ਇਸੇ ਲਈ ਅਸੀਂ ਅੱਧੀ ਰਾਤ ਤੋਂ ਕੰਮ ਸ਼ੁਰੂ ਕਰਦੇ ਹਾਂ ਅਤੇ ਸਵੇਰੇ 10 ਵਜੇ ਤੱਕ ਆਪਣਾ ਕੰਮ ਪੂਰਾ ਕਰ ਲੈਂਦੇ ਹਾਂ।''

ਉਹ ਦੱਸਦੇ ਹਨ ਕਿ ਲੋਕ ਆਮ ਤੌਰ 'ਤੇ ਉਨ੍ਹਾਂ ਦੇ ਕੰਮ ਨੂੰ ਸਹੀ ਨਜ਼ਰ ਨਾਲ ਨਹੀਂ ਦੇਖਦੇ ਅਤੇ ਸਮਾਜ ਦਾ ਹਿੱਸਾ ਨਹੀਂ ਮੰਨਦੇ ਹਨ। ਬ੍ਰਿਜਵਾਸੀ ਲਾਲ ਕਹਿੰਦੇ ਹਨ, ''ਅਸੀਂ ਦਲਿਤ ਹਾਂ। ਅਜਿਹੇ ਵਿੱਚ ਸਾਨੂੰ ਜ਼ਿਆਦਾਤਰ ਲੋਕਾਂ ਤੋਂ ਸਨਮਾਨ ਨਹੀਂ ਮਿਲਦਾ। ਇਹ ਕੰਮ ਸਾਨੂੰ ਅਸਲ ਅਰਥਾਂ ਵਿੱਚ ਅਛੂਤ ਬਣਾ ਦਿੰਦਾ ਹੈ। ਲੋਕ ਸਾਨੂੰ ਦੇਖਦੇ ਹੀ ਆਪਣਾ ਰਾਹ ਬਦਲ ਲੈਂਦੇ ਹਨ।'' ਬ੍ਰਿਜਵਾਸੀ ਦੱਸਦੇ ਹਨ ਕਿ ਮਰੇ ਹੋਏ ਜਾਨਵਰਾਂ ਤੋਂ ਉੱਠਣ ਵਾਲੀ ਬਦਬੂ ਬਰਦਾਸ਼ਤ ਨਹੀਂ ਹੁੰਦੀ। ਲੋਕ ਸੋਚਦੇ ਹਨ ਕਿ ਸਾਨੂੰ ਇਸਦੀ ਆਦਤ ਹੈ, ਪਰ ਅਜਿਹਾ ਨਹੀਂ ਹੈ।

ਗੱਲ ਬੱਸ ਇੰਨੀ ਹੈ ਕਿ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਹੈ। ਤੁਸੀਂ ਸੜੇ ਹੋ ਮੀਟ ਦੀ ਬਦਬੂ ਦੀ ਕਦੇ ਸੋਚ ਵੀ ਨਹੀਂ ਸਕਦੇ। ਅਸੀਂ ਆਮ ਤੌਰ 'ਤੇ ਕੁੱਤਿਆਂ ਦੇ ਸ਼ਿਕਾਰ ਹੁੰਦੇ ਹਾਂ। ਉਹ ਹਮੇਸ਼ਾ ਸਾਡਾ ਪਿੱਛਾ ਕਰਦੇ ਹਨ। ਕਈ ਵਾਰ ਮੈਨੂੰ ਕੁੱਤਿਆਂ ਨੇ ਕੱਟਿਆ ਵੀ। 

ਹੱਡੀਆਂ ਚੁੱਕਣ ਦੇ ਕੰਮ 'ਚ ਲੱਗੇ ਸੁਗਰੀਵ ਕਹਿੰਦੇ ਹਨ ਕਿ ਉਨ੍ਹਾਂ ਦੇ ਕੰਮ ਲਈ ਸਰੀਰਕ ਤੇ ਮਾਨਸਿਕ ਤਾਕਤ ਚਾਹੀਦੀ ਹੁੰਦੀ ਹੈ। ਅਸੀਂ ਮਰੇ ਪਸ਼ੂਆਂ ਦੀਆਂ ਲਾਸ਼ਾਂ ਲਈ 40-50 ਕਿੱਲੋਮੀਟਰ ਤੱਕ ਦਾ ਸਫਰ ਤੈਅ ਕਰਦੇ ਹਾਂ। ਜਦੋਂ ਲੋਕਾਂ ਦੇ ਘਰਾਂ ਵਿੱਚ ਪਸ਼ੂ ਮਰ ਜਾਂਦੇ ਹਨ, ਉਦੋਂ ਵੀ ਲੋਕ ਸਾਨੂੰ ਸੱਦਦੇ ਹਨ। ਇਹ ਕੋਈ ਸਨਮਾਨ ਦਾ ਕੰਮ ਨਹੀਂ ਹੈ। ਲੋਕ ਆਪਣੇ ਘਰਾਂ ਵਿੱਚ ਪਾਣੀ ਤੱਕ ਨਹੀਂ ਪਿਲਾਉਂਦੇ।

ਸੋਚ ਕੇ ਦੇਖੋ, ਅਸੀਂ ਸਮਾਜ ਵਿੱਚ ਇੱਕ ਮਹੱਤਵਪੂਰਨ ਕੰਮ ਕਰਦੇ ਹਾਂ। ਅਸੀਂ ਖੇਤਾਂ ਤੇ ਘਰਾਂ ਤੋਂ ਮਰੇ ਹੋਏ ਜਾਨਵਰਾਂ ਨੂੰ ਹਟਾ ਕੇ ਵਾਤਾਵਰਣ ਸਾਫ ਰੱਖਦੇ ਹਾਂ, ਪਰ ਕੋਈ ਵੀ ਸਾਡਾ ਸਨਮਾਨ ਨਹੀਂ ਕਰਦਾ। ਮੇਰੇ ਕੋਲ ਇਹ ਕੰਮ ਕਰਨ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਹੈ, ਕਿਉਂਕਿ ਮੈਂ ਪੜ੍ਹਿਆ-ਲਿਖਿਆ ਨਹੀਂ ਹਾਂ ਅਤੇ ਕਿਸੇ ਨੂੰ ਵੀ ਜਦੋਂ ਇਹ ਪਤਾ ਚੱਲੇਗਾ ਕਿ ਅਸੀਂ ਮਰੇ ਡੰਗਰ ਚੁੱਕਣ ਵਾਲੇ ਹਾਂ ਤਾਂ ਕੋਈ ਵੀ ਸਾਨੂੰ ਕੰਮ ਨਹੀਂ ਦੇਵੇਗਾ।

ਸੁਗਰੀਵ ਕਹਿੰਦੇ ਹਨ, ''ਮੇਰੇ ਪਿਤਾ ਵੀ ਇਹੀ ਕੰਮ ਕਰਦੇ ਸਨ। ਮੇਰੇ ਬੱਚੇ ਵੀ ਇਹੀ ਕੰਮ ਕਰ ਰਹੇ ਹਨ, ਪਰ ਮੈਂ ਚਾਹੁੰਦਾ ਹਾਂ ਕਿ ਉਹ ਕੁਝ ਹੋਰ ਕੰਮ ਕਰਨ। ਇਹ ਮੁਸ਼ਕਿਲ ਲਗਦਾ ਹੈ ਕਿਉਂਕਿ ਉਹ ਵੀ ਪੜ੍ਹੇ-ਲਿਖੇ ਨਹੀਂ ਹਨ।''

ਹੱਡੀਆਂ ਦੇ ਕੰਮ 'ਚ ਹੀ ਲੱਗੇ ਬੈਸਾਖੂ ਕਹਿੰਦੇ ਹਨ, ''ਮੈਨੂੰ ਪਤਾ ਹੈ ਕਿ ਤੁਹਾਨੂੰ ਇੱਥੇ ਖੜੇ ਹੋਣ ਵਿੱਚ ਪਰੇਸ਼ਾਨੀ ਹੋ ਰਹੀ ਹੈ, ਪਰ ਅਸੀਂ ਇਹੀ ਕੰਮ ਕਈ ਦਹਾਕਿਆਂ ਤੋਂ ਕਰ ਰਹੇ ਹਾਂ। ਕਿਤੇ ਕੋਈ ਦੂਜੀ ਨੌਕਰੀ ਮਿਲ ਜਾਂਦੀ, ਪਰ ਸਾਨੂੰ ਕੌਣ ਨੌਕਰੀ ਦੇਵੇਗਾ।'' ਉਹ ਵੀ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਾਡਾ ਜਾਨਵਰਾਂ ਨੂੰ ਮਾਰਨ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਜਾਨਵਰਾਂ ਨੂੰ ਨਹੀਂ ਮਾਰਦੇ। ਅਸੀਂ ਬੱਸ ਉਨ੍ਹਾਂ ਦੇ ਮਰ ਜਾਣ 'ਤੇ ਹੱਡੀਆਂ ਚੁੱਕਦੇ ਹਾਂ, ਪਰ ਕੁਝ ਲੋਕ ਇਹ ਨਹੀਂ ਦੇਖਦੇ ਅਤੇ ਸਾਨੂੰ ਗਾਲ੍ਹਾਂ ਕੱਢਣ ਲੱਗਦੇ ਹਨ।

ਬੈਸਾਖੂ ਕਹਿੰਦੇ ਹਨ, ''ਅਸੀਂ ਜਿਹੜਾ ਕੰਮ ਕਰਦੇ ਹਾਂ, ਉਹ ਬਹੁਤ ਹੀ ਮੁਸ਼ਕਿਲ ਕੰਮ ਹੈ। ਅਸੀਂ ਕਈ ਘੰਟਿਆਂ ਤੱਕ ਕੰਮ ਕਰਦੇ ਹਾਂ। ਆਪਣੀਆਂ ਸਾਈਕਲਾਂ ਤੇ ਮੋਢਿਆਂ 'ਤੇ ਹੱਡੀਆਂ ਢੋਂਹਦੇ ਹਾਂ। ਕਦੇ-ਕਦੇ ਸੱਟਾਂ ਵੀ ਲੱਗ ਜਾਂਦੀਆਂ ਹਨ, ਪਰ ਸਾਡੇ ਕੋਲ ਇਲਾਜ ਕਰਾਉਣ ਲਈ ਪੈਸਾ ਵੀ ਨਹੀਂ ਹੁੰਦਾ। ਇਸ ਕੰਮ ਵਿੱਚ ਕੋਈ ਪੱਕੀ ਕਮਾਈ ਦੀ ਗਾਰੰਟੀ ਵੀ ਨਹੀਂ ਹੈ।''

ਬੈਸਾਖੂ ਕਹਿੰਦੇ ਹਨ, ''ਮੇਰੇ ਉੱਪਰ ਇੱਕ ਪਰਿਵਾਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੈ ਅਤੇ ਜਦੋਂ ਮੈਨੂੰ ਕੁਝ ਨਹੀਂ ਮਿਲਦਾ ਤਾਂ ਮੈਂ ਪਰੇਸ਼ਾਨ ਹੋ ਜਾਂਦਾ ਹਾਂ। ਮੈਨੂੰ ਲੋਕਾਂ ਤੋਂ ਉਧਾਰ ਮੰਗਣਾ ਪੈਂਦਾ ਹੈ, ਜਿਸ ਤੋਂ ਬਾਅਦ ਕਰਜ਼ਾ ਵਧਦਾ ਜਾਂਦਾ ਹੈ। ਇਹ ਇੱਕ ਖਰਾਬ ਚੱਕਰ ਹੈ। ਉਹ ਕਹਿੰਦੇ ਹਨ ਕਿ ਹਿੰਸਾ ਹੋਣ ਦੇ ਖਤਰੇ ਨੇ ਉਨ੍ਹਾਂ ਦੇ ਕੰਮ ਨੂੰ ਹੋਰ ਜ਼ਿਆਦਾ ਮੁਸ਼ਕਿਲ ਬਣਾ ਦਿੱਤਾ ਹੈ।''
(ਧੰਨਵਾਦ ਸਮੇਤ ਬੀਬੀਸੀ)

Comments

Leave a Reply