Mon,Oct 22,2018 | 12:06:58pm
HEADLINES:

Social

ਜਾਤੀ ਪੁੱਛ ਕੇ ਮੈਰਿਜ ਪੈਲੇਸ ਦੇਣ ਤੋਂ ਇਨਕਾਰ ਕਰ ਦਿੰਦੇ ਨੇ ਪੈਲੇਸ ਮਾਲਕ

ਜਾਤੀ ਪੁੱਛ ਕੇ ਮੈਰਿਜ ਪੈਲੇਸ ਦੇਣ ਤੋਂ ਇਨਕਾਰ ਕਰ ਦਿੰਦੇ ਨੇ ਪੈਲੇਸ ਮਾਲਕ

ਅੱਜ ਵੀ ਕਈ ਲੋਕਾਂ ਨੂੰ ਛੂਤਛਾਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬੇਟੀਆਂ ਦੇ ਵਿਆਹਾਂ ਲਈ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਅੱਜ ਵੀ ਮੈਰਿਜ ਪੈਲੇਸ ਨਹੀਂ ਮਿਲ ਰਹੇ। ਉਤਰ ਪ੍ਰਦੇਸ਼ ਦੇ ਸਿਰਾਜਗੰਜ 'ਚ ਹਾਲ ਇਹ ਹੈ ਕਿ ਵਾਲਮੀਕਿ ਸਮਾਜ ਦੇ ਲੋਕ ਇਕ ਮੈਰਿਜ ਹਾਲ ਤੋਂ ਦੂਸਰੇ 'ਚ ਭੱਜਦੇ ਹਨ, ਪਰ ਹਰ ਥਾਂ ਇਨਕਾਰ ਸੁਣਨ ਨੂੰ  ਮਿਲਦਾ ਹੈ। ਭੇਦਭਾਵ ਦਾ ਦਰ ਝੱਲ ਰਹੇ ਸਮਾਜ ਦੇ ਲੋਕ ਲੰਘੇ ਦਿਨ ਤਹਿਸੀਲ ਪਹੁੰਚ ਗਏ। ਸੰਵਿਧਾਨ 'ਚ ਦਿੱਤੇ ਗਏ ਸਮਾਨਤਾ ਦੇ ਅਧਿਕਾਰ ਦਾ ਹਵਾਲਾ ਦਿੰਦੇ ਹੋਏ ਐੱਸਡੀਐੱਮ ਨੂੰ ਮੰਗ ਪੱਤਰ ਵੀ ਦਿੱਤਾ ਗਿਆ।

ਵਾਲਮੀਕਿ ਸਮਾਜ ਦੇ ਲੋਕਾਂ ਦਾ ਕਹਿਣਾ ਸੀ ਕਿ ਘਰ 'ਚ ਕਿਸੇ ਦਾ ਵਿਆਹ ਹੋਵੇ ਤਾਂ ਉਨ੍ਹਾਂ ਨੂੰ ਮੈਰਿਜ ਪੈਲੇਸ ਨਹੀਂ ਮਿਲਦਾ। ਇਸ ਨਾਲ ਧੂਮਧਾਮ ਨਾਲ ਬੇਟੀਆਂ ਦਾ ਵਿਆਹ ਕਰਨ ਦੇ ਅਰਮਾਨ ਟੁੱਟ ਰਹੇ ਹਨ। ਗਲੀਆਂ 'ਚ ਟੈਂਟ ਲਗਾ ਕੇ ਬੱਚਿਆਂ ਦੇ ਹੱਥ ਪੀਲੇ ਕਰ ਦਿੱਤੇ ਜਾਂਦੇ ਹਨ, ਪਰ ਸਮਾਜ ਦਾ ਇਹ ਰਵੱਈਆ ਮਨ 'ਚ ਡੂੰਘੀ ਸੱਟ ਮਾਰ ਗਿਆ ਹੈ। ਐੱਸਡੀਐੱਮ ਚੰਦਰਭਾਨੂੰ ਨਾਲ ਮਿਲ ਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਗਿਆ। 

ਰਵੀ ਵਾਲਮੀਕਿ ਦਾ ਕਹਿਣਾ ਹੈ ਕਿ ਮੈਰਿਜ ਹੋਮ ਸੰਚਾਲਕ ਬੁਕ ਕਰਨ ਤੋਂ ਪਹਿਲਾਂ ਜਾਤ ਪੁੱਛਦੇ ਹਨ। ਰੁਪਏ ਪੈਸੇ ਦੀ ਗੱਲ ਫਾਈਨਲ ਹੋ ਜਾਣ ਦੇ ਬਾਅਦ ਵੀ ਜਾਤੀ ਸੁਣ ਕੇ ਮਨ੍ਹਾ ਕਰ ਦਿੰਦੇ ਹਨ। ਰਵੀ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਮੰਗ ਪੱਤਰ ਸੌਂਪਣ ਵਾਲਿਆਂ 'ਚ ਵੀਰੇਂਦਰ ਸਿੰਘ, ਵਿਮਲ ਕੁਮਾਰ, ਸੁਨੀਲ ਕੁਮਾਰ, ਰਾਜੇਸ਼ ਕੁਮਾਰ, ਪ੍ਰਵੇਸ਼ ਕੁਮਾਰ, ਰਾਜੇਂਦਰ, ਬ੍ਰਹਮਜੀਤ ਤੋਂ ਇਲਾਵਾ ਵਾਲਮੀਕਿ ਸਮਾਜ ਦੇ ਅਨੇਕਾਂ ਨੌਜਵਾਨ ਇਸ ਮੌਕੇ ਹਾਜ਼ਰ ਸਨ।

ਇਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਵਿਆਹਾਂ 'ਚ ਕੰਮ ਸਾਡੇ ਤੋਂ ਹੀ ਕਰਵਾਇਆ ਜਾਂਦਾ ਹੈ। ਐੱਸਡੀਐੱਮ ਨੂੰ ਇਨ੍ਹਾਂ ਲੋਕਾਂ ਨੇ ਕਿਹਾ ਕਿ ਵਿਆਹ ਸਮਾਗਮਾਂ ਲਈ ਮੈਰਿਜ ਹੋਮ ਨਹੀਂ ਦਿੰਦੇ, ਪਰ ਵਿਆਹਾਂ 'ਚ ਵੇਟਰ ਤੇ ਸਫ਼ਾਈ ਦੇ ਨਾਲ ਨਾਲ ਕੈਟਰਿੰਗ ਦਾ ਕੰਮ ਸਾਡੇ ਸਮਾਜ ਦੇ ਲੋਕ ਹੀ ਕਰਦੇ ਹਨ।

ਉਨ੍ਹਾਂ ਕਿਹਾ ਕਿ ਅਸੀਂ ਜਿਨ੍ਹਾਂ ਪਲੇਟਾਂ ਨੂੰ ਸਾਫ਼ ਕਰਦੇ ਹਾਂ, ਉਨ੍ਹਾਂ 'ਚ ਖਾਣਾ ਪਰੋਸਣ 'ਚ ਕੋਈ ਬੁਰਾਈ ਨਹੀਂ ਹੈ, ਪਰ ਸਾਡੇ ਵਿਆਹਾਂ 'ਚ ਮੈਰਿਜ ਪੈਲੇਸ ਨਹੀਂ ਦੇ ਸਕਦੇ। ਦੂਜੇ ਪਾਸੇ ਇਸ ਬਾਰੇ ਐੱਸਡੀਐੱਮ ਚੰਦਰਭਾਨੂੰ ਦਾ ਕਹਿਣਾ ਹੈ ਕਿ ਸਮਾਜ ਦੇ ਲੋਕਾਂ ਨੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਹੈ। ਸੰਵਿਧਾਨ 'ਚ ਸਾਰਿਆਂ ਨੂੰ ਬਰਾਬਰੀ ਦਾ ਹੱਕ ਹੈ। ਅਸੀਂ ਜਲਦੀ ਹੀ ਮੈਰਿਜ ਪੈਲੇਸਾਂ ਦੇ ਮਾਲਕਾਂ ਤੇ ਵਾਲਮੀਕਿ ਸਮਾਜ ਦੇ ਲੋਕਾਂ ਨਾਲ ਮੀਟਿੰਗ ਕਰਕੇ ਇਹ ਯਕੀਨੀ ਬਣਾਵਾਂਗੇ ਕਿ ਸਮਾਜ ਦੇ ਲੋਕਾਂ ਦੇ ਅਧਿਕਾਰਾਂ ਦਾ ਘਾਣ ਨਾ ਹੋਵੇ।

Comments

Leave a Reply