Wed,Dec 19,2018 | 09:51:50am
HEADLINES:

Social

ਲੜਕੀਆਂ ਲਈ 'ਆਜ਼ਾਦ' ਹਾਸਟਲ ਕਿਉਂ ਨਹੀਂ?

ਲੜਕੀਆਂ ਲਈ 'ਆਜ਼ਾਦ' ਹਾਸਟਲ ਕਿਉਂ ਨਹੀਂ?

ਸਾਲ 2009 ਮਨੁੱਖੀ ਸੱਭਿਅਤਾ ਲਈ ਇੱਕ ਮਹੱਤਵਪੂਰਨ ਸਾਲ ਰਿਹਾ। ਇਸ ਸਾਲ ਪਹਿਲੀ ਵਾਰ ਅਜਿਹਾ ਹੋਇਆ ਕਿ ਹਾਇਰ ਐਜੂਕੇਸ਼ਨ ਵਿੱਚ ਦੁਨੀਆ ਭਰ ਵਿੱਚ ਜਿੰਨੇ ਪੁਰਸ਼ ਆਏ, ਉਸ ਤੋਂ ਜ਼ਿਆਦਾ ਗਿਣਤੀ ਵਿੱਚ ਮਹਿਲਾਵਾਂ ਆਈਆਂ। ਯੂਨੈਸਕੋ 1970 ਤੋਂ ਹੀ ਦੇਸ਼ਾਂ ਵਿੱਚ ਇਨਰੋਲਮੈਂਟ ਦੇ ਅੰਕੜੇ ਰੱਖ ਰਿਹਾ ਹੈ। ਜਦੋਂ ਉਸਨੇ 1970 ਵਿੱਚ ਆਪਣੀ ਪਹਿਲੀ ਰਿਪੋਰਟ ਜਾਰੀ ਕੀਤੀ ਸੀ, ਉਦੋਂ ਉੱਚ ਸਿੱਖਿਆ ਵਿੱਚ ਮਹਿਲਾਵਾਂ ਤੋਂ ਤਿੰਨ ਗੁਣਾ ਜ਼ਿਆਦਾ ਪੁਰਸ਼ ਸਨ, ਪਰ ਦੇਖਦੇ ਹੀ ਦੇਖਦੇ ਦੁਨੀਆ ਬਦਲ ਗਈ। ਹੁਣ ਮਾਮਲਾ ਬਰਾਬਰੀ ਤੋਂ ਵੀ ਅੱਗੇ ਵਧ ਗਿਆ ਹੈ।

2009 ਵਿੱਚ ਉੱਚ ਸਿੱਖਿਆ ਵਿੱਚ 7 ਕਰੋੜ 74 ਲੱਖ ਮਹਿਲਾਵਾਂ ਆਈਆਂ। ਪੁਰਸ਼ 7.5 ਕਰੋੜ ਆਏ। ਭਾਰਤ ਵਿੱਚ ਮਹਿਲਾ ਸਿੱਖਿਆ ਦੀ ਕਹਾਣੀ ਨਵੀਂ ਹੈ। ਦੇਸ਼ ਵਿੱਚ ਮਹਿਲਾਵਾਂ ਦਾ ਪਹਿਲਾ ਸਕੂਲ ਪੂਣੇ ਵਿੱਚ ਸਾਵਿੱਤਰੀ ਬਾਈ ਫੂਲੇ ਨੇ 1848 ਵਿੱਚ ਖੋਲਿਆ, ਪਰ 125 ਸਾਲ ਵਿੱਚ ਭਾਰਤ ਦੀਆਂ ਲੜਕੀਆਂ ਨੇ ਮੁਸ਼ਕਿਲ ਹਾਲਾਤ ਦੇ ਬਾਵਜੂਦ ਇੱਕ ਇਤਿਹਾਸ ਕਾਇਮ ਕੀਤਾ ਹੈ। ਭਾਰਤ ਵਿੱਚ ਉੱਚ ਸਿੱਖਿਆ ਵਿੱਚ ਹੁਣ 44 ਫੀਸਦੀ ਤੋਂ ਜ਼ਿਆਦਾ ਮਹਿਲਾਵਾਂ ਹਨ। ਅਜਿਹੇ ਕਾਲਜ ਤੇ ਯੂਨੀਵਰਸਿਟੀਜ਼ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿੱਥੇ ਲੜਕਿਆਂ ਤੋਂ ਜ਼ਿਆਦਾ ਲੜਕੀਆਂ ਹਨ। ਮਾਸ ਕਮਿਊਨਿਕੇਸ਼ਨ, ਡਿਜ਼ਾਇਨ, ਲੈਂਗਵੇਜ ਤੇ ਸੋਸ਼ਲ ਸਾਈਂਸ ਦੇ ਕਈ ਕੋਰਸਾਂ ਵਿੱਚ ਲੜਕੀਆਂ ਦਾ ਇਨਰੋਲਮੈਂਟ ਲੜਕਿਆਂ ਤੋਂ ਜ਼ਿਆਦਾ ਹੈ। 

ਹਰ ਸਾਲ ਆਉਣ ਵਾਲੀ ਇਹ ਖਬਰ ਹੁਣ ਕਿਸੇ ਨੂੰ ਹੈਰਾਨ ਨਹੀਂ ਕਰਦੀ ਕਿ 10ਵੀਂ ਜਾਂ 12ਵੀਂ ਵਿੱਚ ਲੜਕੀਆਂ ਨੇ ਲੜਕਿਆਂ ਨੂੰ ਪਿੱਛੇ ਛੱਡਿਆ। ਲੜਕੀਆਂ ਜ਼ਿਆਦਾ ਪੜ੍ਹ ਰਹੀਆਂ ਹਨ। ਇੱਕ ਵੱਡੀ ਸਮੱਸਿਆ ਇਹ ਹੈ ਕਿ ਇਹ ਲੜਕੀਆਂ ਜਦੋਂ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਘਰ ਤੋਂ ਦੂਰ ਜਾਂਦੀਆਂ ਹਨ ਤਾਂ ਉੱਥੇ ਉਨ੍ਹਾਂ ਲਈ ਰਹਿਣ ਦਾ ਯੋਗ ਪ੍ਰਬੰਧ ਨਹੀਂ ਹੁੰਦਾ। ਮਿਸਾਲ ਦੇ ਤੌਰ 'ਤੇ ਦਿੱਲੀ ਦੇ ਹਿੰਦੂ ਕਾਲਜ ਦੇ ਗਰਲਸ ਹਾਸਟਲ ਦੀ ਫੀਸ ਲੜਕਿਆਂ ਦੇ ਹਾਸਟਲ ਤੋਂ ਦੁੱਗਣੀ, ਮਤਲਬ 90 ਹਜ਼ਾਰ ਰੁਪਏ ਸਲਾਨਾ ਰੱਖੀ ਗਈ ਹੈ। ਇੱਥੇ ਭੇਦਭਾਵ ਸਿਰਫ ਲਿੰਗ ਦੇ ਆਧਾਰ 'ਤੇ ਨਹੀਂ ਹੈ। ਇੰਨੀ ਉੱਚੀ ਫੀਸ ਰੱਖ ਕੇ ਕਿਨ੍ਹਾਂ ਲੜਕੀਆਂ ਨੂੰ ਹਾਸਟਲ ਤੋਂ ਬਾਹਰ ਰੱਖਿਆ ਗਿਆ ਹੈ, ਇਸਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ। ਇਹ ਹਾਲ ਸਰਕਾਰੀ ਕਾਲਜ ਦਾ ਹੈ।

ਅੱਜ ਦੇਸ਼ 'ਚ ਸਿਰਫ 950 ਹਾਸਟਲ ਹਨ। ਉਨ੍ਹਾਂ ਵਿੱਚ 70 ਹਜ਼ਾਰ ਤੋਂ ਵੀ ਘੱਟ ਸੀਟਾਂ ਹਨ। ਇੰਨੇ ਹਾਸਟਲਸ ਤਾਂ ਕਿਸੇ ਇੱਕ ਮਹਾਨਗਰ ਵਿੱਚ ਹੋਣੇ ਚਾਹੀਦੇ ਹਨ। ਰਾਜਧਾਨੀ ਦਿੱਲੀ ਵਿੱਚ ਸਿਰਫ 20 ਹਾਸਟਲਸ ਦਾ ਹੋਣਾ ਇਸ ਗੱਲ ਨੂੰ ਦਿਖਾਉਂਦਾ ਹੈ ਕਿ ਮਹਿਲਾਵਾਂ ਦੇ ਮੁੱਦਿਆਂ 'ਤੇ ਸਰਕਾਰ ਤੇ ਸੰਸਥਾਵਾਂ ਦੀ ਚਿੰਤਾ ਦਾ ਪੱਧਰ ਕੀ ਹੈ। ਜਿਹੜੇ ਸੂਬੇ ਘੱਟ ਪ੍ਰਗਤੀਸ਼ੀਲ ਹਨ, ਉੱਥੇ ਅਜਿਹੇ ਹਾਸਟਲਸ ਵੀ ਘੱਟ ਹਨ। ਕੇਂਦਰ ਸਰਕਾਰ ਦੀ ਯੋਜਨਾ ਤਹਿਤ ਬਿਹਾਰ ਵਿੱਚ ਸਿਰਫ 6 ਤੇ ਝਾਰਖੰਡ 'ਚ ਸਿਰਫ 2 ਕੰਮਕਾਜੀ ਮਹਿਲਾ ਹਾਸਟਲ ਹਨ।

ਸਾਫ ਹੈ ਕਿ ਲੜਕੀਆਂ ਤੇ ਮਹਿਲਾਵਾਂ ਨੂੰ ਨਾ ਸਿਰਫ ਵੱਡੀ ਗਿਣਤੀ ਵਿੱਚ ਹਾਸਟਲਸ ਚਾਹੀਦੇ ਹਨ, ਸਗੋਂ ਚੰਗੇ ਹਾਸਟਲਸ ਵੀ ਚਾਹੀਦੇ ਹਨ। ਪਾਬੰਦੀਆਂ ਤੋਂ ਮੁਕਤ ਹਾਸਟਲਸ ਚਾਹੀਦੇ ਹਨ। ਸੁਰੱਖਿਅਤ ਹਾਸਟਲਸ ਚਾਹੀਦੇ ਹਨ। ਮੈਡੀਕਲ ਸੁਵਿਧਾਵਾਂ ਨਾਲ ਸੰਪੰਨ ਹਾਸਟਲਸ ਚਾਹੀਦੇ ਹਨ ਅਤੇ ਅਜਿਹੇ ਹਾਸਟਲਸ ਦੀ ਫੀਸ ਵੀ ਬਹੁਤ ਜ਼ਿਆਦਾ ਨਹੀਂ ਹੋਣੀ ਚਾਹੀਦੀ। ਜਿਸ ਦੇਸ਼ ਦਾ ਫੀਮੇਲ ਵਰਕ ਫੋਰਸ ਪਾਰਟੀਸਿਪੇਸ਼ਨ ਦੁਨੀਆ ਵਿੱਚ ਸਭ ਤੋਂ ਘੱਟ ਹੋਵੇ ਅਤੇ ਜਿੱਥੇ ਜੈਂਡਰ ਗੈਪ ਜ਼ਿਆਦਾ ਹੋਵੇ, ਉੱਥੇ ਲੜਕੀਆਂ ਦੇ ਹਾਸਟਲਸ ਰਾਸ਼ਟਰ ਦੀ ਪਹਿਲ ਵਿੱਚ ਬਹੁਤ ਉੱਪਰ ਹੋਣੇ ਚਾਹੀਦੇ ਹਨ।

ਕੰਮਕਾਜੀ ਮਹਿਲਾਵਾਂ ਦਾ ਹਾਸਟਲ
ਇੱਕ ਹੋਰ ਮੁੱਦਾ ਕੰਮਕਾਜੀ ਮਹਿਲਾਵਾਂ ਦੇ ਹਾਸਟਲ ਦਾ ਹੈ। ਵਰਕ ਫੋਰਸ ਵਿੱਚ ਮਹਿਲਾਵਾਂ ਦੀ ਮੌਜੂਦਗੀ ਕਾਰਨ ਅਜਿਹੇ ਹਾਸਟਲਾਂ ਦੀ ਜ਼ਰੂਰਤ ਵਧੀ ਹੈ। ਵੱਡੀ ਗਿਣਤੀ ਵਿੱਚ ਮਹਿਲਾਵਾਂ ਇਨ੍ਹਾਂ ਦਿਨੀਂ ਸਿੰਗਲ ਰਹਿਣਾ ਪਸੰਦ ਕਰ ਰਹੀਆਂ ਹਨ। ਨਾਲ ਹੀ ਤਲਾਕਸ਼ੁਦਾ ਜਾਂ ਪਰਿਵਾਰ ਤੋਂ ਅਲੱਗ ਰਹਿ ਰਹੀਆਂ ਮਹਿਲਾਵਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ।

2006 ਵਿੱਚ ਬ੍ਰਿਟੇਨ ਵਿੱਚ ਸਿੰਗਲ ਰਹਿ ਰਹੀਆਂ ਮਹਿਲਾਵਾਂ ਦੀ ਕੁੱਲ ਗਿਣਤੀ ਵਿਆਹੀਆਂ ਮਹਿਲਾਵਾਂ ਤੋਂ ਜ਼ਿਆਦਾ ਹੋ ਗਈ। ਸਾਲ 2016 ਵਿੱਚ ਅਮਰੀਕਾ ਵਿੱਚ ਅਜਿਹਾ ਹੋ ਗਿਆ। ਭਾਰਤ ਇਸ ਗਲੋਬਲ ਟ੍ਰੈਂਡ ਦੇ ਪਿੱਛੇ-ਪਿੱਛੇ ਚੱਲ ਰਿਹਾ ਹੈ ਅਤੇ ਇਹ ਗੱਲ ਅਸੀਂ ਆਪਣੇ ਆਲੇ-ਦੁਆਲੇ ਮਹਿਸੂਸ ਕਰ ਸਕਦੇ ਹਾਂ।

ਲੜਕੀਆਂ 'ਤੇ ਲਾਗੂ ਹੁੰਦੇ ਨੇ ਨੈਤਿਕਤਾ ਦੇ ਨਿਯਮ
ਗਰਲਸ ਹਾਸਟਲ ਦੀ ਇੱਕ ਵੱਡੀ ਸਮੱਸਿਆ ਉਨ੍ਹਾਂ ਵਿੱਚ ਲਾਗੂ ਨੈਤਿਕਤਾ ਦੇ ਨਿਯਮ ਹਨ। ਇਹ ਪ੍ਰਾਈਵੇਟ ਤੇ ਸਰਕਾਰੀ ਦੋਨਾਂ ਸੈਕਟਰਾਂ 'ਤੇ ਲਾਗੂ ਹਨ। ਮਿਸਾਲ ਦੇ ਤੌਰ 'ਤੇ ਕਈ ਯੂਨੀਵਰਸਿਟੀ ਹਾਸਟਲ ਇੱਸ ਗੱਲ ਦੀ ਮਨਜ਼ੂਰੀ ਨਹੀਂ ਦਿੰਦੇ ਕਿ ਲੜਕੀਆਂ ਰਾਤ 9 ਵਜੇ ਤੋਂ ਬਾਅਦ ਬਾਹਰ ਰਹਿਣ। ਕਈ ਜਗ੍ਹਾ 'ਤੇ ਸ਼ਾਮ 7 ਵਜੇ ਤੱਕ ਲਿਮਿਟ ਰੱਖੀ ਗਈ ਹੈ। ਇਹ ਉਦੋਂ ਹੈ, ਜਦੋਂ ਕਿ ਇਨ੍ਹਾਂ ਸੰਸਥਾਨਾਂ ਵਿੱਚ ਲਾਈਬ੍ਰੇਰੀ ਤੇ ਡਿਪਾਰਟਮੈਂਟ ਦੇਰ ਰਾਤ ਤੱਕ ਜਾਂ 24 ਘੰਟੇ ਖੁੱਲੇ ਰਹਿੰਦੇ ਹਨ।

ਜੇਕਰ ਕੋਈ ਲੜਕੀ ਸਵੇਰੇ ਤਿੰਨ ਵਜੇ ਦੀ ਟ੍ਰੇਨ ਫੜਨਾ ਚਾਹੁੰਦੀ ਹੈ ਤਾਂ ਸੰਭਵ ਹੈ ਕਿ ਉਸਦੇ ਕੋਲ ਰਾਤ ਪਲੇਟਫਾਰਮ 'ਤੇ ਬਿਤਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਹੋਵੇ। ਪ੍ਰਸ਼ਾਸਨ ਦਾ ਕਹਿਣਾ ਹੁੰਦਾ ਹੈ ਕਿ ਉਹ ਰਾਤ ਵਿੱਚ ਲੜਕੀਆਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਕਰ ਸਕਦੇ, ਪਰ ਆਪਣੀ ਨਾਕਾਮੀ ਨੂੰ ਲੜਕੀਆਂ ਦੇ ਵਿਕਾਸ ਦੇ ਰਾਹ ਦਾ ਰੋੜਾ ਬਣਾਉਣਾ ਕਿੱਥੋਂ ਤੱਕ ਸਹੀ ਹੈ? ਗਰਲਸ ਹਾਸਟਲ ਵਿੱਚ ਲੜਕੀਆਂ ਦੀ ਆਜ਼ਾਦੀ ਸੀਮਤ ਹੋ ਜਾਂਦੀ ਹੈ।

ਬੀਐਚਯੂ ਵਿੱਚ ਲੜਕੀਆਂ ਦੇ ਹਾਸਟਲ ਦੇ ਬਾਹਰ ਲੜਕਿਆਂ ਦੇ ਗਲਤ ਹਰਕਤਾਂ ਕਰਨ ਦੀ ਘਟਨਾ ਤੋਂ ਬਾਅਦ ਹੋਏ ਹੰਗਾਮੇ ਦੀ ਯਾਦ ਅਜੇ ਵੀ ਤਾਜ਼ਾ ਹੀ ਹੈ। ਪ੍ਰਸ਼ਾਸਨ ਅਜਿਹੇ ਮਾਮਲਿਆਂ ਵਿੱਚ ਆਮ ਤੌਰ 'ਤੇ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਜਗ੍ਹਾ ਲੜਕੀਆਂ ਦੀ ਆਜ਼ਾਦੀ ਸੀਮਤ ਕਰਨ ਦਾ ਰਾਹ ਅਪਣਾਉਂਦਾ ਹੈ। ਮਿਸਾਲ ਦੇ ਤੌਰ 'ਤੇ ਲੜਕੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਾਲਕਨੀ ਵਿੱਚ ਨਾ ਜਾਣ ਜਾਂ ਆਪਣੇ ਅੰਡਰਗਾਰਮੈਂਟ ਖੁੱਲੇ ਵਿੱਚ ਨਾ ਸੁਕਾਉਣ।

-ਗੀਤਾ ਯਾਦਵ
(ਲੇਖਿਕਾ ਭਾਰਤੀ ਸੂਚਨਾ ਸੇਵਾ ਵਿੱਚ ਅਫਸਰ ਹਨ)

Comments

Leave a Reply