Fri,Jan 18,2019 | 10:09:36pm
HEADLINES:

Social

ਦਲਿਤ ਵਿਦਿਆਰਥੀ ਦੀ ਹੱਤਿਆ : ਇਹ ਹਮਲਾ ਨਹੀਂ, ਨਫਰਤ ਵਾਲੀ ਹਿੰਸਾ ਹੈ

ਦਲਿਤ ਵਿਦਿਆਰਥੀ ਦੀ ਹੱਤਿਆ : ਇਹ ਹਮਲਾ ਨਹੀਂ, ਨਫਰਤ ਵਾਲੀ ਹਿੰਸਾ ਹੈ

ਯੂਪੀ ਦੇ ਇਲਾਹਾਬਾਦ ਵਿੱਚ ਹਿੰਸਾ ਦੀ ਇੱਕ ਦਿਲ ਕੰਬਾਊ ਖਬਰ ਆ ਰਹੀ ਹੈ। ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਦਲੀਪ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਕਾਰਨ ਕੀ ਸੀ? ਖਬਰਾਂ ਮੁਤਾਬਕ, ਇੱਕ ਸਾਹਿਬ (ਭਾਜਪਾ ਆਗੂ ਦਾ ਕਰੀਬੀ) ਦਾ ਪੈਰ ਦਲਿਤ ਵਿਦਿਆਰਥੀ ਦਲੀਪ ਦੇ ਪੈਰ ਨਾਲ ਛੂ ਹੋ ਗਿਆ ਸੀ। ਇਹੀ ਪਹਿਲਾਂ ਬਹਿਸ ਤੇ ਫਿਰ ਕੁੱਟਮਾਰ ਦਾ ਕਾਰਨ ਬਣਿਆ।

ਇਸ ਘਟਨਾ ਦੀ ਲਾਈਵ ਵੀਡੀਓ ਵੀ ਹੈ, ਕੁੱਟਮਾਰ ਵੀ ਕੋਈ ਆਮ ਜਿਹੀ ਨਹੀਂ। ਵੀਡੀਓ ਵਿੱਚ ਕੈਦ ਕੁੱਟਮਾਰ ਦਿਖਾ ਰਹੀ ਹੈ ਕਿ ਦਲੀਪ ਨੂੰ ਉਦੋਂ ਤੱਕ ਕੁੱਟਿਆ ਗਿਆ, ਜਦੋਂ ਤੱਕ ਉਹ ਪੂਰੀ ਤਰ੍ਹਾਂ ਬੇਹੋਸ਼ ਨਹੀਂ ਹੋ ਗਿਆ। ਇਸ ਵੀਡੀਓ ਨੂੰ ਪੂਰਾ ਦੇਖਣ ਲਈ ਸਾਨੂੰ ਆਪਣੇ ਕਲੇਜੇ 'ਤੇ ਪੱਥਰ ਰੱਖਣਾ ਹੋਵੇਗਾ।

ਸਾਨੂੰ ਖੁਦ ਤੋਂ ਇਹ ਸਵਾਲ ਵਾਰ-ਵਾਰ ਪੁੱਛਣਾ ਹੋਵੇਗਾ ਕਿ ਇਹ ਹਮਲਾ ਸਾਡੇ 'ਤੇ ਹੁੰਦਾ ਤਾਂ ਅਸੀਂ ਇਸ ਵੇਲੇ ਕਿੱਥੇ ਹੁੰਦੇ। ਸਾਨੂੰ ਖੁਦ ਨੂੰ ਭਰੋਸਾ ਦਿਵਾਉਣਾ ਹੋਵੇਗਾ ਕਿ ਅਸੀਂ ਇਸ ਬੇਰਹਿਮੀ ਨੂੰ ਦੇਖਣ ਲਈ ਜਿਉਂਦੇ ਹਾਂ।

ਘਟਨਾ 9 ਫਰਵਰੀ ਦੀ ਹੈ। ਦਲੀਪ ਸਰੋਜ ਨਾਂ ਦੇ ਇਸ ਵਿਦਿਆਰਥੀ ਦੀ ਮੌਤ 11 ਫਰਵਰੀ ਨੂੰ ਹਸਪਤਾਲ ਵਿੱਚ ਹੋਈ। ਇਲਾਹਾਬਾਦ ਦੇ ਬਾਹਰ ਦੀ ਜ਼ਿਆਦਾਤਰ ਦੁਨੀਆ ਨੂੰ ਇਹ ਗੱਲ 12 ਫਰਵਰੀ ਦੀ ਸਵੇਰ ਸੋਸ਼ਲ ਮੀਡੀਆ ਤੇ ਅਖਬਾਰਾਂ ਤੋਂ ਪਤਾ ਲੱਗੀ। 

ਵੀਡੀਓ ਦੀ ਫੁਟੇਜ ਤੇ ਕੁੱਟਮਾਰ ਦੀ ਖਬਰ ਦੇਖਣ ਤੋਂ ਅਜਿਹਾ ਲੱਗ ਰਿਹਾ ਹੈ ਕਿ ਇਹ ਘਟਨਾ ਕੋਈ ਦੋ ਵਿਰੋਧੀ ਧੜਿਆਂ ਦੀ ਆਪਸੀ ਰੰਜਿਸ਼ ਦਾ ਨਤੀਜਾ ਨਹੀਂ ਹੈ। ਇਹ ਵੀ ਸੰਕੇਤ ਦਿਖਾਈ ਦੇ ਰਹੇ ਹਨ ਕਿ ਇਹ ਆਮ ਝਗੜਾ ਜਾਂ ਆਮ ਗੁੰਡਾਗਰਦੀ ਨਹੀਂ ਹੈ। ਇਹ ਸਿਰਫ ਬੇਰਹਿਮੀ ਨਹੀਂ ਹੈ। ਇਸ ਵਿੱਚ ਨਫਰਤ ਵਾਲੀ ਬੇਰਹਿਮੀ ਦੇ ਪੂਰੇ ਸੰਕੇਤ ਦਿਖਾਈ ਦਿੰਦੇ ਹਨ। 

ਗੁੰਡਾ ਕਿਸਮ ਦੇ ਲੋਕਾਂ ਦੇ ਹੱਥ ਜਿਹੜਾ ਸਾਮਾਨ ਆਇਆ, ਉਨ੍ਹਾਂ ਨੇ ਉਸਦਾ ਇਸਤੇਮਾਲ ਦਲੀਪ ਤੇ ਉਸਦੇ ਦੋਸਤਾਂ 'ਤੇ ਕੀਤਾ। ਰਾਡ, ਡੰਡੇ, ਪੱਥਰਾਂ ਤੇ ਕੁਰਸੀਆਂ ਨਾਲ ਦਲੀਪ ਦੇ ਸਿਰ ਤੋਂ ਲੈ ਕੇ ਪੈਰ ਤੱਕ ਹਮਲੇ ਕੀਤੇ ਗਏ। ਉਸਦੇ ਨਾਲ ਜੋ ਹੋਇਆ, ਸ਼ਾਇਦ ਉਸ ਘਟਨਾ ਨੂੰ ਬਿਆਨ ਕਰਨ ਲਈ 'ਹਮਲਾ' ਸ਼ਬਦ ਕਾਫੀ ਨਹੀਂ ਹੈ। ਇਸ ਘਟਨਾ ਵਿੱਚ ਨਫਰਤ ਵਾਲੀ ਹਿੰਸਾ ਦੇ ਪੂਰੇ ਤੱਤ ਹਨ। 

ਇਸ ਗੱਲ ਦੇ ਸੰਕੇਤ ਹੋਰ ਕਈ ਗੱਲਾਂ ਨਾਲ ਵੀ ਜੁੜਦੇ ਹਨ। ਪਿਛਲੀ ਦਿਨੀਂ ਜਿਸ ਤਰ੍ਹਾਂ ਦਲਿਤਾਂ ਤੇ ਆਮ ਤੌਰ 'ਤੇ ਪੜ੍ਹੇ-ਲਿਖੇ ਦਲਿਤ ਨੌਜਵਾਨਾਂ 'ਤੇ ਹਮਲੇ ਵਧੇ ਹਨ, ਇਹ ਉਸੇ ਦਾ ਹਿੱਸਾ ਤਾਂ ਨਹੀਂ ਹੈ? ਇਹੀ ਨਹੀਂ, ਉੱਤਰ ਪ੍ਰਦੇਸ਼ ਵਿੱਚ ਜਿਸ ਤਰ੍ਹਾਂ ਦਲਿਤ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਇਹ ਉਸੇ ਦਾ ਅਸਰ ਤਾਂ ਨਹੀਂ ਹੈ? ਇਹ ਕਮਜ਼ੋਰ ਲੋਕਾਂ ਨੂੰ ਦਬਾਉਣ ਦੀ ਰਾਜਨੀਤੀ ਦਾ ਹਿੱਸਾ ਤਾਂ ਨਹੀਂ ਹੈ?

ਦਲੀਪ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ। ਆਮ ਪੜ੍ਹਨ ਵਾਲੇ ਨੌਜਵਾਨਾਂ ਵਾਂਗ ਉਹ ਵੀ ਇੱਕ ਚੰਗੇ ਭਵਿੱਖ ਦੀ ਤਲਾਸ਼ ਵਿੱਚ ਪੜ੍ਹਾਈ ਵਿੱਚ ਲੱਗਾ ਸੀ, ਪਰ ਉਹ ਇੱਕ ਨਜ਼ਰੀਏ ਨਾਲ ਖਾਸ ਵੀ ਸੀ। ਉਹ ਦਲਿਤ ਨੌਜਵਾਨ ਸੀ। ਸਦੀਆਂ ਤੋਂ ਨਫਰਤ ਤੇ ਗੈਰਬਰਾਬਰੀ ਦਾ ਸਾਹਮਣਾ ਕਰ ਰਹੇ ਸਮਾਜ ਦਾ ਹਿੱਸਾ ਸੀ। ਸਾਫ ਹੈ, ਪੜ੍ਹਾਈ ਨੇ ਉਸਦਾ ਆਤਮਵਿਸ਼ਵਾਸ ਵਧਾਇਆ ਹੋਵੇਗਾ। ਇਹੀ ਆਤਮਵਿਸ਼ਵਾਸ, ਆਤਮਸਨਮਾਨ ਦਾ ਕਾਰਨ ਵੀ ਹੁੰਦਾ ਹੈ।

ਦਲਿਤ ਨੌਜਵਾਨਾਂ ਦੀ ਨਵੀਂ ਪੀੜ੍ਹੀ ਇਸ ਆਤਮ ਸਨਮਾਨ ਲਈ ਖੁੱਲ ਕੇ ਸੰਘਰਸ਼ ਕਰ ਰਹੀ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਸ਼ੋਸ਼ਿਤ ਸਮਾਜ ਨੂੰ ਸਲਾਹ ਸੀ, 'ਪੜ੍ਹੋ, ਜੁੜੋ ਤੇ ਸੰਘਰਸ਼ ਕਰੋ।' ਪਰ ਪੜ੍ਹਾਈ, ਸੰਘਰਸ਼, ਸੰਗਠਨ ਅਤੇ ਸਨਮਾਨ ਨਾਲ ਜ਼ਿੰਦਗੀ ਦੀ ਚਾਹਤ ਦਲਿਤਾਂ ਲਈ ਜਾਨਲੇਵਾ ਸਾਬਿਤ ਹੋ ਰਹੀ ਹੈ।

ਜਿਵੇਂ-ਜਿਵੇਂ ਉਨ੍ਹਾਂ ਵਿੱਚ ਸਨਮਾਨਜਨਕ ਜ਼ਿੰਦਗੀ ਦੇ ਹੱਕ ਦਾ ਇਸਤੇਮਾਲ ਕਰਨ ਦੀ ਚਾਹਤ ਵਧ ਰਹੀ ਹੈ ਅਤੇ ਉਹ ਇਨਸਾਨ ਹੋਣ ਦਾ ਹੱਕ ਪ੍ਰਗਟ ਕਰ ਰਹੇ ਹਨ, ਉਸੇ ਤਰ੍ਹਾਂ ਉਨ੍ਹਾਂ ਖਿਲਾਫ ਹਿੰਸਾ ਵੀ ਵਧ ਰਹੀ ਹੈ। ਉਨ੍ਹਾਂ ਦੇ ਨੈਤਿਕ ਹੌਸਲੇ, ਸੰਗਠਨ ਤੇ ਸੰਘਰਸ਼ ਨੂੰ ਤੋੜਨ ਦੀ ਰਫਤਾਰ ਵੀ ਤੇਜ਼ ਹੋ ਰਹੀ ਹੈ।

ਇਸ ਨਜ਼ਰੀਏ ਨਾਲ ਉੱਤਰ ਪ੍ਰਦੇਸ਼ ਵਿੱਚ ਹਾਲ ਹੀ 'ਚ ਹੋਈਆਂ ਘਟਨਾਵਾਂ ਚਿੰਤਾਜਨਕ ਹਨ। ਦਲੀਪ ਦੀ ਹੱਤਿਆ ਦਾ ਇਨਸਾਫ ਸਿਰਫ ਗ੍ਰਿਫਤਾਰੀ ਨਹੀਂ ਹੋ ਸਕਦੀ। ਇਹ ਸਿਰਫ ਤੇ ਸਿਰਫ ਸਮਾਜਿਕ ਸਨਮਾਨ, ਸਮਾਜਿਕ ਇਨਸਾਫ, ਸਮਾਜਿਕ ਬਰਾਬਰੀ ਦੇ ਹੱਕ ਦੀ ਗਾਰੰਟੀ ਨਾਲ ਹੀ ਹੋ ਸਕਦਾ ਹੈ।
-ਨਸੀਰੂਦੀਨ

 

Comments

Leave a Reply