Tue,Feb 25,2020 | 03:15:24pm
HEADLINES:

Social

'ਜ਼ੁਲਮ ਸਹਿ ਕੇ ਵੀ ਹੁਕਮਰਾਨ ਬਣਨ ਤੋਂ ਘਬਰਾਉਂਦਾ ਹੈ ਬਹੁਜਨ ਸਮਾਜ'

'ਜ਼ੁਲਮ ਸਹਿ ਕੇ ਵੀ ਹੁਕਮਰਾਨ ਬਣਨ ਤੋਂ ਘਬਰਾਉਂਦਾ ਹੈ ਬਹੁਜਨ ਸਮਾਜ'

ਹੁਕਮਰਾਨ ਬਣਨ ਤੋਂ ਸਾਡਾ ਸਮਾਜ ਬਹੁਤ ਘਬਰਾਉਂਦਾ ਹੈ। ਉਹ ਕਹਿੰਦਾ ਹੈ, ਅਸੀਂ ਹੁਕਮਰਾਨ ਨਹੀਂ ਬਣਨਾ ਹੈ। ਰੋਂਦਾ ਹੈ, ਰੌਲਾ ਪਾਉਂਦਾ ਹੈ। ਸਾਡੇ ਨਾਲ ਅੱਤਿਆਚਾਰ ਹੁੰਦਾ ਹੈ, ਸਾਡੀਆਂ ਮਹਿਲਾਵਾਂ ਦਾ ਬਲਾਤਕਾਰ ਹੁੰਦਾ ਹੈ। ਇਹ ਸਾਰੀਆਂ ਗੱਲਾਂ ਉਹ ਰੋ-ਰੋ ਕੇ ਕਹਿੰਦਾ ਹੈ। ਜਦੋਂ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਜੇਕਰ ਇਨ੍ਹਾਂ ਸਾਰੀਆਂ ਮੁਸੀਬਤਾਂ ਦਾ ਹੱਲ ਕਰਨਾ ਹੈ ਤਾਂ ਸਾਨੂੰ ਹੁਕਮਰਾਨ ਬਣਨਾ ਪਵੇਗਾ। ਕਿਉਂਕਿ ਮੈਂ ਮੁੱਠੀ ਭਰ ਪਠਾਨਾਂ ਨੂੰ ਦੇਖਿਆ ਹੈ, ਮੁੱਠੀ ਭਰ ਮੁਗਲਾਂ ਨੂੰ ਦੇਖਿਆ ਹੈ, ਬਹੁਤ ਘੱਟ ਗਿਣਤੀ ਵਾਲੇ ਅੰਗ੍ਰੇਜ਼ਾਂ ਨੂੰ ਦੇਖਿਆ ਹੈ ਅਤੇ ਅੰਗ੍ਰੇਜ਼ ਜਾਣ ਤੋਂ ਬਾਅਦ 15 ਫੀਸਦੀ ਉੱਚ ਜਾਤੀ ਦੇ ਲੋਕਾਂ ਨੂੰ ਦੇਖਿਆ ਹੈ।

ਇਨ੍ਹਾਂ ਸਾਰਿਆਂ ਹੁਕਮਰਾਨਾਂ ਨੂੰ ਮੈਂ ਦੇਖਿਆ ਹੈ। ਇਨ੍ਹਾਂ ਉੱਪਰ ਅੱਤਿਆਚਾਰ ਨਹੀਂ ਹੁੰਦਾ। ਇਨ੍ਹਾਂ ਦੀਆਂ ਮਹਿਲਾਵਾਂ ਦਾ ਬਲਾਤਕਾਰ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ ਹੈ, ਕਿਉਂਕਿ ਅਨਿਆਂ-ਅੱਤਿਆਚਾਰ ਹੁਕਮਰਾਨ ਨਾਲ ਨਹੀਂ ਹੁੰਦਾ ਹੈ। ਜੇਕਰ ਸਾਨੂੰ ਅਨਿਆਂ-ਅੱਤਿਆਚਾਰ ਦਾ ਅੰਤ ਕਰਨਾ ਹੈ ਤਾਂ ਉਸਦੇ ਲਈ ਸਾਨੂੰ ਹੁਕਮਰਾਨ ਬਣਨਾ ਹੋਵੇਗਾ। ਦੇਸ਼ ਤਾਂ ਬਹੁਤ ਵੱਡਾ ਹੈ, ਇਹ ਜ਼ਰੂਰਤ ਤਾਂ ਬਹੁਤ ਵੱਡੇ ਸਮਾਜ (85 ਕਰੋੜ ਸਮਾਜ) ਦੀ ਹੈ।

ਇਸ ਦੇਸ਼ ਦੀ 100 ਕਰੋੜ ਆਬਾਦੀ ਵਿੱਚੋਂ 85 ਕਰੋੜ ਸਮਾਜ ਦੀ ਇਹ ਜ਼ਰੂਰਤ ਹੈ। ਦੇਸ਼ ਦੇ ਪ੍ਰਦੇਸ਼ਾਂ ਦੀ ਜ਼ਰੂਰਤ ਹੈ। ਜਦੋਂ ਉੱਤਰ ਪ੍ਰਦੇਸ਼ ਵਿੱਚ ਅਨਿਆਂ-ਅੱਤਿਆਚਾਰ ਵਧਿਆ, ਤਾਂ ਅਸੀਂ ਉਸਦੇ ਖਿਲਾਫ ਉੱਠ ਕੇ ਜਿਨ੍ਹਾਂ ਤੇ ਅੱਤਿਆਚਾਰ ਹੁੰਦਾ ਸੀ, ਉਨ੍ਹਾਂ ਨੂੰ ਤਿਆਰ ਕੀਤਾ। ਉਨ੍ਹਾਂ ਦੀ ਸ਼ਕਤੀ ਬਣਾਈ, ਉਨ੍ਹਾਂ ਦੇ ਐੱਮਐੱਲਏ-ਐੱਮਪੀ ਚੁਣ ਕੇ ਲਿਆਂਦੇ। ਉਸਦੇ ਆਧਾਰ 'ਤੇ ਸਾਨੂੰ ਵੀ ਸਰਕਾਰ ਵਿੱਚ ਹਿੱਸਾ ਪਾਉਣ ਦਾ ਮੌਕਾ ਮਿਲਿਆ।

ਜਦੋਂ ਮਾਇਆਵਤੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਤਾਂ ਮੈਂ ਕਿਹਾ ਕਿ ਸਭ ਤੋਂ ਪਹਿਲਾਂ ਜ਼ੁਲਮ, ਅਨਿਆਂ-ਅੱਤਿਆਚਾਰ ਦਾ ਅੰਤ ਕਰਨ ਚਾਹੀਦਾ ਹੈ। ਪਹਿਲੇ 2 ਮਹੀਨਿਆਂ ਵਿੱਚ ਮਾਇਆਵਤੀ ਨੇ 1.45 ਲੱਖ ਗੁੰਡਿਆਂ ਨੂੰ ਗੁੰਡਾ ਐਕਟ ਲਗਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉੱਤਰ ਪ੍ਰਦੇਸ਼ ਸੂਬੇ ਵਿੱਚ 1.45 ਲੱਖ ਗੁੰਡਿਆਂ 'ਤੇ ਗੈਂਗਸਟਰ ਐਕਟ ਲਗਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ। ਦੋ ਮਹੀਨੇ ਅੰਦਰ ਜਿਹੜੇ ਗੁੰਡੇ ਜੇਲ੍ਹ ਤੋਂ ਬਾਹਰ ਬਚੇ, ਉਹ ਉੱਤਰ ਪ੍ਰਦੇਸ਼ ਛੱਡ ਕੇ ਦੂਜੇ ਸੂਬਿਆਂ ਵਿੱਚ ਭੱਜ ਗਏ।

ਬਹੁਤ ਲੋਕ ਤਾਂ ਦੇਸ਼ ਛੱਡ ਕੇ ਵਿਦੇਸ਼ ਨੇਪਾਲ ਭੱਜ ਗਏ। ਜਦੋਂ ਤੱਕ ਉੱਤਰ ਪ੍ਰਦੇਸ਼ ਵਿੱਚ ਮਾਇਆਵਤੀ ਦੀ ਸਰਕਾਰ ਰਹੀ, ਉਨ੍ਹਾਂ ਦੀ ਵਾਪਸ ਆਉਣ ਦੀ ਹਿੰਮਤ ਨਹੀਂ ਪਈ। ਇਸ ਲਈ ਸਾਥੀਓ ਇੱਕ ਮਹਿਲਾ ਨੇ ਮਹਿਲਾਵਾਂ 'ਤੇ ਹੋ ਰਹੇ ਅਨਿਆਂ ਨੂੰ ਰੋਕਣ ਲਈ ਮਜਬੂਤੀ ਨਾਲ ਸਰਕਾਰ ਚਲਾਈ ਅਤੇ 2 ਮਹੀਨੇ ਦੇ ਅੰਦਰ ਉਸ ਮਜਬੂਤੀ ਦਾ ਅਸਰ ਦਿਖਾਇਆ। ਜਦੋਂ 1995 ਤੋਂ ਬਾਅਦ ਮਾਇਆਵਤੀ ਦੇ 6 ਮਹੀਨੇ ਲਈ ਦੋਬਾਰਾ ਮੁੱਖ ਮੰਤਰੀ ਬਣਨ ਦਾ ਐਲਾਨ ਹੋਇਆ ਤਾਂ ਅਖਬਾਰਾਂ ਦੀ ਹੈੱਡਲਾਈਨ ਸੀ ਕਿ ਮਾਇਆਵਤੀ ਉੱਤਰ ਪ੍ਰਦੇਸ਼ ਦੇ ਮੁੜ ਮੁੱਖ ਮੰਤਰੀ ਬਣ ਰਹੇ ਹਨ।

ਉਨ੍ਹਾਂ ਦਾ ਨਾਂ ਸੁਣਦੇ ਹੀ ਅੱਧੀ ਗੁੰਡਾਗਰਦੀ ਉੱਤਰ ਪ੍ਰਦੇਸ਼ ਵਿੱਚ ਖਤਮ ਹੋ ਗਈ ਹੈ ਤੇ ਬਾਕੀ ਸਿਰਫ ਅੱਧੀ ਖਤਮ ਕਰਨੀ ਹੈ। ਉਸ ਅੱਧੀ ਨੂੰ ਖਤਮ ਕਰਨ ਲਈ ਵੀ ਮਾਇਆਵਤੀ ਨੂੰ ਕੁਝ ਨਹੀਂ ਕਰਨਾ ਪਿਆ। ਪੁਲਸ ਦਾ ਡਾਇਰੈਕਟਰ ਜਨਰਲ ਪੁਲਿਸ ਇੱਕ ਦਲਿਤ ਨੂੰ ਲਗਾ ਦਿੱਤਾ ਗਿਆ। 3 ਐਡੀਸ਼ਨਲ ਜਨਰਲ ਪੁਲਸ, 4 ਆਈਜੀ, 8 ਡੀਆਈਜੀ, 45 ਐੱਸਐੱਸਪੀ ਬਹੁਜਨ ਸਮਾਜ 'ਚੋਂ ਲਗਾਏ ਗਏ।

ਜਦੋਂ ਅਜਿਹੇ ਲੋਕ ਜ਼ਿਲ੍ਹੇ ਤੋਂ ਲੈ ਕੇ ਉੱਪਰ ਤੱਕ ਲਗਾਏ ਗਏ ਤਾਂ ਗੁੰਡਾਗਰਦੀ ਰੋਕਣ ਲਈ ਮਾਇਆਵਤੀ ਨੂੰ ਇੱਕ ਆਦਮੀ ਨੂੰ ਵੀ ਗ੍ਰਿਫਤਾਰ ਨਹੀਂ ਕਰਨਾ ਪਿਆ। ਆਪਣੇ ਆਪ ਹੀ ਜ਼ੁਲਮ ਕਰਨ ਵਾਲਿਆਂ ਨੂੰ ਇਸ਼ਾਰਾ ਮਿਲ ਗਿਆ ਕਿ ਹੁਕਮਰਾਨ ਕੌਣ ਹੈ। ਹਕੂਮਤ ਕਰਨ ਵਾਲਾ ਕੌਣ ਹੈ। ਹਕੂਮਤ ਕਰਨ ਵਾਲਿਆਂ ਨਾਲ ਜੇਕਰ ਕੋਈ ਜ਼ੁਲਮ ਜ਼ਿਆਦਤੀ ਕਰਨਾ ਚਾਹੁੰਦਾ ਹੈ ਤਾਂ ਉਸਦਾ ਹਸ਼ਰ ਕੀ ਹੁੰਦਾ ਹੈ। ਇਸ ਲਈ ਬਹੁਜਨ ਸਮਾਜ ਨੂੰ ਜੇਕਰ ਡੈਮੋਕ੍ਰੇਸੀ ਦਾ ਖਿਆਲ ਨਹੀਂ ਹੈ ਤਾਂ ਵੀ ਆਪਣੇ ਖਿਲਾਫ ਹੋਣ ਵਾਲੇ ਜ਼ੁਲਮ ਦਾ ਅੰਤ ਕਰਨ ਲਈ, ਅਧਿਕਾਰ ਹਾਸਲ ਕਰਨ ਲਈ, ਆਪਣੇ ਆਪ ਨੂੰ ਅੱਗੇ ਵਧਾਉਣ ਲਈ ਇਸ ਦੇਸ਼ ਦਾ ਹੁਕਮਰਾਨ ਬਣਨਾ ਹੋਵੇਗਾ।  

ਜਾਤਾਂ ਵਿੱਚ ਤੋੜੇ ਹੋਏ ਲੋਕਾਂ ਨੂੰ ਜੋੜਨਾ ਹੋਵੇਗਾ
ਜੇਕਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਵਮੈਂਟ ਨੂੰ ਕਾਮਯਾਬ ਬਣਾਉਣਾ ਹੈ ਤਾਂ ਇੱਕ-ਦੋ ਜਾਂ ਚਾਰ-ਛੇ ਜਾਤੀਆਂ ਦੇ ਆਧਾਰ ਤੇ ਕਾਮਯਾਬੀ ਹਾਸਲ ਨਹੀਂ ਹੋ ਸਕਦੀ, ਕਿਉਂਕਿ ਮਨੂੰਵਾਦੀ ਸਮਾਜ ਵਿਵਸਥਾ ਨੇ ਇਸ ਦੇਸ਼ ਵਿੱਚ ਬ੍ਰਾਹਮਣਵਾਦੀ ਸਮਾਜ ਵਿਵਸਥਾ ਬਣਾਈ ਤੇ ਇਸ ਦੇਸ਼ ਦੇ ਮੂਲਨਿਵਾਸੀ ਨੂੰ ਸ਼ੂਦਰ ਤੇ ਅਤਿ ਸ਼ੂਦਰ ਵਿੱਚ ਵੰਡ ਕੇ 6000 ਜਾਤੀਆਂ ਵਿੱਚ ਵੰਡਿਆ।

ਆਰਿਆ ਲੋਕਾਂ ਨੇ ਇਸ ਦੇਸ਼ ਦੇ ਮੂਲ ਨਿਵਾਸੀਆਂ ਨੂੰ 6000 ਜਾਤੀਆਂ ਵਿੱਚ ਵੰਡ ਕੇ ਟੁਕੜੇ-ਟੁਕੜੇ ਕਰ ਦਿੱਤੇ ਹਨ। ਨਾ ਤਾਂ ਕੋਈ ਟੁਕੜਾ ਆਪਣੇ ਦਮ 'ਤੇ ਸੰਘਰਸ਼ ਕਰ ਸਕਦਾ ਹੈ ਤੇ ਨਾ ਹੀ ਰਾਜਨੀਤੀ ਕਰ ਸਕਦਾ ਹੈ। ਹੁਣ ਇਸ ਮੂਵਮੈਂਟ ਨੂੰ ਕਾਮਯਾਬ ਬਣਾਉਣ ਲਈ ਤੋੜੇ ਹੋਏ ਲੋਕਾਂ ਨੂੰ ਜੋੜਨਾ ਜ਼ਰੂਰੀ ਹੈ। ਇਸੇ ਲਈ ਅਸੀਂ ਜਾਤੀ 'ਤੇ ਆਧਾਰਤ ਤੋੜੇ ਲੋਕਾਂ ਨੂੰ ਜੋੜ ਕੇ ਘੱਟ ਗਿਣਤੀ ਤੋਂ ਬਹੁਜਨ ਬਣਾਉਣਾ ਸ਼ੁਰੂ ਕੀਤਾ।
-ਸਾਹਿਬ ਕਾਂਸ਼ੀਰਾਮ
(ਇਹ ਲੇਖ ਸਾਹਿਬ ਕਾਂਸ਼ੀਰਾਮ ਵੱਲੋਂ ਦਿੱਤੇ ਗਏ ਭਾਸ਼ਣ 'ਤੇ ਆਧਾਰਿਤ ਹੈ)

Comments

Leave a Reply