Thu,Aug 22,2019 | 09:29:17am
HEADLINES:

Social

ਇੱਕ ਹੀ ਜਾਤ ਦੇ ਅੰਦਰ ਵਿਆਹ ਨਾਲ ਜੈਨੇਟਿਕ ਬਿਮਾਰੀਆਂ ਦਾ ਜ਼ਿਆਦਾ ਖਤਰਾ

ਇੱਕ ਹੀ ਜਾਤ ਦੇ ਅੰਦਰ ਵਿਆਹ ਨਾਲ ਜੈਨੇਟਿਕ ਬਿਮਾਰੀਆਂ ਦਾ ਜ਼ਿਆਦਾ ਖਤਰਾ

ਆਜ਼ਾਦੀ ਦੀ ਲੜਾਈ ਦੇ ਸਮੇਂ ਅਤੇ ਬਾਅਦ ਵਿੱਚ ਵੀ ਕਈ ਬੁੱਧੀਜੀਵੀਆਂ ਦੀ ਇਹ ਵਿਚਾਰ ਰਿਹਾ ਹੈ ਕਿ ਜਿਵੇਂ-ਜਿਵੇਂ ਵਿਕਾਸ ਦੀ ਗੱਡੀ ਅੱਗੇ ਵਧੇਗੀ, ਉਂਜ-ਉਂਜ ਜਾਤੀ ਵਿਵਸਥਾ ਵਰਗੀਆਂ ਸਮਾਜਿਕ ਗੈਰਬਰਾਬਰੀਆਂ ਵੀ ਖਤਮ ਹੁੰਦੀਆਂ ਚਲੀਆਂ ਜਾਣਗੀਆਂ।

ਵਿਕਾਸ ਦੀ ਇਸ ਸੋਚ ਨੂੰ 'ਆਧੁਨਿਕੀਕਰਨ ਮਾਡਲ' ਕਿਹਾ ਜਾਂਦਾ ਹੈ। ਇਸ ਮਾਡਲ ਨੂੰ ਜੇਕਰ ਆਮ ਸ਼ਬਦਾਂ ਵਿੱਚ ਸਮਝਿਆ ਜਾਵੇ ਤਾਂ ਆਰਥਿਕ ਵਿਕਾਸ ਕਾਰਨ ਲੋਕਾਂ ਦੇ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਜਾਤੀ, ਧਰਮ ਵਰਗੀਆਂ ਚੀਜ਼ਾਂ ਰੁਕਾਵਟ ਨਹੀਂ ਆਉਣਗੀਆਂ, ਜਿਸ ਨਾਲ ਅੱਗੇ ਚੱਲ ਕੇ ਜਾਤੀ ਵਿਵਸਥਾ ਕਮਜ਼ੋਰ ਹੋ ਜਾਵੇਗੀ।

ਪ੍ਰਸਿੱਧ ਅਰਥ ਸ਼ਾਸਤਰੀ ਥਾਮਸ ਪਿਕੇਟੀ ਦੇ ਨਿਰਦੇਸ਼ਨ ਵਿੱਚ ਨਿਤਿਨ ਕੁਮਾਰ ਭਾਰਤੀ ਵੱਲੋਂ ਕੀਤੇ ਗਏ ਸੋਧ ਮੁਤਾਬਕ, ਭਾਰਤ ਵਿੱਚ ਕਰੀਬ 5-6 ਫੀਸਦੀ ਵਿਆਹ ਹੀ ਅੰਤਰ ਜਾਤੀ ਹੋ ਰਹੇ ਹਨ, ਜਿਸਦਾ ਮਤਲਬ ਇਹ ਹੈ ਕਿ ਕਰੀਬ 94-95 ਫੀਸਦੀ ਵਿਆਹ ਅਜੇ ਵੀ ਆਪਣੀ ਹੀ ਜਾਤ ਵਿੱਚ ਹੋ ਰਹੇ ਹਨ।

ਇਹ ਸਥਿਤੀ ਉਦੋਂ ਹੈ, ਜਦੋਂ ਵੱਖ-ਵੱਖ ਸੂਬਾ ਸਰਕਾਰਾਂ ਅੰਤਰ ਜਾਤੀ ਵਿਆਹਾਂ ਨੂੰ ਉਤਸ਼ਾਹਿਤ ਕਰਨ ਲਈ ਆਰਥਿਕ ਮਦਦ ਤੱਕ ਦਿੰਦੀਆਂ ਹਨ। ਨਿਤਿਨ ਨੇ ਵਿਆਹਾਂ ਬਾਰੇ ਅੰਕੜਾ ਇੰਡੀਅਨ ਹਿਊਮਨ ਡਵੈਲਪਮੈਂਟ ਸਰਵੇ (ਆਈਐੱਚਡੀਐੱਸ) ਤੇ ਨੈਸ਼ਨਲ ਫੈਮਿਲੀ ਹੈਲਥ ਸਰਵੇ (ਐੱਨਐੱਫਐੱਚਐੱਸ) 'ਚੋਂ ਕੱਢਿਆ ਹੈ। ਇਹ ਰਿਸਰਚ ਦੱਸਦੀ ਹੈ ਕਿ ਭਾਰਤ ਵਿੱਚ ਹੋਣ ਵਾਲੇ ਵਿਆਹਾਂ ਵਿੱਚ ਲੜਕੀ ਦੀ ਉਮਰ ਲੜਕੇ ਦੀ ਉਮਰ ਤੋਂ ਔਸਤ 5 ਸਾਲ ਘੱਟ ਹੁੰਦੀ ਹੈ। ਇੱਥੇ ਅੱਜ ਵੀ ਲਾਈਫ ਪਾਰਟਨਰ ਚੁਣਨ ਵਿੱਚ ਮਾਪਿਆਂ ਦੀ ਹੀ ਮੁੱਖ ਭੂਮਿਕਾ ਹੁੰਦੀ ਹੈ, ਜੋ ਕਿ ਆਪਣੀ ਜਾਤ 'ਚ ਹੀ ਵਿਆਹ ਦਾ ਮੁੱਖ ਕਾਰਨ ਹੈ। 

ਕਿਉਂਕਿ ਭਾਰਤ ਵਿੱਚ ਵਿਆਹਾਂ ਵਿੱਚ ਲੜਕੀ ਲਈ ਲਾੜਾ, ਲੜਕੀ ਦਾ ਪਿਤਾ ਦੇਖਦਾ ਹੀ ਹੈ, ਇਸ ਲਈ ਲੜਕੀ ਦੇ ਪਿਤਾ ਦੀ ਸਿੱਖਿਆ ਦਾ ਉਸਦੇ ਹੋਣ ਵਾਲੇ ਪਤੀ ਦੀ ਸਿੱਖਿਆ ਨਾਲ ਸਿੱਧਾ ਸਬੰਧ ਦੇਖਣ ਵਿੱਚ ਆ ਰਿਹਾ ਹੈ। ਜੇਕਰ ਲੜਕੀ ਦਾ ਪਿਤਾ ਜ਼ਿਆਦਾ ਸਿੱਖਿਅਤ ਹੈ ਤਾਂ ਇਸ ਗੱਲ ਦੀ ਜ਼ਿਆਦਾ ਸੰਭਾਵਨਾ ਹੈ ਕਿ ਉਹ ਆਪਣਾ ਜਵਾਈ ਵੀ ਜ਼ਿਆਦਾ ਸਿੱਖਿਅਤ ਹੀ ਲੱਭੇਗਾ। ਸਿੱਖਿਆ ਤੋਂ ਬਾਅਦ ਰੁਜ਼ਗਾਰ ਇੱਕ ਦੂਜਾ ਮਹੱਤਵਪੂਰਨ ਕਾਰਨ ਹੈ, ਜੋ ਕਿ ਵਿਆਹ ਤੈਅ ਕਰਨ ਵਿੱਚ ਮੁੱਖ ਕਾਰਨ ਬਣ ਕੇ ਉਭਰਿਆ ਹੈ। ਮਤਲਬ, ਵਿਆਹ ਲਈ ਆਪਣੀ ਜਾਤ ਹੋਣਾ ਹੀ ਕਾਫੀ ਨਹੀਂ ਹੈ। ਜੇਕਰ ਲੜਕੀ ਦਾ ਪਿਤਾ ਪੜ੍ਹਿਆ-ਲਿਖਿਆ ਹੈ ਤਾਂ ਉਹ ਆਪਣੀ ਜਾਤ ਵਿੱਚ ਵੀ ਪੜ੍ਹਿਆ-ਲਿਖਿਆ ਤੇ ਰੁਜ਼ਗਾਰ ਵਾਲਾ ਲਾੜਾ ਹੀ ਲੱਭੇਗਾ।

ਕੁੱਲ ਮਿਲਾ ਕੇ ਇਸ ਸੋਧ ਤੋਂ ਇਹ ਨਤੀਜਾ ਨਿੱਕਲਦਾ ਹੈ ਕਿ ਸਾਰੀਆਂ ਜਾਤਾਂ ਵਿੱਚ ਵਿਆਹ ਹੁਣ ਸਿਰਫ ਜਾਤੀ ਦੇ ਆਧਾਰ 'ਤੇ ਨਹੀਂ ਹੋ ਰਹੇ ਹਨ, ਸਗੋਂ ਸਿੱਖਿਆ ਅਤੇ ਰੁਜ਼ਗਾਰ ਵੀ ਮਜ਼ਬੂਤ ਆਧਾਰ ਬਣ ਕੇ ਉਭਰਿਆ ਹੈ, ਪਰ ਇਸ ਨਾਲ ਇਹ ਵੀ ਨਿਚੋੜ ਨਹੀਂ ਨਿੱਕਲਦਾ ਕਿ ਵਿਆਹਾਂ ਵਿੱਚ ਜਾਤੀ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੈ, ਕਿਉਂਕਿ ਇਸ ਸੋਧ ਮੁਤਾਬਕ ਸਿਰਫ 5-6 ਫੀਸਦੀ ਹੀ ਅੰਤਰ ਜਾਤੀ ਵਿਆਹ ਹੋ ਰਹੇ ਹਨ। ਸਵਾਲ ਉੱਠਦਾ ਹੈ ਕਿ ਇਸ ਤਰ੍ਹਾਂ ਦੇ ਆਪਣੀ ਹੀ ਜਾਤ ਵਿੱਚ ਵਿਆਹਾਂ ਦੇ ਨਤੀਜੇ ਕੀ ਹੋਣਗੇ?

ਭਾਰਤ ਵਿੱਚ ਉੱਭਰ ਰਹੇ ਖਾਸ ਢੰਗ ਦੇ ਆਪਣੇ ਹੀ ਜਾਤ ਵਿੱਚ ਵਿਆਹਾਂ ਦਾ ਵੱਡਾ ਮਾੜਾ ਨਤੀਜਾ ਰਾਜਨੀਤੀ, ਅਰਥ ਵਿਵਸਥਾ ਤੋਂ ਲੈ ਕੇ ਸਿਹਤ ਦੇ ਖੇਤਰ ਵਿੱਚ ਦਿਖਾਈ ਦੇਵੇਗਾ। ਰਾਜਨੀਤੀ ਦੀ ਗੱਲ ਕਰੀਏ ਤਾਂ ਉੱਚ ਜਾਤਾਂ ਦੇ ਕੁਝ ਸੁਪਰ ਅਮੀਰ ਪਰਿਵਾਰਾਂ ਦਾ ਅਜਿਹਾ ਨੈੱਟਵਰਕ ਤਿਆਰ ਹੋਵੇਗਾ ਕਿ ਉਹ ਲੋਕਤੰਤਰ ਦੀਆਂ ਸਾਰੀਆਂ ਸੰਸਥਾਵਾਂ 'ਤੇ ਕਬਜ਼ਾ ਕਰ ਲਵੇਗਾ।

ਭਾਰਤ ਦੀ ਉੱਚ ਨਿਆਂਪਾਲਿਕਾ ਵਿੱਚ ਅਜਿਹੇ ਪਰਿਵਾਰਾਂ ਦਾ ਇੱਕ ਨੈੱਟਵਰਕ ਦਿਖਾਈ ਵੀ ਦੇਣ ਲੱਗਾ ਹੈ, ਜਿੱਥੋਂ ਆਮ ਤੌਰ 'ਤੇ ਸਾਰੇ ਜੱਜ ਨਿਯੁਕਤ ਕੀਤੇ ਜਾ ਰਹੇ ਹਨ। ਇਹੀ ਹਾਲ ਰਾਜਨੀਤਕ ਪਾਰਟੀਆਂ ਦਾ ਵੀ ਹੋ ਸਕਦਾ ਹੈ, ਜੋ ਕਿ ਬਿਨਾਂ ਇਨ੍ਹਾਂ ਖਾਸ ਉੱਚ ਜਾਤੀ ਵਰਗ ਦੇ ਪਰਿਵਾਰਾਂ ਦੀ ਮਦਦ ਦੇ, ਸੱਤਾ ਹਾਸਲ ਹੀ ਨਹੀਂ ਕਰ ਪਾਉਣਗੀਆਂ, ਕਿਉਂਕਿ ਅਖਬਾਰ, ਮੀਡੀਆ ਆਦਿ 'ਤੇ ਅਜਿਹੇ ਹੀ ਕੁਝ ਪਰਿਵਾਰਾਂ ਦਾ ਦਬਦਬਾ ਸਥਾਪਿਤ ਹੋ ਜਾਵੇਗਾ।

ਅਜਿਹੀ ਸਥਿਤੀ ਵਿੱਚ ਕੋਈ ਵੀ ਪਾਰਟੀ ਬੇਸ਼ੱਕ ਉਹ ਸਮਾਜਿਕ ਨਿਆਂ ਜਾਂ ਫਿਰ ਸਮਾਜਵਾਦ ਦਾ ਝੰਡਾ ਚੁੱਕੀ ਫਿਰਦੀ ਹੋਵੇ, ਰਾਜਨੀਤਕ ਸੱਤਾ ਹਾਸਲ ਕਰਕੇ ਅਸਲ ਵਿੱਚ ਇਨ੍ਹਾਂ ਇਲੀਟਾਂ ਦੇ ਹਿੱਤ ਵਿੱਚ ਹੀ ਕੰਮ ਕਰੇਗੀ।

ਅਰਥ ਵਿਵਸਥਾ ਦੇ ਨਜ਼ਰੀਏ ਨਾਲ ਜੇਕਰ ਵਿਆਹਾਂ ਨੂੰ ਦੇਖਿਆ ਜਾਵੇ ਤਾਂ ਇਹ ਘਰ-ਪਰਿਵਾਰ ਦੀ ਜ਼ਾਇਦਾਦ 'ਤੇ ਡੂੰਘਾ ਪ੍ਰਭਾਵ ਪਾਉਂਦੇ ਹਨ। ਭਾਰਤ ਵਿੱਚ ਵਿਆਹਾਂ ਨਾਲ ਜੁੜੀ ਦਾਜ ਪ੍ਰਥਾ, ਜੋ ਕਿ ਕਾਨੂੰਨੀ ਅਪਰਾਧ ਹੋਣ ਦੇ ਬਾਵਜੂਦ ਤੇਜ਼ੀ ਨਾਲ ਵਧ ਰਹੀ ਹੈ, ਜ਼ਾਇਦਾਦ ਦੇ ਕੁਝ ਕੁ ਪਰਿਵਾਰਾਂ ਦੇ ਹੱਥਾਂ ਵਿੱਚ ਇਕੱਠੇ ਹੁੰਦੇ ਚਲੇ ਜਾਣ ਵਿੱਚ ਮਦਦ ਕਰ ਰਹੀ ਹੈ। ਉੱਚ ਵਰਗਾਂ ਵਿੱਚ ਆਪਣੀ ਜਾਤ 'ਚ ਹੀ ਵਿਆਹ ਕਰਨ ਦੀ ਰਵਾਇਤ ਧਨ ਦੀ ਵੰਡ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ, ਜਿਸਦਾ ਆਉਣ ਵਾਲੇ ਸਮੇਂ ਵਿੱਚ ਅਰਥ ਵਿਵਸਥਾ 'ਤੇ ਕਾਫੀ ਮਾੜਾ ਪ੍ਰਭਾਵ ਪੈਂਦਾ ਹੋਇਆ ਦਿਖਾਈ ਦੇਵੇਗਾ।

ਭਾਰਤ ਵਿੱਚ ਹੁਣ ਇਲੀਟ ਮੈਟ੍ਰੀਮਨੀ ਡਾਟ ਕਾਮ ਵਰਗੀਆਂ ਸਾਈਟਸ ਹਨ, ਜੋ ਕਿ ਅਮੀਰ ਪਰਿਵਾਰਾਂ ਵਿਚਕਾਰ ਰਿਸ਼ਤੇ ਕਰਵਾ ਰਹੀਆਂ ਹਨ। ਇਨ੍ਹਾਂ ਵਿਆਹਾਂ ਦੇ ਵਿਗਿਆਪਨਾਂ ਵਿੱਚ ਜਾਤ ਇੱਕ ਮਹੱਤਵਪੂਰਨ ਪੱਖ ਨਜ਼ਰ ਆਉਂਦੀ ਹੈ।

ਆਪਣੀ ਜਾਤ ਦੇ ਅੰਦਰ ਹੀ ਕੁਝ ਗਿਣਤੀ ਦੇ ਅਮੀਰ ਪਰਿਵਾਰਾਂ ਵਿਚਕਾਰ ਹੋ ਰਹੇ ਸਮਾਨ ਜਾਤੀਆਂ ਦੇ ਵਿਆਹ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਗੈਰਬਰਾਬਰੀ ਨੂੰ ਟ੍ਰਾਂਸਫਰ ਕਰ ਰਹੇ ਹਨ। ਇਸ ਨਾਲ ਹੋ ਇਹ ਰਿਹਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਕੁਝ ਲੋਕ ਬਹੁਤ ਹੀ ਅਮੀਰ ਪੈਦਾ ਹੋਣਗੇ, ਜਦਕਿ ਬਹੁਤ ਸਾਰੇ ਗਰੀਬ।

ਜਿਹੜੇ ਅਮੀਰ ਪੈਦਾ ਹੋਣਗੇ, ਉਹ ਸਿੱਖਿਅਤ, ਸਿਹਤ ਆਦਿ ਦਾ ਬੇਹਤਰੀਨ ਇਸਤੇਮਾਲ ਕਰਨਗੇ, ਜਦਕਿ ਹੇਠਲੇ ਜਾਤੀ ਵਰਗ ਵਿੱਚ ਪੈਦਾ ਹੋਣ ਵਾਲੇ ਸੁਵਿਧਾਵਾਂ ਤੋਂ ਵਾਂਝੇ ਰਹਿਣਗੇ। ਹੌਲੀ-ਹੌਲੀ ਅਸੀਂ ਇੱਕ ਅਜਿਹੀ ਵਿਵਸਥਾ ਵੱਲ ਵਧਦੇ ਚਲੇ ਜਾਵਾਂਗੇ, ਜੋ ਕਾਫੀ ਹੱਦ ਤੱਕ ਅੱਜ ਵੀ ਕਾਇਮ ਹੈ, ਜਿੱਥੇ ਕਿਸੇ ਖਾਸ ਪਰਿਵਾਰ ਵਿੱਚ ਜਨਮ ਲੈਣਾ ਹੀ ਜੀਵਨ ਦੀ ਦਿਸ਼ਾ ਤੈਅ ਕਰ ਦੇਵੇਗਾ।

ਅਜਿਹੀ ਵਿਵਸਥਾ ਦੀ ਇੱਕ ਐਕਸਟ੍ਰੀਮ ਸਿਚੂਏਸ਼ਨ ਵੱਲ ਇਸ਼ਾਰਾ ਕਰਦੇ ਹੋਏ ਯੁਵਾਲ ਨੋਵਾ ਹਰਾਰੀ ਆਪਣੀ ਕਿਤਾਬ 'ਇੱਕੀਵੀਂ ਸਦੀ ਦੇ ਇੱਕੀ ਚੈਪਟਰ' ਵਿੱਚ ਸੰਭਾਵਨਾ ਪ੍ਰਗਟ ਕਰਦੇ ਹਨ ਕਿ ਹੋ ਸਕਦਾ ਹੈ ਕਿ ਕੁਝ ਸੁਪਰ ਅਮੀਰ ਪਰਿਵਾਰਾਂ ਦੇ ਲੋਕ ਬਾਇਓ ਟੈਕਨੋਲਾਜੀ ਵਿੱਚ ਹੋ ਰਹੇ ਸੋਧ ਦੀ ਮਦਦ ਨਾਲ ਆਪਣੇ ਲਈ ਅਜਿਹੀ ਮਹਿੰਗੀ ਦਵਾਈ ਦੀ ਖੋਜ ਕਰ ਲੈਣ, ਜਿਸ ਨਾਲ ਕਿ ਉਨ੍ਹਾਂ ਦੀ ਉਮਰ ਹੀ ਬਹੁਤ ਲੰਮੀ ਹੋ ਜਾਵੇ। (ਪੜ੍ਹੋ ਹਰਾਰੀ ਦੀ ਕਿਤਾਬ ਦੀ ਬਿਲ ਗੇਟਸ ਵੱਲੋਂ ਕੀਤੀ ਗਈ ਸਮੀਖਿਆ)

ਆਪਣੀ ਜਾਤ 'ਚ ਵਿਆਹ ਦਾ ਸਿਹਤ 'ਤੇ ਅਸਰ
ਜਨਵਰੀ 2015 ਵਿੱਚ ਜਾਤੀ ਆਧਾਰਿਤ ਗੈਰਬਰਾਬਰੀ ਦੇ ਮਨੁੱਖੀ ਸਿਹਤ 'ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਮੈਡੀਕਲ ਸੈਕਟਰ ਦੀ ਪ੍ਰਸਿੱਧ ਸੋਧ ਪੱਤ੍ਰਿਕਾ 'ਦ ਲੈਂਸੇਟ' ਵਿੱਚ ਬਹਿਸ ਹੋਈ। ਉਸਦਾ ਨਿਚੋੜ ਇਹ ਨਿੱਕਲਿਆ ਕਿ ਆਰਥਿਕ ਗੈਰਬਰਾਬਰੀ ਦੇ ਨਾਲ-ਨਾਲ ਜਾਤੀ ਆਧਾਰਿਤ ਗੈਰਬਰਾਬਰੀ ਵੀ ਮਨੁੱਖੀ ਸਿਹਤ 'ਤੇ ਡੂੰਘਾ ਪ੍ਰਭਾਵ ਪਾ ਰਹੀ ਹੈ।

ਉਸ ਬਹਿਸ ਮੁਤਾਬਕ, ਉੱਚ ਜਾਤ ਦੇ ਲੋਕਾਂ ਦੇ ਮੁਕਾਬਲੇ ਹੇਠਲੀ ਜਾਤ ਦੇ ਲੋਕਾਂ ਵਿੱਚ ਬੁਢਾਪਾ ਛੇਤੀ ਆ ਜਾਂਦਾ ਹੈ, ਜੈਨੇਟਿਕ ਬਿਮਾਰੀਆਂ, ਬਚਪਨ ਦਾ ਮਾਹੌਲ ਤੇ ਸਮਾਜਿਕ ਮੌਕੇ ਇਸਦੇ ਪਿੱਛੇ ਦੇ ਤਿੰਨ ਕਾਰਨ ਦੱਸੇ ਗਏ, ਜਿਨ੍ਹਾਂ ਦੇ ਮੁੱਢ ਵਿੱਚ ਜਾਤੀ ਵਿਵਸਥਾ ਹੈ। ਜਾਤੀ ਨੂੰ ਟਿਕਾਏ ਰੱਖ ਰਹੇ ਆਪਣੀ ਜਾਤ 'ਚ ਵਿਆਹ, ਜੈਨੇਟਿਕ ਬਿਮਾਰੀਆਂ ਨੂੰ ਜਿਉਂਦੇ ਰੱਖਣ ਵਿੱਚ ਮਦਦਗਾਰ ਹਨ।

ਇਸ ਨਾਲ ਜੁੜਿਆ ਸਮਾਜਿਕ ਭੇਦਭਾਵ ਜਿੱਥੇ ਬਚਪਨ ਨੂੰ ਖਰਾਬ ਕਰਦਾ ਹੈ, ਉੱਥੇ ਇਸ ਨਾਲ ਗਰੀਬ ਲੋਕਾਂ ਦੀ ਉਮਰ ਘੱਟ ਰਹੀ ਹੈ, ਕਿਉਂਕਿ ਲੰਮੇ ਸਮੇਂ ਤੱਕ ਗਰੀਬੀ ਦਾ ਸਾਹਮਣਾ ਕਰਨ ਨਾਲ ਹੇਠਲੀਆਂ ਜਾਤਾਂ ਦੇ ਲੋਕਾਂ ਦੀ ਉਮਰ ਆਪਣੇ ਆਪ ਘੱਟ ਹੋ ਜਾਂਦੀ ਹੈ।
ਇਸਨੂੰ ਸਿੱਧੇ ਸ਼ਬਦਾਂ ਵਿੱਚ ਇੰਜ ਸਮਝਿਆ ਜਾਵੇ ਕਿ ਉੱਚ ਜਾਤਾਂ ਦੇ ਲੋਕ ਜ਼ਿਆਦਾ ਸਮੇਂ ਤੱਕ ਜਿਉਂਦੇ ਰਹਿਣਗੇ, ਜਦਕਿ ਹੇਠਲੀਆਂ ਜਾਤਾਂ ਦੇ ਲੋਕ ਘੱਟ ਉਮਰ ਪੂਰੀ ਕਰ ਸਕਣਗੇ।

ਇਸ ਲੜੀ ਵਿੱਚ ਜੇਕਰ ਹੇਠਲੀਆਂ ਜਾਤਾਂ ਦੇ ਨੇਤਾਵਾਂ ਤੇ ਬੁੱਧੀਜੀਵੀਆਂ ਨੂੰ ਉਦਾਹਰਨ ਲਈ ਲਿਆ ਜਾਵੇ ਤਾਂ ਉਹ ਆਪਣੇ ਸਮੇਂ ਤੇ ਉੱਚ ਜਾਤੀ ਦੇ ਨੇਤਾਵਾਂ ਦੇ ਮੁਕਾਬਲੇ ਵਿੱਚ ਛੇਤੀ ਮਰ ਗਏ। ਇਸ ਤਰ੍ਹਾਂ ਦੀ ਘਟਨਾ ਨੂੰ ਕਿਸੇ ਸਾਜ਼ਿਸ਼ ਨਾਲ ਜੋੜ ਦੇਣ ਦੇ ਟ੍ਰੈਂਡ ਕਾਰਨ ਸਮਾਜਿਕ ਅੰਦੋਲਨਾਂ ਦਾ ਧਿਆਨ ਵੀ ਇਸ ਪਾਸੇ ਨਹੀਂ ਜਾ ਰਿਹਾ ਹੈ।

ਇਸ ਤੋਂ ਇਲਾਵਾ, ਇੱਕ ਹੀ ਜਾਤ ਦੇ ਅੰਦਰ ਵਿਆਹ ਕਰਨ ਨਾਲ ਲੋਕਾਂ ਦੇ ਜੈਨੇਟਿਕ ਬਿਮਾਰੀਆਂ ਦੀ ਚਪੇਟ ਵਿੱਚ ਆਉਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਸੋਧ ਪੱਤ੍ਰਿਕਾ ਲੈਂਸੇਟ ਮੁਤਾਬਕ, ਆਪਣੀ ਜਾਤ ਦੇ ਵਿਆਹਾਂ ਨਾਲ ਕੁਝ ਜਾਤਾਂ ਨੂੰ ਸ਼ੂਗਰ, ਤਣਾਅ, ਦਿਮਾਗੀ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਸਪਾਈਨਲ ਕਾਰਡ ਦੀਆਂ ਬਿਮਾਰੀਆਂ ਹੋਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ।

ਜਾਤ ਅੰਦਰ ਵਿਆਹ ਦੋ ਹਜ਼ਾਰ ਸਾਲ ਪੁਰਾਣੀ ਬਿਮਾਰੀ 
ਭਾਰਤ ਦੀ ਜਾਤੀ ਵਿਵਸਥਾ 'ਤੇ ਜੈਨੇਟਿਕਸ ਵਿੱਚ ਹੋਏ ਹਾਲ ਹੀ ਦੇ ਸੋਧ ਦੱਸਦੇ ਹਨ ਕਿ ਅੱਜ ਦੀ ਜਾਤੀ ਪ੍ਰਥਾ ਦੀ ਮੌਜ਼ੂਦਾ ਬਣਤਰ ਦੀ ਸ਼ੁਰੂਆਤ ਕਰੀਬ 2 ਹਜ਼ਾਰ ਸਾਲ ਪਹਿਲਾਂ ਹੋਈ। ਕਰੀਬ 70 ਜਨਰੇਸ਼ਨ ਪਹਿਲਾਂ ਸਾਡੇ ਪੁਰਖਿਆਂ ਨੇ ਅਲੱਗ-ਅਲੱਗ ਬਿਰਾਦਰੀ ਵਿੱਚ ਵਿਆਹ ਕਰਨਾ ਬੰਦ ਕਰ ਦਿੱਤਾ, ਜਿਸ ਨਾਲ ਆਪਣੀ ਹੀ ਜਾਤ 'ਚ ਵਿਆਹ ਵਾਲੀ ਜਾਤੀ ਪ੍ਰਥਾ ਦੇ ਮੌਜ਼ੂਦਾ ਢਾਂਚੇ ਦਾ ਜਨਮ ਹੋਇਆ। ਇਸ ਬਹਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਸਵਾਲ ਉੱਠਦਾ ਹੈ ਕਿ ਕੀ ਲੋਕ 2 ਹਜ਼ਾਰ ਸਾਲ ਪਹਿਲਾਂ ਕੀਤੀ ਗਈ ਆਪਣੇ ਪੁਰਖਿਆਂ ਦੀ ਗਲਤੀ ਨੂੰ ਸੁਧਾਰਨ ਲਈ ਤਿਆਰ ਹਨ? 
-ਅਰਵਿੰਦ ਕੁਮਾਰ
(ਲੇਖਕ ਜੇਐੱਨਯੂ ਤੋਂ ਪੀਐੱਚਡੀ ਕਰ ਰਹੇ ਹਨ)

Comments

Leave a Reply