Tue,Dec 01,2020 | 08:08:56am
HEADLINES:

Social

ਮੇਨਸਟ੍ਰੀਮ ਮੀਡੀਏ ਦੀ ਭੂਮਿਕਾ ਹਮੇਸ਼ਾ ਬਾਬਾ ਸਾਹਿਬ ਡਾ. ਅੰਬੇਡਕਰ ਦੀ ਵਿਰੋਧੀ ਰਹੀ

ਮੇਨਸਟ੍ਰੀਮ ਮੀਡੀਏ ਦੀ ਭੂਮਿਕਾ ਹਮੇਸ਼ਾ ਬਾਬਾ ਸਾਹਿਬ ਡਾ. ਅੰਬੇਡਕਰ ਦੀ ਵਿਰੋਧੀ ਰਹੀ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜ਼ਮਾਨੇ 'ਚ ਪ੍ਰਿੰਟ, ਮਤਲਬ ਰਸਾਲੇ-ਅਖਬਾਰਾਂ ਅਤੇ ਰੇਡੀਓ ਹੀ ਜਨਸੰਚਾਰ ਦੇ ਮੁੱਖ ਸਾਧਨ ਸਨ। ਮੀਡੀਏ 'ਤੇ ਬ੍ਰਾਹਮਣਾਂ-ਸਵਰਨਾਂ ਦਾ ਦਬਦਬਾ ਉਦੋਂ ਵੀ ਸੀ। ਇਸ ਲਈ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਸ਼ੁਰੂਆਤ 'ਚ ਹੀ ਇਹ ਸਮਝ 'ਚ ਆ ਗਿਆ ਕਿ ਉਹ ਜਿਸ ਲੜਾਈ ਨੂੰ ਲੜ ਰਹੇ ਹਨ, ਉਸ 'ਚ ਮੇਨਸਟ੍ਰੀਮ ਮੀਡੀਆ ਉਨ੍ਹਾਂ ਲਈ ਉਪਯੋਗੀ ਸਾਬਿਤ ਨਹੀਂ ਹੋਵੇਗਾ, ਸਗੋਂ ਉਨ੍ਹਾਂ ਨੂੰ ਉੱਥੋਂ ਵਿਰੋਧ ਹੀ ਸਹਿਣਾ ਪਵੇਗਾ।

ਇਹੀ ਕਾਰਨ ਰਿਹਾ ਕਿ ਡਾ. ਅੰਬੇਡਕਰ ਨੂੰ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਉਣ ਲਈ ਕਈ ਅਖਬਾਰਾਂ ਕੱਢਣੀਆਂ ਪਈਆਂ, ਜਿਨ੍ਹਾਂ ਦੇ ਨਾਂ ਹਨ-ਮੂਕਨਾਇਕ (1920), ਬਹਿਸ਼ਕ੍ਰਿਤ ਭਾਰਤ (1924), ਸਮਤਾ (1928), ਜਨਤਾ (1930), ਆਮਹੀ ਸ਼ਾਸਨਕਰਤੀ ਜਮਾਤ ਬਨਣਾਰ (1940), ਪ੍ਰਬੁੱਧ ਭਾਰਤ (1956)। ਉਨ੍ਹਾਂ ਨੇ ਸੰਪਾਦਕ, ਲੇਖਕ ਤੇ ਸਲਾਹਕਾਰ ਦੇ ਤੌਰ 'ਤੇ ਕੰਮ ਕਰਨ ਦੇ ਨਾਲ-ਨਾਲ ਇਨ੍ਹਾਂ ਦਾ ਮਾਰਗਦਰਸ਼ਨ ਵੀ ਕੀਤਾ।

ਬਾਬਾ ਸਾਹਿਬ ਡਾ. ਅੰਬੇਡਕਰ ਨੇ ਆਪਣੇ ਸਮਾਜਿਕ-ਰਾਜਨੀਤਕ ਅੰਦੋਲਨ ਨੂੰ ਮੀਡੀਏ ਰਾਹੀਂ ਵੀ ਚਲਾਇਆ ਅਤੇ ਅਛੂਤਾਂ ਦੇ ਅਧਿਕਾਰਾਂ ਦੀ ਆਵਾਜ਼ ਚੁੱਕੀ। ਮੂਕਨਾਇਕ ਅੰਬੇਡਕਰ ਵੱਲੋਂ ਸਥਾਪਿਤ ਪਹਿਲੀ ਪੱਤ੍ਰਿਕਾ ਸੀ। ਬਾਲ ਗੰਗਾਧਰ ਤਿਲਕ ਉਨ੍ਹਾਂ ਦਿਨੀਂ 'ਕੇਸਰੀ' ਨਾਂ ਦੀ ਅਖਬਾਰ ਕੱਢਦੇ ਸਨ। ਕੇਸਰੀ 'ਚ ਪੂਰੇ ਵਿਗਿਆਪਨ ਖਰਚੇ ਦੇ ਭੁਗਤਾਨ ਦੇ ਨਾਲ ਮੂਕਨਾਇਕ ਦਾ ਵਿਗਿਆਪਨ ਛਾਪਣ ਲਈ ਅਪੀਲ ਕੀਤੀ ਗਈ, ਪਰ ਤਿਲਕ ਨੇ ਇਸਨੂੰ ਛਾਪਣ ਤੋਂ ਇਨਕਾਰ ਕਰ ਦਿੱਤਾ।

ਮੂਕਨਾਇਕ ਦੇ ਸੰਪਾਦਕ ਪੀਐੱਨ ਭਾਟਕਰ ਸਨ, ਜੋ ਕਿ ਮਹਾਰ ਜਾਤੀ ਨਾਲ ਸਬੰਧਤ ਸਨ। ਉਨ੍ਹਾਂ ਨੇ ਕਾਲਜ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਮੂਕਨਾਇਕ ਦੇ ਪਹਿਲੇ 13 ਸੰਪਾਦਕੀ ਲੇਖ ਡਾ. ਅੰਬੇਡਕਰ ਨੇ ਲਿਖੇ। ਪਹਿਲੇ ਲੇਖ 'ਚ ਬਾਬਾ ਸਾਹਿਬ ਅੰਬੇਡਕਰ ਨੇ ਹਿੰਦੂ ਸਮਾਜ ਦਾ ਜ਼ਿਕਰ ਅਜਿਹੀ ਬਹੁਮੰਜ਼ਿਲੀ ਇਮਾਰਤ ਦੇ ਰੂਪ 'ਚ ਕੀਤਾ, ਜਿਸ 'ਚ ਇੱਕ ਮੰਜ਼ਿਲ ਤੋਂ ਦੂਜੀ ਮੰਜ਼ਿਲ 'ਤੇ ਜਾਣ ਲਈ ਨਾ ਤਾਂ ਕੋਈ ਪੌੜੀ ਹੈ ਅਤੇ ਨਾ ਕੋਈ ਦਾਖਲ ਹੋਣ ਦਾ ਦਰਵਾਜਾ ਹੈ। ਸਾਰਿਆਂ ਨੂੰ ਉਸੇ ਮੰਜ਼ਿਲ 'ਚ ਜੀਊਣਾ ਅਤੇ ਮਰਨਾ ਹੈ, ਜਿਸ 'ਚ ਉਹ ਜਨਮੇ ਹਨ।

ਅੱਜ ਜਿਸ ਢੰਗ ਨਾਲ ਮੀਡੀਏ ਦੇ ਵੱਖ-ਵੱਖ ਸਾਧਨ ਵਿਅਕਤੀ ਪੂਜਾ 'ਤੇ ਜ਼ੋਰ ਦੇਣ ਅਤੇ ਸਰਕਾਰ ਦੀ ਆਲੋਚਨਾ ਨੂੰ ਰਾਸ਼ਟਰ ਦੀ ਆਲੋਚਨਾ ਸਾਬਿਤ ਕਰਨ 'ਚ ਲੱਗੇ ਹਨ ਜਾਂ ਰਾਜਨੀਤਕ ਪਾਰਟੀਆਂ ਦੇ ਬੁਲਾਰਿਆਂ ਵਾਂਗ ਕੰਮ ਕਰ ਰਹੇ ਹਨ, ਉਸਨੂੰ ਦੇਖਦੇ ਹੋਏ ਡਾ. ਅੰਬੇਡਕਰ ਦੇ ਵਿਚਾਰ ਅੱਜ ਵੀ ਮਹੱਤਤਾ ਰੱਖਦੇ ਹਨ। ਜੇਕਰ ਅੱਜ ਡਾ. ਅੰਬੇਡਕਰ ਹੁੰਦੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਨਿਸ਼ਾਨੇ 'ਤੇ ਕਿਹੜੀ ਵਿਚਾਰਧਾਰਾ ਅਤੇ ਪਾਰਟੀ ਤੇ ਨੇਤਾ ਹੁੰਦੇ।

ਅਛੂਤਾਂ ਪ੍ਰਤੀ ਮੀਡੀਏ ਦਾ ਨਜ਼ਰੀਆ
ਅਛੂਤਾਂ ਦੇ ਜੀਵਨ ਅਤੇ ਅੰਦੋਲਨ 'ਚ ਪ੍ਰੈੱਸ ਦੀ ਭੂਮਿਕਾ ਅਤੇ ਸੀਮਾਵਾਂ ਨੂੰ ਅੰਡਰਲਾਈਨ ਕਰਦੇ ਹੋਏ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਲਿਖਿਆ, ''ਭਾਰਤ ਦੇ ਬਾਹਰ ਲੋਕ ਵਿਸ਼ਵਾਸ ਕਰਦੇ ਹਨ ਕਿ ਕਾਂਗਰਸ ਹੀ ਇੱਕੋ ਇੱਕ ਸੰਸਥਾ ਹੈ, ਜੋ ਕਿ ਭਾਰਤ ਦੀ ਨੁਮਾਇੰਦਗੀ ਕਰਦੀ ਹੈ, ਇੱਥੇ ਤੱਕ ਕਿ ਅਛੂਤਾਂ ਦੀ ਵੀ। ਇਸਦਾ ਕਾਰਨ ਇਹ ਹੈ ਕਿ ਅਛੂਤਾਂ ਕੋਲ ਆਪਣਾ ਕੋਈ ਸਾਧਨ ਨਹੀਂ ਹੈ, ਜਿਸ ਨਾਲ ਉਹ ਕਾਂਗਰਸ ਦੇ ਮੁਕਾਬਲੇ ਆਪਣਾ ਦਾਅਵਾ ਮਜ਼ਬੂਤੀ ਨਾਲ ਪ੍ਰਗਟ ਕਰ ਸਕਣ। ਅਛੂਤਾਂ ਦੀ ਇਸ ਕਮਜ਼ੋਰੀ ਦੇ ਹੋਰ ਵੀ ਕਈ ਕਾਰਨ ਹਨ।

ਅਛੂਤਾਂ ਕੋਲ ਆਪਣੀ ਕੋਈ ਪ੍ਰੈੱਸ ਨਹੀਂ ਹੈ। ਕਾਂਗਰਸ ਦੀ ਪ੍ਰੈੱਸ ਉਨ੍ਹਾਂ ਲਈ ਬੰਦ ਹੈ। ਉਸਨੇ ਅਛੂਤਾਂ ਦਾ ਮਾੜਾ ਜਿਹਾ ਪ੍ਰਚਾਰ ਵੀ ਨਾ ਕਰਨ ਦੀ ਕਸਮ ਖਾ ਰੱਖੀ ਹੈ। ਅਛੂਤ ਆਪਣੀ ਪ੍ਰੈੱਸ ਸਥਾਪਿਤ ਨਹੀਂ ਕਰ ਸਕਦੇ। ਇਹ ਸਾਫ ਹੈ ਕਿ ਕੋਈ ਵੀ ਅਖਬਾਰ ਬਿਨਾਂ ਵਿਗਿਆਪਨ ਰਕਮ ਦੇ ਨਹੀਂ ਚੱਲ ਸਕਦੀ। ਵਿਗਿਆਪਨ ਰਕਮ ਸਿਰਫ ਵਪਾਰਕ ਵਿਗਿਆਪਨਾਂ ਤੋਂ ਆਉਂਦੀ ਹੈ। ਚਾਹੇ ਛੋਟੇ ਵਪਾਰੀ ਹੋਣ ਜਾਂ ਵੱਡੇ, ਉਹ ਸਾਰੇ ਕਾਂਗਰਸ ਨਾਲ ਜੁੜੇ ਹੋਏ ਹਨ ਅਤੇ ਗੈਰ ਕਾਂਗਰਸੀ ਸੰਸਥਾ ਦਾ ਪੱਖ ਨਹੀਂ ਲੈ ਸਕਦੇ।

ਭਾਰਤ ਦੇ ਐਸੋਸੀਏਟੇਡ ਪ੍ਰੈੱਸ ਦਾ ਸਟਾਫ, ਜੋ ਕਿ ਭਾਰਤ ਦੀ ਸਮਾਚਾਰ ਏਜੰਸੀ ਹੈ, ਪੂਰੀ ਤਰ੍ਹਾਂ ਨਾਲ ਮਦਰਾਸੀ ਬ੍ਰਾਹਮਣਾਂ ਨਾਲ ਭਰੀ ਪਈ ਹੈ। ਅਸਲ 'ਚ ਭਾਰਤ ਦੀ ਪੂਰੀ ਪ੍ਰੈੱਸ ਉਨ੍ਹਾਂ ਦੀ ਮੁੱਠੀ 'ਚ ਹੈ ਅਤੇ ਉਹ ਪੂਰੀ ਤਰ੍ਹਾਂ ਕਾਂਗਰਸ ਦੇ ਪਿੱਠੂ ਹਨ, ਜੋ ਕਿ ਕਾਂਗਰਸ ਦੇ ਖਿਲਾਫ ਕਿਸੇ ਖਬਰ ਨੂੰ ਨਹੀਂ ਛਾਪ ਸਕਦੇ।''

ਲੋਕਤੰਤਰ 'ਚ ਮੀਡੀਏ ਦੀ ਭੂਮਿਕਾ ਤੇ ਅੰਬੇਡਕਰ
ਆਲ ਇੰਡੀਆ ਸ਼ੈਡਿਊਲਡ ਕਾਸਟਸ ਫੈਡਰੇਸ਼ਨ ਨੇ ਜਨਵਰੀ 1945 'ਚ ਆਪਣੇ ਹਫਤਾਵਾਰੀ ਪੱਤਰ 'ਪੀਪਲਸ ਹੈਰਾਲਡ' ਦੀ ਸ਼ੁਰੂਆਤ ਕੀਤੀ। ਇਸ ਪੱਤਰ ਦਾ ਮੁੱਖ ਉਦੇਸ਼ ਅਛੂਤਾਂ ਦੀਆਂ ਉਮੀਦਾਂ, ਮੰਗਾਂ, ਸ਼ਿਕਾਇਤਾਂ ਨੂੰ ਆਵਾਜ਼ ਦੇਣਾ ਸੀ।

ਇਸ ਪੱਤਰ ਦੇ ਉਦਘਾਟਨਕਰਤਾ ਦੀ ਹੈਸੀਅਤ ਨਾਲ ਡਾ. ਅੰਬੇਡਕਰ ਨੇ ਕਿਹਾ, ''ਆਧੁਨਿਕ ਲੋਕਤੰਤਰਿਕ ਵਿਵਸਥਾ 'ਚ ਚੰਗੀ ਸਰਕਾਰ ਲਈ ਅਖਬਾਰ ਮੁੱਢਲਾ ਅਧਾਰ ਹੈ। ਇਸ ਲਈ ਭਾਰਤ ਦੇ ਅਨੁਸੂਚਿਤ ਜਾਤੀ ਦੀ ਬਦਹਾਲੀ ਨੂੰ ਖਤਮ ਕਰਨ 'ਚ ਉਦੋਂ ਤੱਕ ਸਫਲਤਾ ਨਹੀਂ ਮਿਲ ਸਕਦੀ, ਜਦੋਂ ਤੱਕ ਕਿ 8 ਕਰੋੜ ਅਛੂਤਾਂ ਨੂੰ ਰਾਜਨੀਤਕ ਤੌਰ 'ਤੇ ਸਿੱਖਿਅਤ ਨਾ ਕਰ ਲੈਣ। ਜੇਕਰ ਵੱਖ-ਵੱਖ ਵਿਧਾਨਸਭਾਵਾਂ ਦੇ ਵਿਧਾਇਕਾਂ ਦੇ ਵਿਵਹਾਰ ਦੀ ਰਿਪੋਰਟਿੰਗ ਕਰਦੇ ਹੋਏ ਅਖਬਾਰਾਂ ਲੋਕਾਂ ਨੂੰ ਕਹਿਣ ਕਿ ਵਿਧਾਇਕਾਂ ਤੋਂ ਪੁੱਛੋ ਅਜਿਹਾ ਕਿਉਂ ਹੈ, ਕਿਵੇਂ ਹੋਇਆ, ਉਦੋਂ ਮੇਰੇ ਦਿਮਾਗ 'ਚ ਕੋਈ ਸ਼ੰਕਾ ਨਹੀਂ ਹੈ ਕਿ ਵਿਧਾਇਕਾਂ ਦੇ ਵਿਵਹਾਰ 'ਚ ਵੱਡੀ ਤਬਦੀਲੀ ਆ ਸਕਦੀ ਹੈ। ਇਸ ਤਰ੍ਹਾਂ ਮੌਜ਼ੂਦਾ ਮਾੜੀ ਵਿਵਸਥਾ, ਜਿਸ ਤੋਂ ਪੀੜਤ ਸਾਡੇ ਸਮਾਜ ਦੇ ਲੋਕ ਹਨ, 'ਤੇ ਰੋਕ ਲਗ ਸਕਦੀ ਹੈ। ਇਸ ਲਈ ਮੈਂ ਇਸ ਅਖਬਾਰ ਨੂੰ ਇੱਕ ਅਜਿਹੇ ਸਾਧਨ ਦੇ ਰੂਪ 'ਚ ਦੇਖ ਰਿਹਾ ਹਾਂ, ਜੋ ਉਨ੍ਹਾਂ ਲੋਕਾਂ ਦਾ ਸ਼ੁੱਧੀਕਰਨ ਕਰ ਸਕਦਾ ਹੈ, ਜੋ ਕਿ ਆਪਣੇ ਰਾਜਨੀਤਕ ਜੀਵਨ 'ਚ ਗਲਤ ਦਿਸ਼ਾ 'ਚ ਗਏ ਹਨ।''

1937 ਦੀਆਂ ਵਿਧਾਨਸਭਾ ਚੋਣਾਂ 'ਚ ਮਰਾਠੀ ਅਖਬਾਰ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਡਾ. ਅੰਬੇਡਕਰ ਨੇ ਸੁਝਾਅ ਦਿੱਤਾ, ''ਅਖਬਾਰ ਨਾ ਸਿਰਫ ਵੋਟਰਾਂ ਨੂੰ ਜਾਗਰੂਕ ਕਰਦੇ ਹਨ, ਸਗੋਂ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਜਿਸਨੂੰ ਉਨ੍ਹਾਂ ਨੇ ਆਪਣੀਆਂ ਵੋਟਾਂ ਨਾਲ ਚੁਣਿਆ ਹੈ, ਉਹ ਉਨ੍ਹਾਂ ਦੇ ਨਾਲ ਖੜੇ ਹਨ, ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਿਭਾ ਰਹੇ ਹਨ ਅਤੇ ਕਿਸੇ ਦੇ ਨਾਲ ਕੋਈ ਮਾੜਾ ਵਿਵਹਾਰ ਨਹੀਂ ਕਰ ਰਹੇ।'' ਉਨ੍ਹਾਂ ਅੱਗੇ ਕਿਹਾ, ''ਮੈਂ 16 ਸਾਲਾਂ ਤੱਕ ਬਾਂਬੇ 'ਚ ਇੱਕ ਹਫਤਾਵਾਰੀ ਦਾ ਸੰਪਾਦਨ ਕੀਤਾ। ਇਸ ਪੱਤਰ ਨੇ ਜੋ ਵੱਡਾ ਪ੍ਰਭਾਵ ਪੈਦਾ ਕੀਤਾ, ਉਸਦਾ ਸਬੂਤ ਬਾਂਬੇ ਦੀਆਂ ਵਿਧਾਨਸਭਾ ਚੋਣਾਂ 'ਚ ਨਜ਼ਰ ਆਇਆ, ਜਿਸ 'ਚ ਮੈਂ ਸਾਰੇ ਵਰਗਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਕਾਂਗਰਸ ਦੇ ਆਪਣੇ ਵਿਰੋਧੀ ਨੂੰ ਹਰਾਇਆ।''

ਸਾਫ ਹੈ ਕਿ ਅੰਬੇਡਕਰ ਨੇ ਲੋਕਤੰਤਰ ਦੇ ਰੱਖਿਅਕ ਦੇ ਤੌਰ 'ਤੇ ਅਤੇ ਜਨਤਾ ਦੀ ਰਾਜਨੀਤਕ ਟ੍ਰੇਨਿੰਗ 'ਚ ਅਖਬਾਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ। ਬਾਬਾ ਸਾਹਿਬ ਅੰਬੇਡਕਰ ਦੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਮੀਡੀਏ ਦੀ ਦੁਨੀਆ 'ਚ ਬਹੁਤ ਕੁਝ ਬਦਲ ਚੁੱਕਾ ਹੈ, ਪਰ ਬਹੁਤ ਕੁਝ ਪਹਿਲਾਂ ਵਾਂਗ ਵੀ ਹੈ। ਦਲਿਤਾਂ ਲਈ ਮੇਨਸਟ੍ਰੀਮ ਮੀਡੀਏ ਦੇ ਦਰਵਾਜੇ ਆਮ ਤੌਰ 'ਤੇ ਅੱਜ ਵੀ ਬੰਦ ਹਨ। ਬਾਬਾ ਸਾਹਿਬ ਅੰਬੇਡਕਰ ਤੋਂ ਬਾਅਦ ਬਹੁਜਨ ਮਹਾਨਾਇਕ ਸਾਹਿਬ ਕਾਂਸ਼ੀਰਾਮ ਨੇ ਉਨ੍ਹਾਂ ਦੇ ਅੰਦੋਲਨ ਨੂੰ ਅੱਗੇ ਵਧਾਉਂਦੇ ਹੋਏ ਕਈ ਅਖਬਾਰਾਂ ਕੱਢੀਆਂ। ਅੱਜ ਵਿਅਕਤੀਗਤ ਕੋਸ਼ਿਸ਼ਾਂ ਨਾਲ ਕੁਝ ਵਿਅਕਤੀ ਤੇ ਸੰਗਠਨ ਅਖਬਾਰਾਂ-ਮੈਗਜ਼ੀਨ ਕੱਢ ਰਹੇ ਹਨ।

ਵਿਅਕਤੀਗਤ ਕੋਸ਼ਿਸ਼ਾਂ ਨਾਲ ਅਣਗਿਣਤ ਸੋਸ਼ਲ ਮੀਡੀਆ ਪੇਜ਼, ਟਵਿੱਟਰ, ਫੇਸਬੁੱਕ ਗਰੁੱਪ, ਯੂ ਟਿਊਬ ਚੈਨਲ, ਵੀਡੀਓ ਬਲਾਗ ਅਤੇ ਬਲਾਗ ਚਲਾਏ ਜਾ ਰਹੇ ਹਨ, ਪਰ ਮੇਨਸਟ੍ਰੀਮ 'ਚ ਅਜਿਹਾ ਕੋਈ ਅੰਗ੍ਰੇਜ਼ੀ-ਹਿੰਦੀ ਅਖਬਾਰ ਜਾਂ ਟੀਵੀ ਚੈਨਲ ਨਹੀਂ ਹੈ, ਜੋ ਕਿ ਦਲਿਤਾਂ ਤੇ ਪੱਛੜੀਆਂ ਜਾਤੀਆਂ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰ ਸਕੇ, ਉਨ੍ਹਾਂ ਦੇ ਵਿਸ਼ਵ ਨਜ਼ਰੀਏ ਦੀ ਨੁਮਾਇੰਦਗੀ ਦਾ ਦਾਅਵਾ ਕਰ ਸਕੇ?

ਮੀਡੀਏ ਪ੍ਰਤੀ ਅੰਬੇਡਕਰ ਦਾ ਨਜ਼ਰੀਆ
18 ਜਨਵਰੀ 1943 ਨੂੰ ਪੂਨਾ ਦੇ ਗੋਖਲੇ ਮੈਮੋਰੀਅਲ ਹਾਲ 'ਚ ਮਹਾਦੇਵ ਗੋਵਿੰਦ ਰਾਨਾਡੇ ਦੇ 101ਵੇਂ ਜੈਯੰਤੀ ਸਮਾਗਮ 'ਚ 'ਰਾਨਾਡੇ, ਗਾਂਧੀ ਤੇ ਜਿੰਨਾ' ਸਿਰਲੇਖ ਨਾਲ ਦਿੱਤਾ ਗਿਆ ਡਾ. ਅੰਬੇਡਕਰ ਦਾ ਲੈਕਚਰ ਮੀਡੀਏ ਦੇ ਚਰਿੱਤਰ ਬਾਰੇ ਉਨ੍ਹਾਂ ਦੇ ਨਜ਼ਰੀਏ ਨੂੰ ਸਮਝਣ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, ''ਮੇਰੀ ਨਿੰਦਾ ਕਾਂਗਰਸੀ ਅਖਬਾਰਾਂ ਵੱਲੋਂ ਕੀਤੀ ਜਾਂਦੀ ਹੈ। ਮੈਂ ਕਾਂਗਰਸੀ ਅਖਬਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਉਨ੍ਹਾਂ ਦੀ ਆਲੋਚਨਾ ਨੂੰ ਕੋਈ ਮਹੱਤਤਾ ਨਹੀਂ ਦਿੰਦਾ। ਉਨ੍ਹਾਂ ਨੇ ਕਦੇ ਮੇਰੇ ਤਰਕਾਂ ਨੂੰ ਨਕਾਰਿਆ ਨਹੀਂ।

ਉਹ ਤਾਂ ਮੇਰੇ ਹਰ ਕੰਮ ਦੀ ਆਲੋਚਨਾ ਤੇ ਨਿੰਦਾ ਕਰਨੀ ਜਾਣਦੇ ਹਨ। ਉਹ ਮੇਰੀ ਹਰ ਗੱਲ ਦੀ ਗਲਤ ਸੂਚਨਾ ਦਿੰਦੇ ਹਨ, ਉਸਨੂੰ ਗਲਤ ਢੰਗ ਨਾਲ ਪੇਸ਼ ਕਰਦੇ ਹਨ ਅਤੇ ਉਸਦਾ ਗਲਤ ਅਰਥ ਲਗਾਉਂਦੇ ਹਨ। ਮੇਰੇ ਕਿਸੇ ਵੀ ਕੰਮ ਨਾਲ ਕਾਂਗਰਸੀ ਅਖਬਾਰਾਂ ਖੁਸ਼ ਨਹੀਂ ਹੁੰਦੀਆਂ। ਜੇਕਰ ਮੈਂ ਕਹਾਂ ਕਿ ਮੇਰੇ ਪ੍ਰਤੀ ਕਾਂਗਰਸੀ ਅਖਬਾਰਾਂ ਦੀ ਇਹ ਵਿਰੋਧੀ ਸੋਚ ਦਾ ਪ੍ਰਗਟਾਵਾ ਹੀ ਹੈ ਤਾਂ ਇਹ ਗੱਲ ਝੂਠ ਨਹੀਂ ਹੋਵੇਗੀ।''
-ਰਤਨ ਲਾਲ
(ਲੇਖਕ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ 'ਚ ਇਤਿਹਾਸ ਦੇ ਐਸੋਸੀਏਟ ਪ੍ਰੋਫੈਸਰ ਹਨ)

Comments

Leave a Reply