Thu,Aug 22,2019 | 09:27:29am
HEADLINES:

Social

ਅਮਰੀਕਾ 'ਚ ਓਬਾਮਾ ਰਾਸ਼ਟਰਪਤੀ, ਭਾਰਤ 'ਚ ਮਾਇਆਵਤੀ ਪ੍ਰਧਾਨ ਮੰਤਰੀ ਕਿਉਂ ਨਹੀਂ?

ਅਮਰੀਕਾ 'ਚ ਓਬਾਮਾ ਰਾਸ਼ਟਰਪਤੀ, ਭਾਰਤ 'ਚ ਮਾਇਆਵਤੀ ਪ੍ਰਧਾਨ ਮੰਤਰੀ ਕਿਉਂ ਨਹੀਂ?

ਆਉਣ ਵਾਲੀਆਂ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਇਹ ਬਹਿਸ ਤੇਜ਼ ਹੁੰਦੀ ਜਾ ਰਹੀ ਹੈ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਪੁਰਸ਼ ਸੱਤਾ ਵਾਲੀ ਭਾਰਤੀ ਰਾਜਨੀਤੀ ਵਿੱਚ ਇਹ ਸਵਾਲ ਹਮੇਸ਼ਾ 'ਕੌਣ ਹੋਵੇਗਾ' ਦੇ ਰੂਪ ਵਿੱਚ ਹੀ ਸਾਹਮਣੇ ਲਿਆਇਆ ਜਾਂਦਾ ਹੈ, ਨਾ ਕਿ 'ਕੌਣ ਹੋਵੇਗੀ' ਦੇ ਤੌਰ 'ਤੇ। 
 
ਉੱਤਰ ਪ੍ਰਦੇਸ਼ ਵਿੱਚ ਬਸਪਾ-ਸਪਾ ਵਿਚਕਾਰ ਹੋਏ ਗੱਠਜੋੜ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਦਾ ਇਹ ਐਲਾਨ ਕਿ 'ਮਾਇਆਵਤੀ ਜੀ ਦਾ ਅਪਮਾਨ ਮੇਰਾ ਅਪਮਾਨ ਹੋਵੇਗਾ' ਵਰਗੇ ਸ਼ਬਦਾਂ ਨੇ ਭਾਰਤੀ ਰਾਜਨੀਤੀ ਵਿੱਚ ਭੈਣ ਮਾਇਆਵਤੀ ਦੇ ਵਧਦੇ ਦਬਦਬੇ ਦੀ ਤਸਵੀਰ ਸਾਫ ਕਰ ਦਿੱਤੀ ਹੈ। ਇਸਦੇ ਤੁਰੰਤ ਬਾਅਦ ਰਾਸ਼ਟਰੀ ਜਨਤਾ ਦਲ ਆਗੂ ਤੇਜਸਵੀ ਯਾਦਵ ਦਾ ਮਾਇਆਵਤੀ ਨਾਲ ਮਿਲਣ ਜਾਣਾ ਅਤੇ ਰਿਸ਼ਤਿਆਂ ਵਿੱਚ ਨਜ਼ਦੀਕੀ ਉੱਤਰ ਭਾਰਤ ਵਿੱਚ ਦਲਿਤ-ਪੱਛੜਿਆਂ ਵਿਚਕਾਰ ਵੱਧਦੀ ਇੱਕਜੁਟਤਾ ਦਾ ਵੱਡਾ ਰਾਜਨੀਤਕ ਸੰਕੇਤ ਹੈ। 
 
ਭਾਰਤੀ ਰਾਜਨੀਤੀ ਦੀ ਆਇਰਨ ਲੇਡੀ ਹਨ ਮਾਇਆਵਤੀ
ਬਸਪਾ ਮੁਖੀ ਨੇ ਦਲਿਤ ਬਹੁਜਨ ਮੂਲਨਿਵਾਸੀ ਅੰਦੋਲਨ ਦੇ ਹਾਰਡ ਕੋਰ ਕੈਡਰ ਦੀਆਂ ਆਲੋਚਨਾਵਾਂ ਨੂੰ ਸਹਿੰਦੇ ਹੋਏ ਆਪਣੀ ਇਮੇਜ਼ ਨੂੰ ਲਗਾਤਾਰ ਸਰਵਜਨ ਦੀ ਨੇਤਾ ਤੱਕ ਲੈਣ ਜਾਣ ਦਾ ਹੌਸਲਾ ਵੀ ਕੀਤਾ। ਇਹ ਇੱਕ ਰਿਸਕ ਸੀ, ਜਿਸ ਵਿੱਚ ਸਭ ਕੁਝ ਦਾਅ 'ਤੇ ਸੀ।
 
ਜਿਹੜਾ ਬੁਨਿਆਦੀ ਵਰਗ, ਮਤਲਬ ਕੋਰ ਵੋਟ ਉਨ੍ਹਾਂ ਦੇ ਨਾਲ ਹੈ, ਉਸਦਾ ਵੀ ਸਾਥ ਟੁੱਟ ਸਕਦਾ ਸੀ ਅਤੇ ਸੰਭਾਵਿਤ ਵੋਟ ਦੇ ਨਾਲ ਨਹੀਂ ਆਉਣ ਦਾ ਡਰ ਸੀ, ਪਰ ਭੈਣ ਮਾਇਆਵਤੀ ਨੇ ਉਹ ਰਿਸਕ ਵੀ ਲਿਆ, ਕਿਉਂਕਿ ਸਪਾ ਦੇ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਬਸਪਾ ਦਾ ਇਕੱਲੇ ਦਾ ਵੋਟ ਬੈਂਕ ਪਾਰਟੀ ਨੂੰ ਸੱਤਾ ਤੱਕ ਪਹੁੰਚਾ ਪਾਉਣ ਲਈ ਕਾਫੀ ਨਹੀਂ ਸੀ।
 
2006 ਵਿੱਚ ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਦੇ ਪ੍ਰੀਨਿਰਵਾਣ ਤੋਂ ਬਾਅਦ ਪਾਰਟੀ ਨੂੰ ਸਾਂਭੇ ਰੱਖਣਾ ਅਤੇ ਆਪਣੀ ਅਗਵਾਈ ਨੂੰ ਸਥਾਪਿਤ ਰੱਖਣਾ ਇੱਕ ਮਹਿਲਾ ਲਈ ਕਿੰਨੀ ਵੱਡੀ ਚੁਣੌਤੀ ਹੋਵੇਗੀ, ਇਸਦਾ ਸਿਰਫ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਭਾਰਤ ਦੇ ਜਾਤੀਵਾਦੀ ਮੀਡੀਏ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਭੈਣ ਮਾਇਆਵਤੀ ਨੇ ਆਪਣੇ ਆਪ ਨੂੰ ਹਰ ਨਜ਼ਰੀਏ ਨਾਲ ਇੱਕ ਬੇਹਤਰੀਨ ਪ੍ਰਸ਼ਾਸਕ, ਸੁਲਝੇ ਹੋਏ ਆਗੂ ਦੇ ਰੂਪ ਵਿੱਚ ਸਾਬਿਤ ਕੀਤਾ। ਉਹ 90 ਦੇ ਦਹਾਕੇ ਤੋਂ ਬਾਅਦ ਦੀ ਭਾਰਤੀ ਰਾਜਨੀਤੀ ਦੇ ਅਸਲ ਆਇਰਨ ਲੇਡੀ ਬਣ ਕੇ ਉਭਰੇ, ਨਿਖਰੇ ਤੇ ਖੁਦ ਸਥਾਪਿਤ ਵੀ ਹੋਏ। 
 
ਮਾਇਆਵਤੀ ਨੇ ਰਾਜਸਭਾ ਤੋਂ ਅਸਤੀਫਾ ਦੇਣ ਤੋਂ ਲੈ ਕੇ ਗੁਜਰਾਤ ਦੇ ਊਨਾ ਕਾਂਡ, ਰੋਹਿਤ ਵੇਮੂਲਾ ਮਾਮਲੇ, ਅਨੁਸੂਚਿਤ ਜਾਤੀ-ਜਨਜਾਤੀ ਕਾਨੂੰਨ ਦੇ ਬਦਲਾਅ ਤੋਂ ਉੱਠੇ ਦਲਿਤ ਅੰਦੋਲਨ ਸਮੇਤ ਵੱਖ-ਵੱਖ ਮੌਕਿਆਂ 'ਤੇ ਇਹ ਵੀ ਪ੍ਰਗਟ ਕਰ ਦਿੱਤਾ ਕਿ ਉਹ ਆਪਣੇ ਕੋਰ ਵੋਟ ਪ੍ਰਤੀ ਉਨੇ ਹੀ ਸੰਵੇਦਨਸ਼ੀਲ ਹਨ, ਜਿੰਨੇ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਹੈ।  
 
ਅਜੇ ਸਵਾਲ ਬਸਪਾ ਜਾਂ ਭੈਣ ਮਾਇਆਵਤੀ ਨੂੰ ਖੁਦ ਨੂੰ ਸਾਬਿਤ ਕਰਨ ਦਾ ਨਹੀਂ ਹੈ। ਇਹ ਭਾਰਤੀ ਰਾਸ਼ਟਰ ਤੇ ਭਾਰਤ ਦੇ ਸਮਾਜ ਲਈ ਖੁਦ ਨੂੰ ਆਪਣੇ ਹੀ ਬਣਾਏ ਪਿੰਜਰੇ ਨੂੰ ਤੋੜ ਪਾਉਣ ਦਾ ਮੌਕਾ ਹੈ। ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਉਨ੍ਹਾਂ ਇਤਿਹਾਸਕ ਗਲਤੀਆਂ ਨੂੰ ਸੁਧਾਰ ਸਕਦਾ ਹੈ, ਜੋ ਕਿ ਉਸਦੇ ਰਾਸ਼ਟਰ ਜੀਵਨ ਵਿੱਚ ਹੋਈਆਂ ਹਨ।
 
ਆਜ਼ਾਦੀ ਦੇ ਤੁਰੰਤ ਬਾਅਦ ਭਾਰਤ ਕੋਲ ਇੱਕ ਮੌਕਾ ਸੀ ਕਿ ਉਹ ਸ਼ੋਸ਼ਿਤ ਬਹੁਜਨ ਸਮਾਜ ਦੀ ਸਭ ਤੋਂ ਵੱਡੀ ਆਵਾਜ਼ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਬਣਾ ਕੇ ਪੂਨਾ ਪੈਕਟ ਦੇ ਜ਼ਖਮਾਂ 'ਤੇ ਮਲਹਮ ਲਗਾਵੇ, ਪਰ ਉਹ ਨਹੀਂ ਹੋ ਸਕਿਆ।
 
ਬਾਬਾ ਸਾਹਿਬ ਡਾ. ਅੰਬੇਡਕਰ ਨੇ ਸੰਵਿਧਾਨ ਨਿਰਮਾਤਾ ਤੇ ਪਹਿਲੇ ਕਾਨੂੰਨ ਮੰਤਰੀ ਦੇ ਤੌਰ 'ਤੇ ਇਸ ਦੇਸ਼ ਲਈ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ, ਪਰ ਦੇਸ਼ ਦੇ ਉਸ ਸਮੇਂ ਦੇ ਸੱਤਾਧਾਰੀਆਂ ਕੋਲ ਜੋ ਮੌਕਾ ਸੀ, ਉਹ ਉਸਦਾ ਲਾਭ ਨਹੀਂ ਚੁੱਕ ਸਕੇ। ਦੇਸ਼ ਕੋਲ ਦੂਜਾ ਮੌਕਾ 1978-79 ਵਿੱਚ ਆਇਆ, ਜਦੋਂ ਜਨਤਾ ਪਾਰਟੀ ਸਰਕਾਰ ਬਿਹਾਰ ਤੋਂ ਆਉਣ ਵਾਲੇ ਦਲਿਤ ਨੇਤਾ ਬਾਬੂ ਜਗਜੀਵਨ ਰਾਮ ਨੂੰ ਦੇਸ਼ ਦੀ ਕਮਾਨ ਸੌਂਪ ਸਕਦੀ ਸੀ, ਪਰ ਉਨ੍ਹਾਂ ਨੂੰ ਰੱਖਿਆ ਮੰਤਰੀ ਤੇ ਉਪ ਪ੍ਰਧਾਨਮੰਤਰੀ ਤੱਕ ਹੀ ਰੋਕ ਦਿੱਤਾ ਗਿਆ।
 
1947 ਵਿੱਚ ਜਨਮ ਲੈਣ ਵਾਲੇ ਭਾਰਤੀ ਰਾਸ਼ਟਰ ਦੇ ਜੀਵਨ ਵਿੱਚ 2019 ਫਿਰ ਤੋਂ ਇਹ ਮੌਕਾ ਦੇ ਰਿਹਾ ਹੈ ਕਿ ਉਹ ਆਪਣੀਆਂ ਇਤਿਹਾਸਕ ਭੁੱਲਾਂ ਨੂੰ ਸੁਧਾਰਦੇ ਹੋਏ ਭੈਣ ਮਾਇਆਵਤੀ ਨੂੰ ਇਸ ਦੇਸ਼ ਦੇ ਪਹਿਲੇ ਦਲਿਤ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੌਕਾ ਦੇਣ। ਇਹ ਭਾਰਤੀ ਰਾਸ਼ਟਰ ਦੇ ਆਪਣੇ ਹੁਣ ਤੱਕ ਦੇ ਸਮੇਂ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਹੋ ਸਕਦਾ ਹੈ।
 
ਇਹ ਨਾ ਸਿਰਫ ਇੱਕ ਇਤਿਹਾਸਕ ਗਲਤੀ ਦਾ ਸੁਧਾਰ ਹੋਵੇਗਾ, ਸਗੋਂ ਸਦੀਆਂ ਤੋਂ ਦਬਾਈ ਗਈ ਦਲਿਤ ਆਬਾਦੀ ਨੂੰ ਸਭ ਤੋਂ ਮਹੱਤਵਪੂਰਨ ਰਾਜਨੀਤਕ ਅਹੁਦਾ ਦੇ ਕੇ ਉਨ੍ਹਾਂ ਵਰਗਾਂ ਦਾ ਭਰੋਸਾ ਤੇ ਆਤਮਵਿਸ਼ਵਾਸ ਜਿੱਤਣ ਦਾ ਵੀ ਕੰਮ ਹੋ ਸਕਦਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦਲਿਤ ਤੇ ਆਦੀਵਾਸੀ ਭਾਰਤ ਦੀ ਇੱਕ ਚੌਥਾਈ ਆਬਾਦੀ ਹੈ। ਮਤਲਬ ਦੇਸ਼ ਦਾ ਹਰ ਚੌਥਾ ਆਦਮੀ ਜਾਂ ਤਾਂ ਦਲਿਤ ਹੈ ਜਾਂ ਆਦੀਵਾਸੀ। ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗ ਸਥਾਨ ਦਿੱਤੇ ਬਿਨਾਂ ਬਣਨ ਵਾਲਾ ਰਾਸ਼ਟਰ ਅਧੂਰਾ ਹੀ ਹੋਵੇਗਾ।
 
ਇਹ ਭਾਰਤ ਦੇ ਮਨੂੰਸਟ੍ਰੀਮ ਮੀਡੀਆ ਲਈ ਵੀ ਭੁੱਲ ਬਖਸ਼ਾਉਣ ਦਾ ਮੌਕਾ ਬਣ ਸਕਦਾ ਹੈ। ਮੀਡੀਆ ਰਾਤ-ਦਿਨ ਦਲਿਤ-ਪੱਛੜੀ ਲੀਡਰਸ਼ਿਪ ਨੂੰ ਗਾਲ੍ਹਾਂ ਕੱਢਣ, ਉਨ੍ਹਾਂ ਨੂੰ ਭ੍ਰਿਸ਼ਟ ਤੇ ਨਿਕੰਮਾ ਸਾਬਿਤ ਕਰਨ ਅਤੇ ਉਨ੍ਹਾਂ ਦੀ ਰਾਜਨੀਤੀ ਨੂੰ ਜਾਤੀਵਾਦੀ ਸਾਬਿਤ ਕਰਨ ਦੇ ਕੰਮ 'ਚ ਲੱਗਾ ਰਹਿੰਦਾ ਹੈ।
 
ਕੁੱਲ ਮਿਲਾ ਕੇ ਜੇਕਰ ਭੈਣ ਮਾਇਆਵਤੀ ਨੂੰ 2019 ਵਿੱਚ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੌਕਾ ਮਿਲੇ ਤਾਂ ਇਹ ਇਸ ਦੇਸ਼ ਤੇ ਸਮਾਜ ਦੀ ਸਿਹਤ ਲਈ ਤਾਂ ਠੀਕ ਰਹੇਗਾ ਹੀ, ਇਹ ਮਨੂੰਸਮ੍ਰਿਤੀ ਨੂੰ ਨਕਾਰਨ, ਪੁਰਸ਼ ਸੱਤਾ ਨੂੰ ਤੋੜਨ ਤੇ ਜਾਤੀਵਾਦੀ ਬੀਮਾਰੀ ਤੋਂ ਮੁਕਤੀ ਦੀ ਦਿਸ਼ਾ ਵਿੱਚ ਵੀ ਜ਼ਰੂਰੀ ਕਦਮ ਹੋਵੇਗਾ।
 
ਭਾਰਤੀ ਸਮਾਜ ਤੇ ਰਾਸ਼ਟਰ ਨੂੰ ਸਾਹਮਣੇ ਦਿਖ ਰਹੇ ਇਸ ਇਤਿਹਾਸਕ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ ਅਤੇ ਆਪਣੀ ਬਚੀ ਸੰਪੂਰਨ ਉਦਾਰਤਾ ਦਾ ਇਸਤੇਮਾਲ ਕਰਦੇ ਹੋਏ ਬਿਨਾਂ ਕਿਸੇ ਵਿਰੋਧ ਦੇ ਭੈਣ ਕੁਮਾਰੀ ਮਾਇਆਵਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਦਿਸ਼ਾ ਵਿੱਚ ਲੱਗ ਜਾਣਾ ਚਾਹੀਦਾ ਹੈ।

ਭਾਰਤ ਨੂੰ ਮਿਲੇਗਾ ਓਬਾਮਾ ਮੋਮੇਂਟ!
ਇੱਕ ਰਾਸ਼ਟਰ ਤੇ ਇੱਕ ਸਮਾਜ ਦੇ ਰੂਪ ਵਿੱਚ ਭਾਰਤ ਲਈ ਆਪਣੀ ਪੁਰਸ਼ ਸੱਤਾ ਦੀਆਂ ਜੰਜ਼ੀਰਾਂ ਤੋਂ ਮੁਕਤ ਹੋਣ ਦਾ ਵੀ ਇਹ ਸੁਨਹਿਰੀ ਮੌਕਾ ਹੋਵੇਗਾ ਕਿ ਦੇਸ਼ ਦੀ ਸਭ ਤੋਂ ਵਾਂਝੀ ਆਬਾਦੀ ਦੀ ਇੱਕ ਮਹਿਲਾ, ਜਿਸਦੇ ਪਰਿਵਾਰ ਦਾ ਕੋਈ ਰਾਜਨੀਤਕ ਪਿਛੋਕੜ ਨਹੀਂ ਹੈ, ਜੋ ਇੱਕ ਦਲਿਤ ਦੀ ਬੇਟੀ ਹੈ, ਉਸਨੂੰ ਦੇਸ਼ ਚਲਾਉਣ ਦਾ ਮੌਕਾ ਮਿਲੇ।
 
ਅਮਰੀਕਾ ਦੀ ਬਲੈਕ ਆਬਾਦੀ ਨੂੰ ਬਰਾਕ ਓਬਾਮਾ ਦੇ ਰੂਪ ਵਿੱਚ ਦਿੱਤੇ ਗਏ ਮੌਕੇ ਜਿੰਨਾ ਹੀ ਮਹਾਨ ਸੰਸਾਰਕ ਸੰਦੇਸ਼ ਭਾਰਤ ਦੇ ਸਕਦਾ ਹੈ। ਅਮਰੀਕਾ ਦੀ 13 ਫੀਸਦੀ ਬਲੈਕ ਆਬਾਦੀ ਓਬਾਮਾ ਨੂੰ ਕਦੇ ਰਾਸ਼ਟਰਪਤੀ ਨਹੀਂ ਬਣਾ ਸਕਦੀ ਸੀ। ਬਰਾਕ ਓਬਾਮਾ ਨੂੰ ਉੱਥੇ ਦੇ ਗੋਰੇ ਲੋਕਾਂ ਨੇ ਆਪਣਾ ਰਾਸ਼ਟਰਪਤੀ ਚੁਣਿਆ। ਕੀ ਭਾਰਤ ਦੇ ਉੱਚ ਜਾਤੀ ਵਰਗ ਦੇ ਲੋਕ ਉਨੇ ਉਦਾਰ ਸਾਬਿਤ ਹੋਣਗੇ?
 
ਸਦੀਆਂ ਦੇ ਜਾਤੀ ਅੱਤਿਆਚਾਰ ਤੋਂ ਪੀੜਤ ਇੱਕ ਸਮਾਜ ਲਈ ਵੀ ਜਾਤੀ ਦੀ ਬੀਮਾਰੀ ਤੋਂ ਮੁਕਤੀ ਦੀ ਦਿਸ਼ਾ ਵਿੱਚ ਇਹ ਬੇਹਤਰੀਨ ਮੌਕਾ ਹੈ, ਤਾਂਕਿ ਮਨੂੰਸਮ੍ਰਿਤੀ ਦੀਆਂ ਮਹਿਲਾ ਤੇ ਸ਼ੂਦਰ ਵਿਰੋਧੀ ਪਾਬੰਦੀਆਂ ਨੂੰ ਰਾਜਨੀਤਕ ਰੂਪ ਨਾਲ ਹੀ ਸਹੀ, ਤੋੜਿਆ ਜਾ ਸਕੇ।
 
ਭਾਰਤ ਦੇ ਜਾਤੀਵਾਦੀ ਸਮਾਜ ਲਈ ਇਹ ਆਪਣੀ ਸਭ ਤੋਂ ਖਤਰਨਾਕ ਜਾਤੀ ਦੀ ਬੀਮਾਰੀ ਨਾਲ ਲੜਨ ਦੀ ਦਿਸ਼ਾ ਵਿੱਚ ਚੁੱਕਿਆ ਜਾਣ ਵਾਲਾ ਇਮਾਨਦਾਰ ਕਦਮ ਮੰਨਿਆ ਜਾਵੇਗਾ। ਮੇਰਾ ਇਹ ਮੰਨਣਾ ਹੈ ਕਿ ਭੈਣ ਜੀ ਸਿਰਫ ਵਾਂਝੇ ਵਰਗਾਂ ਦੇ ਹੀ ਨਹੀਂ, ਸਗੋਂ ਸੰਪੂਰਨ ਦੇਸ਼ ਦੇ ਨੇਤਾ ਸਾਬਿਤ ਹੋਣਗੇ। 
-ਭੰਵਰ ਮੇਘਵੰਸ਼ੀ
(ਲੇਖਕ ਸੀਨੀਅਰ ਪੱਤਰਕਾਰ ਹਨ)

 

Comments

Leave a Reply