Tue,Feb 25,2020 | 02:20:17pm
HEADLINES:

Social

ਸੰਘਰਸ਼ਾਂ 'ਚੋਂ ਲੰਘ ਕੇ ਮਾਇਆਵਤੀ ਬਣੇ 'ਆਇਰਨ ਲੇਡੀ'

ਸੰਘਰਸ਼ਾਂ 'ਚੋਂ ਲੰਘ ਕੇ ਮਾਇਆਵਤੀ ਬਣੇ 'ਆਇਰਨ ਲੇਡੀ'

ਭਾਰਤੀ ਰਾਜਨੀਤੀ ਦੀ ਜ਼ਮੀਨ 'ਤੇ ਬਹੁਤ ਘੱਟ ਹੀ ਮਹਿਲਾਵਾਂ ਹਨ, ਜਿਹੜੀਆਂ ਦੁਨੀਆ ਭਰ 'ਚ ਪ੍ਰਸਿੱਧ ਹਨ। ਉਨ੍ਹਾਂ 'ਚੋਂ ਹੀ ਇੱਕ ਹਨ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ। ਆਬਾਦੀ ਪੱਖੋਂ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ 4 ਵਾਰ ਮੁੱਖ ਮੰਤਰੀ ਰਹਿ ਚੁੱਕੇ ਮਾਇਆਵਤੀ ਨੂੰ ਉਨ੍ਹਾਂ ਦੇ ਸੰਘਰਸ਼ਾਂ ਕਾਰਨ 'ਆਇਰਨ ਲੇਡੀ' ਨਾਂ ਨਾਲ ਜਾਣਿਆ ਜਾਂਦਾ ਹੈ।

ਮਾਇਆਵਤੀ ਨਾਲ ਜੁੜੀਆਂ ਅਜਿਹੀਆਂ ਕਈ ਗੱਲਾਂ ਹਨ, ਜੋ ਕਿ ਉਨ੍ਹਾਂ ਨੂੰ ਮਹਿਲਾਵਾਂ ਵਿਚਕਾਰ ਆਦਰਸ਼ ਬਣਾਉਂਦੀਆਂ ਹਨ। ਕੁਮਾਰੀ ਮਾਇਆਵਤੀ ਦਾ ਜਨਮ ਇੱਕ ਗਰੀਬ ਦਲਿਤ ਪਰਿਵਾਰ 'ਚ 15 ਜਨਵਰੀ 1956 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਪ੍ਰਭੂ ਦਾਸ ਡਾਕਖਾਨੇ ਵਿੱਚ ਕਲਰਕ ਸਨ। ਮਾਂ ਰਾਮਰਤੀ ਦੇ ਕੁੱਖੋਂ ਪੈਦਾ ਹੋਏ ਮਾਇਆਵਤੀ ਨੇ ਇੰਦਰਪੁਰੀ ਇਲਾਕੇ ਦੇ ਪ੍ਰਤਿਭਾ ਸਕੂਲ 'ਚ ਆਪਣੀ ਸ਼ੁਰੂਆਤੀ ਪੜ੍ਹਾਈ ਕੀਤੀ।

ਉਹ ਪੜ੍ਹਾਈ 'ਚ ਹੁਸ਼ਿਆਰ ਸਨ। ਬਚਪਨ ਤੋਂ ਹੀ ਉਨ੍ਹਾਂ ਦਾ ਕੁਲੈਕਟਰ (ਆਈਏਐੱਸ ਅਫਸਰ) ਬਣਨ ਦਾ ਸੁਪਨਾ ਸੀ। ਉਨ੍ਹਾਂ ਨੇ ਬੀਐੱਡ ਕਰਨ ਦੀ ਤਿਆਰੀ ਸ਼ੁਰੂ ਕੀਤੀ ਸੀ। ਉਹ ਦਿਨ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਅਤੇ ਰਾਤ ਦੇ ਸਮੇਂ ਆਪਣੀ ਪੜ੍ਹਾਈ ਕਰਦੇ।

1977 ਦਾ ਉਹ ਦੌਰ ਸੀ, ਜਦੋਂ ਉਨ੍ਹਾਂ ਦੇ ਆਰਥਿਕ ਹਾਲਾਤਾਂ ਨੇ ਉਨ੍ਹਾਂ ਨੂੰ ਇੱਕ ਸਕੂਲ ਟੀਚਰ ਬਣਾ ਦਿੱਤਾ ਸੀ, ਪਰ ਆਪਣੀ ਮੇਹਨਤ ਨਾਲ ਉਨ੍ਹਾਂ ਨੇ ਸਿਰਫ ਬੀਐੱਡ ਹੀ ਨਹੀਂ, ਸਗੋਂ ਦਿੱਲੀ ਯੂਨੀਵਰਸਿਟੀ ਤੋਂ ਐੱਲਐੱਲਬੀ ਦੀ ਪੜ੍ਹਾਈ ਵੀ ਪੂਰੀ ਕੀਤੀ। 1984 ਵਿੱਚ ਜਦੋਂ ਸਾਹਿਬ ਕਾਂਸ਼ੀਰਾਮ ਨੇ ਬਹੁਜਨ ਸਮਾਜ ਪਾਰਟੀ ਬਣਾਈ ਤਾਂ ਮਾਇਆਵਤੀ ਟੀਮ ਵਿੱਚ ਕੋਰ ਮੈਂਬਰ ਸਨ। 1984 ਵਿੱਚ ਉਹ ਬਿਜਨੌਰ ਲੋਕਸਭਾ ਖੇਤਰ ਤੋਂ ਸਾਂਸਦ ਚੁਣੇ ਗਏ।

1995 ਵਿੱਚ ਮਾਇਆਵਤੀ ਪਹਿਲੀ ਵਾਰ ਯੂਪੀ ਦੇ ਮੁੱਖ ਮੰਤਰੀ ਬਣੇ। ਇਸੇ ਦੇ ਨਾਲ ਉਨ੍ਹਾਂ ਦੇ ਨਾਂ ਦੋ ਰਿਕਾਰਡ ਦਰਜ ਹੋਏ। ਇੱਕ ਤਾਂ ਸੂਬੇ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਦਾ ਅਤੇ ਦੂਜਾ ਦੇਸ਼ ਦੇ ਸਭ ਤੋਂ ਪਹਿਲੇ ਦਲਿਤ ਮੁੱਖ ਮੰਤਰੀ ਦਾ। ਅਜਿਹੇ ਲੋਕਾਂ ਨੇ ਵੀ ਮਾਇਆਵਤੀ ਦਾ ਲੋਹਾ ਮੰਨਿਆ, ਜੋ ਕਿਸੇ ਮਹਿਲਾ ਨੂੰ ਮੰਤਰੀ ਦੇ ਤੌਰ 'ਤੇ ਬਰਦਾਸ਼ਤ ਨਹੀਂ ਕਰ ਸਕਦੇ ਸਨ।

ਉੱਤਰ ਪ੍ਰਦੇਸ਼ ਦਾ ਨਾਂ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿੱਚ ਆਉਂਦਾ ਹੈ ਅਤੇ ਇਸ ਸੂਬੇ ਦੀ ਰਾਜਨੀਤੀ ਵਿੱਚ ਹਮੇਸ਼ਾ ਤੋਂ ਪੁਰਸ਼ਾਂ ਦਾ ਦਬਦਬਾ ਰਿਹਾ ਹੈ, ਪਰ ਸਾਲ 1977 ਵਿੱਚ ਜਦੋਂ ਮਾਇਆਵਤੀ ਸਾਹਿਬ ਕਾਂਸ਼ੀਰਾਮ ਦੇ ਸੰਪਰਕ ਵਿੱਚ ਆਏ ਸਨ, ਤਾਂ ਦੇਸ਼ ਦੇ ਇਸ ਸੂਬੇ ਨੂੰ ਇੱਕ ਮਜ਼ਬੂਤ ਮਹਿਲਾ ਲੀਡਰ ਮਿਲਣ ਦੀ ਉਮੀਦ ਨਜ਼ਰ ਆਈ ਅਤੇ ਸਾਲ 1995 ਵਿੱਚ ਜਦੋਂ ਮਾਇਆਵਤੀ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠੇ ਤਾਂ ਸੂਬੇ ਦੀ ਰਾਜਨੀਤੀ ਦਾ ਨਕਸ਼ਾ ਹੀ ਬਦਲ ਗਿਆ।

ਮਾਇਆਵਤੀ ਨੇ ਨਾ ਸਿਰਫ ਭ੍ਰਿਸ਼ਟ ਅਫਸਰਾਂ ਨੂੰ ਸਸਪੈਂਡ ਕੀਤਾ, ਸਗੋਂ ਸੂਬੇ ਵਿੱਚ ਕਈ ਚੰਗੇ ਬਦਲਾਅ ਵੀ ਕੀਤੇ। ਮਾਇਆਵਤੀ ਇੰਨੇ ਵੱਡੇ ਤੇ ਪ੍ਰਸਿੱਧ ਲੀਡਰ ਹੋਣ ਦੇ ਬਾਵਜੂਦ ਇੱਕ ਸਧਾਰਨ ਜੀਵਨ ਹੀ ਜਿਊਂਦੇ ਹਨ। ਖਾਸ ਤੌਰ 'ਤੇ ਉਨ੍ਹਾਂ ਦਾ ਪਹਿਰਾਵਾ ਬਹੁਤ ਹੀ ਅਲੱਗ ਹੈ। ਉਹ ਕਾਟਨ ਦਾ ਬੰਦ ਗਲ੍ਹ ਵਾਲਾ ਕੁਰਤਾ, ਪਜਾਮਾ ਤੇ ਦੁਪੱਟਾ ਪਾਉਂਦੇ ਹਨ। ਭਾਰਤੀਆਂ ਵਿੱਚ ਲੋਕਾਂ ਦੇ ਪਹਿਰਾਵੇ ਤੋਂ ਉਨ੍ਹਾਂ ਦੀ ਸਿੱਖਿਆ ਤੇ ਰਹਿਣ-ਸਹਿਣ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ, ਜਦਕਿ ਤੁਹਾਨੂੰ ਦੱਸ ਦਈਏ ਕਿ ਮਾਇਆਵਤੀ ਨੇ ਬੀਏ ਤੇ ਐੱਲਐੱਲਬੀ ਤੋਂ ਬਾਅਦ ਆਈਏਐੱਸ ਦੀ ਪੜ੍ਹਾਈ ਵੀ ਕੀਤੀ, ਪਰ ਰਾਜਨੀਤੀ 'ਚ ਆਉਣ ਕਾਰਨ ਉਹ ਆਈਏਐੱਸ ਦੀ ਪ੍ਰੀਖਿਆ ਨਹੀਂ ਦੇ ਸਕੇ। ਇੰਨਾ ਪੜ੍ਹੇ-ਲਿਖੇ ਹੋਣ ਤੋਂ ਬਾਅਦ ਵੀ ਮਾਇਆਵਤੀ ਬਹੁਤ ਸਧਾਰਨ ਜੀਵਨ ਬਿਤਾਉਂਦੇ ਹਨ।

ਸੱਤਾ ਵਿੱਚ ਆਉਂਦੇ ਹੀ ਮਾਇਆਵਤੀ ਨੇ ਦੋ ਕੰਮ ਕੀਤੇ, ਪਹਿਲਾ ਭ੍ਰਿਸ਼ਟਾਚਾਰ ਫੈਲਾ ਰਹੇ ਅਫਸਰਾਂ ਦਾ ਤਬਾਦਲਾ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਅਤੇ ਦੂਜਾ ਸ਼ਹਿਰਾਂ ਨੂੰ ਸੋਹਣਾ ਬਣਾਇਆ, ਤਾਂਕਿ ਸ਼ਹਿਰ 'ਚ ਘੁੰਮਣ-ਫਿਰਨ ਲਈ ਚੰਗੀ ਤੇ ਸਾਫ-ਸੁਥਰੀ ਜਗ੍ਹਾ ਹੋਵੇ। ਉਨ੍ਹਾਂ ਦਾ ਮੰਨਣਾ ਹੈ ਕਿ ਤੁਸੀਂ ਵੀ ਕੁਝ ਅਜਿਹਾ ਕਰੋ, ਜੋ ਦੂਜਿਆਂ ਲਈ ਮਿਸਾਲ ਹੋ ਜਾਵੇ, ਤਾਂ ਹੀ ਤੁਹਾਡੀ ਮੇਹਨਤ ਕਰਨ ਦਾ ਕੁਝ ਫਾਇਦਾ ਹੈ।

ਮਾਇਆਵਤੀ ਲਈ ਸੱਤਾ ਵਿੱਚ ਬਣੇ ਰਹਿਣਾ ਕਦੇ ਸੌਖਾ ਨਹੀਂ ਸੀ। ਜਦੋਂ-ਜਦੋਂ ਉਹ ਸੱਤਾ ਵਿੱਚ ਆਏ, ਜਾਤੀਵਾਦੀ ਲੋਕਾਂ ਨੇ ਉਨ੍ਹਾਂ ਨੂੰ ਗੰਦੇ ਸ਼ਬਦਾਂ ਨਾਲ ਸੰਬੋਧਿਤ ਕੀਤਾ, ਪਰ ਕੁਮਾਰੀ ਮਾਇਆਵਤੀ ਦੇ ਕਦਮ ਕਦੇ ਵੀ ਡਗਮਗਾਏ ਨਹੀਂ, ਕਿਉਂਕਿ ਉਹ ਹਮੇਸ਼ਾ ਆਪਣੇ ਦਿਲ ਦੀ ਸੁਣਦੇ ਸਨ ਅਤੇ ਉਹੀ ਕਰਦੇ ਸਨ, ਜੋ ਉਨ੍ਹਾਂ ਨੂੰ ਸਹੀ ਲਗਦਾ ਸੀ। ਲੱਖ ਮੁਸੀਬਤਾਂ ਦੇ ਬਾਵਜੂਦ ਉਹ ਕਦੇ ਘਬਰਾਏ ਨਹੀਂ ਤੇ ਅੱਗੇ ਵਧਦੇ ਚਲੇ ਗਏ।

Comments

Leave a Reply