Wed,Oct 16,2019 | 11:12:10am
HEADLINES:

Social

ਕਾਸਗੰਜ 'ਚ ਦਲਿਤ ਦੀ ਬਾਰਾਤ ਤਾਂ ਨਿੱਕਲ ਗਈ, ਪਰ ਭਾਈਚਾਰਾ ਕਿਵੇਂ ਆਵੇਗਾ?

ਕਾਸਗੰਜ 'ਚ ਦਲਿਤ ਦੀ ਬਾਰਾਤ ਤਾਂ ਨਿੱਕਲ ਗਈ, ਪਰ ਭਾਈਚਾਰਾ ਕਿਵੇਂ ਆਵੇਗਾ?

ਕਾਸਗੰਜ ਕੋਈ ਜੰਗਲ-ਪਹਾੜ ਜਾਂ ਦੂਰ ਦਾ ਇਲਾਕਾ ਨਹੀਂ ਹੈ। ਭਾਰਤੀ ਲੋਕਤੰਤਰ ਦੇ ਸੱਤਾ ਕੇਂਦਰ ਦਿੱਲੀ ਤੋਂ ਉੱਥੇ ਤੱਕ ਪਹੁੰਚਣ ਵਿੱਚ 4 ਘੰਟੇ ਵੀ ਨਹੀਂ ਲੱਗਣਗੇ, ਪਰ ਇੰਨੇ ਸਾਲ ਤੋਂ ਭਾਰਤੀ ਲੋਕਤੰਤਰ ਕਾਸਗੰਜ ਦੇ ਨਿਜਾਮਪੁਰ ਪਿੰਡ ਦੇ ਬਾਹਰ ਚੁੱਪਚਾਪ ਖੜਾ ਸੀ। ਪਿੰਡ ਵਿੱਚ ਲਾਠੀਆਂ ਚੱਲਦੀਆਂ ਜਾਂ ਬੰਦੂਕਾਂ ਜਾਂ ਪ੍ਰਭਾਵਸ਼ਾਲੀ ਲੋਕਾਂ ਦੀ ਆਵਾਜ਼ ਉੱਚੀ ਹੋ ਜਾਂਦੀ ਤਾਂ ਲੋਕਤੰਤਰ ਘਬਰਾ ਜਾਂਦਾ ਸੀ।
 
ਪਹਿਲੀ ਵਾਰ ਪਿੰਡ ਦੇ ਅੰਦਰ ਵੜਨ ਲਈ ਲੋਕਤੰਤਰ ਨੂੰ ਸੈਂਕੜੇ ਹਥਿਆਰਬੰਦ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਬਹਾਦਰ ਤੇ ਜਿੱਦੀ ਨੌਜਵਾਨ ਸੰਜੈ ਜਾਟਵ ਦੇ ਆਤਮ ਸਨਮਾਨ ਦੇ ਸਹਾਰੇ ਦੀ ਲੋੜ ਪਈ। ਸੰਵਿਧਾਨ ਜਿਸ ਦਿਨ ਤੋਂ ਦੇਸ਼ ਵਿੱਚ ਲਾਗੂ ਹੋਇਆ, ਉਸ ਦਿਨ ਤੋਂ ਕਹਿਣ ਨੂੰ ਛੂਆਛਾਤ 'ਤੇ ਪਾਬੰਦੀ ਹੈ, ਪਰ ਪੂਨਾ ਪੈਕਟ ਦਾ ਉੱਚ ਜਾਤੀਆਂ ਦਾ ਵਾਅਦਾ ਵੀ ਹੈ।
 
ਜਦੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਲੱਗ ਇਲੈਕਟੋਰੇਟ ਮਤਲਬ ਚੋਣ ਖੇਤਰ ਦੀ ਗੱਲ 'ਤੇ ਟਿਕੇ ਰਹੇ ਤਾਂ ਗਾਂਧੀ ਜੀ ਨੇ ਉਨ੍ਹਾਂ ਨੂੰ ਝੁਕਾਉਣ ਲਈ ਮਰਣ ਵਰਤ ਦਾ ਹਿੰਸਕ ਢੰਗ ਅਪਣਾਇਆ। ਉਨ੍ਹਾਂ ਦੀ ਸਿਹਤ ਖਰਾਬ ਹੋਣ ਅਤੇ ਇਸ ਕਾਰਨ ਦੇਸ਼ ਵਿੱਚ ਦਲਿਤਾਂ ਖਿਲਾਫ ਹਿੰਸਾ ਭੜਕਣ ਦੇ ਖਦਸ਼ੇ ਵਿਚਕਾਰ ਅਖੀਰ ਵਿੱਚ ਇਸ ਗੱਲ 'ਤੇ ਸਹਿਮਤੀ ਬਣੀ ਕਿ ਦਲਿਤਾਂ ਦੀ ਅਲੱਗ ਚੋਣ ਪ੍ਰਣਾਲੀ ਨਹੀਂ ਹੋਵੇਗੀ ਅਤੇ ਬਦਲੇ ਵਿੱਚ ਉੱਚ ਜਾਤੀ ਹਿੰਦੂ ਦਲਿਤਾਂ ਨਾਲ ਭੇਦਭਾਵ ਨਹੀਂ ਕਰਨਗੇ।
 
ਆਜ਼ਾਦੀ ਤੋਂ ਬਾਅਦ ਬਣੇ ਸੰਵਿਧਾਨ ਵਿੱਚ ਛੂਆਛਾਤ ਵਰਗੇ ਕਿਸੇ ਭੇਦਭਾਵ ਦੀ ਮਨਜ਼ੂਰੀ ਨਹੀਂ ਹੈ। ਛੂਆਛਾਤ 'ਤੇ ਪਾਬੰਦੀ ਨੂੰ ਲਾਗੂ ਕਰਾਉਣ ਲਈ ਸਿਵਲ ਰਾਈਟਸ ਐਕਟ ਨਾਂ ਦਾ ਕਾਨੂੰਨ ਵੀ ਹੈ। ਐੱਸਸੀ-ਐੱਸਟੀ ਕਮਿਸ਼ਨ ਵੀ ਹਨ। ਇਨ੍ਹਾਂ ਸਾਰਿਆਂ ਨਾਲ ਵੀ ਗੱਲ ਨਹੀਂ ਬਣੀ ਤਾਂ 1989 ਵਿੱਚ ਐੱਸਸੀ-ਐੱਸਟੀ ਅੱਤਿਆਚਾਰ ਰੋਕੋ ਕਾਨੂੰਨ ਵੀ ਲਿਆਂਦਾ ਗਿਆ, ਪਰ ਇਹ ਸਭ ਲਾਗੂ ਤਾਂ ਇੱਕ ਸਮਾਜ ਵਿੱਚ ਹੀ ਹੋਣਾ ਸੀ। ਸਮਾਜ ਤੇ ਖਾਸ ਤੌਰ 'ਤੇ ਉੱਚੀਆਂ ਕਹੀਆਂ ਜਾਣ ਵਾਲੀਆਂ ਜਾਤਾਂ ਇਸਨੂੰ ਲਾਗੂ ਕਰਨ ਨੂੰ ਤਿਆਰ ਨਹੀਂ ਹਨ।
 
ਪਹਿਲਾਂ ਤਾਂ ਇਸਨੂੰ ਧਾਰਮਿਕ ਮਾਨਤਾਵਾਂ ਦਾ ਓਹਲਾ ਹਾਸਲ ਸੀ। ਇਨ੍ਹਾਂ ਮਾਨਤਾਵਾਂ ਹੇਠਲੇ ਵਰਗਾਂ ਦੀ ਵੀ ਇੱਕ ਹੱਦ ਤੱਕ ਸਹਿਮਤੀ ਹਾਸਲ ਸੀ। ਮਤਲਬ ਕਿ ਉਹ ਮੰਨ ਰਹੇ ਸਨ ਕਿ ਉਹ ਨੀਚ ਹਨ। ਇਹ ਸਹਿਮਤੀ ਧਰਮ ਗ੍ਰੰਥਾਂ ਦੇ ਸਹਾਰੇ ਹਾਸਲ ਕੀਤੀ ਗਈ ਸੀ, ਪਰ ਹੋਲੀ-ਹੋਲੀ ਜਾਗਰੂਕਤਾ ਆਈ। ਇੱਥੇ ਤੱਕ ਕਿ ਟਕਰਾਅ ਦੀ ਸਥਿਤੀ ਬਣੀ। ਗੁੰਡਾਗਰਦੀ ਤੇ ਪ੍ਰਭਾਵ ਦੇ ਆਧਾਰ 'ਤੇ ਜਾਤੀ ਭੇਦਭਾਵ  'ਤੇ ਅਮਲ ਹੁੰਦਾ ਰਿਹਾ ਅਤੇ ਜਾਤੀ ਭੇਦ ਦਾ ਸਿਲਸਿਲਾ ਬੰਦ ਨਹੀਂ ਹੋਇਆ ਹੈ। 
 
ਨਿਜਾਮਪੁਰ ਪਿੰਡ ਵਿੱਚ ਭਾਰਤ ਦਾ ਸੰਵਿਧਾਨ ਤੇ ਕਾਨੂੰਨ ਲਾਗੂ ਨਹੀਂ ਸੀ। ਹਾਲਾਂਕਿ ਇਸ ਵਾਰ ਪੁਲਸ ਮੁਲਾਜ਼ਮਾਂ ਦੇ ਪਹਿਰੇ ਵਿੱਚ ਉੱਥੇ ਸੰਵਿਧਾਨ ਤੇ ਕਾਨੂੰਨ ਇੱਕ ਦਿਨ ਲਈ ਲਾਗੂ ਹੋ ਗਿਆ, ਪਰ ਅਜਿਹਾ ਕਦੋਂ ਤੱਕ ਚੱਲੇਗਾ, ਕਹਿਣਾ ਮੁਸ਼ਕਿਲ ਹੈ। ਅਜਿਹੇ ਪਿੰਡ, ਕਸਬੇ ਤੇ ਮੁਹੱਲੇ ਦੇਸ਼ ਵਿੱਚ ਕਈ ਹਨ। ਸੰਜੈ ਜਾਟਵ ਗੁਆਂਢ ਦੇ ਹਾਥਰਸ ਜ਼ਿਲ੍ਹੇ ਦੇ ਹਨ। ਉਨ੍ਹਾਂ ਅਤੇ ਕਾਸਗੰਜ ਜ਼ਿਲ੍ਹੇ ਦੇ ਨਿਜਾਮਪੁਰ ਪਿੰਡ ਦੀ ਲੜਕੀ ਸ਼ੀਤਲ ਵਿਚਕਾਰ ਪਿਆਰ ਹੋ ਗਿਆ।
 
ਦੋਨਾਂ ਨੇ ਆਪਣੇ ਪਰਿਵਾਰਾਂ ਨਾਲ ਗੱਲ ਕੀਤੀ ਅਤੇ ਵਿਆਹ 'ਤੇ ਸਹਿਮਤੀ ਬਣ ਗਈ। ਸੰਜੈ ਜਾਟਵ ਬਾਰਾਤ ਲੈ ਕੇ ਲੜਕੀ ਦੇ ਘਰ ਆਉਣ ਦੀ ਤਿਆਰੀਆਂ ਵਿੱਚ ਲੱਗ ਗਏ, ਪਰ ਉਨ੍ਹਾਂ ਨੂੰ ਪਤਾ ਲੱਗਾ ਕਿ ਸ਼ੀਤਲ ਦੇ ਪਿੰਡ ਵਿੱਚ ਤਾਂ ਉਸਦੀ ਬਾਰਾਤ ਦਾਖਲ ਹੀ ਨਹੀਂ ਹੋ ਸਕਦੀ। ਬਾਰਾਤ ਪਿੰਡ ਦੀ ਸੀਮਾ ਦੇ ਬਾਹਰ ਹੀ ਰੁਕ ਜਾਵੇਗੀ।
 
ਦੱਸਿਆ ਗਿਆ ਕਿ ਪਿੰਡ ਵਿੱਚ ਦਲਿਤਾਂ ਦੀ ਬਾਰਾਤ ਨਹੀਂ ਘੁੰਮਦੀ। ਇਹੀ ਰਿਵਾਜ਼ ਹੈ। ਆਖਰੀ ਵਾਰ 20 ਸਾਲ ਪਹਿਲਾਂ ਜਦੋਂ ਦਲਿਤਾਂ ਨੇ ਪਿੰਡ ਵਿੱਚ ਬਾਰਾਤ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਹਿੰਸਾ ਹੋ ਗਈ ਸੀ। ਠਾਕੁਰਾਂ ਨੇ ਪਥਰਾਅ ਕਰ ਦਿੱਤਾ ਸੀ। ਉਸ ਤੋਂ ਬਾਅਦ ਤਾਂ ਕੋਈ ਕੋਸ਼ਿਸ਼ ਵੀ ਨਹੀਂ ਹੋਈ। ਸੰਜੈ ਨੇ ਤੈਅ ਕੀਤਾ ਕਿ ਜੋ ਹੁਣ ਤੱਕ ਹੋ ਰਿਹਾ ਸੀ, ਉਸਨੂੰ ਹੁਣ ਹੋਣ ਨਹੀਂ ਦਿੱਤਾ ਜਾਵੇਗਾ। ਉਹ ਪ੍ਰਸ਼ਾਸਨ ਦੇ ਕੋਲ ਗਏ, ਜਿੱਥੇ ਉਨ੍ਹਾਂ ਨੂੰ ਨਿਰਾਸ਼ਾ ਹੱਥ ਲੱਗੀ। 
 
ਪੁਲਸ ਨੇ ਕਿਹਾ ਕਿ ਦਲਿਤ ਦੀ ਬਾਰਾਤ ਪਿੰਡ ਆਵੇ, ਅਜਿਹੀ ਕੋਈ ਪਰੰਪਰਾ ਹੀ ਨਹੀਂ ਹੈ। ਸੰਜੈ ਪ੍ਰਸ਼ਾਸਨ ਵਿੱਚ ਸਭ ਤੋਂ ਉੱਚ ਪੱਧਰ 'ਤੱਕ ਗਏ। ਅਖੀਰ ਵਿੱਚ ਉਹ ਕੋਰਟ ਪਹੁੰਚੇ ਤਾਂ ਕੋਰਟ ਨੇ ਕਿਹਾ ਕਿ ਇਹ ਪ੍ਰਸ਼ਾਸਨ ਨੇ ਦੇਖਣਾ ਹੈ। ਕੋਰਟ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਉਦੋਂ ਤੱਕ ਇਹ ਮਾਮਲਾ ਗਰਮ ਹੋ ਗਿਆ ਅਤੇ ਇਸਦੀ ਦੇਸ਼-ਵਿਦੇਸ਼ ਵਿੱਚ ਚਰਚਾ ਹੋ ਗਈ। ਅਖੀਰ ਵਿੱਚ ਪ੍ਰਸ਼ਾਸਨ ਨੂੰ ਦਖਲ ਦੇਣਾ ਪਿਆ ਅਤੇ ਪ੍ਰਸ਼ਾਸਨ ਦੇ ਸੁਰੱਖਿਆ ਪਹਿਰੇ ਵਿੱਚ ਹੀ ਸੰਜੈ ਦੀ ਬਾਰਾਤ ਪਿੰਡ ਵਿੱਚ ਆਈ।
 
ਪਿੰਡ ਦੇ ਦਲਿਤਾਂ ਲਈ ਇਹ ਮੁਕਤੀ ਦਾ ਸਮਾਂ ਹੈ। ਉਨ੍ਹਾਂ ਦੀ ਅਸਲ ਆਜ਼ਾਦੀ ਤਾਂ ਇਹੀ ਹੈ। ਬਾਰਾਤ ਪਿੰਡ ਵਿੱਚ ਆਈ। ਬਾਰਾਤੀ ਨੱਚੇ ਤੇ ਬਹੁਤ ਨੱਚੇ। ਇਸ ਮੌਕੇ 'ਤੇ ਜੇਕਰ ਪਿੰਡ ਦੇ ਠਾਕੁਰ ਵੀ ਸ਼ਾਮਲ ਹੋ ਜਾਂਦੇ ਤਾਂ ਕਹਾਣੀ ਦੀ ਹੈੱਪੀ ਐਂਡਿੰਗ ਹੋ ਜਾਂਦੀ, ਪਰ ਪਿੰਡ ਦੇ ਠਾਕੁਰ ਪੁਰਸ਼ ਵਿਆਹ ਵਾਲੇ ਦਿਨ ਪਿੰਡ ਤੋਂ ਬਾਹਰ ਚਲੇ ਗਏ ਅਤੇ ਠਾਕੁਰ ਮਹਿਲਾਵਾਂ ਨੇ ਆਪਣੇ ਘਰਾਂ ਦੇ ਦਰਵਾਜੇ ਬੰਦ ਕਰ ਲਏ।
 
ਠਾਕੁਰਾਂ ਦਾ ਤਰਕ ਹੈ ਕਿ ਅਜਿਹੀ ਬਾਰਾਤ ਕਦੇ ਨਹੀਂ ਨਿੱਕਲੀ ਤਾਂ ਹੁਣ ਕਿਉਂ। ਦਲਿਤਾਂ ਦਾ ਕਹਿਣਾ ਹੈ ਕਿ ਕਦੇ ਨਹੀਂ ਨਿੱਕਲੀ, ਇਸ ਲਈ ਜ਼ਰੂਰੀ ਹੈ ਕਿ ਹੁਣ ਨਿੱਕਲੇ। ਪ੍ਰਸ਼ਾਸਨ ਦੇ ਸ਼ਮਝਾਉਣ ਦੇ ਬਾਵਜੂਦ ਠਾਕੁਰ ਨਹੀਂ ਮੰਨੇ। ਇਸ ਲਈ ਸਭ ਕੁਝ ਸ਼ਾਂਤੀ ਨਾਲ ਬੀਤਣ ਦੇ ਬਾਵਜੂਦ, ਇੱਥੇ ਨਹੀਂ ਕਿਹਾ ਜਾ ਸਕਦਾ ਕਿ ਉੱਚ ਜਾਤੀ ਵਰਗ ਸਮਾਜ ਦੀ ਉਦਾਰਤਾ ਇਸ ਮੌਕੇ 'ਤੇ ਦਿਖਾਈ ਦਿੱਤੀ।
 
ਇਹੀ ਸਭ ਤੋਂ ਵੱਡੀ ਸਮੱਸਿਆ ਹੈ
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੀ ਗੱਲ ਕਰਦੀ ਹੈ। ਸੰਜੈ ਜਾਟਵ ਅਤੇ ਸ਼ੀਤਲ ਦੇ ਕੇਸ ਵਿੱਚ ਲੋਕਤੰਤਰ ਅਤੇ ਉਸਦੀਆਂ ਸੰਸਥਾਵਾਂ ਜਿਵੇਂ ਪੁਲਸ ਅਤੇ ਪ੍ਰਸ਼ਾਸਨ ਨੇ ਦਲਿਤਾਂ ਦੀ ਬਾਰਾਤ ਕੱਢਣ ਦੀ ਆਜ਼ਾਦੀ ਦੀ ਸੁਰੱਖਿਆ ਕੀਤੀ ਅਤੇ ਉਨ੍ਹਾਂ ਦੇ ਤੇ ਠਾਕੁਰਾਂ ਵਿਚਕਾਰ ਕਾਨੂੰਨ ਦੀ ਬਰਾਬਰੀ ਵੀ ਯਕੀਨੀ ਕਰ ਦਿੱਤੀ ਗਈ, ਪਰ ਕੀ ਪੁਲਸ ਪ੍ਰਸ਼ਾਸਨ, ਸਰਕਾਰ ਜਾਂ ਕੋਈ ਵੀ ਅਦਾਲਤ ਨਿਜਾਮਪੁਰ ਵਿੱਚ ਅਲੱਗ-ਅਲੱਗ ਜਾਤਾਂ ਦੇ ਲੋਕਾਂ ਵਿਚਕਾਰ ਭਾਈਚਾਰੇ ਦੀ ਭਾਵਨਾ ਭਰ ਸਕਦੇ ਹਨ?
 
ਕੀ ਭਾਈਚਾਰਾ ਅਜਿਹੀ ਚੀਜ਼ ਹੈ, ਜਿਸਨੂੰ ਜਬਰਦਸਤੀ ਲਾਗੂ ਕੀਤਾ ਜਾ ਸਕਦਾ ਹੈ? ਭਾਈਚਾਰੇ ਦੀ ਭਾਵਨਾ ਦਾ ਅਰਥ ਹੈ ਕਿ ਅਸੀਂ ਸਾਰੇ ਇੱਕ ਰਾਸ਼ਟਰ ਦੇ ਨਾਗਰਿਕ ਹਾਂ। ਅਸੀਂ ਬੀਤੇ ਸਮੇਂ ਵਿੱਚ ਮਿਲ ਕੇ ਚੰਗੀਆਂ ਚੀਜ਼ਾਂ ਕੀਤੀਆਂ ਹਨ। ਅਸੀਂ ਨਾਲ ਰਹੇ ਹਾਂ ਅਤੇ ਅੱਗੇ ਵੀ ਅਸੀਂ ਨਾਲ ਮਿਲ ਕੇ ਮਹਾਨਤਾ ਨੂੰ ਹਾਸਲ ਕਰਾਂਗੇ। ਅਸਲ ਵਿੱਚ ਭਾਈਚਾਰੇ ਦੀ ਇਹੀ ਭਾਵਨਾ ਰਾਸ਼ਟਰਵਾਦ ਦਾ ਆਧਾਰ ਹੈ, ਜਿਸਦੀ ਗੱਲ ਬਾਬਾ ਸਾਹਿਬ ਡਾ. ਅੰਬੇਡਕਰ ਸੰਵਿਧਾਨ ਸਭਾ ਦੇ ਆਪਣੇ ਅਖੀਰਲੇ ਭਾਸ਼ਣ ਵਿੱਚ ਕਰਦੇ ਹਨ।
 
ਭਾਰਤੀ ਸਮਾਜ ਦੀ ਬਣਤਰ ਦੀ ਵਿਦਿਆਰਥੀ ਜੀਵਨ ਵਿੱਚ ਪੜਤਾਲ ਕਰ ਰਹੇ ਬਾਬਾ ਸਾਹਿਬ ਅੰਬੇਡਕਰ (ਉਨ੍ਹਾਂ ਨੇ ਜਾਤ 'ਤੇ ਆਪਣਾ ਪਹਿਲਾ ਪੇਪਰ 1918 ਵਿੱਚ ਕੋਲੰਬੀਆ ਯੂਨੀਵਰਸਿਟੀ 'ਚ ਪੇਸ਼ ਕੀਤਾ ਸੀ) ਨੂੰ ਪਤਾ ਸੀ ਕਿ ਭਾਰਤ ਬੇਸ਼ੱਕ ਇੱਕ ਆਧੁਨਿਕ ਸ਼ਾਸਨ ਪ੍ਰਣਾਲੀ ਨੂੰ ਅਪਣਾ ਰਿਹਾ ਹੈ, ਪਰ ਭਾਰਤੀ ਸਮਾਜ ਅੱਜ ਵੀ ਜਾਤੀ ਵਰਗੀ ਆਪਣੀ ਪੁਰਾਣੀ ਪਛਾਣ ਵਿੱਚ ਵੰਡਿਆ ਹੈ, ਜਿੱਥੇ ਹਰ ਜਾਤੀ ਦੂਜੀ ਜਾਤੀ ਪ੍ਰਤੀ ਨਫਰਤ ਦਾ ਭਾਵ ਰੱਖਦੀ ਹੈ।
 
ਇਸ ਲਈ ਉਹ ਕਹਿੰਦੇ ਹਨ ਕਿ ਭਾਰਤੀ ਸੰਵਿਧਾਨ ਨੂੰ ਲਾਗੂ ਕਰਨ ਵਾਲਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਸੰਵਿਧਾਨ ਕਿੰਨਾ ਵੀ ਮਹਾਨ ਕਿਉਂ ਨਾ ਹੋਵੇ, ਉਸਦੀ ਸਫਲਤਾ ਜਾਂ ਅਸਫਲਤਾ ਉਸਨੂੰ ਲਾਗੂ ਕਰਨ ਵਾਲਿਆਂ 'ਤੇ ਨਿਰਭਰ ਕਰਦੀ ਹੈ।
ਸੰਵਿਧਾਨ ਲਾਗੂ ਹੋਣ ਦੇ 68 ਸਾਲ ਬਾਅਦ ਅਸੀਂ ਇਹ ਦੇਖ ਸਕਦੇ ਹਾਂ ਕਿ ਬਾਬਾ ਸਾਹਿਬ ਦੀਆਂ ਚਿੰਤਾਵਾਂ ਕਿੰਨੀਆਂ ਸਹੀ ਤੇ ਅਸਲ ਸਨ।
 
ਸੁਪਰੀਮ ਕੋਰਟ ਨੂੰ ਵੀ ਪਤਾ ਹੈ ਕਿ ਸੰਵਿਧਾਨ ਦੀ ਪ੍ਰਸਤਾਵਨਾ ਜਿਨ੍ਹਾਂ ਮਹਾਨ ਗੱਲਾਂ ਦੀ ਕਲਪਨਾ ਕਰਦੀ ਹੈ, ਉਸਨੂੰ ਲਾਗੂ ਕਰਾ ਪਾਉਣਾ ਸੰਭਵ ਨਹੀਂ ਹੈ। ਇਸ ਲਈ ਸੰਵਿਧਾਨ ਦੀ ਪ੍ਰਸਤਾਵਨਾ ਖਿਲਾਫ ਵਿਵਹਾਰ ਕਰਨ ਲਈ ਕੋਈ ਸਜ਼ਾ ਨਹੀਂ ਹੈ ਅਤੇ ਨਾ ਹੀ ਸਰਕਾਰ ਲਈ ਜ਼ਰੂਰੀ ਹੈ ਕਿ ਪ੍ਰਸਤਾਵਨਾ ਨੂੰ ਲਾਗੂ ਕਰਾਇਆ ਜਾਵੇ। ਤੁਸੀਂ ਇਸ ਗੱਲ ਲਈ ਕੋਰਟ ਵਿੱਚ ਨਹੀਂ ਜਾ ਸਕਦੇ ਕਿ ਸਰਕਾਰ ਨੇ ਨਿਜਾਮਪੁਰ ਵਿੱਚ ਭਾਈਚਾਰਾ ਕਾਇਮ ਕਿਉਂ ਨਹੀਂ ਕਰਵਾਇਆ। ਨਾ ਹੀ ਤੁਸੀਂ ਠਾਕੁਰਾਂ ਨੂੰ ਇਸ ਗੱਲ ਲਈ ਕਾਨੂੰਨੀ ਤੌਰ 'ਤੇ ਮਜ਼ਬੂਰ ਕਰ ਸਕਦੇ ਹੋ ਕਿ ਉਹ ਦਲਿਤਾਂ ਪ੍ਰਤੀ ਭਾਈਚਾਰੇ ਦੀ ਭਾਵਨਾ ਰੱਖਣ। ਇਹ ਭਾਵਨਾ ਸਮਾਜ ਨੇ ਖੁਦ ਪੈਦਾ ਕਰਨੀ ਹੈ।
 
ਸਰਕਾਰ ਦਾ ਕੰਮ ਇਸਦੇ ਲਈ ਆਧਾਰ ਤਿਆਰ ਕਰਨਾ ਹੈ। ਕਾਸਗੰਜ ਦੇ ਨਿਜਾਮਪੁਰ ਵਿੱਚ ਅੱਗੇ ਕੀ ਹੋਵੇਗਾ, ਇਹ ਬਹੁਤ ਮਹੱਤਵਪੂਰਨ ਹੈ। ਸ਼ੀਤਲ ਨੂੰ ਖਦਸ਼ਾ ਹੈ ਕਿ ਉਸਦੇ ਪਰਿਵਾਰ 'ਤੇ ਹਮਲਾ ਹੋ ਸਕਦਾ ਹੈ। ਉਨ੍ਹਾਂ ਨੂੰ ਧਮਕੀ ਵੀ ਮਿਲੀ ਹੈ। ਠਾਕੁਰ ਮਰਦ ਪਿੰਡ ਵਾਪਸ ਆਉਣਗੇ। ਪ੍ਰਸ਼ਾਸਨ ਨੇ ਕਿਹਾ ਹੈ ਕਿ ਉਸਦੀ ਨਿਗਰਾਨੀ ਕਾਇਮ ਰਹੇਗੀ। ਪੁਲਸ ਦੇ 350 ਜਵਾਨਾਂ ਦੇ ਨਾਲ ਨਿਜਾਮਪੁਰ ਪਹੁੰਚਿਆ ਭਾਰਤੀ ਲੋਕਤੰਤਰ ਪਿੰਡ ਵਿੱਚ ਭਾਈਚਾਰਾ ਸਥਾਪਿਤ ਨਹੀਂ ਕਰ ਸਕਿਆ। ਇਹ ਲੋਕਤੰਤਰ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ।
-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ)

 

Comments

Leave a Reply