Mon,Apr 22,2019 | 08:27:21am
HEADLINES:

Social

ਚਮੜੀ ਦੇ ਕਾਲੇ ਰੰਗ ਨੂੰ ਲੈ ਕੇ ਲੋਕ ਸ਼ਰਮਿੰਦਾ ਕਿਉਂ?

ਚਮੜੀ ਦੇ ਕਾਲੇ ਰੰਗ ਨੂੰ ਲੈ ਕੇ ਲੋਕ ਸ਼ਰਮਿੰਦਾ ਕਿਉਂ?

ਚੇਹਰੇ ਦੇ ਰੰਗ ਨੂੰ ਲੈ ਕੇ ਦਿੱਤੇ ਜਾਣ ਵਾਲੇ ਹਰ ਤਾਹਨੇ-ਮੇਹਣੇ ਦਾ ਅੰਤ ਹਿੰਸਕ ਨਹੀਂ ਹੁੰਦਾ, ਪਰ ਕੋਈ ਆਦਮੀ ਜੇਕਰ ਸਿਰਫ ਆਪਣੇ ਸਕਿਨ ਕਲਰ ਨੂੰ ਲੈ ਕੇ ਲਗਾਤਾਰ ਅਪਮਾਨ ਬਰਦਾਸ਼ਤ ਕਰ ਰਿਹਾ ਹੈ ਤਾਂ ਅਜਿਹੇ ਹਰ ਤਾਹਨੇ-ਮੇਹਣੇ ਨਾਲ ਉਸਦੀ ਪਰਸਨੈਲਿਟੀ ਦਾ ਇੱਕ ਹਿੱਸਾ ਜ਼ਰੂਰ ਮਰ ਜਾਂਦਾ ਹੈ ਜਾਂ ਆਤਮਵਿਸ਼ਵਾਸ ਕਮਜ਼ੋਰ ਪੈ ਜਾਂਦਾ ਹੈ। ਕਾਲੇ ਰੰਗ ਨੂੰ ਲੈ ਕੇ ਹੋ ਰਹੇ ਅਪਮਾਨ ਖਿਲਾਫ ਹਿੰਸਾ ਦੇ ਉਦਾਹਰਨ ਘੱਟ ਹਨ, ਪਰ ਕਾਲੇ ਰੰਗ ਕਾਰਨ ਹੋਣ ਵਾਲੀਆਂ ਵਿਚਾਰਕ ਹਿੰਸਾ ਦੀਆਂ ਘਟਨਾਵਾਂ ਰੋਜ਼ਾਨਾ ਹੁੰਦੀਆਂ ਹਨ।

ਉਦਾਹਰਨ ਦੇ ਤੌਰ 'ਤੇ ਭਾਰਤ ਵਿੱਚ ਵਿਆਹ ਦੇ ਵਿਗਿਆਪਨਾਂ ਵਿੱਚ ਸੰਭਾਵਿਤ ਲਾੜੇ ਜਾਂ ਲਾੜੀ ਦੇ ਗੋਰੇ ਰੰਗ ਜਾਂ ਫੇਅਰ ਹੋਣ ਦਾ ਜ਼ਿਕਰ ਕਿਸੇ ਕੁਆਲੀਫਿਕੇਸ਼ਨ ਵਾਂਗ ਹੁੰਦਾ ਹੈ। ਚੇਹਰੇ ਦਾ ਸਾਫ ਰੰਗ ਭਾਰਤੀ ਸਮਾਜ ਵਿੱਚ, ਖਾਸ ਤੌਰ 'ਤੇ ਲੜਕੀਆਂ ਦੇ ਮਾਮਲੇ ਵਿੱਚ ਇੱਕ ਪੂੰਜੀ ਹੈ, ਜਿਸ ਨਾਲ ਚੰਗੀ ਨੌਕਰੀ ਤੋਂ ਲੈ ਕੇ ਅਮੀਰ ਲਾੜਾ ਤੱਕ ਮਿਲਦਾ ਹੈ।

ਜੇਕਰ ਵਿਆਹ ਨੂੰ ਇੱਕ ਬਾਜ਼ਾਰ ਮੰਨੀਏ, ਜਿੱਥੇ ਹਰ ਤਰ੍ਹਾਂ ਦਾ ਮਾਲ ਮੰਡੀ ਵਿੱਚ ਹੈ ਤਾਂ ਜਿਸਦੇ ਚੇਹਰੇ ਦਾ ਰੰਗ ਫਿੱਕਾ ਜਾਂ ਪੀਲਾ ਹੈ, ਉਹ ਬਾਕੀ ਮਾਮਲਿਆਂ ਵਿੱਚ ਸਮਾਨ ਕੁਆਲਿਟੀ ਹੋਣ ਦੇ ਬਾਵਜੂਦ ਬਾਕੀ ਮਾਲ ਤੋਂ ਮਹਿੰਗਾ ਵਿਕੇਗਾ। ਭਾਰਤ ਦੇ ਲੋਕ ਅਮਰੀਕਾ ਵਿੱਚ ਵਸਣ ਦੇ ਬਾਵਜੂਦ ਵਿਆਹ ਲਈ ਆਮ ਤੌਰ 'ਤੇ ਗੋਰੀ ਨੂੰਹ ਦੀ ਹੀ ਤਲਾਸ਼ ਕਰਦੇ ਹਨ। 

ਇੱਕ ਰਿਸਰਚਰ ਨੇ ਮੈਟ੍ਰੀਮੋਨੀਅਲ ਸਾਈਟਸ 'ਤੇ ਅਲੱਗ-ਅਲੱਗ ਸਕਿਨ ਕਲਰ ਦੀ ਪ੍ਰੋਫਾਈਲ ਅਪਲੋਡ ਕਰਨ 'ਤੇ ਪਾਇਆ ਕਿ ਗੋਰੀ ਲੜਕੀਆਂ ਦੀ ਪ੍ਰੋਫਾਈਲ 'ਤੇ ਜ਼ਿਆਦਾ ਰਿਸਪਾਂਸ ਆਏ। ਗੋਰੇਪਨ ਦੀ ਕ੍ਰੀਮ ਦੇ ਇੱਕ ਵਿਗਿਆਪਨ ਵਿੱਚ ਇੱਕ ਲੜਕੀ ਦੇ ਪਿਤਾ ਅਫਸੋਸ ਕਰਦੇ ਹਨ ਕਿ ਉਹ ਲੜਕਾ ਕਿਉਂ ਨਹੀਂ ਹੋਈ। ਫਿਰ ਉਹ ਲੜਕੀ ਏਅਰ ਹੋਸਟੇਸ ਬਣਨ ਜਾਂਦੀ ਹੈ ਅਤੇ ਆਪਣੇ ਕਣਕਵੰਨੇ ਰੰਗ ਕਾਰਨ ਰਿਜੈਕਟ ਕਰ ਦਿੱਤੀ ਜਾਂਦੀ ਹੈ। ਉਹੀ ਲੜਕੀ ਗੋਰੇ ਹੋਣ ਦੀ ਕ੍ਰੀਮ ਲਗਾਉਂਦੀ ਹੈ, ਉਸਦੇ ਚੇਹਰੇ ਦਾ ਰੰਗ ਹਲਕਾ ਹੋ ਜਾਂਦਾ ਹੈ ਅਤੇ ਉਸਦੀ ਜ਼ਿੰਦਗੀ ਰੰਗੀਨ ਹੋ ਜਾਂਦੀ ਹੈ।

ਇੱਕ ਲੜਕਾ ਨਿਰਾਸ਼ ਹੈ, ਕਿਉਂਕਿ ਲੜਕੀਆਂ ਉਸਨੂੰ ਪਸੰਦ ਨਹੀਂ ਕਰਦੀਆਂ, ਪਰ ਇੱਕ ਸੁਪਰ ਸਟਾਰ ਦੀ ਸਲਾਹ 'ਤੇ ਮਰਦਾਂ ਦੇ ਗੋਰੇ ਹੋਣ ਦੀ ਇੱਕ ਕ੍ਰੀਮ ਲਗਾਉਣ ਤੋਂ ਬਾਅਦ ਉਸੇ ਲੜਕੇ ਨਾਲ ਕਈ ਲੜਕੀਆਂ ਫਲਰਟ ਕਰਨ ਲੱਗਦੀਆਂ ਹਨ। ਲੜਕੇ ਵਿੱਚ ਆਤਮਵਿਸ਼ਵਾਸ ਆ ਜਾਂਦਾ ਹੈ। ਭਾਰਤ ਵਿੱਚ ਲੋਕਾਂ ਦੇ ਚੇਹਰੇ ਦਾ ਜਿਹੜਾ ਔਸਤ ਰੰਗ ਹੈ, ਉਸਨੂੰ ਲੈ ਕੇ ਧਰਮ ਗ੍ਰੰਥਾਂ ਤੋਂ ਲੈ ਕੇ ਫਿਲਮ ਤੇ ਟੀਵੀ ਤੱਕ ਨੇ ਇੱਕ ਹੀਣ ਭਾਵਨਾ ਪੈਦਾ ਕਰ ਦਿੱਤੀ ਹੈ। ਇਸਦਾ ਨਤੀਜਾ ਹੈ ਫੇਅਰਨੈੱਸ ਪ੍ਰੋਡਕਟ ਦਾ ਭਾਰਤ ਵਿੱਚ 1350 ਕਰੋੜ ਰੁਪਏ ਦਾ ਸਲਾਨਾ ਬਾਜ਼ਾਰ।

ਮਹਾਰਾਸ਼ਟਰ ਸਰਕਾਰ ਨੇ 2008 ਵਿੱਚ ਆਦੀਵਾਸੀ ਲੜਕੀਆਂ ਨੂੰ ਏਅਰਹੋਸਟੇਸ ਦੀ ਟ੍ਰੇਨਿੰਗ ਦੇਣ ਲਈ ਇੱਕ ਸਕੀਮ ਸ਼ੁਰੂ ਕੀਤੀ ਸੀ। ਇਸਦੇ ਤਹਿਤ 100 ਲੜਕੀਆਂ ਨੂੰ ਪੁਣੇ ਦੇ ਇੱਕ ਪ੍ਰਾਈਵੇਟ ਇੰਸਟੀਟਿਊਟ ਵਿੱਚ 1-1 ਲੱਖ ਰੁਪਏ ਫੀਸ ਦੇ ਕੇ ਟ੍ਰੇਨਿੰਗ ਦਿੱਤੀ ਗਈ, ਪਰ ਇਨ੍ਹਾਂ ਵਿੱਚੋਂ ਸਿਰਫ 8 ਲੜਕੀਆਂ ਨੂੰ ਨੌਕਰੀ ਮਿਲੀ। ਉਹ ਵੀ ਗ੍ਰਾਉਂਡ ਸਟਾਫ ਦੀ। ਕੋਈ ਲੜਕੀ ਏਅਰਹੋਸਟੇਸ ਨਹੀਂ ਬਣ ਪਾਈ। ਹਵਾਈ ਯਾਤਰਾ ਕਰਦੇ ਸਮੇਂ ਤੁਸੀਂ ਨੋਟਿਸ ਕੀਤਾ ਹੋਵੇਗਾ ਕਿ ਏਅਰਹੋਸਟੇਸ ਆਮ ਤੌਰ 'ਤੇ ਗੋਰੀ ਹੀ ਹੁੰਦੀ ਹੈ, ਜਦਕਿ ਉਨ੍ਹਾਂ ਦੇ ਕੰਮ ਦਾ ਚੇਹਰੇ ਦੇ ਰੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਸਿਨੇਮਾ ਵਿੱਚ ਗੋਰੇਪਨ ਨੂੰ ਸੁੰਦਰਤਾ ਦੇ ਪ੍ਰਤੀਕ ਦੇ ਤੌਰ 'ਤੇ ਲਿਆ ਜਾਂਦਾ ਹੈ। ਹੀਰੋਈਨਾਂ ਨੂੰ ਖਾਸ ਤੌਰ 'ਤੇ ਗੋਰੀ ਦਿਖਾਇਆ ਜਾਂਦਾ ਹੈ। ਕੁਝ ਹੀਰੋਈਨਾਂ ਨੇ ਇੰਡਸਟਰੀ ਵਿੱਚ ਬਣੇ ਰਹਿਣ ਲਈ ਆਪਣੇ ਕਣਕਵੰਨੇ ਰੰਗ ਨੂੰ ਜ਼ਿੰਦਗੀ ਭਰ ਲੁਕਾਇਆ। ਗੀਤਾਂ ਵਿੱਚ ਗੋਰੇਪਨ ਦੀ ਵਡਿਆਈ ਕੀਤੀ ਜਾਂਦੀ ਹੈ। ਮਿਸ ਇੰਡੀਆ ਤੋਂ ਲੈ ਕੇ ਸ਼ਹਿਰਾਂ ਵਿੱਚ ਹੋਣ ਵਾਲੇ ਬਿਊਟੀ ਕਾਂਟੈਸਟ ਵਿੱਚ ਜਿੱਤ ਕੇ ਆਉਣ ਵਾਲੇ ਪ੍ਰਤੀਭਾਗੀਆਂ ਵਿੱਚ ਵੀ ਇਹੀ ਟ੍ਰੈਂਡ ਦਿਖਾਈ ਦਿੰਦਾ ਹੈ। ਗੋਰਾ ਹੋਣਾ ਉੱਥੇ ਵੀ ਜਿੱਤਣ ਦੀ ਜ਼ਰੂਰੀ ਸ਼ਰਤ ਹੈ।

ਦੇਸ਼ ਵਿੱਚ ਕਾਲੇ ਰੰਗ ਨੂੰ ਲੈ ਕੇ ਲੋਕਾਂ ਵਿੱਚ ਹੀਣ ਭਾਵਨਾ ਇੰਨੀ ਭਰ ਦਿੱਤੀ ਗਈ ਹੈ ਕਿ ਭਾਰਤ ਗੋਰੇਪਨ ਦੀ ਕ੍ਰੀਮ ਤੇ ਹੋਰ ਫੇਅਰਨੈੱਸ ਪ੍ਰੋਡਕਟਸ ਦਾ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਬਣ ਗਿਆ ਹੈ। ਕੰਪਨੀਆਂ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਜ਼ਿਆਦਾਤਰ ਭਾਰਤੀ ਆਪਣੇ ਚੇਹਰੇ ਦੇ ਰੰਗ ਨੂੰ ਲੈ ਕੇ ਖੁਸ਼ ਨਹੀਂ ਹਨ। ਭਾਰਤ ਵਿੱਚ ਪਹਿਲੀ ਫੇਅਰਨੈੱਸ ਕ੍ਰੀਮ 1978 ਵਿੱਚ ਬਾਜ਼ਾਰ ਵਿੱਚ ਆਈ। ਹੁਣ ਕਈ ਦੇਸੀ ਤੇ ਮਲਟੀਨੈਸ਼ਨਲ ਕੰਪਨੀਆਂ ਭਾਰਤ ਵਿੱਚ ਗੋਰੇਪਨ ਦੀ ਕ੍ਰੀਮ ਵੇਚ ਰਹੀਆਂ ਹਨ।

ਜਦੋਂ ਗੋਰੇਪਨ ਦੀ ਕ੍ਰੀਮ ਨਹੀਂ ਸੀ ਤਾਂ ਮਾਤਾਵਾਂ ਬੇਟੀਆਂ ਨੂੰ ਧੁੱਪ ਵਿੱਚ ਜਾਣ ਤੋਂ ਰੋਕਦੀਆਂ ਸਨ ਅਤੇ ਹਲਦੀ-ਚੰਦਨ ਦਾ ਲੇਪ ਲਗਾਉਂਦੀਆਂ ਸਨ। ਹੁਣ ਕ੍ਰੀਮ ਤੋਂ ਲੈ ਕੇ ਡਿਟੈਨ ਤੇ ਬਲੀਚ ਵਰਗੇ ਆਪਸ਼ਨ ਵੀ ਆ ਗਏ ਹਨ। ਹੁਣ ਕਸਬਿਆਂ ਦੇ ਸਲੂਨ ਵੀ ਚੇਹਰੇ ਦਾ ਰੰਗ ਸਾਫ ਕਰਨ ਲਈ ਡਿਟੈਨ ਤੇ ਬਲੀਚ ਆਫਰ ਕਰਨ ਲੱਗੇ ਹਨ। ਸਿਰਫ ਗੋਰੇਪਨ ਦੀ ਕ੍ਰੀਮ ਦਾ ਭਾਰਤ ਵਿੱਚ ਸਲਾਨਾ ਬਾਜ਼ਾਰ 2017 ਵਿੱਚ 1350 ਕਰੋੜ ਰੁਪਏ ਤੋਂ ਜ਼ਿਆਦਾ ਦਾ ਸੀ। ਇਹ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਮਰਦਾਂ ਦੀ ਗੋਰੇਪਨ ਦੀ ਕ੍ਰੀਮ ਉਤਾਰ ਕੇ ਕੰਪਨੀਆਂ ਨੇ ਇੱਕ ਹੋਰ ਬਾਜ਼ਾਰ ਦੀ ਖੋਜ ਕਰ ਲਈ ਹੈ। 

ਇਹ ਸਭ ਉਸ ਦੇਸ਼ ਵਿੱਚ ਹੋ ਰਿਹਾ ਹੈ, ਜਿਸ ਦੇਸ਼ ਦੇ ਕਿਸੇ ਵੀ ਵਿਅਕਤੀ ਨੂੰ ਅੰਤਰਰਾਸ਼ਟਰੀ ਮਾਨਤਾਵਾਂ ਦੇ ਹਿਸਾਬ ਨਾਲ ਗੋਰਾ ਨਹੀਂ ਮੰਨਿਆ ਜਾਂਦਾ। ਗੋਰਾ ਰੰਗ ਜੇਕਰ ਕਿਸੇ ਨਸਲੀ ਪਛਾਣ ਨਾਲ ਜੁੜਿਆ ਹੈ ਤਾਂ ਉਹ ਨਸਲ ਕਾਕੇਸੀਅਨ ਹੈ। ਦੁਨੀਆ ਭਾਰਤ ਦੇ ਲੋਕਾਂ ਨੂੰ ਕਾਕੇਸੀਅਨ ਨਹੀਂ ਮੰਨਦੀ। ਉਨ੍ਹਾਂ ਲਈ ਭਾਰਤ ਦੇ ਲੋਕ ਨਾਨ ਵ੍ਹਾਈਟ ਮਤਲਬ ਕਾਲੇ ਹੀ ਹਨ, ਪਰ ਭਾਰਤ ਦੇ ਲੋਕ ਮੱਧ ਤੇ ਦੱਖਣ ਅਫਰੀਕੀ ਮਹਾਦੀਪ ਦੇ ਲੋਕਾਂ ਨੂੰ ਦੇਖ ਕੇ ਖੁਦ ਗੋਰਾ ਹੋਣ ਦਾ ਭੁਲੇਖਾ ਪਾਲ ਲੈਂਦੇ ਹਨ। 

ਕਾਲੇ ਰੰਗ ਪ੍ਰਤੀ ਅਪਮਾਨ ਦੀ ਭਾਵਨਾ ਸਾਡੀ ਭਾਸ਼ਾ ਤੇ ਸਾਹਿਤ ਵਿੱਚ ਵੀ ਹੈ। ਕਾਲੇ ਰੰਗ ਨੂੰ ਬੁਰਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਿਸਾਲ ਲਈ ਕਿਸੇ ਸ਼ਬਦ ਜਾਂ ਵਿਚਾਰ ਜਾਂ ਮੁਹਾਵਰੇ ਦੇ ਨਾਲ ਕਾਲਾ ਜੁੜਦੇ ਹੀ ਉਸਦਾ ਅਰਥ ਮਾੜਾ ਹੋ ਜਾਂਦਾ ਹੈ।

ਜਿਵੇਂ ਕਾਲਾ ਧਨ, ਕਾਲਾ ਦਿਲ, ਕਾਲਾ ਕਾਰਨਾਮਾ, ਕਾਲਾ ਜਾਦੂ, ਮੂੰਹ ਕਾਲਾ ਕਰਾ ਲਿਆ, ਇਤਿਹਾਸ ਦਾ ਕਾਲਾ ਪਾਠ ਆਦਿ। ਇਸੇ ਤਰ੍ਹਾਂ ਗੋਰੇ ਰੰਗ ਨੂੰ ਸ਼ੁੱਧਤਾ, ਪਵਿੱਤਰਤਾ ਆਦਿ ਦੇ ਪ੍ਰਤੀਕ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਕਈ ਸੌ ਸਾਲ ਤੋਂ ਚੱਲੀ ਆ ਰਹੀ ਵਰਣ ਵਿਵਸਥਾ ਵਿੱਚ ਵਰਣ ਸ਼ਬਦ ਦਾ ਅਰਥ ਹੀ ਰੰਗ ਹੈ। ਇਸ ਵਿੱਚ ਗੋਰੇ ਰੰਗ ਵਾਲੇ ਸੁਪਰੀਮ ਤੇ ਕਾਲੇ ਵਰਣ ਵਾਲਿਆਂ ਦੇ ਨਿਕੰਮੇ ਹੋਣ ਦੀ ਇੱਕ ਪੌੜੀਦਾਰ ਵਿਵਸਥਾ ਬਣਾਈ ਗਈ ਹੈ।

ਭਾਰਤ ਦੇ ਜ਼ਿਆਦਾਰ ਬੱਚੇ ਅਜਿਹੀਆਂ ਹੀ ਕਹਾਣੀਆਂ, ਇਤਿਹਾਸ ਤੇ ਕਥਾਵਾਂ ਸੁਣ ਕੇ ਵੱਡੇ ਹੁੰਦੇ ਹਨ। ਉਨ੍ਹਾਂ ਦੇ ਦਿਮਾਗ ਵਿੱਚ ਬਚਪਨ ਤੋਂ ਭਰਿਆ ਜਾਂਦਾ ਹੈ ਕਿ ਗੋਰਾ ਹੋਣਾ ਹੀ ਸੋਹਣਾ ਹੋਣਾ ਹੈ। ਬਚਪਨ ਵਿੱਚ ਸਿੱਖੀਆਂ ਇਹ ਮਾਨਤਾਵਾਂ ਮਰਦੇ ਦਮ ਤੱਕ ਉਨ੍ਹਾਂ ਦਾ ਸਾਥ ਨਹੀਂ ਛੱਡਦੀਆਂ। ਭਾਰਤ ਆਪਣੇ ਚੇਹਰੇ ਦੇ ਰੰਗ ਨੂੰ ਲੈ ਕੇ ਸ਼ਰਮਸਾਰ ਹੋਣਾ ਬੰਦ ਕਦੋਂ ਕਰੇਗਾ, ਇਸ ਸਵਾਲ ਦਾ ਜਵਾਬ ਆਸਾਨ ਨਹੀਂ ਹੈ।

ਅਜੇ ਤਾਂ ਉਸਦੀ ਸ਼ਰਮਿੰਦਗੀ ਵਧਣ ਤੇ ਗੋਰੇਪਨ ਦੇ ਪ੍ਰੋਡਕਟ ਦੀ ਖਰੀਦਾਰੀ ਵਿੱਚ ਲੱਗਣ ਦਾ ਸਮਾਂ ਹੈ। ਇੱਕ ਰਾਹ ਅਫਰੀਕੀ ਦੇਸ਼ ਘਾਨਾ ਨੇ ਦਿਖਾਇਆ ਹੈ। 2016 ਵਿੱਚ ਉੱਥੇ ਸਾਰੇ ਫੇਅਰਨੈੱਸ ਪ੍ਰੋਡਕਟ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਕਿਉਂਕਿ ਇਨ੍ਹਾਂ ਪ੍ਰੋਡਕਟ ਵਿੱਚ ਅਜਿਹੇ ਕੈਮੀਕਲ ਪਾਏ ਜਾਂਦੇ ਹਨ, ਜਿਨ੍ਹਾਂ ਨਾਲ ਕੈਂਸਰ ਹੁੰਦਾ ਹੈ। ਸਾਂਸਦ ਵਿਪਲਵਾ ਠਾਕੁਰ ਨੇ ਰਾਜਸਭਾ ਵਿੱਚ ਮੰਗ ਕੀਤੀ ਸੀ ਕਿ ਫੇਅਰਨੈੱਸ ਪ੍ਰੋਡਕਟ 'ਤੇ ਪਾਬੰਦੀ ਲਗਾਈ ਜਾਵੇ, ਕਿਉਂਕਿ ਇਹ ਰੰਗਭੇਦ ਨੂੰ ਹੱਲਾਸ਼ੇਰੀ ਦਿੰਦੇ ਹਨ ਅਤੇ ਮਹਿਲਾਵਾਂ ਦੇ ਆਤਮਵਿਸ਼ਵਾਸ ਦੇ ਨਾਲ ਖੇਡਦੇ ਹਨ, ਪਰ ਭਾਰਤ ਆਪਣੀ ਤਰ੍ਹਾਂ ਦਾ ਅਲੱਗ ਦੇਸ਼ ਹੈ। ਇੱਥੇ ਅਜਿਹਾ ਕਰ ਪਾਉਣਾ ਆਸਾਨ ਨਹੀਂ ਹੈ।

ਕਾਲਾ ਰੰਗ ਮੇਹਨਤ ਦਾ ਹੈ
ਭਾਰਤ ਵਿੱਚ ਜਿਨ੍ਹਾਂ ਨੂੰ ਗੋਰਾ ਕਿਹਾ ਜਾਂਦਾ ਹੈ, ਉਨ੍ਹਾਂ ਦਾ ਰੰਗ ਅਸਲ ਵਿੱਚ ਕਣਕਵੰਨਾ ਹੈ, ਪਰ ਉਨ੍ਹਾਂ ਵਿੱਚੋਂ ਵੀ ਜਿਹੜੇ ਲੋਕ ਸਰੀਰਕ ਲੇਬਰ ਜ਼ਿਆਦਾ ਕਰਦੇ ਹਨ ਅਤੇ ਖਾਸ ਤੌਰ 'ਤੇ ਧੁੱਪ ਵਿੱਚ ਰਹਿੰਦੇ ਹਨ, ਉਨ੍ਹਾਂ ਦਾ ਰੰਗ ਕਾਲਾ ਹੋ ਜਾਂਦਾ ਹੈ। ਪੀ. ਰਣਜੀਤ ਦੇ ਨਿਰਦੇਸ਼ਨ ਵਿੱਚ ਬਣੀ ਰਜਨੀਕਾਂਤ ਦੀ ਫਿਲਮ 'ਕਾਲਾ' ਵਿੱਚ ਖਲਨਾਇਕ ਬਣਿਆ ਮਨੂੰ ਬਿਲਡਰ ਦਾ ਮਾਲਿਕ ਅਭਯੰਕਰ ਰਜਨੀਕਾਂਤ ਦੇ ਨਾਂ ਦਾ ਮਜ਼ਾਕ ਉਡਾਉਂਦੇ ਹੋਏ ਕਹਿੰਦਾ ਹੈ ਕਿ ''ਕਾਲਾ, ਇਹ ਕਿਹੋ ਜਿਹਾ ਨਾਂ ਹੈ।''

ਇਸ 'ਤੇ ਰਜਨੀਕਾਂਤ ਜਵਾਬ ਦਿੰਦਾ ਹੈ ਕਿ ''ਕਾਲਾ ਰੰਗ ਹੈ ਮੇਹਨਤ ਦਾ।'' ਪਰ ਇਹ ਆਤਮਵਿਸ਼ਵਾਸ ਕਾਫੀ ਹੱਦ ਤੱਕ ਫਿਲਮੀ ਹੈ ਅਤੇ ਉਹ ਵੀ ਕਿਸੇ ਫਿਲਮ ਵਿੱਚ ਇਸ ਲਈ ਦਿਖਾਈ ਦੇ ਗਿਆ ਹੈ ਕਿ ਫਿਲਮ ਦੇ ਡਾਇਰੈਕਟਰ ਪੀ. ਰਣਜੀਤ ਹਨ, ਜੋ ਕਿ ਅੰਬੇਡਕਰਵਾਦੀ ਹਨ। ਇਸ ਲਈ ਸ਼ਾਇਦ ਇਹ ਡਾਇਲਾਗ ਫਿਲਮ ਵਿੱਚ ਆ ਗਿਆ। ਨਹੀਂ ਤਾਂ ਕਾਲੇ ਰੰਗ ਨੂੰ ਮੇਹਨਤ ਜਾਂ ਸਵੈਮਾਣ ਨਾਲ ਜੋੜਨਾ ਆਸਾਨ ਨਹੀਂ ਹੈ।

ਭਾਰਤ ਤੇ ਦੱਖਣ ਏਸ਼ੀਆ ਦੇ ਲੋਕਾਂ ਵਿੱਚ ਗੋਰੇ ਰੰਗ ਪ੍ਰਤੀ ਇਹ ਚਾਹਤ ਤੇ ਕਾਲੇ ਰੰਗ ਪ੍ਰਤੀ ਅਪਮਾਨ ਦੀ ਇਹ ਭਾਵਨਾ ਕਿਉਂ ਹੈ ਅਤੇ ਇਹ ਵਿਚਾਰ ਆ ਕਿੱਥੋਂ ਰਿਹਾ ਹੈ? ਇਸ ਰੰਗ ਭੇਦ ਦਾ ਵਿਚਾਰਕ ਸਰੋਤ ਕਿੱਥੇ ਹੈ? ਅਸਲ ਵਿੱਚ ਭਾਰਤ ਗਰਮ ਮੌਸਮ ਵਾਲਾ ਦੇਸ਼ ਹੈ। ਇਸ ਲਈ ਜਿਹੜੇ ਲੋਕ ਮੇਹਨਤ ਨਹੀਂ ਕਰਦੇ ਜਾਂ ਜ਼ਿਆਦਾ ਸਮਾਂ ਘਰ ਦੇ ਅੰਦਰ ਰਹਿੰਦੇ ਹਨ, ਉਨ੍ਹਾਂ ਦੇ ਚੇਹਰੇ 'ਤੇ ਗੋਰਾਪਨ ਜ਼ਿਆਦਾ ਹੁੰਦਾ ਹੈ। ਕਿਉਂਕਿ ਮੇਹਨਤ ਕਰਨ ਵਾਲਿਆਂ ਦੇ ਮੁਕਾਬਲੇ ਮੇਹਨਤ ਦਾ ਕੰਮ ਨਾ ਕਰਨ ਵਾਲੇ ਵੱਡੇ ਮੰਨੇ ਜਾਂਦੇ ਹਨ, ਇਸ ਲਈ ਸੁਭਾਵਿਕ ਹੈ ਕਿ ਮੇਹਨਤ ਕਰਨ ਵਾਲਿਆਂ ਦਾ ਰੰਗ ਕਾਲਾ ਹੀਣ ਭਾਵਨਾ ਵਾਲਾ ਹੈ ਤੇ ਗੋਰਾ ਰੰਗ ਮਾਣ ਦਾ ਪ੍ਰਤੀਕ।
-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ)

Comments

Leave a Reply