Sat,May 25,2019 | 01:17:47pm
HEADLINES:

Social

ਭਾਰਤੀ ਸੰਵਿਧਾਨ ਹੈ ਔਰਤਾਂ ਦੀ ਮੁਕਤੀ ਦਾ ਮਾਰਗ

ਭਾਰਤੀ ਸੰਵਿਧਾਨ ਹੈ ਔਰਤਾਂ ਦੀ ਮੁਕਤੀ ਦਾ ਮਾਰਗ

ਉਹ ਲੜਕੀਆਂ ਹਨ, ਉਹ ਮੰਦਰ ਜਾਣਾ ਚਾਹੁੰਦੀਆਂ ਹਨ। ਉਹ ਉੱਥੇ ਪੁਜਾਰੀ ਬਣਨ ਜਾਂ ਮੰਦਰ ਦਾ ਮੈਨੇਜਰ ਬਣਨ ਜਾਂ ਮੰਦਰਾਂ ਨਾਲ ਜੁੜੀ ਅਰਬਾਂ ਦੀ ਜ਼ਾਇਦਾਦ ਤੇ ਧਾਰਮਿਕ ਸੱਤਾ ਵਿੱਚ ਹਿੱਸੇਦਾਰੀ ਕਰਨ ਨਹੀਂ ਜਾ ਰਹੀਆਂ ਹਨ। ਉਨ੍ਹਾਂ ਨੂੰ ਮੰਦਰ ਦਾ ਮਾਲਕ ਨਹੀਂ ਬਣਨਾ ਹੈ। ਉਨ੍ਹਾਂ ਦੀ ਨਜ਼ਰ ਮੰਦਰਾਂ ਵਿੱਚ ਰੱਖੇ ਸੋਨੇ-ਚਾਂਦੀ 'ਤੇ ਨਹੀਂ ਹੈ। ਉਹ ਤਾਂ ਆਸਥਾ ਦੇ ਪ੍ਰਦਰਸ਼ਨ ਲਈ, ਪੁਜਾਰੀਆਂ ਦਾ ਅਸ਼ੀਰਵਾਦ ਲੈਣ ਅਤੇ ਮੂਰਤੀਆਂ ਦੇ ਦਰਸ਼ਨ ਕਰਨ ਲਈ ਮੰਦਰ ਜਾਣਾ ਚਾਹੁੰਦੀਆਂ ਹਨ।
 
ਜਦੋਂ ਉਹ ਮੰਦਰ ਜਾਣਗੀਆਂ ਤਾਂ ਦਾਨ ਵੀ ਦੇਣਗੀਆਂ। ਮੰਦਰਾਂ ਵਿੱਚ ਸੇਵਾ ਵੀ ਕਰਨਗੀਆਂ। ਉਨ੍ਹਾਂ ਤੋਂ ਪੁਜਾਰੀਆਂ ਦੀ ਸੱਤਾ ਨੂੰ ਕੋਈ ਖਤਰਾ ਨਹੀਂ ਹੈ। ਇਸਦੇ ਬਾਵਜੂਦ ਕੁਝ ਮੰਦਰ ਉਨ੍ਹਾਂ ਦੇ ਦਾਖਲੇ ਦਾ ਵਿਰੋਧ ਕਰ ਰਹੇ ਹਨ। ਮਹਾਰਾਸ਼ਟਰ ਦੇ ਇੱਕ ਸ਼ਨੀ ਮੰਦਰ ਵਿੱਚ ਉਨ੍ਹਾਂ ਨੂੰ ਦਾਖਲ ਹੋਣ ਤੋਂ ਰੋਕਿਆ ਗਿਆ। ਹੁਣ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਕੇਰਲ ਦੇ ਸਬਰੀਮਾਲਾ ਮੰਦਰ ਵਿੱਚ ਉਨ੍ਹਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ।
 
ਮੰਦਰਾਂ ਵਿੱਚ ਮਹਿਲਾਵਾਂ ਦਾ ਦਾਖਲਾ ਅਸੀਮਿਤ ਕਦੇ ਨਹੀਂ ਰਿਹਾ। ਕਿਤੇ ਨਹੀਂ ਰਿਹਾ। ਮਹਿਲਾਵਾਂ ਮੰਦਰਾਂ ਵਿੱਚ ਪੁਜਾਰੀ ਨਹੀਂ ਬਣਦੀਆਂ। ਮੰਦਰਾਂ ਦੀਆਂ ਪ੍ਰਬੰਧਕ ਨਹੀਂ ਬਣਦੀਆਂ। ਦੇਵੀਆਂ ਦੇ ਮੰਦਰਾਂ ਵਿੱਚ ਵੀ ਪੁਜਾਰੀ ਤੇ ਮੈਨੇਜਰ ਪੁਰਸ਼ ਹੀ ਹੁੰਦੇ ਹਨ। ਜ਼ਿਆਦਾਤਰ ਮੰਦਰਾਂ ਵਿੱਚ ਔਰਤਾਂ ਦਰਸ਼ਨ ਲਈ ਜਾ ਸਕਦੀਆਂ ਹਨ, ਪਰ ਦੇਵੀਆਂ ਦਾ ਸ਼ਿੰਗਾਰ ਤੇ ਉਨ੍ਹਾਂ ਦੇ ਕੱਪੜੇ ਬਦਲਣ ਤੋਂ ਲੈ ਕੇ ਗਹਿਣੇ ਪਾਉਣ ਤੇ ਉਨ੍ਹਾਂ ਦੀਆਂ ਮੂਰਤੀਆਂ ਨੂੰ ਧੋਹਣ ਤੱਕ ਦੇ ਸਾਰੇ ਕੰਮ ਪੁਰਸ਼ ਹੀ ਕਰਦੇ ਹਨ।
 
ਮੰਦਰਾਂ ਦੇ ਗਰਭ ਗ੍ਰਹਿ ਪੁਰਸ਼ਾਂ ਲਈ ਹੀ ਹਨ। ਕਹਿਣਾ ਮੁਸ਼ਕਿਲ ਹੈ ਕਿ ਅਜਿਹਾ ਕਰਨ ਪਿੱਛੇ ਕੋਈ ਧਾਰਮਿਕ ਤੇ ਸਾਸ਼ਤਰੀ ਵਿਆਖਿਆ ਹੈ ਜਾਂ ਧਰਮ ਸੱਤਾ 'ਤੇ ਕਬਜ਼ਾ ਕਰਨ ਵਾਲੇ ਪੁਰਸ਼ ਪੁਜਾਰੀਆਂ ਨੇ ਆਪਣੇ ਸੁਆਰਥ ਵਿੱਚ ਇਹ ਵਿਵਸਥਾ ਬਣਾ ਲਈ ਤੇ ਬਾਅਦ ਵਿੱਚ ਉਸਦੇ ਹਿਸਾਬ ਨਾਲ ਸ਼ਾਸਤਰ ਲਿਖ ਲਏ।
 
ਪੁਰਸ਼ ਪੁਜਾਰੀਆਂ ਦੇ ਇਸ ਵਿਸ਼ੇਸ਼ ਅਧਿਕਾਰ ਨੂੰ ਕਦੇ ਮਹਿਲਾਵਾਂ ਨੇ ਚੁਣੌਤੀ ਨਹੀਂ ਦਿੱਤੀ। ਬ੍ਰਾਹਮਣ ਮਹਿਲਾਵਾਂ ਨੇ ਵੀ ਨਹੀਂ। ਬਾਕੀ ਜਾਤਾਂ ਦੇ ਤਾਂ ਪੁਰਸ਼ਾਂ ਨੂੰ ਵੀ ਇਹ ਵਿਸ਼ੇਸ਼ ਅਧਿਕਾਰ ਨਹੀਂ ਹਨ। ਇਨ੍ਹਾਂ ਵਿਸ਼ੇਸ਼ ਅਧਿਕਾਰਾਂ ਨੂੰ ਅੱਜ ਵੀ ਚੁਣੌਤੀ ਨਹੀਂ ਦਿੱਤੀ ਜਾ ਰਹੀ ਹੈ। ਮਹਿਲਾਵਾਂ ਇਹ ਵੀ ਨਹੀਂ ਕਹਿ ਰਹੀਆਂ ਹਨ ਕਿ ਘੱਟ ਤੋਂ ਘੱਟ ਦੇਵੀਆਂ ਦੇ ਮੰਦਰਾਂ ਵਿੱਚ ਪੁਜਾਰੀ ਮਹਿਲਾਵਾਂ ਹੋਣ ਅਤੇ ਉਹ ਹੀ ਦੇਵੀਆਂ ਦਾ ਸ਼ਿੰਗਾਰ ਆਦਿ ਕਰਨ।
 
ਅਜੇ ਉਹ ਜੋ ਮੰਗ ਰਹੀਆਂ ਹਨ, ਉਹ ਬਹੁਤ ਸੀਮਤ ਤੇ ਛੋਟੀ ਜਿਹੀ ਮੰਗ ਹੈ। ਉਹ ਦੂਰ ਤੋਂ, ਜਿੱਥੋਂ ਕਿਹਾ ਜਾਵੇ ਉੱਥੇ ਤੋਂ ਹੀ ਦੇਵਤਾ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ। ਇਸ ਨਾਲ ਧਰਮ ਦੀ ਸੱਤਾ ਮਜ਼ਬੂਤ ਹੀ ਹੋਣ ਵਾਲੀ ਹੈ। ਸਬਰੀਮਾਲਾ ਜਾਣ ਦਾ ਮੌਕਾ ਮਿਲਣ 'ਤੇ ਮਹਿਲਾਵਾਂ ਆਖਰ ਉੱਥੇ ਪੁਰਸ਼ ਪੁਜਾਰੀਆਂ ਦੇ ਹੀ ਚਰਣ ਛੂਹਣ ਵਾਲੀਆਂ ਹਨ ਅਤੇ ਉਨ੍ਹਾਂ ਤੋਂ ਹੀ ਅਸ਼ੀਰਵਾਦ ਲੈਣ ਵਾਲੀਆਂ ਹਨ।
 
ਪੁਰਸ਼ ਪੁਜਾਰੀ ਸਬਰੀਮਾਲਾ ਵਿੱਚ ਮਹਿਲਾਵਾਂ ਦੇ ਦਾਖਲ ਹੋਣ ਦਾ ਵਿਰੋਧ ਕਿਉਂ ਕਰ ਰਹੇ ਹਨ? ਇਸਦਾ ਸਿਰਫ ਇੱਕ ਕਾਰਨ ਹੈ। ਧਰਮ ਦੀ ਸੱਤਾ ਵਿਸ਼ਵਾਸ ਤੇ ਆਸਥਾ ਨਾਲ ਚੱਲਦੀ ਹੈ। ਇਹ ਆਸਥਾ ਅਸੀਮਤ ਹੋਣੀ ਚਾਹੀਦੀ ਹੈ। ਜੇਕਰ ਵਿਸ਼ਵਾਸ ਤੇ ਆਸਥਾ ਦੇ ਆਧਾਰ 'ਤੇ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਬਿਠਾ ਦਿੱਤੀ ਗਈ ਹੈ ਕਿ ਇਹ ਦੇਵਤਾ ਬ੍ਰਹਮਚਾਰੀ ਹਨ ਅਤੇ ਉਨ੍ਹਾਂ ਦੀ ਮੂਰਤੀ ਸਾਹਮਣੇ ਖਾਸ ਤੌਰ 'ਤੇ ਗਰਭ ਧਾਰਨ ਕਰਨ ਦੇ ਯੋਗ ਉਮਰ ਵਾਲੀਆਂ ਮਹਿਲਾਵਾਂ ਨੂੰ ਨਹੀਂ ਆਉਣਾ ਚਾਹੀਦਾ ਤਾਂ ਇਹ ਵਿਵਸਥਾ ਤਰਕ ਤੇ ਵਿਗਿਆਨ ਤੋਂ ਦੂਰ ਹੈ।
 
ਜਿਹੜੇ ਲੋਕ ਵਿਗਿਆਨ ਦੇ ਆਧਾਰ 'ਤੇ ਔਰਤ ਤੇ ਪੁਰਸ਼ ਨੂੰ ਬਰਾਬਰ ਦੱਸਦੇ ਹੋਏ ਸਬਰੀਮਾਲਾ ਵਿੱਚ ਔਰਤਾਂ ਦੇ ਦਾਖਲ ਹੋਣ ਦਾ ਸਮਰਥਨ ਕਰ ਰਹੇ ਹਨ, ਉਹ ਅਸੰਗਤ ਗੱਲ ਕਰ ਰਹੇ ਹਨ।
 
ਜੇਕਰ ਤੁਹਾਡੀ ਆਸਥਾ ਧਰਮ ਗ੍ਰੰਥਾਂ ਤੇ ਸ਼ਾਸਤਰਾਂ ਵਿੱਚ ਹੈ ਤਾਂ ਇਹ ਤੁਹਾਡੀ ਪਸੰਦ ਦੀਆਂ ਚੁਣੀਆਂ ਹੋਈਆਂ ਗੱਲਾਂ 'ਤੇ ਲਾਗੂ ਨਹੀਂ ਹੋਵੇਗਾ। ਆਸਥਾ ਪੂਰੇ ਪੈਕੇਜ਼ ਵਿੱਚ ਆਉਂਦੀ ਹੈ। ਇਹ ਨਹੀਂ ਹੋ ਸਕਦਾ ਕਿ ਤੁਸੀਂ ਸ਼ਾਸਤਰਾਂ ਤੋਂ ਆਪਣੀ ਪਸੰਦ ਦੀ ਗੱਲ ਚੁਣ ਲਓ ਅਤੇ ਜਿਹੜਾ ਪਸੰਦ ਨਹੀਂ, ਉਸਨੂੰ ਰੱਦ ਕਰ ਦਿਓ। ਜੇਕਰ ਧਰਮ ਕਹਿੰਦਾ ਹੈ ਕਿ ਔਰਤਾਂ ਨੂੰ ਕਿਸੇ ਖਾਸ ਮੰਦਰ ਵਿੱਚ ਨਹੀਂ ਜਾਣਾ ਚਾਹੀਦਾ ਹੈ ਤਾਂ ਉਸ ਧਰਮ ਵਿੱਚ ਆਸਥਾ ਰੱਖਦੇ ਹੋਏ ਤੁਸੀਂ ਧਰਮ ਵਿਰੋਧੀ ਕੰਮ ਕਿਵੇਂ ਕਰ ਸਕਦੀਆਂ ਹੋ?
 
ਇਹ ਉਦੋਂ ਸੰਭਵ ਹੈ, ਜਦੋਂ ਧਰਮ ਆਪਣੇ ਅੰਦਰ ਖੁਦ ਹੀ ਬਦਲਾਅ ਕਰ ਲਵੇ ਜਾਂ ਜਿਵੇਂ ਕਿ ਤੁਸੀਂ ਕਹਿੰਦੀਆਂ ਹੋ ਕਿ ਸੁਧਾਰ ਕਰ ਲਓ। ਸਬਰੀਮਾਲਾ ਦੇ ਪੁਜਾਰੀ ਮੰਦਰ ਵਿੱਚ ਮਹਿਲਾਵਾਂ ਦੇ ਦਾਖਲ ਹੋਣ ਦਾ ਵਿਰੋਧ ਕਰ ਰਹੇ ਹੋ, ਕਿਉਂਕਿ ਉਨ੍ਹਾਂ ਦਾ ਸ਼ਾਸਤਰ ਅਜਿਹਾ ਕਹਿੰਦਾ ਹੈ। 
 
ਹਰ ਧਰਮ ਸਮੇਂ ਦੇ ਨਾਲ ਬਦਲਦਾ ਹੈ, ਪਰ ਇਹ ਰਫਤਾਰ ਹਰ ਧਰਮ ਵਿੱਚ ਇੱਕ ਬਰਾਬਰ ਨਹੀਂ ਹੁੰਦੀ। ਇਸਾਈ ਧਰਮ ਗ੍ਰੰਥਾਂ ਵਿੱਚ ਲਿਖੇ ਹੋਣ ਦੇ ਬਾਵਜੂਦ ਅੱਜ ਚਰਚ ਇਹ ਨਹੀਂ ਕਹਿੰਦਾ ਕਿ ਯੂਨੀਵਰਸ ਦੇ ਕੇਂਦਰ ਵਿੱਚ ਧਰਤੀ ਹੈ ਅਤੇ ਸੂਰਜ ਧਰਤੀ ਦੇ ਚੱਕਰ ਲਗਾਉਂਦਾ ਹੈ।
 
ਇੱਕ ਸਮਾਂ ਸੀ ਜਦੋਂ ਬਰੂਨੋ ਨੂੰ ਇਹ ਕਹਿਣ ਲਈ ਚਰਚ ਦੇ ਚੌਰਾਹੇ 'ਤੇ ਜ਼ਿੰਦਾ ਸਾੜ ਦਿੱਤਾ ਗਿਆ ਕਿ ਧਰਤੀ ਸੂਰਜ ਦਾ ਚੱਕਰ ਲਗਾਉਂਦੀ ਹੈ, ਪਰ ਹੁਣ ਚਰਚ ਨੇ ਇਸ ਗੱਲ ਲਈ ਮਾਫੀ ਮੰਗ ਲਈ ਹੈ। ਇਹ ਇਸਾਈ ਧਰਮ ਦਾ ਸੁਧਾਰ ਵਾਲਾ ਪੱਖ ਹੈ, ਪਰ ਇਸਾਈ ਧਰਮ ਵਿਗਿਆਨ ਦੀ ਹਰ ਗੱਲ ਨੂੰ ਨਹੀਂ ਮੰਨਦਾ। 
 
ਹਿੰਦੂ ਧਰਮ ਵਿੱਚ ਸਤੀ ਪ੍ਰਥਾ ਨੂੰ ਸ਼ਾਸਤਰਾਂ ਮੁਤਾਬਕ ਕਿਹਾ ਜਾਂਦਾ ਸੀ। ਵਿਧਵਾ ਵਿਆਹ 'ਤੇ ਪਾਬੰਦੀ ਸੀ। ਸਮੁੰਦਰ ਯਾਤਰਾ 'ਤੇ ਪਾਬੰਦੀ ਸੀ। ਤਲਾਕ ਦੀ ਕੋਈ ਵਿਵਸਥਾ ਨਹੀਂ ਸੀ। ਛੂਆਛਾਤ ਨੂੰ ਸ਼ਾਸਤਰੀ ਮਾਨਤਾ ਸੀ। ਸ਼ੂਦਰਾਂ ਨੂੰ ਪੜ੍ਹਨ ਤੇ ਜ਼ਾਇਦਾਦ ਰੱਖਣ ਦਾ ਅਧਿਕਾਰ ਨਹੀਂ ਸੀ। ਹਰ ਜਾਤੀ ਦਾ ਇੱਕ ਸ਼ਾਸਤਰ ਨਿਰਧਾਰਤ ਕਰਮ ਸੀ। ਇੱਕ ਹੀ ਅਪਰਾਧ ਲਈ ਅਲੱਗ-ਅਲੱਗ ਜਾਤਾਂ ਨੂੰ ਅਲੱਗ-ਅਲੱਗ ਸਜ਼ਾਵਾਂ ਦੇਣ ਦਾ ਕਾਨੂੰਨ ਸੀ।
 
ਲੜਕੀਆਂ ਨੂੰ ਸ਼ਾਸਤਰ ਪੜ੍ਹਨ ਦਾ ਅਧਿਕਾਰ ਨਹੀਂ ਸੀ। ਬੇਟੀਆਂ ਨੂੰ ਜੱਦੀ ਜ਼ਾਇਦਾਦ 'ਤੇ ਅਧਿਕਾਰ ਨਹੀਂ ਸੀ। ਇਨ੍ਹਾਂ ਵਿੱਚੋਂ ਬਹੁਤ ਕੁਝ ਬਦਲ ਚੁੱਕਾ ਹੈ। ਕੁਝ ਚੀਜ਼ਾਂ ਅੰਦਰੂਨੀ ਪੱਧਰ  'ਤੇ ਸੁਧਾਰ ਨਾਲ ਬਦਲੀਆਂ ਹਨ। ਕੁਝ ਗੱਲਾਂ ਸਜ਼ਾ ਕਾਨੂੰਨ ਤੇ ਸੰਵਿਧਾਨ ਕਾਰਨ ਬਦਲੀਆਂ ਹਨ। ਇਹ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ।
 
ਹਰ ਸਮੇਂ ਪੁਰਾਣੇ ਤੇ ਨਵੇਂ ਵਿਚਕਾਰ ਸੰਘਰਸ਼ ਚੱਲਦਾ ਹੈ। ਸੱਤਾ ਜਾਂ ਸੱਤਾ 'ਚ ਬੈਠੇ ਲੋਕ ਹਮੇਸ਼ਾ ਪ੍ਰੀਵਰਤਨ ਦਾ ਵਿਰੋਧ ਕਰਦੇ ਹਨ, ਪਰ ਜਦੋਂ ਪ੍ਰੀਵਰਤਨ ਦੀ ਮੰਗ ਜਾਂ ਜ਼ਰੂਰਤ ਵੱਡੀ ਹੋ ਜਾਂਦੀ ਹੈ ਤਾਂ ਸੰਸਥਾ ਨੂੰ ਬਚਾਏ ਰੱਖਣ ਦੇ ਹਿੱਤ ਵਿੱਚ ਸੱਤਾਵਾਂ ਪ੍ਰੀਵਰਤਨ ਨੂੰ ਵੀ ਸਵੀਕਾਰ ਕਰ ਲੈਂਦੀਆਂ ਹਨ।
 
ਹੋ ਸਕਦਾ ਹੈ ਕਿ ਸਤੀ ਪ੍ਰਥਾ ਸ਼ਾਸਤਰਾਂ ਦੇ ਹਿਸਾਬ ਨਾਲ ਬਿਲਕੁਲ ਸਹੀ ਹੋਵੇ ਅਤੇ ਕੁਝ ਲੋਕਾਂ ਨੂੰ ਜਨਮ ਤੋਂ ਅਛੂਤ ਮੰਨਣ ਦੀ ਗੱਲ ਗ੍ਰੰਥ ਕਰਦੇ ਹੋਣ, ਪਰ ਧਰਮ ਸੱਤਾ ਜੇਕਰ ਅੱਜ ਇਨ੍ਹਾਂ ਗੱਲਾਂ ਨੂੰ ਲਾਗੂ ਕਰਨ ਦੀ ਜ਼ਿੱਦ ਕਰੇਗੀ ਤਾਂ ਆਪਣਾ ਹੀ ਅਹਿੱਤ ਕਰੇਗੀ। ਧਰਮ ਸੱਤਾ ਦਾ ਇਹ ਲਚੀਲਾਪਨ ਉਸਦਾ ਉਦਾਰ ਜਾਂ ਮਨੁੱਖੀ ਹੋਣਾ ਨਹੀਂ, ਉਸਦਾ ਡਿਫੈਂਸ ਮੈਕੇਨਿਜ਼ਮ ਜਾਂ ਜ਼ਿੰਦਾ ਰਹਿਣ ਦੀ ਉਸਦੀ ਜ਼ਰੂਰਤ ਕਾਰਨ ਹੈ।
 
ਇਸ ਸਵਾਲ ਨੂੰ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਕਿ ਮਹਿਲਾਵਾਂ ਮੰਦਰ ਜਾਣਾ ਹੀ ਕਿਉਂ ਚਾਹੁੰਦੀਆਂ ਹਨ। ਮਹਿਲਾਵਾਂ ਨੂੰ ਇਹ ਸਮਝਣਾ ਹੋਵੇਗਾ ਕਿ ਉਨ੍ਹਾਂ ਦੀ ਮੁਕਤੀ ਆਧੁਨਿਕਤਾ, ਲੋਕਤੰਤਰ ਤੇ ਸੰਵਿਧਾਨ ਵਿੱਚ ਹੈ। ਅੱਜ ਭਾਰਤ ਵਿੱਚ ਜਿੰਨੀਆਂ ਲੜਕੀਆਂ ਪੜ੍ਹ ਰਹੀਆਂ ਹਨ ਅਤੇ ਘਰ ਤੋਂ ਬਾਹਰ ਨਿੱਕਲ ਕੇ ਨੌਕਰੀ ਜਾਂ ਕੋਈ ਹੋਰ ਉਤਪਾਦਕ ਕੰਮ ਕਰ ਰਹੀਆਂ ਹਨ, ਉਹ ਇਤਿਹਾਸ ਦੀ ਖਾਸ ਘਟਨਾ ਹੈ। ਅਜਿਹਾ ਸਿਰਫ ਇਸ ਲਈ ਹੋ ਰਿਹਾ ਹੈ ਕਿ ਕਿਉਂਕਿ ਭਾਰਤੀ ਸੰਵਿਧਾਨ ਨੇ ਉਨ੍ਹਾਂ ਨੂੰ ਨਾ ਸਿਰਫ ਪੁਰਸ਼ਾਂ ਦੇ ਬਰਾਬਰ ਮੰਨਿਆ, ਸਗੋਂ ਉਨ੍ਹਾਂ ਲਈ ਵਿਸ਼ੇਸ਼ ਅਧਿਕਾਰ ਵੀ ਦਿੱਤੇ ਹਨ।
 
ਬਰਾਬਰਤਾ ਦੇ ਅਧਿਕਾਰ ਦੇ ਨਾਲ, ਸੰਵਿਧਾਨ ਵਿਸ਼ੇਸ਼ ਮੌਕੇ ਦੇ ਸਿਧਾਂਤ ਨੂੰ ਵੀ ਮਾਨਤਾ ਦਿੰਦਾ ਹੈ। ਲੋਕਤੰਤਰ ਕਾਰਨ ਉਨ੍ਹਾਂ ਦਾ ਵੋਟ ਪੁਰਸ਼ਾਂ ਦੇ ਵੋਟ ਦੇ ਬਰਾਬਰ ਹੈ। ਉਹ ਕਰੀਬ ਹਰ ਉਹ ਕੰਮ ਕਰ ਸਕਦੀਆਂ ਅਤੇ ਹਰ ਜਗ੍ਹਾ 'ਤੇ ਜਾ ਸਕਦੀਆਂ ਹਨ, ਜਿੱਥੇ ਪੁਰਸ਼ ਜਾ ਸਕਦੇ ਹਨ। ਸੈਨਾ ਵਿੱਚ ਯੁੱਧ ਵਰਗੀਆਂ ਭੂਮਿਕਾਵਾਂ ਵਿੱਚ ਹੋਣ ਵਰਗੇ ਇੱਕ-ਅੱਧੇ ਖੇਤਰ ਅੱਜ ਵੀ ਪੁਰਸ਼ਾਂ ਕੋਲ ਹਨ, ਪਰ ਬਾਕੀ ਦੁਨੀਆ ਵਾਂਗ ਭਾਰਤ ਵਿੱਚ ਦੇਰ ਨਾਲ ਸਹੀ, ਅਜਿਹੇ ਮਾਮਲਿਆਂ ਵਿੱਚ ਮਹਿਲਾ-ਪੁਰਸ਼ ਬਰਾਬਰੀ ਆ ਜਾਵੇਗੀ।
 
ਬਾਜ਼ਾਰ ਨੇ ਵੀ ਸਾਰੇ ਖੇਤਰਾਂ ਨੂੰ ਮਹਿਲਾਵਾਂ ਲਈ ਖੋਲ ਦਿੱਤਾ ਹੈ। ਬਾਜ਼ਾਰ ਮਹਿਲਾ ਤੇ ਪੁਰਸ਼ ਨੂੰ ਬਰਾਬਰ ਮੰਨਣ ਲਈ ਤਿਆਰ ਹਨ, ਪਰ ਸ਼ਰਤ ਇਹ ਹੈ ਕਿ ਇਸ ਨਾਲ ਉਸਦਾ ਕੋਈ ਘਾਟਾ ਨਾ ਹੋਵੇ। ਬਾਜ਼ਾਰ ਨੂੰ ਮਹਿਲਾ ਉਪਭੋਗਤਾਵਾਂ ਨਾਲ ਵੀ ਬਰਾਬਰ ਪਿਆਰ ਹੈ। ਮਹਿਲਾਵਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ਵਾਲੀ ਹਰ ਚੀਜ਼ ਵਿਗਿਆਨ ਨੇ ਬਣਾਈ ਹੈ। ਬੇਸ਼ੱਕ ਉਹ ਗਰਭ ਨਿਰੋਧਕ ਹੋਣ ਜਾਂ ਵਾਸ਼ਿੰਗ ਮਸ਼ੀਨ ਜਾਂ ਮਿਕਸਰ ਗ੍ਰਾਈਂਡਰ। ਇਹ ਸਭ ਔਰਤਾਂ ਨੂੰ ਮਾਰਡਨਿਟੀ ਦੇ ਗਿਫਟ ਹਨ। 
 
ਮੰਦਰਾਂ ਦਾ ਮਹਿਲਾਵਾਂ ਦੀ ਜ਼ਿੰਦਗੀ ਆਸਾਨ ਬਣਾਉਣ ਜਾਂ ਉਨ੍ਹਾਂ ਲਈ ਮੌਕੇ ਉਪਲਬਧ ਕਰਾਉਣ ਵਿੱਚ ਕੋਈ ਯੋਗਦਾਨ ਰਿਹਾ ਹੋਵੇ, ਅਜਿਹਾ ਪਤਾ ਨਹੀਂ ਹੈ। ਔਰਤਾਂ ਨੂੰ ਮੰਦਰਾਂ ਵਿੱਚ ਜਾਣ ਅਤੇ ਪੁਜਾਰੀਆਂ ਦੀ ਆਸਥਾ ਨੂੰ ਸੱਟ ਪਹੁੰਚਾਉਣ ਨਾਲ ਕੁਝ ਵੀ ਹਾਸਲ ਨਹੀਂ ਹੋਵੇਗਾ। ਖਾਸ ਤੌਰ 'ਤੇ ਉਨ੍ਹਾਂ ਧਾਰਮਿਕ ਮਹਿਲਾਵਾਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਨ੍ਹਾਂ ਦਾ ਧਰਮ ਅਤੇ ਉਸਦੀ ਵਿਆਖਿਆ ਕਰਨ ਵਾਲੇ ਪੁਜਾਰੀ ਹੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮੰਦਰ ਵਿੱਚ ਨਹੀਂ ਜਾਣਾ ਚਾਹੀਦਾ।
 
ਮੰਦਰ ਵਿੱਚ ਉਨ੍ਹਾਂ ਨੂੰ ਮੁਕਤੀ ਨਹੀਂ ਮਿਲੇਗੀ। ਮੰਦਰ ਇਸਦਾ ਨਾ ਵਾਅਦਾ ਕਰ ਰਹੇ ਹਨ ਅਤੇ ਨਾ ਦਾਅਵਾ। ਮਹਿਲਾਵਾਂ ਦੀ ਜ਼ਿੰਦਗੀ ਸਕੂਲ-ਕਾਲਜ, ਵਰਕਪਲੇਸ ਤੇ ਬਾਜ਼ਾਰ ਵਿੱਚ ਬਦਲ ਰਹੀ ਹੈ। ਉਨ੍ਹਾਂ ਦੀ ਜ਼ਿੰਦਗੀ ਸੰਵਿਧਾਨ ਬਦਲ ਰਿਹਾ ਹੈ। ਇਹੀ ਉਨ੍ਹਾਂ ਦੀ ਮੁਕਤੀ ਦਾ ਮਾਰਗ ਹੈ।
-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ ਤੇ ਲੇਖ ਵਿੱਚ ਦਿੱਤੇ ਗਏ ਵਿਚਾਰ ਉਨ੍ਹਾਂ ਦੇ ਨਿੱਜੀ ਹਨ।)

 

Comments

Leave a Reply