Wed,Apr 01,2020 | 07:55:57am
HEADLINES:

Social

ਸ੍ਰੀ ਗੁਰੂ ਰਵਿਦਾਸ ਜੀ ਦਾ ਫਲਸਫਾ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ

ਸ੍ਰੀ ਗੁਰੂ ਰਵਿਦਾਸ ਜੀ ਦਾ ਫਲਸਫਾ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ

ਮਹਾਨ ਕ੍ਰਾਂਤੀਕਾਰੀ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖਤਾ ਨੂੰ ਬਰਾਬਰੀ, ਭਾਈਚਾਰੇ ਤੇ ਖੁਸ਼ਹਾਲੀ ਦਾ ਸੰਦੇਸ਼ ਦਿੰਦੀ ਹੈ। ਆਪਣੇ \'ਬੇਗਮਪੁਰੇ\' ਦੇ ਸੰਕਲਪ ਰਾਹੀਂ ਜਿੱਥੇ ਉਹ ਦੁੱਖਾਂ ਤੇ ਗੈਰਬਰਾਬਰੀ ਤੋਂ ਰਹਿਤ ਖੁਸ਼ਹਾਲੀ ਵਾਲੇ ਰਾਜ ਦੀ ਕਲਪਨਾ ਕਰਦੇ ਹਨ, ਉੱਥੇ \'ਪ੍ਰਾਧੀਨਤਾ ਪਾਪ ਹੈ\' ਦੇ ਸੰਦੇਸ਼ ਰਾਹੀਂ ਉਹ ਗੁਲਾਮੀ ਤੋਂ ਮੁਕਤ ਹੋ ਕੇ ਆਜ਼ਾਦ ਜੀਵਨ ਜਿਊਣ ਦੀ ਵੀ ਸੇਧ ਦਿੰਦੇ ਹਨ। ਊਚ-ਨੀਚ ਵਾਲੀ ਵਿਵਸਥਾ ਦਾ ਵਿਰੋਧ ਕਰਨ ਵਾਲੇ ਸ੍ਰੀ ਗੁਰੂ ਰਵਿਦਾਸ ਜੀ ਕਹਿੰਦੇ ਹਨ:-

ਆਬਾਦਾਨੁ ਸਦਾ ਮਸਹੂਰ,
ਊਹਾਂ ਗਨੀ ਬਸਹਿ ਮਾਮੂਰ।
ਇਹ ਨਗਰੀ (ਬੇਗਮਪੁਰਾ) ਸਦਾ ਆਬਾਦ (ਆਬਾਦਾਨ) ਰਹੇਗੀ ਅਤੇ ਮਸ਼ਹੂਰ ਰਹੇਗੀ, ਕਿਉਂਕਿ ਇਸ ਵਿੱਚ ਰਹਿਣ ਵਾਲੇ ਸਾਰੇ ਲੋਕ ਸਰਬ ਸੰਪੰਨ ਅਮੀਰ (ਗਨੀ) ਹੋਣਗੇ, ਕੋਈ ਗਰੀਬ ਨਹੀਂ ਹੋਵੇਗਾ। ਅਮੀਰੀ ਨਾਲ ਹੀ ਭਰਪੂਰ (ਮਾਮੂਰ) ਇਹ ਨਗਰੀ ਰਹੇਗੀ। ਉਂਜ ਤਾਂ ਸ੍ਰੀ ਗੁਰੂ ਰਵਿਦਾਸ ਜੀ ਦਾ ਫਲਸਫਾ ਹੀ ਮਨੁੱਖ ਮਾਤਰ ਦੀ ਸਮੁੱਚੀ ਭਲਾਈ ਨੂੰ ਸਮਰਪਿਤ ਹੈ, ਪਰ ਉਨ੍ਹਾਂ ਦਾ \'ਬੇਗਮਪੁਰੇ\' ਦਾ ਸੰਕਲਪ ਇੱਕ ਵੱਖਰੀ ਪਛਾਣ ਵਾਲਾ ਹੈ, ਜੋ ਗੁਰੂ ਜੀ ਨੂੰ ਇੱਕ ਮਹਾਨ ਸਮਾਜਵਾਦੀ ਚਿੰਤਕ ਦੀ ਸ਼ਖਸੀਅਤ ਵਜੋਂ ਉਘਾੜਦਾ ਹੈ।
ਵਰਣ ਵਿਵਸਥਾ ਤਹਿਤ ਉੱਚ ਤੇ ਹੇਠਲੀਆਂ ਜਾਤਾਂ \'ਚ ਵੰਡੇ ਗਏ ਸਮਾਜ ਨੂੰ ਗੁਰੂ ਜੀ ਇਸ ਗੈਰਬਰਾਬਰੀ ਤੋਂ ਮੁਕਤ ਕਰਨਾ ਚਾਹੁੰਦੇ ਹਨ। ਇਸੇ ਲਈ ਆਪਣੇ \'ਬੇਗਮਪੁਰੇ\' ਦੇ ਸੰਕਲਪ \'ਚ ਉਹ ਕਹਿੰਦੇ ਹਨ:-
ਕਾਇਮੁ ਦਾਇਮੁ ਸਦਾ ਪਾਤਸਾਹੀ,
ਦੋਮ ਨ ਸੇਮ ਏੇਕ ਸੋ ਆਹੀ।
ਗੁਰੂ ਜੀ ਤਸੱਵਰ ਕਰਦੇ ਹਨ ਕਿ ਉਸ ਨਗਰੀ \'ਬੇਗਮਪੁਰਾ\' \'ਚ ਸਦਾ ਇੱਕ ਹੀ ਪਾਤਸ਼ਾਹੀ ਹੋਵੇਗੀ। ਕੋਈ ਦੂਜੀ (ਦੋਮ) ਜਾਂ ਤੀਜੀ (ਸੋਮ) ਦਾ ਰੌਲਾ ਨਹੀਂ ਹੋਵੇਗਾ। ਅੱਜ ਦਾ ਅਛੂਤ ਵੀ ਦੂਜੇ, ਤੀਜੇ ਦਰਜੇ ਦਾ ਗਿਣਿਆ ਜਾਂਦਾ ਹੈ। ਅੱਜ ਵੀ ਉਸਨੂੰ ਤਰ੍ਹਾਂ-ਤਰ੍ਹਾਂ ਦੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਗਿਣਤੀ ਤਾਂ ਅੱਜ ਵੀ ਗਰੀਬੀ ਤੇ ਭੁੱਖਮਰੀ ਨਾਲ ਜੂਝ ਰਹੀ ਹੈ।

ਸ੍ਰੀ ਗੁਰੂ ਰਵਿਦਾਸ ਜੀ ਨੇ ਜਿਸ ਸੋਹਣੇ ਸਮਰੱਥ ਲੋਕ ਰਾਜ, ਸਮਾਜਵਾਦ ਅਤੇ ਖੁਸ਼ਹਾਲ ਰਾਜ ਦੀ ਕਲਪਨਾ ਕੀਤੀ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਉਸੇ ਵਿਚਾਰ \'ਤੇ ਅਧਾਰਿਤ \'ਭਾਰਤੀ ਸੰਵਿਧਾਨ\' ਦਾ ਨਿਰਮਾਣ ਕੀਤਾ। \'ਬੇਗਮਪੁਰੇ\' \'ਚ ਸ੍ਰੀ ਗੁਰੂ ਰਵਿਦਾਸ ਜੀ ਨੇ ਉਨ੍ਹਾਂ ਸਾਰੇ ਮਨੁੱਖੀ ਅਧਿਕਾਰਾਂ ਦੇ ਸਭ ਨੂੰ ਬਰਾਬਰ ਮਿਲਣ ਦੀ ਗੱਲ ਕੀਤੀ ਗਈ ਹੈ, ਜੋ ਕਈਆਂ ਤੋਂ ਖੋਹ ਲਏ ਗਏ ਸਨ ਤੇ ਬਾਬਾ ਸਾਹਿਬ ਨੇ ਵੀ ਇਹੀ ਮਨੁੱਖੀ ਅਧਿਕਾਰ ਹਰ ਇੱਕ ਲਈ ਜ਼ਰੂਰੀ ਮੰਨ ਕੇ ਇਨ੍ਹਾਂ ਨੂੰ ਸੰਵਿਧਾਨ ਦੇ ਮੁੱਢਲੇ ਅਧਿਕਾਰਾਂ \'ਚ ਸ਼ਾਮਲ ਕਰ ਦਿੱਤਾ ਹੈ।

ਸਭ ਨੂੰ ਬਿਨਾਂ ਜਾਤ-ਪਾਤ, ਰੰਗ, ਨਸਲ, ਲਿੰਗ ਭੇਦ ਦੇ ਬਰਾਬਰੀ ਦਾ ਅਧਿਕਾਰ, ਪੜ੍ਹਨ-ਲਿਖਣ ਦਾ ਅਧਿਕਾਰ, ਕੋਈ ਵੀ ਕਿੱਤਾ ਅਪਨਾਉਣ ਦਾ ਅਧਿਕਾਰ, ਸਾਰੇ ਦੇਸ਼ \'ਚ ਆਜ਼ਾਦੀ ਨਾਲ ਘੁੰਮਣ ਫਿਰਨ ਦਾ ਅਧਿਕਾਰ ਆਦਿ ਸਾਰੇ ਇਹ ਗੁਰੂ ਜੀ ਦੇ \'ਬੇਗਮਪੁਰੇ\' ਵੱਲ ਹੀ ਤਾਂ ਇਸ਼ਾਰਾ ਕਰ ਰਹੇ ਹਨ।

ਜੇ ਇਨ੍ਹਾਂ ਅਧਿਕਾਰਾਂ ਨੂੰ ਅੱਜ ਦੇ ਲੋਕ ਰਾਜ \'ਚ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ, ਤਾਂ ਆਦਰਸ਼ ਸਮਾਜ ਹੋਵੇਗਾ ਤੇ ਆਦਰਸ਼ ਸਮਾਜਵਾਦ ਹੋਵੇਗਾ। ਇਹੀ ਗੁਰੂ ਜੀ ਦਾ ਬੇਗਮਪੁਰਾ ਹੈ, ਜੋ ਬਾਬਾ ਸਾਹਿਬ ਦੇ ਸੰਵਿਧਾਨ \'ਚ ਉਲੀਕੇ ਸੰਭਾਵੀ ਲੋਕਰਾਜ ਨਾਲ ਮੇਲ ਖਾਂਦਾ ਹੈ। ਸਦੀਆਂ ਤੋਂ ਲਤਾੜੇ ਗਏ ਸ਼ੋਸ਼ਿਤ ਸਮਾਜ ਨੂੰ \'ਬੇਗਮਪੁਰਾ\' ਵਸਾਉਣ ਲਈ ਅੱਗੇ ਵਧਣ ਦੀ ਲੋੜ ਹੈ।
-ਫਤਿਹਜੰਗ ਸਿੰਘ

Comments

Leave a Reply