Wed,Mar 27,2019 | 12:46:15am
HEADLINES:

Social

ਸ਼ਰਾਬ ਪੀਣਾ ਤੇ ਗਾਲ੍ਹਾਂ ਕੱਢਣਾ ਮਹਿਲਾ ਸ਼ਕਤੀਕਰਨ ਨਹੀਂ, ਮਹਿਲਾਵਾਂ ਨੂੰ ਮਿਲਣ ਅਧਿਕਾਰ ਤੇ ਸੁਰੱਖਿਆ

ਸ਼ਰਾਬ ਪੀਣਾ ਤੇ ਗਾਲ੍ਹਾਂ ਕੱਢਣਾ ਮਹਿਲਾ ਸ਼ਕਤੀਕਰਨ ਨਹੀਂ, ਮਹਿਲਾਵਾਂ ਨੂੰ ਮਿਲਣ ਅਧਿਕਾਰ ਤੇ ਸੁਰੱਖਿਆ

ਹਾਲ ਹੀ 'ਚ 'ਵੀਰੇ ਦੀ ਵੈਡਿੰਗ' ਫਿਲਮ ਦਾ ਰਿਲੀਜ਼ ਹੋਇਆ ਟ੍ਰੇਲਰ ਇਨ੍ਹਾਂ ਦਿਨਾਂ 'ਚ ਚਰਚਾ ਵਿੱਚ ਹੈ। ਇਸਨੂੰ ਕਰੋੜਾਂ ਲੋਕ ਦੇਖ ਚੁੱਕੇ ਹਨ। ਇਸ ਟ੍ਰੇਲਰ ਵਿੱਚ ਬਹੁਤ ਕੁਝ ਹੈ। 4 ਲੜਕੀਆਂ ਹਨ, ਜੋ ਦੋਸਤ ਹਨ। ਉਨ੍ਹਾਂ ਦਾ ਰਿਲੇਸ਼ਨਸ਼ਿਪ ਹੈ, ਨੱਚਣਾ-ਗਾਊਣਾ ਹੈ। ਨਾਲ ਹੀ ਬਹੁਤ ਸਾਰੀਆਂ ਗਾਲ੍ਹਾਂ। ਅਤੇ ਗਾਲ੍ਹਾਂ ਅਜਿਹੀਆਂ ਵੀ, ਜੋ ਕਿ ਮਹਿਲਾਵਾਂ ਨੂੰ ਲੈ ਕੇ ਬਣੀਆਂ ਹਨ। ਇਹ ਫਿਲਮ ਅਰਬਨ, ਅਪਰ ਕਲਾਸ ਦੀਆਂ 4 ਲਿਬਰੇਟੇਡ ਲੜਕੀਆਂ ਦੀ ਕਹਾਣੀ ਹੈ, ਜੋ ਕਿ ਆਜ਼ਾਦ ਸੋਚ ਵਾਲੀਆਂ ਹਨ। 
 
ਇੱਕ ਸਟੀਰੀਓਟਾਈਪ ਸਮਾਜ ਵਿੱਚ ਜਾਂ ਕਹੀਏ ਸਮਾਜ ਦੇ ਇੱਕ ਹਿੱਸੇ ਵਿੱਚ ਇਹ ਸੋਚ ਹੈ ਕਿ ਜੇਕਰ ਆਜ਼ਾਦ ਖਿਆਲ ਨਜ਼ਰ ਆਉਣਾ ਹੈ ਤਾਂ ਕੁਝ ਚੀਜ਼ਾਂ ਕਰਨੀਆਂ ਹੋਣਗੀਆਂ। ਮਰਦਾਂ ਵਾਂਗ ਗਾਲ੍ਹਾਂ ਕੱਢਣੀਆਂ ਇਨ੍ਹਾਂ ਵਿੱਚੋਂ ਇੱਕ ਹੈ। ਪਿੰਡਾਂ ਦੀਆਂ ਔਰਤਾਂ ਦਾ ਗਾਲ੍ਹਾਂ ਕੱਢਣਾ ਪੱਛੜਾਪਨ ਹੈ, ਪਰ ਸ਼ਹਿਰ ਦੀਆਂ ਖਾਂਦੀਆਂ-ਪੀਂਦੀਆਂ, ਪੜ੍ਹੀਆਂ-ਲਿਖੀਆਂ ਕਈ ਲੜਕੀਆਂ ਲਈ ਇਹ ਇੱਕ ਟਸ਼ਨ, ਸਟਾਈਲ ਹੈ।
 
ਅਜਿਹੀਆਂ ਗਾਲ੍ਹਾਂ ਕੱਢਦੇ ਹੋਏ ਔਰਤਾਂ ਆਮ ਤੌਰ 'ਤੇ ਇਹ ਵੀ ਧਿਆਨ ਨਹੀਂ ਦਿੰਦੀਆਂ ਕਿ ਇਹ ਗਾਲ੍ਹਾਂ ਔਰਤਾਂ ਦੇ ਸਰੀਰ ਅਤੇ ਉਨ੍ਹਾਂ ਦੇ ਅੰਗਾਂ ਨੂੰ ਕੇਂਦਰ ਵਿੱਚ ਰੱਖ ਕੇ ਪੁਰਸ਼ਾਂ ਨੇ ਬਣਾਈਆਂ ਹਨ। ਕਿਉਂਕਿ ਜੈਂਡਰ ਨਿਊਟ੍ਰਲ ਗਾਲ੍ਹਾਂ ਨਹੀਂ ਹਨ, ਇਸ ਲਈ ਜੇਕਰ ਗਾਲ੍ਹਾਂ ਕੱਢਣੀਆਂ ਹਨ ਤਾਂ ਤੁਹਾਡੇ ਲਈ ਸਿਰਫ ਅਜਿਹੀਆਂ ਹੀ ਗਾਲ੍ਹਾਂ ਮੌਜੂਦ ਹਨ, ਜਿਨ੍ਹਾਂ ਵਿੱਚ ਨਿਸ਼ਾਨੇ 'ਤੇ ਔਰਤਾਂ ਦਾ ਸਰੀਰ ਹੈ।
 
ਪੁਰਸ਼ ਜੇਕਰ ਗਾਲ੍ਹਾਂ ਕੱਢਦਾ ਹੈ ਤਾਂ ਮਹਿਲਾਵਾਂ ਵੀ ਅਜਿਹਾ ਕਰ ਸਕਦੀਆਂ ਹਨ। ਗੁੱਸੇ ਦਾ ਪ੍ਰਗਟਾਵਾ ਜੇਕਰ ਗਾਲ੍ਹਾਂ ਨਾਲ ਹੁੰਦਾ ਹੈ ਤਾਂ ਮਹਿਲਾਵਾਂ ਵੀ ਗਾਲ੍ਹਾਂ ਕਿਉਂ ਨਾ ਦੇਣ? ਜੇਕਰ ਇਹ ਮਾੜਾ ਹੈ ਤਾਂ ਉਨਾਂ ਹੀ ਮਾੜਾ ਹੈ, ਜਿੰਨਾ ਪੁਰਸ਼ਾਂ ਦਾ ਗਾਲ੍ਹਾਂ ਕੱਢਣਾ। ਸਮੱਸਿਆ ਸਿਰਫ ਇਹ ਹੈ ਕਿ ਪੁਰਸ਼ਾਂ ਦੇ ਸਰੀਰ ਨੂੰ ਕੇਂਦਰ ਵਿੱਚ ਰੱਖ ਕੇ ਗਾਲ੍ਹਾਂ ਬਣਾਈਆਂ ਨਹੀਂ ਗਈਆਂ ਹਨ।
 
ਚੱਲੋ, ਸਭ ਤੋਂ ਪਹਿਲਾਂ ਉਨ੍ਹਾਂ ਚਿੰਨ੍ਹਾਂ ਦੀ ਗੱਲ ਕਰੀਏ, ਜਿਨ੍ਹਾਂ ਦੇ ਆਧਾਰ 'ਤੇ ਭਾਰਤ ਵਿੱਚ ਆਮ ਤੌਰ 'ਤੇ ਕਿਸੇ ਮਹਿਲਾ ਨੂੰ ਲਿਬਰੇਟੇਡ ਜਾਂ ਆਜ਼ਾਦ ਹੋਣਾ ਮੰਨ ਲਿਆ ਜਾਂਦਾ ਹੈ। ਇੱਥੇ ਅਸੀਂ ਲਿਬਰੇਟੇਡ ਸ਼ਬਦ ਨੂੰ ਉਸੇ ਅਰਥ ਵਿੱਚ ਲੈ ਰਹੇ ਹਾਂ, ਜੋ ਲੋਕ ਚਰਚਾ ਵਿੱਚ ਹੈ ਅਤੇ ਫਿਲਹਾਲ ਅਸੀਂ ਇਸ ਬਹਿਸ ਵਿੱਚ ਨਹੀਂ ਪੈਂਦੇ ਕਿ ਲਿਬਰੇਟੇਡ ਹੋਣਾ ਚੰਗਾ ਹੈ ਜਾਂ ਸੰਸਕਾਰੀ ਹੋਣਾ। ਹੁਣ ਗੱਲ ਸ਼ੁਰੂ ਕਰਦੇ ਹਾਂ ਮਹਿਲਾਵਾਂ ਦੇ ਸਿਗਰੇਟ ਪੀਣ ਤੋਂ।
 
ਸਿਗਰੇਟ ਪੀਣ ਨੂੰ ਲੰਮੇ ਸਮੇਂ ਤੱਕ ਅਤੇ ਅੱਜ ਤੱਕ ਵੀ ਮਹਿਲਾਵਾਂ ਦੇ ਇੰਪਾਵਰਮੈਂਟ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਜਿਵੇਂ ਕੋਈ ਲੜਕੀ ਸਿਗਰੇਟ ਪੀਂਦੀ ਹੈ ਤਾਂ ਉਹ ਆਜ਼ਾਦ ਖਿਆਲਾਂ ਵਾਲੀ ਮੰਨ ਲਈ ਜਾਂਦੀ ਹੈ। ਭਾਰਤ ਦੇ ਸਬੰਧ ਵਿੱਚ ਦੇਖੀਏ ਤਾਂ ਇਹ ਗੱਲ ਪੂਰੀ ਤਰ੍ਹਾਂ ਬੇਬੁਨਿਆਦ ਵੀ ਨਹੀਂ ਲਗਦੀ। ਸਾਡੇ ਸਮਾਜ ਵਿੱਚ ਖੁੱਲੇ ਵਿੱਚ ਸਿਗਰੇਟ ਉਹੀ ਲੜਕੀਆਂ ਪੀ ਸਕਦੀਆਂ ਹਨ, ਜਿਨ੍ਹਾਂ ਕੋਲ ਆਜ਼ਾਦੀ ਨਾਂ ਦੀ ਥੋੜੀ-ਬਹੁਤ ਕੋਈ ਚੀਜ਼ ਹੈ।
 
ਕੀ ਲੜਕੀ ਦਾ ਵਿਆਹ ਦਾ ਰਿਸ਼ਤਾ ਆਵੇ ਅਤੇ ਲੜਕੀ ਦੇ ਘਰ ਵਾਲੇ ਇਹ ਦੱਸਣ ਕਿ ਉਨ੍ਹਾਂ ਦੀ ਲੜਕੀ ਸਿਗਰੇਟ ਪੀਂਦੀ ਹੈ ਅਤੇ ਕਦੇ-ਕਦਾਈਂ ਸ਼ਰਾਬ ਪੀਂਦੀ ਹੈ ਤਾਂ ਕਿੰਨੇ ਲੜਕੇ ਵਾਲੇ ਇਸ ਗੱਲ ਨੂੰ ਆਮ ਜਿਹੀ ਮੰਨਣਗੇ। ਦੂਜੇ ਪਾਸੇ ਇਹੀ ਗੱਲ ਲੜਕੇ ਬਾਰੇ ਕਹੀ ਜਾਵੇ ਤਾਂ ਸ਼ਾਇਦ ਜ਼ਿਆਦਾ ਫਰਕ ਪਾਉਣ ਵਾਲੀ ਚੀਜ਼ ਨਹੀਂ ਹੋਵੇਗੀ। ਅਜਿਹੇ ਵਿੱਚ ਕਿਸੇ ਲੜਕੀ ਦਾ ਜਨਤੱਕ ਸਥਾਨਾਂ 'ਤੇ ਸਿਗਰੇਟ ਪੀਣਾ ਉਸਦਾ ਮੁਕਤੀ ਦੀ ਦਿਸ਼ਾ ਵਿੱਚ ਇੱਕ ਕਦਮ ਹੀ ਮੰਨਿਆ ਜਾਵੇਗਾ। ਹਾਲਾਂਕਿ ਸਿਹਤ ਦੇ ਨਜ਼ਰੀਏ ਨਾਲ ਇਸਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।
 
ਸਿਹਤ ਖਰਾਬ ਕਰ ਦੇਣ ਵਾਲੀਆਂ ਚੀਜ਼ਾਂ ਨੂੰ ਸਿਰਫ ਇਸ ਲਈ ਇਸਤੇਮਾਲ ਕਰਨਾ ਕਿ ਇਨ੍ਹਾਂ ਦਾ ਪ੍ਰਯੋਗ ਮਰਦ ਕਰਦੇ ਹਨ, ਇੱਕ ਖਤਰਨਾਕ ਸਥਿਤੀ ਹੈ। ਇਨ੍ਹਾਂ ਚੀਜ਼ਾਂ ਨੂੰ ਇਸਤੇਮਾਲ ਕਰਨਾ ਮਹਿਲਾ ਸ਼ਕਤੀਕਰਨ ਜਾਂ ਨਾਰੀਵਾਦ ਨਹੀਂ ਹੈ। 
 
ਇਸੇ ਤਰ੍ਹਾਂ ਹੀ ਜਦੋਂ ਕੁਝ ਲੜਕੀਆਂ ਸ਼ਰਾਬ ਪੀ ਕੇ ਜੇਕਰ ਸੜਕ 'ਤੇ ਹੰਗਾਮਾ ਕਰਨ ਤਾਂ ਉਹ ਨੈਸ਼ਨਲ ਨਿਊਜ਼ ਬਣ ਜਾਂਦੀਆਂ ਹਨ, ਜਦਕਿ ਇਹੀ ਕੰਮ ਲੜਕੇ ਕਰਨ ਤਾਂ ਇਹ ਆਮ ਜਿਹਾ ਲਗਦਾ ਹੈ। ਰੌਲੇ-ਰੱਪੇ ਤੋਂ ਹਟ ਕੇ ਜਿਹੜੀਆਂ ਲੜਕੀਆਂ ਸ਼ਰਾਬ ਪੀਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਘਰ ਵਾਲਿਆਂ ਤੋਂ ਲੁਕ ਕੇ ਪੀਣੀ ਪੈਂਦੀ ਹੈ, ਜਦਕਿ ਬੇਟੇ ਸ਼ਰਾਬ ਪੀਂਦੇ ਹਨ ਤਾਂ ਇਹੀ ਗੱਲ ਪਰਿਵਾਰ ਅਤੇ ਸਮਾਜ ਨੂੰ ਆਮ ਲਗਦੀ ਹੈ। ਇਹ ਸਭ ਰੂੜੀਵਾਦੀ ਮਾਨਤਾਵਾਂ ਟੁੱਟਣੀਆਂ ਹੀ ਚਾਹੀਦੀਆਂ ਹਨ ਅਤੇ ਟੁੱਟ ਵੀ ਰਹੀਆਂ ਹਨ। ਇਹ ਮਹਿਲਾ-ਪੁਰਸ਼ ਬਰਾਬਰੀ ਵੱਲ ਇੱਕ ਕਦਮ ਹੈ, ਪਰ ਇਹ ਕਰ ਲੈਣਾ ਹੀ ਨਾਰੀਵਾਦ ਨਹੀਂ ਹੈ। 
 
ਇਸੇ ਤਰ੍ਹਾਂ ਮਹਿਲਾਵਾਂ ਦੇ ਇੱਕ ਤੋਂ ਜ਼ਿਆਦਾ ਯੌਨ ਸਬੰਧ ਜਾਂ ਮਲਟੀਪਲ ਰਿਲੇਸ਼ਨ ਨੂੰ ਲੈ ਕੇ ਵੀ ਇਹ ਕਿਹਾ ਜਾਂਦਾ ਹੈ ਕਿ ਇਹ ਖੁੱਲੇਪਨ ਦਾ ਪ੍ਰਤੀਕ ਹੈ ਅਤੇ ਅਜਿਹਾ ਕਰਨ ਵਾਲੀਆਂ ਮਹਿਲਾਵਾਂ ਆਜ਼ਾਦ ਹਨ। ਮਹਿਲਾਵਾਂ ਦੀ ਸੈਕਸੂਐਲਿਟੀ ਨੂੰ ਕੰਟਰੋਲ ਕਰਨ ਦੇ ਟ੍ਰੈਂਡ ਦੇ ਬਦਲੇ ਦੇ ਰੂਪ ਵਿੱਚ ਇਸਨੂੰ ਦੇਖਿਆ ਜਾਂਦਾ ਹੈ। ਪੁਰਸ਼ਾਂ ਵਿੱਚ ਕਿਉਂਕਿ ਇਹ ਗੱਲ ਭਾਰਤ ਵਿੱਚ ਬਹੁਤ ਆਮ ਹੈ, ਇਸ ਲਈ ਮਹਿਲਾਵਾਂ ਇਹ ਕਹਿ ਸਕਦੀਆਂ ਹਨ ਕਿ ਅਸੀਂ ਵੀ ਅਜਿਹਾ ਹੀ ਬਣਨਾ ਹੈ, ਪਰ ਇਹ ਗੱਲ ਵਿਵਾਦਾਂ ਦੇ ਦਾਇਰੇ ਵਿੱਚ ਹੈ ਕਿ ਇਹ ਨਾਰੀਵਾਦ ਹੈ ਜਾਂ ਨਹੀਂ ਜਾਂ ਕਿ ਇਸ ਨਾਲ ਮਹਿਲਾ-ਪੁਰਸ਼ ਬਰਾਬਰੀ ਆਵੇਗੀ ਜਾਂ ਨਹੀਂ।
 
ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਮਹਿਲਾਵਾਂ ਦੇ ਸਰੀਰਕ ਸ਼ੋਸ਼ਣ ਦਾ ਕਾਰਨ ਬਣ ਜਾਵੇ। ਇਸ 'ਤੇ ਸਾਵਧਾਨੀ ਨਾਲ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ। ਮੈਨੂੰ ਨਹੀਂ ਲਗਦਾ ਕਿ ਇਹ ਨਾਰੀਵਾਦ ਹੈ ਕਿ ਇੱਕ ਸਮੇਂ ਵਿੱਚ ਇੱਕ ਤੋਂ ਜ਼ਿਆਦਾ ਰਿਲੇਸ਼ਨਸ਼ਿਪ ਰੱਖੇ ਜਾਣ। ਖਾਸ ਤੌਰ 'ਤੇ ਜਦੋਂ ਇੱਕ ਕਮਿਟੇਡ ਰਿਲੇਸ਼ਨ ਮੌਜੂਦ ਹੋਵੇ।
 
ਅੱਜਕੱਲ ਕਈ ਸਾਰੀਆਂ ਸੈਕਸ ਵਰਕਰਸ ਆਪਣੇ ਪ੍ਰੋਫੈਸ਼ਨ ਬਾਰੇ ਖੁੱਲ ਕੇ ਗੱਲ ਕਰਨ ਲੱਗੀਆਂ ਹਨ। ਇਨ੍ਹਾਂ ਵਿੱਚੋਂ ਕਈ ਅਜਿਹੀਆਂ ਹਨ, ਜੋ ਕਿ ਕਿਸੇ ਦਬਾਅ ਜਾਂ ਮਜ਼ਬੂਰੀ ਵਿੱਚ ਨਹੀਂ, ਆਪਣੀ ਮਰਜ਼ੀ ਨਾਲ ਪ੍ਰੋਫੈਸ਼ਨ ਵਿੱਚ ਆਈਆਂ ਹਨ। ਇਹ ਇੱਕ ਤਰ੍ਹਾਂ ਦਾ ਸ਼ਕਤੀਕਰਨ ਹੀ ਹੈ। ਇਹ ਬਦਲਾਅ ਮਹੱਤਵਪੂਰਨ ਹੈ ਕਿ ਕੁਝ ਮਹਿਲਾਵਾਂ ਖੁੱਲ ਕੇ ਗੱਲ ਕਰਨ ਲੱਗੀਆਂ ਹਨ ਕਿ ਉਹ ਸਰੀਰ ਵੇਚਦੀਆਂ ਹਨ। ਹਾਲਾਂਕਿ ਇਸ ਧੰਦੇ ਵਿੱਚ ਸ਼ੋਸ਼ਣ ਮਹਿਲਾਵਾਂ ਦਾ ਹੀ ਹੁੰਦਾ ਹੈ।
 
ਜੇਕਰ ਯੂਰੋਪ ਦੀ ਗੱਲ ਕਰੀਏ ਤਾਂ ਉੱਥੇ ਨਾਰੀਵਾਦ ਦੀ ਪਹਿਲੀ ਅਤੇ ਦੂਜੀ ਲਹਿਰ ਮੁੱਖ ਤੌਰ 'ਤੇ ਅਧਿਕਾਰਾਂ ਨੂੰ ਹਾਸਲ ਕਰਨ ਦੇ ਆਲੇ-ਦੁਆਲੇ ਕੇਂਦਰਿਤ ਰਹੀ ਹੈ। ਇਸਦੀ ਸ਼ੁਰੂਆਤ ਮਹਿਲਾਵਾਂ ਦੇ ਵੋਟਿੰਗ ਰਾਈਟਸ, ਜਨਤੱਕ ਸਥਾਨਾਂ 'ਤੇ ਮਹਿਲਾਵਾਂ ਦੇ ਹੋਣ ਦੇ ਅਧਿਕਾਰ, ਨੌਕਰੀ ਦੇ ਬਰਾਬਰ ਅਧਿਕਾਰ, ਬਰਾਬਰ ਤਨਖਾਹ ਦੇ ਅਧਿਕਾਰ, ਉੱਚੇ ਅਹੁਦੇ 'ਤੇ ਹੋਣ ਦੇ ਅਧਿਕਾਰ, ਮੈਟਰਨਿਟੀ ਰਾਈਟਸ ਵਰਗੀਆਂ ਮੰਗਾਂ ਦੇ ਨਾਲ ਹੋਈ।
 
ਸੈਕੰਡ ਵੇਵ ਫੈਮੀਨਿਜ਼ਮ ਦੇ ਨਾਲ ਮਹਿਲਾਵਾਂ ਦੀਆਂ ਅਲੱਗ-ਅਲੱਗ ਸ਼੍ਰੇਣੀਆਂ ਦੇ ਉੱਚ ਅਧਿਕਾਰਾਂ ਦੀ ਮੰਗ ਤੇਜ਼ ਹੋਈ। ਨਾਰੀਵਾਦ ਦਾ ਮੁੱਖ ਕੇਂਦਰ ਮਹਿਲਾ-ਪੁਰਸ਼ ਬਰਾਬਰੀ, ਸੁਰੱਖਿਆ ਤੇ ਅਧਿਕਾਰ ਪ੍ਰਾਪਤ ਕਰਨਾ ਬਣ ਰਿਹਾ ਹੈ। ਇਸ ਲਈ ਸੁਰੱਖਿਆ ਅਤੇ ਅਧਿਕਾਰ ਦੀ ਗੱਲ ਭਾਰਤੀ ਨਾਰੀਵਾਦ ਦੇ ਕੇਂਦਰ ਵਿੱਚ ਵੀ ਹੋਣੀ ਚਾਹੀਦੀ ਹੈ। 

ਆਜ਼ਾਦੀ ਦਾ ਜਸ਼ਨ ਜਾਂ ਕਾਰਪੋਰੇਟ ਚਾਲ
ਮਹਿਲਾਵਾਂ ਦਾ ਸਿਗਰੇਟ ਪੀਣਾ ਅਤੇ ਇਸਨੂੰ ਨਾਰੀ ਮੁਕਤੀ ਨਾਲ ਜੋੜਨਾ ਇੱਕ ਵਿਗਿਆਪਨ/ਪਬਲਿਕ ਰਿਲੇਸ਼ਨ ਕੈਂਪੇਨ ਕਰਕੇ ਹੋਇਆ। ਆਧੁਨਿਕ ਪਬਲਿਕ ਰਿਲੇਸ਼ਨ ਦੇ ਪਿਤਾ ਕਹੇ ਜਾਣ ਵਾਲੇ ਐਡਵਰਡ ਬਰਨੇਸ ਨੂੰ ਅਮਰੀਕਨ ਟੋਬੈਕੋ ਕੰਪਨੀ ਨੇ ਇਹ ਕੰਮ ਦਿੱਤਾ ਸੀ ਕਿ ਉਹ ਮਹਿਲਾਵਾਂ ਦਾ ਧਿਆਨ ਸਿਗਰੇਟ ਵੱਲ ਖਿੱਚਣ। ਬਰਨੇਸ ਨੇ ਇਸ ਕੰਮ ਲਈ ਕੁਝ ਮਹਿਲਾਵਾਂ ਨੂੰ ਹਾਇਰ ਕੀਤਾ ਅਤੇ 1929 'ਚ ਨਿਊਯਾਰਕ ਵਿੱਚ ਈਸਟਰ ਸੰਡੇ ਪਰੇਡ ਦੌਰਾਨ ਇਨ੍ਹਾਂ ਮਹਿਲਾਵਾਂ ਨੇ ਚਲਦੇ ਹੋਏ ਆਪਣੀਆਂ ਸਿਗਰੇਟਾਂ ਪੀਣੀਆਂ ਸ਼ੁਰੂ ਕਰ ਦਿੱਤੀਆਂ। ਇਹ ਤਸਵੀਰਾਂ ਮੀਡੀਆ ਨੂੰ ਰਿਲੀਜ਼ ਕੀਤੀਆਂ ਗਈਆਂ ਅਤੇ ਦੇਖਦੇ ਹੀ ਦੇਖਦੇ ਪੂਰੇ ਅਮਰੀਕਾ ਵਿੱਚ ਇਸਦੀ ਚਰਚਾ ਹੋ ਗਈ। 
 
ਇਸ ਤੋਂ ਬਾਅਦ ਦੇ ਸਾਲ ਦਰ ਸਾਲ ਮਹਿਲਾਵਾਂ ਵਿੱਚ ਸਿਗਰੇਟ ਦਾ ਟ੍ਰੈਂਡ ਵਧਦਾ ਚਲਾ ਗਿਆ। ਅਸਲ ਵਿੱਚ ਉਸ ਸਮੇਂ ਤੱਕ ਸਿਗਰੇਟ ਪੀਣ ਵਾਲੀਆਂ ਮਹਿਲਾਵਾਂ ਨੂੰ ਸ਼ੱਕੀ ਚਰਿੱਤਰ ਦਾ ਮੰਨਿਆ ਜਾਂਦਾ ਸੀ ਅਤੇ ਮਹਿਲਾਵਾਂ ਜੇਕਰ ਸਿਗਰੇਟ ਪੀਂਦੀਆਂ ਵੀ ਸਨ ਤਾਂ ਪ੍ਰਾਈਵੇਟ ਸਥਾਨਾਂ 'ਤੇ। ਇਸ ਲਈ ਜਨਤੱਕ ਤੌਰ 'ਤੇ ਸਿਗਰੇਟ ਪੀਣ ਨੂੰ ਇੱਕ ਵਿਦਰੋਹ ਦੇ ਤੌਰ 'ਤੇ ਦੇਖਿਆ ਗਿਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਸਿਗਰੇਟ ਪੀਣ ਵਾਲੀਆਂ ਮਹਿਲਾਵਾਂ ਦੀ ਇਹੀ ਇਮੇਜ ਬਣੀ ਹੋਈ ਹੈ।
 
ਹਾਲਾਂਕਿ ਪੱਛਮੀ ਦੇਸ਼ਾਂ ਵਿੱਚ ਨਾਰੀਵਾਦ ਉੱਥੇ ਤੋਂ ਹੁਣ ਕਾਫੀ ਅੱਗੇ ਵਧ ਚੁੱਕਾ ਹੈ ਅਤੇ ਉੱਥੇ ਮਹਿਲਾਵਾਂ ਤੇ ਪੁਰਸ਼ਾਂ ਦੋਨਾਂ ਵਰਗਾਂ ਵਿੱਚ ਸਿਗਰੇਟ ਦਾ ਟ੍ਰੈਂਡ ਘੱਟ ਰਿਹਾ ਹੈ, ਪਰ ਭਾਰਤ ਵਿੱਚ ਅਜੇ ਨਾਰੀਵਾਦ ਉੱਥੇ ਨਹੀਂ ਪਹੁੰਚਿਆ ਹੈ। ਸਿਗਰੇਟ ਅਤੇ ਸ਼ਰਾਬ ਪੀਂਦੀਆਂ ਮਹਿਲਾਵਾਂ ਕਦੋਂ ਆਜ਼ਾਦੀ ਦਾ ਜਸ਼ਨ ਮਨਾਉਂਦੀਆਂ ਹਨ ਅਤੇ ਕਦੋਂ ਕਾਰਪੋਰੇਟ ਯੋਜਨਾ ਜਾਂ ਚਾਲ ਦਾ ਹਿੱਸਾ ਬਣ ਜਾਂਦੀਆਂ ਹਨ, ਇਹ ਸਮਝ ਪਾਉਣਾ ਮੁਸ਼ਕਿਲ ਹੈ। 
-ਗੀਤਾ ਯਾਦਵ

 

Comments

Leave a Reply