Mon,Apr 22,2019 | 12:35:30am
HEADLINES:

Social

ਬੇਟੀਆਂ ਦੇ ਪੈਰਾਂ 'ਚ ਸਮਾਜਿਕ ਬੇੜੀਆਂ : ਪੜ੍ਹਾਈ 'ਚ ਟਾਪਰ, ਪਰ ਕਰੀਅਰ 'ਚ ਪਿੱਛੇ

ਬੇਟੀਆਂ ਦੇ ਪੈਰਾਂ 'ਚ ਸਮਾਜਿਕ ਬੇੜੀਆਂ : ਪੜ੍ਹਾਈ 'ਚ ਟਾਪਰ, ਪਰ ਕਰੀਅਰ 'ਚ ਪਿੱਛੇ

ਇੱਕ ਹੈੱਡਲਾਈਨ ਅਖਬਾਰਾਂ ਤੇ ਚੈਨਲਾਂ ਅਤੇ ਹੁਣ ਵੈੱਬਸਾਈਟ 'ਤੇ ਹਰ ਸਾਲ ਗਰਮੀਆਂ ਦੇ ਮਹੀਨੇ ਵਿੱਚ ਆਉਂਦੀ ਹੈ। ਖਬਰ ਆਉਂਦੀ ਹੈ ਕਿ 12ਵੀਂ ਵਿੱਚ ਲੜਕੀਆਂ ਨੇ ਬਾਜ਼ੀ ਮਾਰੀ। ਤੇ ਫਿਰ ਖਬਰ ਆਉਂਦੀ ਹੈ ਕਿ 10ਵੀਂ ਵਿੱਚ ਲੜਕੀਆਂ ਨੇ ਲੜਕਿਆਂ ਨੂੰ ਪਿੱਛੇ ਛੱਡਿਆ। ਕਰੀਬ 2 ਦਹਾਕੇ ਤੋਂ ਹਰ ਸਾਲ ਇਹ ਹੋ ਰਿਹਾ। ਇਸ ਸਾਲ ਵੀ ਇਹੀ ਹੋਇਆ। ਸੀਬੀਐੱਸਈ ਦੇ 12ਵੀਂ ਬੋਰਡ ਵਿੱਚ ਟਾਪ 3 ਵਿੱਚੋਂ 2 ਸਥਾਨਾਂ 'ਤੇ ਲੜਕੀਆਂ ਹਨ। ਇਸ ਸਾਲ ਦੀ ਓਵਰਆਲ ਟਾਪਰ ਲੜਕੀ ਹੈ।
 
10ਵੀਂ ਵਿੱਚ ਟਾਪ ਪੋਜੀਸ਼ਨ ਨੂੰ 4 ਸਟੂਡੈਂਟਸ ਨੇ ਸ਼ੇਅਰ ਕੀਤਾ ਹੈ। ਉਨ੍ਹਾਂ ਵਿੱਚੋਂ 3 ਲੜਕੀਆਂ ਹਨ। ਹਰ ਸਾਲ ਵਾਂਗ ਇਸ ਵਾਰ ਵੀ ਲੜਕੀਆਂ ਦਾ ਪਾਸ ਫੀਸਦੀ ਜ਼ਿਆਦਾ ਹੈ। ਫਰਸਟ ਡਿਵੀਜ਼ਨ ਵਿੱਚ ਵੀ ਓਹੀ ਜ਼ਿਆਦਾ ਆਉਂਦੀਆਂ ਹਨ। ਇਹ ਕਈ ਸਾਲ ਤੋਂ ਚੱਲ ਰਿਹਾ ਹੈ। ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ, ਇਸ ਸਮੇਂ ਦੇਸ਼ ਦੇ ਸਕੂਲਾਂ ਵਿੱਚ ਲੜਕਿਆਂ ਤੋਂ ਜ਼ਿਆਦਾ ਲੜਕੀਆਂ ਪੜ੍ਹਾਈ ਕਰ ਰਹੀਆਂ ਹਨ। ਮਤਲਬ, ਸਕੂਲੀ ਸਿੱਖਿਆ ਦਾ ਕੋਈ ਖੇਤਰ ਅਜਿਹਾ ਨਹੀਂ ਹੈ, ਜਿਸ ਵਿੱਚ ਲੜਕੀਆਂ ਅੱਗੇ ਨਾ ਹੋਣ। ਹੁਣ ਇਸਦੇ ਮੁਕਾਬਲੇ ਕੁਝ ਹੋਰ ਸੂਚਨਾਵਾਂ 'ਤੇ ਤੱਥਾਂ 'ਤੇ ਧਿਆਨ ਦਈਏ।
 
ਆਈਆਈਟੀ ਵਿੱਚ ਇਸ ਸਮੇਂ ਪੜ੍ਹ ਰਹੇ ਸਟੂਡੈਂਟਸ ਵਿੱਚੋਂ ਲੜਕੀਆਂ ਦੀ ਗਿਣਤੀ ਸਿਰਫ 8 ਫੀਸਦੀ ਹੈ। ਹਾਲ ਦੇ ਸਾਲਾਂ ਵਿੱਚ ਲੜਕੀਆਂ ਦਾ ਆਈਆਈਟੀ ਵਿੱਚ ਸਭ ਤੋਂ ਜ਼ਿਆਦਾ ਐਡਮਿਸ਼ਨ 2015 ਵਿੱਚ ਹੋਇਆ, ਜਦੋਂ 9 ਫੀਸਦੀ ਲੜਕੀਆਂ ਆਈਆਈਟੀ 'ਚ ਆਈਆਂ। ਆਈਆਈਐੱਮ 'ਚ ਵੀ ਲੜਕੀਆਂ ਦੀ ਗਿਣਤੀ ਬਹੁਤ ਘੱਟ ਹੈ। ਆਈਆਈਐੱਮ ਅਹਿਮਦਾਬਾਦ ਦੇ 2016 ਦੇ ਬੈਚ ਵਿੱਚ ਸਿਰਫ 21.2 ਫੀਸਦੀ ਲੜਕੀਆਂ ਹਨ। ਆਈਆਈਐੱਮ ਕੋਲਕਾਤਾ ਦੇ 463 ਸਟੂਡੈਂਟਸ ਵਿੱਚੋਂ ਸਿਰਫ 76 ਲੜਕੀਆਂ ਹਨ। ਆਈਆਈਐੱਮ ਕੋਝੀਕੋਡ ਵਿੱਚ ਸਿਰਫ 27 ਫੀਸਦੀ ਲੜਕੀਆਂ ਹਨ। 
 
ਭਾਰਤ ਦੀ ਸੁਪਰੀਮ ਕੋਰਟ ਵਿੱਚ ਅੱਜ ਤੱਕ ਕਦੇ ਵੀ ਇੱਕਠਿਆਂ 2 ਤੋਂ ਜ਼ਿਆਦਾ ਮਹਿਲਾ ਜੱਜ ਨਹੀਂ ਰਹੀਆਂ। ਆਜ਼ਾਦੀ ਤੋਂ ਬਾਅਦ ਤੋਂ ਹੁਣ ਤੱਕ ਸਿਰਫ 7 ਮਹਿਲਾਵਾਂ ਸੁਪਰੀਮ ਕੋਰਟ ਵਿੱਚ ਜੱਜ ਬਣੀਆਂ ਹਨ। ਸੁਪਰੀਮ ਕੋਰਟ ਵਿੱਚ ਇੱਕ ਤੋਂ ਜ਼ਿਆਦਾ ਮਹਿਲਾ ਜੱਜ ਦਾ ਚਮਤਕਾਰ ਵੀ ਇਸੇ ਸਾਲ ਪਹਿਲੀ ਵਾਰ ਹੋਇਆ ਹੈ। ਬ੍ਰਿਟਿਸ ਕੌਂਸਲ ਦੀ ਇੱਕ ਰਿਸਰਚ ਮੁਤਾਬਕ, ਭਾਰਤ ਦੀਆਂ 431 ਯੂਨੀਵਰਸਿਟੀਆਂ ਵਿੱਚੋਂ ਸਿਰਫ 13 ਵਿੱਚ ਮਹਿਲਾ ਵੀਸੀ, ਮਤਲਬ ਵਾਈਸ ਚਾਂਸਲਰ ਹਨ। ਇਹ ਅੰਕੜਾ ਸਿਰਫ 3 ਫੀਸਦੀ ਹੈ। ਇਸੇ ਰਿਸਰਚ ਮੁਤਾਬਕ, ਪ੍ਰੋਫੈਸਰ ਪੋਸਟਾਂ 'ਤੇ ਸਿਰਫ 1.4 ਫੀਸਦੀ ਮਹਿਲਾਵਾਂ ਹਨ। ਕੇਂਦਰ ਸਰਕਾਰ ਦੀਆਂ 46 ਯੂਨੀਵਰਸਿਟੀਆਂ ਵਿੱਚੋਂ ਸਿਰਫ 5 ਵਿੱਚ ਮਹਿਲਾ ਵਾਈਸ ਚਾਂਸਲਰ ਹਨ।
 
ਭਾਰਤ ਦੀਆਂ ਕੰਪਨੀਆਂ ਦੇ ਬੋਰਡ ਵਿੱਚ ਸਿਰਫ 12.4 ਫੀਸਦੀ ਮਹਿਲਾਵਾਂ ਹਨ। ਬੋਰਡ ਦੀ ਚੇਅਰਪਰਸਨ ਹੋਣ ਦੇ ਮਾਮਲੇ ਵਿੱਚ ਮਹਿਲਾਵਾਂ ਦਾ ਅੰਕੜਾ 3.2 ਫੀਸਦੀ ਹੈ। ਇਹ ਸਥਿਤੀ ਉਦੋਂ ਹੈ, ਜਦੋਂ 2013 ਦੇ ਸੋਧ ਕੰਪਨੀ ਕਾਨੂੰਨ ਮੁਤਾਬਕ, ਸ਼ੇਅਰ ਬਾਜ਼ਾਰ ਵਿੱਚ ਲਿਸਟੇਡ ਹਰ ਕੰਪਨੀ ਅਤੇ ਹਰ ਵੱਡੀ ਪਬਲਿਕ ਲਿਮਿਟੇਡ ਕੰਪਨੀ ਲਈ ਆਪਣੇ ਬੋਰਡ ਵਿੱਚ ਘੱਟ ਤੋਂ ਘੱਟ ਇੱਕ ਮਹਿਲਾ ਨੂੰ ਰੱਖਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਜ਼ਿਆਦਾਤਰ ਕੰਪਨੀਆਂ ਦੇ ਮਾਲਕਾਂ ਨੇ ਇਸ ਜ਼ਰੂਰਤ ਦੀ ਪੂਰਤੀ ਆਪਣੇ ਪਰਿਵਾਰ ਦੀ ਕਿਸੇ ਮਹਿਲਾ ਨੂੰ ਬੋਰਡ ਵਿੱਚ ਸ਼ਾਮਲ ਕਰਕੇ ਕਰ ਲਈ ਹੈ, ਪਰ ਮਹਿਲਾਵਾਂ ਦਾ ਅੰਕੜਾ ਬਹੁਤ ਘੱਟ ਬਣਿਆ ਹੋਇਆ ਹੈ।
 
ਇਨ੍ਹਾਂ 5 ਸੂਚਨਾਵਾਂ ਦੇ ਨਾਲ 12ਵੀਂ ਤੇ 10ਵੀਂ ਦੇ ਨਤੀਜਿਆਂ ਨੂੰ ਰੱਖ ਕੇ ਦੇਖੋ ਤਾਂ ਕੀ ਤਸਵੀਰ ਬਣਦੀ ਹੈ। ਇਹੀ ਨਾ ਕਿ ਲੜਕੀਆਂ ਜਦ ਸਕੂਲ ਵਿੱਚ ਹੁੰਦੀਆਂ ਹਨ ਤਾਂ ਪੜ੍ਹਨ-ਲਿਖਣ ਵਿੱਚ ਮੋਹਰੀ ਹੁੰਦੀਆਂ ਹਨ, ਪਰ ਉਸ ਤੋਂ ਬਾਅਦ ਉਨ੍ਹਾਂ ਦੇ ਨਾਲ ਅਜਿਹਾ ਕੁਝ ਹੁੰਦਾ ਹੈ ਕਿ ਟਾਪ ਦੀਆਂ ਪੋਸਟਾਂ 'ਤੇ ਉਹ ਨਹੀਂ ਪਹੁੰਚ ਪਾਉਂਦੀਆਂ? ਇਸਦੇ ਲਈ ਦੋ ਸਸਤੇ ਤਰਕ ਆਮ ਤੌਰ 'ਤੇ ਦਿੱਤੇ ਜਾਂਦੇ ਹਨ ਕਿ ਸਕੂਲ ਦੀ ਪੜ੍ਹਾਈ ਸੌਖੀ ਹੁੰਦੀ ਹੈ। ਲੜਕੀਆਂ ਚੰਗਾ ਕਰ  ਲੈਂਦੀਆਂ ਹਨ। ਜਦੋਂ ਮੁਸ਼ਕਿਲ ਪੜ੍ਹਾਈ ਸਾਹਮਣੇ ਆਉਂਦੀ ਹੈ ਤਾਂ ਲੜਕੇ ਅੱਗੇ ਨਿੱਕਲ ਜਾਂਦੇ ਹਨ ਜਾਂ ਫਿਰ ਇਹ ਕਿ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲੜਕੀਆਂ ਆਲਸੀ ਹੋ ਜਾਂਦੀਆਂ ਹਨ। ਇਹ ਦੋਵੇਂ ਤਰਕ ਪੁਰਸ਼ਵਾਦੀ ਤੇ ਨਾਲ ਹੀ ਬਹੁਤ ਕਮਜ਼ੋਰ ਹਨ ਅਤੇ ਇਨ੍ਹਾਂ ਨੂੰ ਸਾਬਿਤ ਕਰਨ ਲਈ ਕੋਈ ਆਧਾਰ ਨਹੀਂ ਹੈ।
 
ਅਸਲ ਵਿੱਚ ਸਕੂਲੀ ਪੜ੍ਹਾਈ ਵਿੱਚ ਲੜਕੀਆਂ ਦੇ ਚੰਗਾ ਪਰਫਾਰਮੈਂਸ ਅਤੇ ਬਾਅਦ ਵਿੱਚ ਚੱਲ ਕੇ ਉਨ੍ਹਾਂ ਦੇ ਪੱਛੜਨ ਅਤੇ ਫਿਰ ਕਰੀਅਰ ਦੇ ਟਾਪ ਜਾਂ ਦੇਸ਼ ਦੀਆਂ ਚੋਟੀ ਦੀਆਂ ਪੋਸਟਾਂ 'ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦਾ ਲਾਪਤਾ ਹੋ ਜਾਣਾ ਇੱਕ ਗੰਭੀਰ ਸਮੱਸਿਆ ਹੈ ਅਤੇ ਇਸਦੀ ਉਨੀਂ ਹੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਦੇਸ਼ ਦੀ ਅੱਧੀ ਆਬਾਦੀ ਜੇਕਰ ਪੜ੍ਹ-ਲਿਖ ਕੇ ਅੱਗੇ ਨਾ ਵਧੇ ਅਤੇ ਦੇਸ਼ ਦੇ ਫੈਸਲਾ ਲੈਣ ਵਾਲੀਆਂ ਪੋਸਟਾਂ ਤੱਕ ਨਾ ਪਹੁੰਚੇ ਤਾਂ ਰਾਸ਼ਟਰੀ ਮਨੁੱਖੀ ਕਿਰਤੀ ਸ਼ਕਤੀ ਦਾ ਵੱਡਾ ਨੁਕਸਾਨ ਹੈ। ਇਹ ਦੇਸ਼ ਦੇ ਵਿਕਾਸ ਵਿੱਚ ਇੱਕ ਵੱਡੀ ਰੁਕਾਵਟ ਹੈ।
 
ਉਂਜ ਵੀ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ, ਜਿੱਥੇ ਮਹਿਲਾਵਾਂ ਦੀ ਵਰਕਫੋਰਸ ਵਿੱਚ ਹਿੱਸੇਦਾਰੀ ਦੁਨੀਆ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਹੈ। ਬਲੂਮਬਰਗ ਕੁਇੰਟ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ, 2015 ਵਿੱਚ ਭਾਰਤ 'ਚ ਫੀਮੇਲ ਵਰਕਫੋਰਸ ਪਾਰਟੀਸਿਪੇਸ਼ਨ ਸਿਰਫ 23.7 ਫੀਸਦੀ ਹੈ। ਸ਼ਹਿਰਾਂ ਵਿੱਚ ਤਾਂ ਸਿਰਫ 16 ਫੀਸਦੀ ਮਹਿਲਾਵਾਂ ਕੰਮਕਾਜੀ ਹਨ। ਮੈਕੇਂਜੀ ਗਲੋਬਲ ਇੰਸਟੀਟਿਊਟ ਦੀ ਰਿਪੋਰਟ ਮੁਤਾਬਕ, ਭਾਰਤ ਦੀ ਜੀਡੀਪੀ ਵਿੱਚ ਮਹਿਲਾਵਾਂ ਦਾ ਯੋਗਦਾਨ 17 ਫੀਸਦੀ ਹੈ, ਜਦਕਿ ਚੀਨ ਦੀ ਅਰਥ ਵਿਵਸਥਾ ਵਿੱਚ ਮਹਿਲਾਵਾਂ ਦਾ ਯੋਗਦਾਨ 41 ਫੀਸਦੀ ਹੈ। ਵਿਸ਼ਵ ਦਾ ਔਸਤ 37 ਫੀਸਦੀ ਹੈ।
 
ਤੁਸੀਂ ਸਮਝ ਸਕਦੇ ਹੋ ਕਿ ਲੜਕੀਆਂ ਦਾ ਜ਼ਿੰਦਗੀ ਵਿੱਚ ਕੰਮਕਾਜੀ ਤੌਰ 'ਤੇ ਸਫਲ ਨਾ ਹੋਣਾ ਭਾਰਤ ਲਈ ਕਿੰਨਾ ਨੁਕਸਾਨਦਾਇਕ ਹੈ। ਇਹ ਚਿੰਤਾ ਦੀ ਗੱਲ ਹੋਣੀ ਚਾਹੀਦੀ ਹੈ ਕਿ ਭਾਰਤ ਦੀਆਂ ਕਰੀਬ 65 ਫੀਸਦੀ ਗ੍ਰੈਜੂਏਟ ਮਹਿਲਾਵਾਂ ਕੰਮਕਾਜੀ ਨਹੀਂ ਹਨ। ਘਰ ਵਿੱਚ ਉਹ ਜੋ ਕੰਮ ਕਰਦੀਆਂ ਹਨ, ਉਸਦੀ ਜੀਡੀਪੀ, ਮਤਲਬ ਦੇਸ਼ ਦੀ ਅਰਥ ਵਿਵਸਥਾ ਵਿੱਚ ਗਿਣਤੀ ਨਹੀਂ ਹੁੰਦੀ।
 
ਇਸ ਬਾਰੇ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਐੱਨਡੀਪੀ ਨੇ ਰਿਪੋਰਟ ਵਿੱਚ ਪੂਰਾ ਵੇਰਵਾ ਦਿੱਤਾ ਹੈ। ਇਹ ਇੱਕ ਵੱਡਾ ਮੁੱਦਾ ਹੈ ਅਤੇ ਵੱਡੀ ਚਰਚਾ ਦੀ ਮੰਗ ਕਰਦਾ ਹੈ। ਇਸ ਵਿੱਚ ਕਈ ਅਸਹਿਜ ਕਰਨ ਵਾਲੇ ਸਵਾਲ ਵੀ ਖੜੇ ਹੋਣਗੇ, ਪਰ ਇਨ੍ਹਾਂ ਦਾ ਸਾਹਮਣਾ ਕੀਤੇ ਬਿਨਾਂ ਰਾਸ਼ਟਰ ਨਿਰਮਾਣ 'ਚ ਅੱਧੀ ਆਬਾਦੀ ਦੀ ਪੂਰੀ ਹਿੱਸੇਦਾਰੀ ਪੱਕੀ ਨਹੀਂ ਹੋ ਸਕੇਗੀ।

ਟਾਪਰ ਬੇਟੀਆਂ ਦੇ ਟਾਪ 'ਤੇ ਨਾ ਪਹੁੰਚ ਪਾਉਣ ਦੇ ਕਈ ਕਾਰਨ

ਕੋਚਿੰਗ ਲਈ ਲੜਕੀਆਂ ਨੂੰ ਭੇਜਣ ਵਿੱਚ ਕੰਜੂਸੀ
ਮੈਡੀਕਲ ਇੰਜੀਨਿਅਰਿੰਗ ਜਾਂ ਮੈਨੇਜਮੈਂਟ ਦੀਆਂ ਟਾਪ ਸੰਸਥਾਵਾਂ ਵਿੱਚ ਐਡਮਿਸ਼ਨ ਲਈ ਕੋਚਿੰਗ ਦਾ ਟ੍ਰੈਂਡ ਆਮ ਹੈ। ਕੋਚਿੰਗ ਦੌਰਾਨ ਐਕਸਪਰਟ ਕਿਸੇ ਖਾਸ ਕੋਰਸ ਜਾਂ ਨੌਕਰੀ ਦੀ ਤਿਆਰੀ ਕਰਾਉਂਦੇ ਹਨ। ਇਹ ਆਮ ਪੜ੍ਹਾਈ ਤੋਂ ਅਲੱਗ ਹੈ ਅਤੇ ਇਸ 'ਤੇ ਕਾਫੀ ਖਰਚ ਆਉਂਦਾ ਹੈ। ਜਿਨ੍ਹਾਂ ਘਰਾਂ ਵਿੱਚ ਲੜਕੇ ਜਾਂ ਲੜਕੀ ਵਿੱਚੋਂ ਕਿਸੇ ਇੱਕ ਨੂੰ ਕੋਚਿੰਗ ਵਿੱਚ ਭੇਜਣ ਦੀ ਆਰਥਿਕ ਹੈਸੀਅਤ ਹੁੰਦੀ ਹੈ, ਉੱਥੇ ਪਾਸਾ ਲੜਕੇ ਵੱਲ ਝੁਕ ਜਾਂਦਾ ਹੈ। ਕਈ ਪਰਿਵਾਰ ਆਰਥਿਕ ਹੈਸੀਅਤ ਹੁੰਦੇ ਹੋਏ ਵੀ ਲੜਕੀ ਦੀ ਕੋਚਿੰਗ ਨਹੀਂ ਕਰਾਉਂਦੇ, ਕਿਉਂਕਿ ਲੜਕੀ ਦੀ ਉੱਚ ਸਿੱਖਿਆ ਉਨ੍ਹਾਂ ਦੀ ਪਹਿਲ ਵਿੱਚ ਨਹੀਂ ਹੁੰਦੀ। ਅਜਿਹੇ ਪਰਿਵਾਰਾਂ ਵਿੱਚ ਲੜਕੀਆਂ ਆਮ ਤੌਰ 'ਤੇ ਵਿਆਹ ਤੈਅ ਹੋਣ ਤੱਕ ਪੜ੍ਹਦੀਆਂ ਹਨ।
 
ਲੜਕੀਆਂ ਨੂੰ ਵੱਡੇ ਸ਼ਹਿਰਾਂ ਵਿੱਚ ਭੇਜਣ ਤੋਂ ਬਚਣਾ
ਦੇਸ਼ ਦੇ ਜ਼ਿਆਦਾਤਰ ਉੱਚ ਸਿੱਖਿਆ ਸੰਸਥਾਨ ਅਤੇ ਵੱਡੇ ਕੋਚਿੰਗ ਸੰਸਥਾਨ ਵੱਡੇ ਸ਼ਹਿਰਾਂ ਵਿੱਚ ਹਨ। ਪਿੰਡ, ਕਸਬੇ ਅਤੇ ਛੋਟੇ ਸ਼ਹਿਰਾਂ ਦੇ ਕਈ ਪਰਿਵਾਰ ਲੜਕੀ ਨੂੰ ਇਕੱਲਿਆਂ ਪੜ੍ਹਨ ਲਈ ਪਰਿਵਾਰ ਤੋਂ ਦੂਰ ਨਹੀਂ ਭੇਜਣਾ ਚਾਹੁੰਦੇ। ਇਸਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਉਹ ਘਰ ਤੋਂ ਦੂਰ ਲੜਕੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੁੰਦੇ ਹਨ। ਉਨ੍ਹਾਂ ਦੇ ਦਿਮਾਗ ਵਿੱਚ ਇੱਕ ਹੋਰ ਚਿੰਤਾ ਇਹ ਵੀ ਹੁੰਦੀ ਹੈ ਕਿ ਜੇਕਰ ਲੜਕੀ ਵਿਗੜ ਗਈ ਤਾਂ? ਲੜਕੀ ਦੇ ਚਰਿੱਤਰ ਨੂੰ ਲੈ ਕੇ ਸਾਮੰਤਵਾਦੀ ਸੋਚ ਭਾਰੀ ਹੋਣ ਕਾਰਨ ਉਹ ਲੜਕੀ ਨੂੰ ਵਿਆਹ ਹੋਣ ਤੱਕ ਆਪਣੀ ਨਿਗਰਾਨੀ ਵਿੱਚ ਹੀ ਰੱਖਣਾ ਚਾਹੁੰਦੇ ਹਨ।
 
ਪਰਿਵਾਰ, ਸਮਾਜ ਤੇ ਸਕੂਲ ਦਾ ਹਿਡੇਨ ਕਰਿਕੁਲਮ
ਸਕੂਲ ਅਤੇ ਕੋਚਿੰਗ ਸੈਂਟਰ ਇੱਕ ਪੜ੍ਹਾਈ ਤਾਂ ਉਹ ਕਰਾਉਂਦੇ ਹਨ, ਜੋ ਸਿਲੇਬਸ ਵਿੱਚ ਹੁੰਦੀ ਹੈ। ਇਸਨੂੰ ਕੋਈ ਵੀ ਦੇਖ ਸਕਦਾ ਹੈ ਅਤੇ ਇਹ ਪੜ੍ਹਾਈ ਅਲੱਗ-ਅਲੱਗ ਸੰਸਥਾਨਾਂ ਵਿੱਚ ਕਾਫੀ ਹੱਦ ਤੱਕ ਬਰਾਬਰ ਹੋ ਸਕਦੀ ਹੈ, ਪਰ ਇੱਕ ਟ੍ਰੇਨਿੰਗ ਹੋਰ ਹੁੰਦੀ ਹੈ, ਜੋ ਕਿ ਆਮ ਤੌਰ 'ਤੇ ਬਾਹਰ ਤੋਂ ਨਜ਼ਰ ਨਹੀਂ ਆਉਂਦੀ। ਇਹ ਟ੍ਰੇਨਿੰਗ ਆਤਮ ਵਿਸ਼ਵਾਸ ਸਿਖਾਉਣ ਦੀ ਹੁੰਦੀ ਹੈ, ਟੀਚੇ ਲਈ ਕੋਸ਼ਿਸ਼ ਦੀ ਮਾਨਸਿਕਤਾ ਬਣਾਉਣ ਅਤੇ ਸਿਖਰ ਨੂੰ ਛੂਹਣ ਦੇ ਸੁਪਨੇ ਜਗਾਉਣ ਦੀ ਹੁੰਦੀ ਹੈ।
 
ਪਰਿਵਾਰ ਅਤੇ ਸਮਾਜ ਵਿੱਚ ਇਹ ਟ੍ਰੇਨਿੰਗ ਆਮ ਤੌਰ 'ਤੇ ਲੜਕਿਆਂ ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਦੀ ਟ੍ਰੇਨਿੰਗ ਵਿੱਚ ਵਾਰ-ਵਾਰ ਇਹ ਕਿਹਾ ਜਾਣਾ ਸ਼ਾਮਲ ਹੈ ਕਿ 'ਤੈਨੂੰ ਹੀ ਅੱਗੇ ਚੱਲ ਕੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣਾ ਹੈ' ਜਾਂ ਕਿ 'ਮਾਤਾ-ਪਿਤਾ ਦੇ ਸੁਪਨਿਆਂ ਨੂੰ ਤੂੰ ਹੀ ਪੂਰਾ ਕਰਨਾ ਹੈ' ਜਾਂ ਕਿ 'ਮਰਦ ਹੋ ਕੇ ਇੰਨਾ ਨਹੀਂ ਕਰ ਸਕਦੇ'। ਇਸਦੇ ਉਲਟ ਲੜਕੀਆਂ ਨੂੰ ਆਤਮ ਵਿਸ਼ਵਾਸ ਤੋੜਨ ਦੀ ਅਤੇ ਸੁਪਨਿਆਂ ਨੂੰ ਛੋਟਾ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।
 
ਟਾਪ 'ਤੇ ਪਹੁੰਚਣ ਦੇ ਰਾਹ ਵਿੱਚ ਔਂਕੜਾਂ
ਇਹ ਰੁਕਾਵਟ ਕਈ ਵਾਰ ਕਰੀਅਰ ਸ਼ੁਰੂ ਹੋਣ ਦੇ ਨਾਲ ਹੀ ਨਜ਼ਰ ਆਉਣ ਲਗਦੀ ਹੈ। ਲੜਕੀਆਂ ਨੂੰ ਆਮ ਤੌਰ 'ਤੇ ਘੱਟ ਮਹੱਤਤਾ ਦੇ ਅਸਾਇਨਮੈਂਟ ਦਿੱਤੇ ਜਾਂਦੇ ਹਨ। ਉਨ੍ਹਾਂ ਨੂੰ ਸਾਫਟ ਨੇਚਰ ਦੇ ਕੰਮ ਲਈ ਯੋਗ ਮੰਨਣ ਦੀ ਸਟੀਰੀਓਟਾਈਪਿੰਗ ਵੀ ਹੁੰਦੀ ਹੈ। ਜਦੋਂ ਲੜਕੀਆਂ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਹੁੰਦੀਆਂ ਹਨ, ਤਾਂ ਆਮ ਤੌਰ 'ਤੇ ਉਨ੍ਹਾਂ ਦਾ ਵਿਆਹ ਹੁੰਦਾ ਹੈ ਅਤੇ ਬੱਚੇ ਵੀ ਹੁੰਦੇ ਹਨ। ਇਸ ਦੌਰਾਨ ਜੇਕਰ ਸੰਸਥਾਨ ਬਹੁਤ ਪ੍ਰਗਤੀਸ਼ੀਲ ਨਹੀਂ ਰਿਹਾ ਤਾਂ ਕਰੀਅਰ ਬ੍ਰੇਕ ਆ ਜਾਂਦਾ ਹੈ ਜਾਂ ਸੀਨੀਓਰਿਟੀ ਚਲੀ ਜਾਂਦੀ ਹੈ।
 
ਮੀਨੋਪਾਜ ਦੌਰਾਨ ਦੀ ਹਾਰਮੋਨਲ, ਮਾਨਸਿਕ ਉਤਾਰ-ਚੜਾਅ ਵੀ ਮਹਿਲਾਵਾਂ ਦੇ ਕਰੀਅਰ ਨੂੰ ਪ੍ਰਭਾਵਿਤ ਕਰਦੇ ਹਨ, ਜਿਸ ਦੌਰਾਨ ਦਫਤਰ ਦਾ ਸਹਿਯੋਗੀ ਮਾਹੌਲ ਬਹੁਤ ਜ਼ਰੂਰੀ ਹੁੰਦਾ ਹੈ, ਜੋ ਕਿ ਕਈ ਵਾਰ ਨਹੀਂ ਮਿਲ ਪਾਉਂਦਾ। ਇਨ੍ਹਾਂ ਸਾਰਿਆਂ ਨੂੰ ਲੀਕਿੰਗ ਪਾਈਪ ਫੇਨੋਮੇਨਾ ਕਿਹਾ ਜਾਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਲੜਕੀਆਂ ਕਰੀਅਰ ਵਿੱਚ ਸ਼ੁਰੂਆਤ ਜਾਂ ਵਿਚਕਾਰ ਵਿੱਚ ਹੀ ਪੱਛੜ ਜਾਂਦੀਆਂ ਹਨ।
-ਗੀਤਾ ਯਾਦਵ

 

Comments

Leave a Reply